ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਰ.ਐਸ.ਐਸ. ਤੇ ਭਾਜਪਾ ਆਗੂਆਂ ਵੱਲੋਂ ਗੰਭੀਰ ਵਿਚਾਰ ਚਰਚਾ

ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਰ.ਐਸ.ਐਸ. ਤੇ ਭਾਜਪਾ ਆਗੂਆਂ ਵੱਲੋਂ ਗੰਭੀਰ ਵਿਚਾਰ ਚਰਚਾ

ਚੰਡੀਗੜ੍ਹ/ ਏ.ਟੀ.ਨਿਊਜ਼ : ਅਗਲੇ ਸਾਲ ਹੋਣ ਵਾਲੀਆਂ ਪੰਜਾਬ ਚੋਣਾਂ ਸਬੰਧੀ ਸੰਘ ਪਰਿਵਾਰ ਵੱਲੋਂ ਦਿਖਾਈ ਜਾ ਰਹੀ ਗੰਭੀਰਤਾ ਦੇ ਸਪੱਸ਼ਟ ਸੰਕੇਤ ਤਹਿਤ, ਸੱਤਾਧਾਰੀ ਭਾਜਪਾ ਦੀ ਮਾਂ-ਸੰਸਥਾ ਰਾਸ਼ਟਰੀ ਸੋਇਮਸੇਵਕ ਸੰਘ (ਆਰ. ਐੱਸ. ਐੱਸ). ਨੇ  ਕਿਹਾ ਕਿ ਸੂਬੇ ਵਿੱਚ ਜਿੱਤ ਹਾਸਲ ਕਰਨਾ ਨਾ ਸਿਰਫ਼ ਪਾਰਟੀ ਲਈ, ਸਗੋਂ ਪੰਜਾਬ ਅਤੇ ਦੇਸ਼ ਦੋਵਾਂ ਲਈ ਬਰਾਬਰ ਰੂਪ ਵਿੱਚ ਮਹੱਤਵਪੂਰਨ ਹੈ। ਜਿੱਤ ਯਕੀਨੀ ਬਣਾਉਣ ਲਈ ਪੂਰੀ ਤਾਕਤ ਨਾਲ ਮੈਦਾਨ ਵਿੱਚ ਉਤਰਨ ਦਾ ਇਹ ਸੁਨੇਹਾ ਚੰਡੀਗੜ੍ਹ ਵਿੱਚ ਸ਼ੁੱਕਰਵਾਰ ਰਾਤ ਹੋਈ ਰਣਨੀਤਕ ਬੈਠਕ ਵਿੱਚ ਦਿੱਤਾ ਗਿਆ, ਜਿਸ ਨੂੰ ਉੱਤਰੀ ਸੂਬਿਆਂ ਦੇ ਇੰਚਾਰਜ ਅਤੇ ਆਰ ਐੱਸ ਐੱਸ ਦੇ ਸੰਯੁਕਤ ਜਨਰਲ ਸਕੱਤਰ ਅਰੁਨ ਕੁਮਾਰ ਨੇ ਸੰਬੋਧਨ ਕੀਤਾ।
ਅਰੁਣ ਕੁਮਾਰ ਨੇ ਹਾਜ਼ਰ ਨੇਤਾਵਾਂ ਨੂੰ ਬੂਥ ਪੱਧਰ ’ਤੇ ਮਾਈਕਰੋ-ਮੈਨੇਜਮੈਂਟ ਯਕੀਨੀ ਬਣਾਉਣ ਲਈ ਕਿਹਾ ਅਤੇ ਖ਼ਾਸ ਤੌਰ ’ਤੇ ਉਨ੍ਹਾਂ ਲਗਪਗ 6000 ਬੂਥਾਂ ਵੱਲ ਧਿਆਨ ਦੇਣ ਲਈ ਕਿਹਾ ਜਿੱਥੇ ਭਾਜਪਾ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਪ੍ਰਾਪਤ ਕੀਤੀ ਸੀ। ਨਾਲ ਹੀ ਉਨ੍ਹਾਂ 5900 ਬੂਥਾਂ ਵੱਲ ਵੀ ਧਿਆਨ ਦੇਣ ਲਈ ਕਿਹਾ, ਜਿੱਥੇ ਪਾਰਟੀ 1 ਤੋਂ 100 ਵੋਟਾਂ ਦੇ ਫ਼ਰਕ ਨਾਲ ਪਿੱਛੇ ਰਹਿ ਗਈ ਸੀ। ਆਰ. ਐੱਸ. ਐੱਸ. ਵੱਲੋਂ ਪੰਜਾਬ ਵਿੱਚ ਭਾਜਪਾ ਦੀ ਪਿੱਠ ’ਤੇ ਆਉਣ ਨਾਲ, ਸੰਘ ਪਰਿਵਾਰ ਲਈ ਸੂਬੇ ਦੀਆਂ ਚੋਣਾਂ ਦੀ ਅਹਿਮੀਅਤ ਸਾਫ਼ ਹੋ ਜਾਂਦੀ ਹੈ। ਆਰ. ਐੱਸ. ਐੱਸ. ਵੱਲੋਂ ਸੱਦੀ ਗਈ ਬੈਠਕ ਵਿੱਚ ਪੰਜਾਬ ਦੇ ਕਈ ਭਾਜਪਾ ਆਗੂਆਂ ਨੇ ਆਰ ਐੱਸ ਐੱਸ ਨੂੰ ਪੰਜਾਬ ਵਿੱਚ ਸਰਕਾਰ ਬਣਾਉਣ ਲਈ ਕੰਮ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਇਸ ਨਾਲ ਜਥੇਬੰਦਕ ਤਾਕਤ ਵੀ ਵਧੇਗੀ।
ਸੂਤਰਾਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਸੀਟਾਂ ਦੀ ਵੰਡ ਸਬੰਧੀ ਗੱਲਬਾਤ ਮੁਕੰਮਲ ਹੋ ਚੁੱਕੀ ਹੈ ਅਤੇ ਦੋਵਾਂ ਪਾਰਟੀਆਂ ਦੇ ਚੋਣ ਗੱਠਜੋੜ ਦਾ ਰਸਮੀ ਐਲਾਨ ਕਿਸੇ ਵੀ ਸਮੇਂ ਹੋ ਸਕਦਾ ਹੈ। ਇਸ ਅਹਿਮ ਐਲਾਨ ਤੋਂ ਪਹਿਲਾਂ ਪੰਜਾਬ ਵਿੱਚ ਭਾਜਪਾ ਦੀ ਚੋਣ ਰਣਨੀਤੀ ਦੀ ਜ਼ਿੰਮੇਵਾਰੀ ਸੰਭਾਲ ਰਹੇ ਸੀ ਆਰ ਪਾਟਿਲ ਦੇ 17 ਨਵੰਬਰ ਨੂੰ ਪੰਜਾਬ ਆਉਣ ਦੀ ਸੰਭਾਵਨਾ ਹੈ। ਉਨ੍ਹਾਂ ਦਾ ਦੌਰਾ ਪੰਜਾਬ ਭਾਜਪਾ ਇਕਾਈ ਨਾਲ ਮਿਲ ਕੇ ਤੈਅ ਕੀਤਾ ਜਾ ਰਿਹਾ ਹੈ। ਇਸ ਦੌਰਾਨ ਉਹ ਚੰਡੀਗੜ੍ਹ ਵਿੱਚ ਪਾਰਟੀ ਆਗੂਆਂ ਨਾਲ ਮੀਟਿੰਗਾਂ ਕਰਨਗੇ।
ਉੱਧਰ, ਚੰਡੀਗੜ੍ਹ ਹੋਈ ਆਰ ਐੱਸ ਐੱਸ ਦੀ ਮੀਟਿੰਗ ਵਿੱਚ ਪੰਜਾਬ ਭਾਜਪਾ ਪ੍ਰਧਾਨ ਕੇਵਲ ਢਿੱਲੋਂ, ਤਰੁਣ ਚੁੱਘ, ਵਿਜੇੈ ਸਾਂਪਲਾ, ਸੋਮ ਪ੍ਰਕਾਸ਼, ਸੁਨੀਲ ਜਾਖੜ, ਸਤੀਸ਼ ਪੂਨੀਆ ਅਤੇ ਪੰਜਾਬ ਮੰਤਰੀ ਸ੍ਰੀਨਿਵਾਸਲੂ ਸਮੇਤ ਕਈ ਪ੍ਰਮੁੱਖ ਆਗੂ ਮੌਜੂਦ ਰਹੇ। ਇਨ੍ਹਾਂ ਸਰਗਰਮੀਆਂ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅਹਿਮ ਮੰਨਿਆ ਜਾ ਰਿਹਾ ਹੈ।