ਚੰਦੂਮਾਜਰਾ ਤੋਂ ਬਾਅਦ ਜਗੀਰ ਕੌਰ ਦੀ ਘਰ ਵਾਪਸੀ ਨਾਲ ਕੀ ਬਾਦਲ ਦਲ ਮਜ਼ਬੂਤ ਹੋਵੈਗਾ?

ਚੰਦੂਮਾਜਰਾ ਤੋਂ ਬਾਅਦ ਜਗੀਰ ਕੌਰ ਦੀ ਘਰ ਵਾਪਸੀ ਨਾਲ ਕੀ ਬਾਦਲ ਦਲ ਮਜ਼ਬੂਤ ਹੋਵੈਗਾ?

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਬੀਤੇ ਦਿਨੀਂ ਬੇਗੋਵਾਲ ਵਿਖੇ ਹੋਏ ਇੱਕ ਸਮਾਗਮ ਦੌਰਾਨ ਦੂਜੀ ਵਾਰ ਸ੍ਰੋਮਣੀ  ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ  ਸਿੰਘ ਬਾਦਲ ਦੀ ਹਾਜ਼ਰੀ ਵਿੱਚ ਮੁੜ ਸ਼ਮੂਲੀਅਤ ਕਰ ਲਈ ਸੀ। ਇਸ ਤੋਂ ਕੁਝ ਦਿਨ ਪਹਿਲਾਂ ਹੀ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਵੀ ਪਾਰਟੀ ਵਿੱਚ ਵਾਪਸੀ ਕੀਤੀ ਸੀ। ਆਉਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਹੋਈ ਇਸ ਵਾਪਸੀ ਨੇ ਅਕਾਲੀ ਸਿਆਸਤ ਦੇ ਅੰਦਰੂਨੀ ਸਮੀਕਰਨਾਂ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਵੱਖ-ਵੱਖ ਅਕਾਲੀ ਧੜਿਆਂ ਦੇ ਭਵਿੱਖ ਤੇ ਸੰਭਾਵੀ ਸਿਆਸੀ ਗੱਠਜੋੜਾਂ ਬਾਰੇ ਨਵੀਂ ਚਰਚਾ ਛੇੜ ਦਿੱਤੀ ਹੈ। ਇਸ ਮੌਕੇ ਉਨ੍ਹਾਂ ਨੂੰ ਭੁਲੱਥ ਹਲਕੇ ਦਾ ਇੰਚਾਰਜ ਵੀ ਨਿਯੁਕਤ ਕੀਤਾ ਗਿਆ। ਸੁਖਬੀਰ ਸਿੰਘ ਬਾਦਲ ਨੇ ਹੋਰ ਨਾਰਾਜ਼ ਅਕਾਲੀ ਆਗੂਆਂ ਨੂੰ ਵੀ ਆਪਣੇ ਮਤਭੇਦ ਭੁਲਾ ਕੇ ਪਾਰਟੀ ਵਿੱਚ ਵਾਪਸ ਆਉਣ ਦੀ ਅਪੀਲ ਕੀਤੀ ਹੈ। ਬਾਦਲ ਦਲ ਦੇ ਹਲਕਿਆਂ ਅਨੁਸਾਰ, ਇਨ੍ਹਾਂ ਦੋਵਾਂ ਟਕਸਾਲੀ ਆਗੂਆਂ ਦੀ ਵਾਪਸੀ ਨਾਲ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਨੂੰ ਅੰਦਰੂਨੀ ਤੌਰ ’ਤੇ ਮਜ਼ਬੂਤੀ ਮਿਲੀ ਹੈ ਅਤੇ ਪਾਰਟੀ ਅੰਦਰ ਉੱਠ ਰਹੇ ਬਗਾਵਤੀ ਸੁਰਾਂ ਨੂੰ ਠੱਲ੍ਹ ਪਈ ਹੈ।
ਬੀਬੀ ਜਗੀਰ ਕੌਰ ਦੀ ਵਾਪਸੀ ਨਾਲ ਦੋਆਬਾ ਖੇਤਰ (ਕਪੂਰਥਲਾ ਤੇ ਭੁਲੱਥ) ਅਤੇ ਸਿੱਖ ਹਲਕਿਆਂ ਵਿੱਚ ਪਾਰਟੀ ਨੂੰ ਫਾਇਦਾ ਮਿਲਣ ਦੀ ਉਮੀਦ ਹੈ, ਜਦਕਿ ਪ੍ਰੇਮ ਸਿੰਘ ਚੰਦੂਮਾਜਰਾ ਦੇ ਆਉਣ ਨਾਲ ਪੁਆਧ ਅਤੇ ਰੋਪੜ-ਪਟਿਆਲਾ ਖੇਤਰ ਵਿੱਚ ਪਾਰਟੀ ਦੀ ਸਥਿਤੀ ਮਜ਼ਬੂਤ ਹੋਵੇਗੀ।
ਇਸ ਨਾਲ ਹੇਠਲੇ ਪੱਧਰ ਦੇ ਵਰਕਰਾਂ ਦਾ ਮਨੋਬਲ ਵਧੇਗਾ ਅਤੇ ਪਾਰਟੀ ਛੱਡ ਕੇ ਗਏ ਹੋਰ ਆਗੂਆਂ ’ਤੇ ਵਾਪਸੀ ਲਈ ਦਬਾਅ ਬਣੇਗਾ। ਦੂਜੇ ਪਾਸੇ, ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਵਾਰ-ਵਾਰ ਪਾਰਟੀ ਛੱਡਣ ਅਤੇ ਮੁੜ ਸ਼ਾਮਲ ਹੋਣ ਕਾਰਨ ਆਮ ਵੋਟਰਾਂ ਵਿੱਚ ਇਨ੍ਹਾਂ ਆਗੂਆਂ ਦੀ ਭਰੋਸੇਯੋਗਤਾ ’ਤੇ ਪ੍ਰਸ਼ਨ ਚਿੰਨ੍ਹ ਵੀ ਲੱਗੇ ਹਨ।
ਇਨ੍ਹਾਂ ਦੋਵਾਂ ਮੁੱਖ ਥੰਮ੍ਹਾਂ ਅਤੇ ਰਣਨੀਤੀਕਾਰਾਂ ਬੀਬੀ ਜਗੀਰ  ਕੋਰ ਤੇ ਚੰਦੂਮਾਜਰਾ ਦੇ ਬਾਦਲ ਦਲ ਵਿੱਚ ਪਰਤਣ ਨਾਲ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਾਲੇ ਧੜੇ ‘ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ)’ ਵਿੱਚ ਲੀਡਰਸ਼ਿਪ ਦਾ ਵੱਡਾ ਖਲਾਅ ਪੈਦਾ ਹੋ ਗਿਆ ਹੈ। ਸਿਆਸੀ ਮਾਹਿਰਾਂ ਅਨੁਸਾਰ, ਕਿਸੇ ਵੱਖਰੇ ਅਕਾਲੀ ਧੜੇ ਨੂੰ ਚਲਾਉਣ ਲਈ ਮਜ਼ਬੂਤ ਜਥੇਬੰਦਕ ਢਾਂਚੇ ਅਤੇ ਸਿਆਸੀ ਮੈਨੇਜਰਾਂ ਦੀ ਲੋੜ ਹੁੰਦੀ ਹੈ। ਗਿਆਨੀ ਹਰਪ੍ਰੀਤ ਸਿੰਘ ਕੋਲ ਧਾਰਮਿਕ ਅਕਸ ਤਾਂ ਹੈ, ਪਰ ਇਨ੍ਹਾਂ ਤਜਰਬੇਕਾਰ ਆਗੂਆਂ ਦੇ ਜਾਣ ਨਾਲ ਚੋਣ ਸਿਆਸਤ ਲਈ ਜ਼ਰੂਰੀ ਜ਼ਮੀਨੀ ਪੱਧਰ ਦੇ ਪ੍ਰਬੰਧਕਾਂ ਦੀ ਘਾਟ ਮਹਿਸੂਸ ਹੋਵੇਗੀ, ਜਿਸ ਨਾਲ ਧੜੇ ਦੀ ਹੋਂਦ ’ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ।
ਇਸ ਨਾਲ ਧੜੇ ਦੇ ਬਾਕੀ ਬਚੇ ਆਗੂਆਂ ’ਤੇ ਵੀ ਬਾਦਲ ਦਲ ਵਿੱਚ ਜਾਣ ਜਾਂ ਹੋਰ ਬਦਲ ਲੱਭਣ ਦਾ ਦਬਾਅ ਵਧ ਸਕਦਾ ਹੈ। ਖ਼ਬਰਾਂ  ਇਹ ਵੀ ਹਨ ਕਿ ਅਕਾਲੀ ਦਲ (ਪੁਨਰ ਸੁਰਜੀਤ) ਦੀ ‘ਵਾਰਿਸ ਪੰਜਾਬ ਦੇ’ ਨਾਲ ਗੱਠਜੋੜ ਕਰਨ ਬਾਰੇ ਗੱਲਬਾਤ ਚੱਲ ਰਹੀ ਹੈ।
ਸਿਆਸੀ ਵਿਸ਼ਲੇਸ਼ਕਾਂ ਅਨੁਸਾਰ, ਸਮਾਗਮ ਦੌਰਾਨ ਸਭ ਤੋਂ ਵੱਧ ਚਰਚਾ ਭਾਜਪਾ ਨਾਲ ਮੁੜ ਗੱਠਜੋੜ ਦੀਆਂ ਅਟਕਲਾਂ ਦੀ ਰਹੀ। ਇਸ ਬਾਰੇ ਪੁੱਛੇ ਜਾਣ ’ਤੇ ਸੁਖਬੀਰ ਸਿੰਘ ਬਾਦਲ ਨੇ ਸਿੱਧੀ ਟਿੱਪਣੀ ਕਰਨ ਤੋਂ ਗੁਰੇਜ਼ ਕੀਤਾ। ਬਾਦਲ ਨੇ ਸਪੱਸ਼ਟ ਕੀਤਾ ਕਿ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਆਪ ਅਤੇ ‘ਵਾਰਿਸ ਪੰਜਾਬ ਦੇ’ ਨੂੰ ਛੱਡ ਕੇ ਕਿਸੇ ਵੀ ਹੋਰ ਪਾਰਟੀ ਨਾਲ ਹੱਥ ਮਿਲਾ ਸਕਦਾ ਹੈ।
ਆਉਣ ਵਾਲੇ ਸਮੇਂ ਵਿੱਚ ਇਹ ਦੇਖਣਾ ਅਹਿਮ ਹੋਵੇਗਾ ਕਿ ਕੀ ਸੁਖਬੀਰ ਸਿੰਘ ਬਾਦਲ ਹੋਰ ਨਾਰਾਜ਼ ਆਗੂਆਂ ਨੂੰ ਵਾਪਸ ਲਿਆਉਣ ਵਿੱਚ ਸਫ਼ਲ ਹੁੰਦੇ ਹਨ ਅਤੇ ਕੀ ਅਕਾਲੀ ਦਲ ਤੇ ਭਾਜਪਾ ਵਿਚਾਲੇ ਮੁੜ ਗੱਠਜੋੜ ਹੁੰਦਾ ਹੈ। ਇਨ੍ਹਾਂ ਬਦਲਦੇ ਸਿਆਸੀ ਹਾਲਾਤਾਂ ਨੂੰ ਪੰਜਾਬ ਦੇ ਵੋਟਰ ਕਿਸ ਤਰ੍ਹਾਂ ਸਵੀਕਾਰ ਕਰਦੇ ਹਨ, ਇਸੇ ਉੱਪਰ ਅਕਾਲੀ ਦਲ ਦਾ ਭਵਿੱਖ ਨਿਰਭਰ ਕਰੇਗਾ।