ਛੱਠ ਪੂਜਾ ਲਈ ਪੰਜਾਬ ਸਰਕਾਰ ਨੇ ਕੀਤੇ ਲੋਂੜੀਂਦੇ ਪ੍ਰਬੰਧ

ਛੱਠ ਪੂਜਾ ਲਈ ਪੰਜਾਬ ਸਰਕਾਰ ਨੇ ਕੀਤੇ ਲੋਂੜੀਂਦੇ ਪ੍ਰਬੰਧ

ਚੰਡੀਗੜ੍ਹ/ਏ.ਟੀ.ਨਿਊਜ਼ : ਪੰਜਾਬ ਵਿੱਚ 104 ਥਾਵਾਂ ’ਤੇ ਛੱਠ ਪੂਜਾ ਕੀਤੀ ਜਾਵੇਗੀ। ਮੁੱਖ ਮੰਤਰੀ ਭਗਵੰਤ ਮਾਨ ਨੇ ਛੱਠ ਪੂਜਾ ਦੇ ਪ੍ਰਬੰਧਾਂ ਲਈ ਅੱਜ ਸਿਵਲ ਅਤੇ ਪੁਲੀਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਸ਼ਰਧਾਲੂਆਂ ਦੀ ਸੁਰੱਖਿਆ ਅਤੇ ਹੋਰ ਬੁਨਿਆਦੀ ਸਹੂਲਤਾਂ ਦੇ ਪ੍ਰਬੰਧ ਕਰਨ ਦੀ ਹਦਾਇਤ ਕੀਤੀ। ਮੁੱਖ ਮੰਤਰੀ ਨੇ ਛੱਠ ਪੂਜਾ ਵਾਲੀਆਂ ਥਾਵਾਂ ’ਤੇ ਢੁੱਕਵੇਂ ਘਾਟ ਵਿਕਸਤ ਕਰਨ ਅਤੇ ਤਾਜ਼ੇ ਪਾਣੀ ਦਾ ਪ੍ਰਬੰਧ ਕਰਨ ਲਈ ਆਖਿਆ ਤਾਂ ਜੋ ਸ਼ਰਧਾਲੂ ਧਾਰਮਿਕ ਰਸਮਾਂ ਸੁਰੱਖਿਅਤ ਤੇ ਸੁਖਾਲੇ ਢੰਗ ਨਾਲ ਨਿਭਾਅ ਸਕਣ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਤੇ ਹੋਰ ਅਮਲੇ ਦੀਆਂ ਡਿਊਟੀਆਂ ਸਮੇਂ ਸਿਰ ਲਾਈਆਂ ਜਾਣੀਆਂ ਚਾਹੀਦੀਆਂ ਹਨ, ਜਿਨ੍ਹਾਂ ਵਿੱਚ ਜ਼ਿੰਮੇਵਾਰੀਆਂ ਅਤੇ ਜਵਾਬਦੇਹੀ ਤੈਅ ਕੀਤੀ ਜਾਵੇ, ਜਿੱਥੇ ਵੀ ਸ਼ਰਧਾਲੂ ਜਲ ਸਰੋਤਾਂ ਦੇ ਨੇੜੇ ਇਕੱਠੇ ਹੁੰਦੇ ਹਨ, ਉੱਥੇ ਬਚਾਅ ਹੱਲ ਵਜੋਂ ਢੁੱਕਵੀਂ ਗਿਣਤੀ ਵਿੱਚ ਲਾਈਫਗਾਰਡ ਤਾਇਨਾਤ ਕੀਤੇ ਜਾਣ। ਲੋਕਾਂ ਨੂੰ ਕਾਬੂ ਵਿੱਚ ਰੱਖਣ ਅਤੇ ਕਿਸੇ ਵੀ ਘਟਨਾ ਨੂੰ ਰੋਕਣ ਲਈ ਢੁੱਕਵੀਂ ਬੈਰੀਕੇਡਿੰਗ, ਰੱਸੀਆਂ ਦੇ ਪ੍ਰਬੰਧ, ਪਬਲਿਕ ਐਡਰੈੱਸ ਸਿਸਟਮ ਅਤੇ ਲੋੜੀਂਦੀ ਪੁਲਿਸ ਫੋਰਸ ਵੀ ਯਕੀਨੀ ਬਣਾਈ ਜਾਵੇ।
ਉਨ੍ਹਾਂ ਨੇ ਅਧਿਕਾਰੀਆਂ ਨੂੰ ਐਮਰਜੈਂਸੀ ਤਿਆਰੀਆਂ ਨੂੰ ਮਜ਼ਬੂਤ ਕਰਨ ਲਈ ਲੋੜ ਅਨੁਸਾਰ ਐੱਨ ਡੀ ਆਰ ਐੱਫ ਅਤੇ ਸੂਬਾਈ ਆਫ਼ਤ ਰਿਸਪਾਂਸ ਫੋਰਸ ਦੀਆਂ ਵਿਸ਼ੇਸ਼ ਟੀਮਾਂ ਦੀ ਮਦਦ ਲੈਣ ਦੇ ਨਿਰਦੇਸ਼ ਦਿੱਤੇ। ਕਿਸੇ ਵੀ ਕੀਮਤ ’ਤੇ ਸ਼ਰਧਾਲੂਆਂ ਦੀ ਸੁਰੱਖਿਆ ਨਾਲ ਸਮਝੌਤਾ ਨਹੀਂ ਕੀਤਾ ਜਾਵੇਗਾ। ਭਗਵੰਤ ਮਾਨ ਨੇ ਸਾਰੇ ਸੀਨੀਅਰ ਅਧਿਕਾਰੀਆਂ ਨੂੰ ਖ਼ੁਦ ਚੌਕਸ ਰਹਿਣ ਅਤੇ ਹੋਰਨਾਂ ਸਬੰਧਿਤ ਵਿਭਾਗਾਂ ਨਾਲ ਤਾਲਮੇਲ ਬਣਾ ਕੇ ਰੱਖਣ ਦੀ ਅਪੀਲ ਕੀਤੀ। ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਹਰਦੀਪ ਸਿੰਘ ਮੁੰਡੀਆਂ, ਮੁੱਖ ਸਕੱਤਰ ਕੇ ਏ ਪੀ ਸਿਨਹਾ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਡਾ. ਰਵੀ ਭਗਤ, ਵਿਸ਼ੇਸ਼ ਡੀ ਜੀ ਪੀ ਪੀ ਕੇ ਸਿਨਹਾ ਅਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।