ਦਿੱਲੀ ਵਿੱਚ ਵਿਸ਼ਵ ਦੇ ਸਾਰੇ ਸ਼ਹਿਰਾਂ ਤੋਂ ਵਧੇਰੇ ਪ੍ਰਦੂਸ਼ਨ
ਨਵੀਂ ਦਿੱਲੀ/ ਏ.ਟੀ.ਨਿਊਜ਼ : ਭਾਰਤ ਦੀ ਰਾਜਧਾਨੀ ਦਿੱਲੀ ਪਾਕਿਸਤਾਨ ਦੇ ਲਾਹੌਰ ਸ਼ਹਿਰ ਨੂੰ ਪਛਾੜਦਿਆਂ ਦੁਨੀਆ ਦਾ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਬਣ ਗਈ ਹੈ। ਲਗਭਗ ਦੋ ਕਰੋੜ ਦੀ ਆਬਾਦੀ ਵਾਲੇ ਇਸ ਮਹਾਨਗਰ ਵਿੱਚ ਹਵਾ ਦੀ ਗੁਣਵੱਤਾ ‘ਖ਼ਤਰਨਾਕ’ ਪੱਧਰ ਤੱਕ ਡਿੱਗ ਗਈ ਹੈ ਅਤੇ ਸੰਘਣੀ ਜ਼ਹਿਰੀਲੀ ਧੁੰਦ (ਸਮੌਗ) ਦੀ ਚਾਦਰ ਵਿਛ ਜਾਣ ਕਾਰਨ ਦਿਸਣ ਹੱਦ (ਵਿਜ਼ੀਬਿਲਟੀ) ਬੇਹੱਦ ਘਟ ਗਈ ਹੈ। ਸਵੇਰ ਵੇਲੇ ਮੁੱਖ ਸੜਕਾਂ ’ਤੇ ਗੱਡੀਆਂ ਅਤੇ ਮੋਟਰਸਾਈਕਲ ਸੰਘਣੇ ਧੂੰਏਂ ਵਿੱਚੋਂ ਨਿਕਲਦੇ ਦਿਖਾਈ ਦਿੱਤੇ, ਜਿੱਥੇ ਸਟਰੀਟ ਲਾਈਟਾਂ ਦੀ ਰੌਸ਼ਨੀ ਵੀ ਮੱਧਮ ਪੈ ਗਈ ਸੀ।
‘ਆਈਕਿਊਏਅਰ’ ਦੇ ਤਾਜ਼ਾ ਅੰਕੜਿਆਂ ਮੁਤਾਬਕ ਦਿੱਲੀ ਦਾ ਏਅਰ ਕੁਆਲਿਟੀ ਇੰਡੈਕਸ 334 ਦਰਜ ਕੀਤਾ ਗਿਆ, ਜੋ ਕਿ ‘ਖ਼ਤਰਨਾਕ’ ਸ਼੍ਰੇਣੀ ਵਿੱਚ ਆਉਂਦਾ ਹੈ। ਇਸ ਪੱਧਰ ਨਾਲ ਦਿੱਲੀ ਨੇ ਆਲਮੀ ਪੱਧਰ ’ਤੇ ਪ੍ਰਮੁੱਖ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ਵਿੱਚ ਪਹਿਲਾ ਸਥਾਨ ਹਾਸਲ ਕਰ ਲਿਆ ਹੈ। ਜ਼ਿਕਰਯੋਗ ਹੈ ਕਿ 50 ਤੱਕ ਦੇ ਏਕਿਊਆਈ ਪੱਧਰ ਨੂੰ ਹੀ ਸਿਹਤ ਲਈ ਸੁਰੱਖਿਅਤ ਅਤੇ ਚੰਗਾ ਮੰਨਿਆ ਜਾਂਦਾ ਹੈ।
ਜ਼ਿਕਰਯੋਗ ਹੈ ਕਿ ਉੱਤਰੀ ਭਾਰਤ ਅਤੇ ਗੁਆਂਢੀ ਮੁਲਕ ਪਾਕਿਸਤਾਨ ਦੇ ਵੱਡੇ ਹਿੱਸਿਆਂ ਵਿੱਚ ਸਰਦੀਆਂ ਦੀ ਆਮਦ ਨਾਲ ਹਵਾ ਪ੍ਰਦੂਸ਼ਣ ਇੱਕ ਗੰਭੀਰ ਮੌਸਮੀ ਸਮੱਸਿਆ ਬਣ ਜਾਂਦਾ ਹੈ। ਠੰਢੀ ਅਤੇ ਭਾਰੀ ਹਵਾ ਕਾਰਨ ਵਾਹਨਾਂ ਦਾ ਧੂੰਆਂ, ਉਸਾਰੀ ਕਾਰਜਾਂ ਦੀ ਧੂੜ ਅਤੇ ਪਰਾਲੀ ਸਾੜਨ ਦਾ ਧੂੰਆਂ ਵਾਤਾਵਰਣ ਦੀ ਹੇਠਲੀ ਸਤਹਿ ਵਿੱਚ ਹੀ ਫਸ ਕੇ ਰਹਿ ਜਾਂਦਾ ਹੈ, ਜਿਸ ਨਾਲ ਆਮ ਲੋਕਾਂ ਲਈ ਸਾਹ ਲੈਣਾ ਵੀ ਔਖਾ ਹੋ ਜਾਂਦਾ ਹੈ।











Comments (0)