ਯੂ.ਪੀ. ਚੋਣਾਂ 2027: ਭਾਜਪਾ ਤੇ ਸਪਾ ਵਿਚਾਲੇ ‘ਕਰੋ ਜਾਂ ਮਰੋ’ ਦਾ ਹੋਵੇਗਾ ਮੁਕਾਬਲਾ
ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ 2027 ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਜੇਕਰ ਸਭ ਕੁਝ ਤੈਅ ਪ੍ਰੋਗਰਾਮ ਮੁਤਾਬਕ ਰਿਹਾ ਤਾਂ ਫਰਵਰੀ ਵਿੱਚ ਵੋਟਾਂ ਪੈਣਗੀਆਂ ਅਤੇ ਮਾਰਚ ਦੇ ਪਹਿਲੇ ਹਫ਼ਤੇ ਨਤੀਜੇ ਸਾਹਮਣੇ ਆਉਣਗੇ। ਸਿਆਸੀ ਗਲਿਆਰਿਆਂ ਵਿੱਚ ਇਸ ਚੋਣ ਨੂੰ ਭਾਰਤੀ ਜਨਤਾ ਪਾਰਟੀ ਅਤੇ ਸਮਾਜਵਾਦੀ ਪਾਰਟੀ ਦੋਵਾਂ ਲਈ ‘ਕਰੋ ਜਾਂ ਮਰੋ’ ਦੀ ਲੜਾਈ ਮੰਨਿਆ ਜਾ ਰਿਹਾ ਹੈ। ਜਿੱਥੇ ਲਗਾਤਾਰ ਤੀਜੀ ਹਾਰ ਸਪਾ ਦੇ ਕੇਡਰ ਅਤੇ ਵੋਟ ਬੈਂਕ ਨੂੰ ਖਿੰਡਾ ਸਕਦੀ ਹੈ, ਉੱਥੇ ਹੀ ਭਾਜਪਾ ਦੀ ਹਾਰ ਕੇਂਦਰ ਦੀ ਗੱਠਜੋੜ ਸਰਕਾਰ ’ਤੇ ਦਬਾਅ ਵਧਾਏਗੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਿਆਸੀ ਮਜ਼ਬੂਤੀ ਨੂੰ ਪ੍ਰਭਾਵਿਤ ਕਰੇਗੀ।
ਚੋਣ ਤਿਆਰੀਆਂ ਦੇ ਅੰਤਿਮ ਪੜਾਅ ਵਿੱਚ ਦੋਵੇਂ ਪਾਰਟੀਆਂ ਇੱਕ-ਦੂਜੇ ਦੀ ਰਣਨੀਤੀ ’ਤੇ ਤਿੱਖੀ ਨਜ਼ਰ ਰੱਖ ਰਹੀਆਂ ਹਨ। ਸੂਬੇ ਦੀਆਂ ਕਰੀਬ 100 ਅਜਿਹੀਆਂ ਸੀਟਾਂ ਹਨ, ਜਿੱਥੇ ਸਪਾ ਦਾ ਮਜ਼ਬੂਤ ਆਧਾਰ ਹੈ। ਇਨ੍ਹਾਂ ਵਿੱਚ ਰੁਹੇਲਖੰਡ (ਰਾਮਪੁਰ, ਮੁਰਾਦਾਬਾਦ), ਪੱਛਮੀ ਯੂ.ਪੀ. (ਸਹਾਰਨਪੁਰ, ਬਿਜਨੌਰ, ਸੰਭਲ, ਕੈਰਾਨਾ) ਦੀਆਂ ਮੁਸਲਿਮ ਬਹੁਲ ਸੀਟਾਂ ਅਤੇ ਮੁਲਾਇਮ ਸਿੰਘ ਯਾਦਵ ਪਰਿਵਾਰ ਦੇ ਪ੍ਰਭਾਵ ਵਾਲੇ ਇਲਾਕੇ (ਕੰਨੌਜ, ਮੈਨਪੁਰੀ, ਇਟਾਵਾ, ਬਦਾਯੂੰ) ਸ਼ਾਮਲ ਹਨ। ਸੂਤਰਾਂ ਅਨੁਸਾਰ, ਭਾਜਪਾ ਇਨ੍ਹਾਂ ਸੀਟਾਂ ’ਤੇ ਪਹਿਲਾਂ ਪੱਤੇ ਨਹੀਂ ਖੋਲ੍ਹੇਗੀ, ਸਗੋਂ ਸਪਾ ਦੇ ਉਮੀਦਵਾਰਾਂ ਦਾ ਇੰਤਜ਼ਾਰ ਕਰੇਗੀ।
ਅਖਿਲੇਸ਼ ਯਾਦਵ ਦੇ ‘ਪੀ.ਡੀ.ਏ.’ (ਪੱਛੜੇ, ਦਲਿਤ ਅਤੇ ਘੱਟ ਗਿਣਤੀ) ਫਾਰਮੂਲੇ ਵਿੱਚ ਸੰਨ੍ਹ ਲਗਾਉਣ ਲਈ ਭਾਜਪਾ ਮੁਸਲਿਮ ਜਾਂ ਯਾਦਵ ਉਮੀਦਵਾਰਾਂ ਦੇ ਸਾਹਮਣੇ ਗੈਰ-ਯਾਦਵ ਪੱਛੜੇ ਜਾਂ ਸਵਰਨ ਉਮੀਦਵਾਰ ਉਤਾਰਨ ਦੀ ਰਣਨੀਤੀ ਬਣਾ ਰਹੀ ਹੈ। ਦੂਜੇ ਪਾਸੇ, ਅਖਿਲੇਸ਼ ਯਾਦਵ ਵੀ ਇਸ ਵਾਰ ਮੁਸਲਿਮ-ਯਾਦਵ ਵੋਟਾਂ ਨੂੰ ਲੈ ਕੇ ਭਰੋਸੇਮੰਦ ਹਨ ਅਤੇ ਗੈਰ-ਯਾਦਵ ਓ.ਬੀ.ਸੀ., ਦਲਿਤਾਂ ਤੇ ਸਵਰਨਾਂ ਨੂੰ ਵੱਧ ਟਿਕਟਾਂ ਦੇਣ ਦੀ ਤਿਆਰੀ ਵਿੱਚ ਹਨ। ਇਸ ਤੋਂ ਇਲਾਵਾ, ਭਾਜਪਾ ਸਪਾ ਦੇ ਉਨ੍ਹਾਂ ਬਾਗ਼ੀ ਆਗੂਆਂ ਨੂੰ ਵੀ ਆਪਣੇ ਪਾਲੇ ਵਿੱਚ ਲਿਆਉਣ ਦੀ ਤਾਕ ਵਿੱਚ ਹੈ, ਜਿਨ੍ਹਾਂ ਨੂੰ ਟਿਕਟ ਨਹੀਂ ਮਿਲੇਗੀ। ਹਾਲਾਂਕਿ, ਇਸ ਨਾਲ ਭਾਜਪਾ ਅੰਦਰ ਵੀ ਅੰਦਰੂਨੀ ਬਗਾਵਤ ਦਾ ਖ਼ਤਰਾ ਵਧ ਸਕਦਾ ਹੈ।
ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਇਸ ਵਾਰ ਸੂਬੇ ਵਿੱਚ ਕਿਸੇ ਵੀ ਪਾਰਟੀ ਦੇ ਹੱਕ ਵਿੱਚ ਕੋਈ ਇੱਕਤਰਫ਼ਾ ਲਹਿਰ ਨਹੀਂ ਹੈ। ਅਜਿਹੇ ਹਾਲਾਤ ਵਿੱਚ ਪਾਰਟੀ ਦੇ ਚੋਣ ਨਿਸ਼ਾਨ ਨਾਲੋਂ ਉਮੀਦਵਾਰ ਦਾ ਆਪਣਾ ਅਕਸ ਅਤੇ ਜਾਤੀ ਸਮੀਕਰਨ ਜ਼ਿਆਦਾ ਅਹਿਮ ਹੋ ਗਏ ਹਨ। ਮਾਹਿਰਾਂ ਅਨੁਸਾਰ, ਮੌਜੂਦਾ ਵਿਧਾਇਕਾਂ ਪ੍ਰਤੀ ਸਥਾਨਕ ਪੱਧਰ ’ਤੇ ਨਾਰਾਜ਼ਗੀ ਦੋਵਾਂ ਪਾਰਟੀਆਂ ਲਈ ਵੱਡੀ ਸਿਰਦਰਦੀ ਬਣੀ ਹੋਈ ਹੈ। ਇਸ ਕਾਰਨ ਟਿਕਟਾਂ ਦੀ ਵੰਡ ਵਿੱਚ ਵੱਡੀ ਕਾਂਟ-ਛਾਂਟ ਦੇਖਣ ਨੂੰ ਮਿਲ ਸਕਦੀ ਹੈ।
ਤਾਜ਼ਾ ਓਪੀਨੀਅਨ ਪੋਲਜ਼ ਮੁਤਾਬਕ ਸੂਬੇ ਵਿੱਚ ਬੇਹੱਦ ਫਸਵਾਂ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਹਾਲ ਹੀ ਵਿੱਚ ਸਾਹਮਣੇ ਆਏ ‘ਵੋਟ ਵਾਈਬ’ ਦੇ ਸਰਵੇਖਣ ਵਿੱਚ ਭਾਜਪਾ ਗੱਠਜੋੜ ਨੂੰ 41.9 ਫ਼ੀਸਦੀ ਅਤੇ ਸਪਾ ਗੱਠਜੋੜ ਨੂੰ 39.1 ਫ਼ੀਸਦੀ ਵੋਟਾਂ ਮਿਲਣ ਦਾ ਅਨੁਮਾਨ ਲਗਾਇਆ ਗਿਆ ਹੈ। ਮੁੱਖ ਮੰਤਰੀ ਦੀ ਪਸੰਦ ਵਜੋਂ ਯੋਗੀ ਆਦਿੱਤਿਆਨਾਥ (44.1%) ਅਖਿਲੇਸ਼ ਯਾਦਵ (34.5%) ਤੋਂ ਅੱਗੇ ਹਨ, ਪਰ ਜਨਤਾ ਦੀ ਧਾਰਨਾ ਦੇ ਮਾਮਲੇ ਵਿੱਚ ਸਪਾ ਮਾਮੂਲੀ ਬੜ੍ਹਤ ਬਣਾਉਂਦੀ ਦਿਖ ਰਹੀ ਹੈ। ਉੱਥੇ ਹੀ, ‘ਸਪਿੱਕ ਮੀਡੀਆ’ ਦੇ ਸਰਵੇਖਣ ਨੇ ਐਨ.ਡੀ.ਏ. ਨੂੰ 193 ਅਤੇ ਇੰਡੀਆ ਗੱਠਜੋੜ ਨੂੰ 156 ਸੀਟਾਂ ਮਿਲਣ ਦੀ ਭਵਿੱਖਬਾਣੀ ਕੀਤੀ ਹੈ, ਜਦੋਂਕਿ 54 ਸੀਟਾਂ ’ਤੇ ਸਖ਼ਤ ਟੱਕਰ ਦੱਸੀ ਹੈ। ਸਰਵੇਖਣਾਂ ਵਿੱਚ ਬੇਰੁਜ਼ਗਾਰੀ (26.5%) ਅਤੇ ਮਹਿੰਗਾਈ (16.3%) ਸਭ ਤੋਂ ਵੱਡੇ ਮੁੱਦੇ ਉੱਭਰ ਕੇ ਸਾਹਮਣੇ ਆਏ ਹਨ।
ਕੁੱਲ ਮਿਲਾ ਕੇ, ਅੰਕੜਿਆਂ ਵਿੱਚ ਭਾਜਪਾ ਕੋਲ ਮਾਮੂਲੀ ਬੜ੍ਹਤ ਜ਼ਰੂਰ ਹੈ, ਪਰ ਸਪਾ ਦੀ ਪੀ.ਡੀ.ਏ. ਰਣਨੀਤੀ ਅਤੇ ਨੌਜਵਾਨਾਂ ਦੀ ਨਾਰਾਜ਼ਗੀ ਮੁਕਾਬਲੇ ਨੂੰ ਬਰਾਬਰੀ ’ਤੇ ਲਿਆ ਖੜ੍ਹਾ ਕਰਦੀ ਹੈ। ਲਖਨਊ ਦੀ ਗੱਦੀ ਕਿਸ ਦੇ ਹਿੱਸੇ ਆਵੇਗੀ, ਇਹ ਹੁਣ ਇਸ ਗੱਲ ’ਤੇ ਨਿਰਭਰ ਕਰੇਗਾ ਕਿ ਦੋਵੇਂ ਪਾਰਟੀਆਂ ਟਿਕਟਾਂ ਦੀ ਵੰਡ ਵਿੱਚ ਕਿੰਨੀ ਸਿਆਸੀ ਸੂਝ-ਬੂਝ ਦਿਖਾਉਂਦੀਆਂ ਹਨ।











Comments (0)