ਵਾਈਸ ਚਾਂਸਲਰ ਪ੍ਰੋ.ਕਰਮਜੀਤ ਸਿੰਘ ਜੀ ਦੀ ਪੁਸਤਕ "ਤੇਗ ਬਹਾਦਰ ਧਰਮ ਧੁਜ" ਲੋਕ ਅਰਪਣ ਕੀਤੀ ਗਈ
ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਵਿੱਚ ਕਰਵਾਇਆ ਗਿਆ ਵਿਸ਼ੇਸ਼ ਸਮਾਗਮ*
ਅੰਮ੍ਰਿਤਸਰ ਟਾਈਮਜ਼ ਬਿਊਰੋ
ਚੰਡੀਗੜ੍ਹ : ਬੀਤੇ ਦਿਨੀਂ ਪਟਿਆਲਾ ਵਿਖੇ ਜਗਤ ਗੁਰੂ ਨਾਨਕ ਦੇ ਪੰਜਾਬ ਸਟੇਟ ਓਪਨ ਯੂਨੀਵਰਸਟੀ ਵਿੱਚ ਵਾਈਸ ਚਾਂਸਲਰ ਪ੍ਰੋ .ਕਰਮਜੀਤ ਸਿੰਘ ਜੀ ਦੀ ਪੁਸਤਕ " ਤੇਗ ਬਹਾਦਰ ਧਰਮ ਧੁਜ" ਦਾ ਲੋਕ ਅਰਪਣ ਸਮਾਗਮ ਕਰਵਾਇਆ ਗਿਆ ।
ਸਮਾਗਮ ਦੀ ਪ੍ਰਧਾਨਗੀ ਪਦਮਸ਼੍ਰੀ ਸੁਰਜੀਤ ਪਾਤਰ ਜੀ ਨੇ ਆਪਣੇ ਸ਼ਾਇਰਾਨਾ ਅੰਦਾਜ਼ ਵਿਚ ਕੀਤੀ ਤੇ ਪੁਸਤਕ ਸਬੰਧੀ ਆਪਣੇ ਵਿਚਾਰ ਦਿੰਦਿਆਂ ਹੋਇਆਂ ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਸ਼ਬਦਾਂ ਨਾਲ ਪ੍ਰੋ.ਕਰਮਜੀਤ ਸਿੰਘ ਨੇ ਗੁਰੂ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਦਰਸਾਇਆ ਹੈ ਉਹ ਗੱਲਾਂ ਸ਼ਾਇਦ ਕਦੇ ਸਾਡੇ ਚੇਤਿਆ ਦਾ ਭਾਗ ਵੀ ਨਹੀਂ ਸਨ ।
ਡਾ.ਸਰਬਜਿੰਦਰ ਸਿੰਘ ਜੀ ਡੀਨ ਫੈਕਲਟੀ ਆਫ ਹਿਊਮੈਨਟੀਜ਼ ਅਤੇ ਰਿਲੀਜ਼ਨ ਸਟੱਡੀਜ਼ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਉਦਘਾਟਨੀ ਸਮਾਰੋਹ ਦੇ ਭਾਸ਼ਣ ਵਿਚ ਬੋਲਦਿਆਂ ਕਿਹਾ ਕਿ ਡਾ.ਕਰਮਜੀਤ ਸਿੰਘ ਨੇ ਮਾਝੇ ਦੀ ਧਰਤਿ ਉੱਤੇ ਜਨਮ ਲੈ, ਜਿਨ੍ਹਾਂ ਬੁਲੰਦੀਆਂ ਨੂੰ ਛੋਹਿਆ ਹੈ ਉਹ ਸਾਰੀਆਂ ਫ਼ਖਰਯੋਗ ਹਨ ।ਕਾਮਰਸ ਵਰਗੇ ਔਖੇ ਤੇ ਖੁਸ਼ਕ ਵਿਸ਼ੇ 'ਤੇ ਉੱਚ ਅਕਾਦਮਿਕ ਵਿੱਦਿਆ ਗ੍ਰਹਿਣ ਕਰਨ ਦੇ ਬਾਵਜੂਦ ਚਿਹਰੇ ਦੀ ਸਦੀਵੀ ਮੁਸਕਾਨ ਅਸਮਾਨੀ ਬਖ਼ਸ਼ਿਸ਼ ਹੀ ਪ੍ਰਵਾਨ ਕੀਤੀ ਜਾ ਸਕਦੀ ਹੈ ।ਯੂਨੀਵਰਸਿਟੀਆਂ ਦੀ ਅਕਾਦਮਿਕਤਾ ਵਿਚ ਕੇਂਦਰੀ ਭੂਮਿਕਾ ਨਿਭਾਉਂਦੇ ਹੋਏ ਪ੍ਰੋਫ਼ੈਸਰ ਦੇ ਰੁਤਬੇ ਤੱਕ ਅਪੜਨਾ ਤੇ ਫੇਰ ਕੌਮਾਂਤਰੀ ਪੱਧਰ ਤਕ ਪ੍ਰਸਿੱਧੀ ਪ੍ਰਾਪਤ ਕਰ ਜਾਣਾ ਮਾਣ ਵਾਲੀ ਹੀ ਗੱਲ ਹੈ ।ਅਕਾਦਮਿਕਤਾ ਤੋਂ ਫੇਰ ਪ੍ਰਬੰਧਨ ਦਾ ਸਫ਼ਰ ਸ਼ੁਰੂ ਕਰਨ ਤੇ ਫੇਰ ਵੱਖ-ਵੱਖ ਯੂਨੀਵਰਸਿਟੀਆਂ ਦੀ ਸੈਨੇਟ, ਸਿੰਡੀਕੇਟ ਅਤੇ ਬੋਰਡ ਆਫ਼ ਸਟੱਡੀਜ਼ ਵਿੱਚੋਂ ਲੰਘਦੇ ਹੋਏ ਪੰਜਾਬ ਯੂਨੀਵਰਸਿਟੀ ਦੇ ਰਜਿਸਟਰਾਰ ਦੇ ਰੁਤਬੇ 'ਤੇ ਜਾ ਸੁਸ਼ੋਭਿਤ ਹੋਣਾ ਇਨ੍ਹਾਂ ਦੀ ਮਿਹਨਤ,ਦਿਆਨਤਦਾਰੀ ਅਤੇ ਲਗਨ ਦਾ ਹੀ ਸਿੱਟਾ ਸੀ ।ਪੰਜਾਬ ਰਜਿਸਟਰਾਰ ਦੇ ਅਹੁਦੇ ਤੇ ਆਪਣਾ ਸਿੱਕਾ ਜਮਾ ਸਰਕਾਰ ਦੀ ਨਿਗ੍ਹਾ ਉੱਤੇ ਚੜ੍ਹਨਾ ਤੇ ਫੇਰ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਫਾਊਂਡਰ ਵਾਈਸ ਚਾਂਸਲਰ ਦੇ ਰੁਤਬੇ ਉੱਤੇ ਜਾ ਪਹੁੰਚਣਾ ਇਨ੍ਹਾਂ ਨੂੰ ਮਾਤਾ ਪਿਤਾ ਦੀ ਨੇਕ ਬੰਦਗੀ ਦਾ ਅੰਮ੍ਰਿਤ ਫਲ ਪ੍ਰਵਾਨ ਕਰ ਲੈਣਾ ਚਾਹੀਦਾ ਹੈ ।
ਡਾ .ਸਰਬਜਿੰਦਰ ਸਿੰਘ ਜੀ ਨੇ ਅੱਗੇ ਪੁਸਤਕ 'ਤੇ ਆਪਣੇ ਵਿਚਾਰ ਦਿੰਦੇ ਹੋਏ ਕਿਹਾ ਕਿ, "ਗੁਰੂ ਤੇਗ ਬਹਾਦਰ ਧਰਮ ਧੁਜ" ਰਚਨਾ ਆਪਣੀ ਕਲਮ ਰਾਹੀਂ ਕਰ ਇਨ੍ਹਾਂ ਨੇ ਧਰਤ ਪੁੱਤਰ ਹੋਣ ਦਾ ਫ਼ਰਜ਼ ਪੂਰਾ ਕੀਤਾ ਹੈ । ਇਸ ਕਿਤਾਬ ਵਿਚ ਜਿਨ੍ਹਾਂ ਇਤਿਹਾਸਿਕ ਤੱਥਾਂ ਤੇ ਧਾਰਮਿਕ ਰਮਜ਼ਾਂ ਨੂੰ ਇਸ ਕਿਤਾਬ ਵਿਚ ਸਾਹਮਣੇ ਲਿਆਂਦਾ ਗਿਆ ਹੈਰਾਨੀਜਨਕ ਵਰਤਾਰਾ ਲੱਗਦਾ ਹੈ ਕਿਉਂਕਿ ਡਾ. ਕਰਮਜੀਤ ਨਾਂ ਤੇ ਧਰਮ ਦੇ ਵਿਦਿਆਰਥੀ ਹਨ ਤੇ ਨਾ ਹੀ ਇਤਿਹਾਸ ਦੇ । ਪਰ ਇਸ ਸਭ ਦੇ ਬਾਵਜੂਦ ਇਸ ਕਿਤਾਬ ਰਾਹੀਂ ਇਹ ਰੂਪਮਾਨ ਹੁੰਦਾ ਹੈ ਕੀ ਉਨ੍ਹਾਂ ਨੇ ਆਪਣੀ ਵਿਰਾਸਤ ਦੀ ਫ਼ਖਰ ਨੂੰ ਕਿੰਨੀ ਨੀਝ ਨਾਲ ਨਿਰਖਿਆ ਪਰਖਿਆ ਹੈ ।ਪੁਸਤਕ ਵਿਚਲੇ ਸ਼ਬਦਾਂ ਵਿੱਚੋਂ ਉਨ੍ਹਾਂ ਇਲਾਹੀ ਰਮਜ਼ਾਂ ਦੀ ਖ਼ੁਸ਼ਬੋ ਆਉਂਦੀ ਹੈ ਜੋ ਕੁੱਲ ਕਾਇਨਾਤ ਨੂੰ ਆਪਣੀ ਬੁੱਕਲ ਵਿੱਚ ਸਮੋ ਲੈਂਦੀ ਹੈ । ਕਿਤਾਬ ਵਿਚਲੇ ਅਜਿਹੇ ਸ਼ਬਦ ਪੈਗੰਬਰੀ ਰੂਹਾਂ ਨੂੰ ਰੂਪਮਾਨ ਕਰ ਰਹੇ ਹਨ ।
ਵਾਈਸ ਚਾਂਸਲਰ ਪ੍ਰੋ .ਕਰਮਜੀਤ ਸਿੰਘ ਜੀ ਨੇ ਕਿਤਾਬ ਸੰਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ, ਇਹ ਪੁਸਤਕ ਉਨ੍ਹਾਂ ਦੀ ਮਾਤਾ ਜੀ ਦੇ ਸੁਪਨਿਆਂ ਨੂੰ ਸਾਕਾਰ ਕਰਦੀ ਹੈ ਜਿਨ੍ਹਾਂ ਦੀ ਇਹ ਤਹਿ ਦਿਲੋਂ ਇੱਛਾ ਸੀ ਕਿ ਉਨ੍ਹਾਂ ਦਾ ਪੁੱਤਰ ਗੁਰੂ ਸਾਹਿਬ ਉੱਤੇ ਕੋਈ ਅਕਾਦਮਿਕ ਕਾਰਜ ਕਰੇ । ਪ੍ਰੋ.ਕਰਮਜੀਤ ਸਿੰਘ ਨੇ ਅੱਗੇ ਕਿਹਾ ਕਿ ਉਹਨਾਂ ਦੀ ਆਸੀਸ ਸਦਕਾ ਹੀ ਇਹ ਕਾਰਜ ਨੇਪਰੇ ਚਡ਼੍ਹਿਆ ਹੈ ਤੇ ਅੱਜ ਉਹ ਪੁਸਤਕ ਲੋਕ ਅਰਪਣ ਕਰ ਰਹੇ ਹਨ । ਇਸ ਪੁਸਤਕ ਦਾ ਦੂਜਾ ਸਬੰਧ ਸਿੱਖ ਪਰਿਵਾਰ ਅਤੇ ਗੁਰਬਾਣੀ ਵਿਰਾਸਤ ਨਾਲ ਡੂੰਘਾਈ ਵਿਚ ਜੁੜੇ ਹੋਣਾ ਹੈ । ਅਮਰਜੀਤ ਸਿੰਘ ਗਰੇਵਾਲ ਨੇ ਪੁਸਤਕ ਸੰਬੰਧੀ ਆਪਣੇ ਵਿਚਾਰ ਦਿੰਦੇ ਹੋਏ ਕਿਹਾ ਕਿ ਪ੍ਰੋ.ਕਰਮਜੀਤ ਸਿੰਘ ਜੀ ਵੱਲੋਂ ਆਪਣੀ ਸੂਖ਼ਮ ਦ੍ਰਿਸ਼ਟੀ ਅਤੇ ਮਿਹਨਤ ਨਾਲ ਯੂਨੀਵਰਸਿਟੀ ਨੂੰ ਵਿੱਦਿਆ ਅਤੇ ਖੋਜ ਦੇ ਖੇਤਰ 'ਚ ਲਗਾਤਾਰ ਅਗਾਂਹ ਵੱਲ ਲਿਜਾਉਣ ਦੇ ਨਾਲ ਨਾਲ ਸਿੱਖ ਧਰਮ ਦੀ ਖੋਜ ਅਤੇ ਕੌਮ ਦੀ ਵਿਰਾਸਤ ਨੂੰ ਸਾਂਭਣ ਲਈ ਅਨੇਕਾਂ ਨਵੇਂ ਉਪਰਾਲੇ ਕੀਤੇ ਜਾ ਰਹੇ ਹਨ ਜਿਨ੍ਹਾਂ ਵਿੱਚ ਉਹ ਕਾਮਯਾਬੀ ਵੀ ਹਾਸਲ ਕਰ ਰਹੇ ਹਨ ਤੇ ਇਹਨਾਂ ਉਪਰਾਲਿਆਂ ਵਿੱਚੋਂ ਹੀ ਉਨ੍ਹਾਂ ਦੀ ਖੋਜ ਭਰਪੂਰ ਪੁਸਤਕ "ਤੇਗ ਬਹਾਦਰ ਧਰਮ ਧੁਜ" ਇਕ ਹੈ ।
ਸਮਾਗਮ ਦੇ ਸੰਚਾਲਕ ਡਾ .ਨਿਰਮਲ ਸਿੰਘ ਜੌੜਾ ਨੇ ਦੱਸਿਆ ਕੀ ਪ੍ਰੋ. ਕਰਮਜੀਤ ਸਿੰਘ ਜੀ ਦੀ ਇਹ ਪੁਸਤਕ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਬਹੁਤ ਹੀ ਸਰਲ ਭਾਸ਼ਾ ਵਿੱਚ ਬਿਆਨ ਕਰਦੀ ਹੈ ਅਤੇ ਕੌਮ ਦੀ ਵਿਰਾਸਤ ਨਾਲ ਡੂੰਘੀ ਸਾਂਝ ਪੈਦਾ ਕਰਦੀ ਹੈ ।
ਡੀਨ ਅਕਾਦਮਿਕ ਮਾਮਲੇ ਡਾ .ਅਨੀਤਾ ਗਿੱਲ ਜੀ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਇਸ ਤੋਂ ਪਹਿਲਾਂ ਡਾ .ਧਰਮ ਸਿੰਘ ਸੰਧੂ ਜੀ ਨੇ ਸਮਾਗਮ ਵਿੱਚ ਆਏ ਸਾਰੇ ਮਹਿਮਾਨਾਂ ਦਾ ਵਿਸ਼ੇਸ਼ ਧੰਨਵਾਦ ਕੀਤਾ । ਸਮਾਗਮ ਵਿੱਚ ਪੁੱਜੇ ਬੰਦਾ ਸਿੰਘ ਬਹਾਦਰ ਸੰਪਰਦਾਇ ਦੇ ਪ੍ਰਬੰਧਕੀ ਅਫਸਰ ਸ੍ਰੀ ਪਾਹਵਾ ਜੀ ਨੇ ਵਿਸ਼ੇਸ਼ ਸ਼ਿਰਕਤ ਕੀਤੀ।
Comments (0)