ਮੁੜ ਸ਼ੁਰੂ ਹੋਈਆਂ ਅਮਰੀਕਾ ਦੇ ਸੰਚਾਰ ਅਤੇ ਰਡਾਰ ਸੇਵਾਵਾਂ ਵਿੱਚ ਰੁਕਾਵਟ ਕਾਰਨ ਰੋਕੀਆਂ ਉਡਾਣਾਂ
ਵਾਸ਼ਿੰਗਟਨ/ਏ.ਟੀ.ਨਿਊਜ਼ : ਟਰੰਪ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਦੇਸ਼ ਦੇ ਏਅਰ ਟ੍ਰੈਫਿਕ ਕੰਟਰੋਲ ਸਿਸਟਮ ਵਿੱਚ ਜੋੜੀ ਜਾ ਰਹੀ ਨਵੀਂ ਤਕਨੀਕ ਨੇ ਪੁਰਾਣੇ ਸਿਸਟਮਾਂ ’ਤੇ ਵਾਧੂ ਬੋਝ (ਓਵਰਲੋਡ) ਪਾ ਦਿੱਤਾ, ਜਿਸ ਕਾਰਨ ਸੰਚਾਰ ਅਤੇ ਰਡਾਰ ਸੇਵਾਵਾਂ ਵਿੱਚ ਰੁਕਾਵਟ ਆਈ ਅਤੇ ਪਿਛਲੇ 25 ਸਾਲਾਂ ਵਿੱਚ ਦੇਸ਼ ਭਰ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਉਡਾਣਾਂ ਰੋਕਣੀਆਂ (ਗਰਾਊਂਡ ਸਟੌਪ) ਪਈਆਂ।
ਅਮਰੀਕਾ ਦੇ ਹਵਾਈ ਅੱਡਿਆਂ ਤੋਂ ਜ਼ਿਆਦਾਤਰ ਉਡਾਣਾਂ ਨੂੰ ਉਡਾਣ ਭਰਨ ਤੋਂ ਰੋਕੇ ਜਾਣ ਦੇ ਪੰਜ ਘੰਟਿਆਂ ਬਾਅਦ ਬੀਤੀ ਰਾਤ ਨੂੰ ਇਹ ਰੋਕ ਹਟਾ ਲਈ ਗਈ। ਇਸ ਕਾਰਨ ਪੂਰੇ ਦੇਸ਼ ਵਿੱਚ ਹਜ਼ਾਰਾਂ ਉਡਾਣਾਂ ਅਤੇ ਸੰਭਾਵੀ ਤੌਰ ’ਤੇ 10 ਲੱਖ ਤੋਂ ਵੱਧ ਯਾਤਰੀ ਪ੍ਰਭਾਵਿਤ ਹੋਏ।
ਵ੍ਹਾਈਟ ਹਾਊਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਮਲੈਂਡ ਸਿਕਿਓਰਿਟੀ ਸਕੱਤਰ ਮਾਰਕਵੇਨ ਮੁਲਿਨ ਨੇ ਕਿਹਾ ਕਿ ਕੋਈ ਵੀ ਖ਼ਤਰੇ ਵਿੱਚ ਨਹੀਂ ਸੀ ਕਿਉਂਕਿ 3,000 ਤੋਂ ਵੱਧ ਉਡਾਣਾਂ ਨੂੰ ਸੁਰੱਖਿਅਤ ਉਤਾਰ ਲਿਆ ਗਿਆ ਸੀ, ਪਰ ਟਰਾਂਸਪੋਰਟ ਸਕੱਤਰ ਸੀਨ ਡੱਫੀ ਨੇ ਕਿਹਾ ਕਿ ਉਹ ਇਸ ਗੱਲ ਦੀ ਗਰੰਟੀ ਨਹੀਂ ਦੇ ਸਕਦੇ ਕਿ ਅਜਿਹਾ ਦੁਬਾਰਾ ਨਹੀਂ ਹੋਵੇਗਾ।
ਮੁਲਿਨ ਨੇ ਸਪੱਸ਼ਟ ਕੀਤਾ ਕਿ ਫੈਡਰਲ ਏਵੀਏਸ਼ਨ ਐਡਮਨਿਸਟ੍ਰੇਸ਼ਨ ਨਵਾਂ ਉਪਕਰਨ ਅਤੇ ਨਵੀਂ ਤਕਨੀਕ ਲਗਾ ਰਿਹਾ ਸੀ, ਜਿਸ ਨੇ ਪੁਰਾਣੇ ਸਿਸਟਮ ਨੂੰ ਪ੍ਰਭਾਵਿਤ ਕੀਤਾ ਅਤੇ ਇਸ ਵਿੱਚ ਸਾਈਬਰ ਹਮਲੇ ਜਾਂ ਕਿਸੇ ਸ਼ਰਾਰਤੀ ਕਾਰਵਾਈ ਦਾ ਕੋਈ ਸੰਕੇਤ ਨਹੀਂ ਮਿਲਿਆ ਹੈ। ਬੀਤੀ ਸ਼ਾਮ ਨੂੰ ਰੋਕ ਹਟਣ ਤੋਂ ਬਾਅਦ ਸੀਮਤ ਗਿਣਤੀ ਵਿੱਚ ਘਰੇਲੂ ਉਡਾਣਾਂ ਰਵਾਨਾ ਹੋਣੀਆਂ ਸ਼ੁਰੂ ਹੋ ਗਈਆਂ, ਹਾਲਾਂਕਿ ਏਅਰਲਾਈਨਾਂ ਨੂੰ ਪੂਰੀ ਤਰ੍ਹਾਂ ਆਮ ਵਾਂਗ ਹੋਣ ਵਿੱਚ ਕਈ ਦਿਨ ਲੱਗ ਸਕਦੇ ਹਨ।
ਹਵਾਬਾਜ਼ੀ ਵਿਸ਼ਲੇਸ਼ਣ ਕੰਪਨੀ ਸੀਰੀਅਮ ਅਨੁਸਾਰ ਘੱਟੋ-ਘੱਟ 827 ਉਡਾਣਾਂ ਦਾ ਰਸਤਾ ਬਦਲਿਆ ਗਿਆ, ਜਿਨ੍ਹਾਂ ਵਿੱਚੋਂ 670 ਉਡਾਣਾਂ ਨੂੰ ਵਾਪਸ ਉਸੇ ਹਵਾਈ ਅੱਡੇ ’ਤੇ ਭੇਜ ਦਿੱਤਾ ਗਿਆ ਜਿੱਥੋਂ ਉਨ੍ਹਾਂ ਨੇ ਉਡਾਣ ਭਰੀ ਸੀ, ਜਦੋਂ ਕਿ 157 ਨੂੰ ਦੂਜੇ ਹਵਾਈ ਅੱਡਿਆਂ ਵੱਲ ਮੋੜਿਆ ਗਿਆ। ਉਡਾਣਾਂ ਰੁਕਣ ਵੇਲੇ ਅਸਮਾਨ ਵਿੱਚ 3,500 ਜਹਾਜ਼ ਸਨ, ਜੋ ਬਾਅਦ ਵਿੱਚ ਘਟ ਕੇ 400 ਤੋਂ ਵੀ ਘੱਟ ਰਹਿ ਗਏ।
ਇਸ ਸੰਕਟ ਕਾਰਨ ਸ਼ਿਕਾਗੋ ਸਮੇਤ ਕਈ ਪ੍ਰਮੁੱਖ ਹਵਾਈ ਅੱਡਿਆਂ ’ਤੇ ਹਜ਼ਾਰਾਂ ਯਾਤਰੀ ਫਸ ਗਏ, ਜਦੋਂ ਕਿ ਐਨ.ਬੀ.ਏ., ਐਨ.ਐਚ.ਐਲ., ਐਨ.ਐਫ.ਐਲ. ਅਤੇ ਕਾਲਜਾਂ ਦੀਆਂ ਖੇਡ ਟੀਮਾਂ ਸਮੇਤ ਫੈੱਡਐਕਸ ਵਰਗੀਆਂ ਕਾਰਗੋ ਉਡਾਣਾਂ ਵੀ ਪ੍ਰਭਾਵਿਤ ਹੋਈਆਂ। ਹਾਲਾਂਕਿ, ਇਸ ਰੋਕ ਦੇ ਬਾਵਜੂਦ ਸਪੇਸਐਕਸ ਨੇ ਟੈਕਸਾਸ ਤੋਂ ਆਪਣੇ ਸਟਾਰਸ਼ਿਪ ਰਾਕੇਟ ਦਾ ਸਫਲ ਪ੍ਰੀਖਣ ਲਾਂਚ ਕੀਤਾ।
ਹਵਾਬਾਜ਼ੀ ਸੁਰੱਖਿਆ ਮਾਹਿਰ ਸਟੀਵ ਅਰੋਯੋ ਨੇ ਦੱਸਿਆ ਕਿ ਇਹ ਘਟਨਾ 9/11 ਦੇ ਹਮਲਿਆਂ ਤੋਂ ਬਾਅਦ ਲੱਗੀ ਰੋਕ ਨਾਲੋਂ ਵੱਖਰੀ ਸੀ ਕਿਉਂਕਿ ਇਸ ਵਾਰ ਜਹਾਜ਼ਾਂ ਨੂੰ ਤੁਰੰਤ ਉਤਰਨ ਦੇ ਹੁਕਮ ਨਹੀਂ ਦਿੱਤੇ ਗਏ ਸਨ ਅਤੇ ਪਾਇਲਟ ਹਵਾਈ ਅੱਡਿਆਂ ਦੇ ਗਰਾਊਂਡ ਕੰਟਰੋਲਰਾਂ ਨਾਲ ਸੰਪਰਕ ਕਰਨ ਦੇ ਯੋਗ ਸਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਜਨਵਰੀ 2023 ਵਿੱਚ ਐਫ.ਏ.ਏ. ਦੇ ਕੰਪਿਊਟਰ ਸਿਸਟਮ ਵਿੱਚ ਖਰਾਬੀ ਕਾਰਨ ਦੇਸ਼ ਭਰ ਵਿੱਚ ਉਡਾਣਾਂ ਰੋਕੀਆਂ ਗਈਆਂ ਸਨ।











Comments (0)