ਅਮਰੀਕੀ ਸਕੂਲ ਕੰਪਲੈਕਸ ਬਣਿਆ ਖੂਨੀ ਅੱਡਾ
ਅਮਰੀਕਾ ਦੇ ਓਰੇਗਨ ਸੂਬੇ ਦੇ ਸਿਲਵਰ ਰੇਲ ਐਲੀਮੈਂਟਰੀ ਸਕੂਲ ਵਿੱਚ ਵਾਪਰਿਆ ਤਾਜ਼ਾ ਖ਼ੂਨੀ ਕਾਂਡ ਆਧੁਨਿਕ ਸੱਭਿਅਤਾ ਅਤੇ ਵਿਸ਼ਵ ਦੇ ਸਭ ਤੋਂ ਸ਼ਕਤੀਸ਼ਾਲੀ ਲੋਕਤੰਤਰ ਦੇ ਮੱਥੇ 'ਤੇ ਡੂੰਘਾ ਕਲੰਕ ਹੈ। ਸਥਾਨਕ 'ਸਿਲਵਰ ਰੇਲ ਐਲੀਮੈਂਟਰੀ ਸਕੂਲ' ਵਿੱਚ ਬੀਤੇ ਦਿਨੀਂ ਉਸ ਵੇਲੇ ਮੌਤ ਦਾ ਤਾਂਡਵ ਸ਼ੁਰੂ ਹੋਇਆ ਜਦੋਂ ਛੋਟੇ ਬੱਚੇ ਆਪਣੀਆਂ ਜਮਾਤਾਂ ਵਿੱਚ ਪੜ੍ਹਾਈ ਕਰ ਰਹੇ ਸਨ। ਇਹ ਸਕੂਲ ਕਿੰਡਰਗਾਰਟਨ ਤੋਂ ਪੰਜਵੀਂ ਜਮਾਤ ਤੱਕ ਦਾ ਹੈ, ਜਿੱਥੇ ਕਰੀਬ 450 ਵਿਦਿਆਰਥੀ ਅਤੇ 40 ਸਟਾਫ਼ ਮੈਂਬਰ ਮੌਜੂਦ ਸਨ। ਕੁਝ ਹੀ ਮਿੰਟਾਂ ਵਿੱਚ ਖਿੜਖਿੜਾਉਂਦੇ ਸਕੂਲ ਕੰਪਲੈਕਸ ਵਿੱਚੋਂ ਚੀਕ-ਚਿਹਾੜਾ ਅਤੇ ਗੋਲੀਆਂ ਦੀਆਂ ਅਵਾਜ਼ਾਂ ਆਉਣ ਲਗੀਆਂ ਸਨ।
ਇਸ ਦਰਦਨਾਕ ਕਾਂਡ ਨੂੰ ਅੰਜਾਮ ਦੇਣ ਵਾਲਾ ਬੈਂਡ ਸ਼ਹਿਰ ਦਾ ਹੀ ਰਹਿਣ ਵਾਲਾ ਇੱਕ 16 ਸਾਲਾ ਨਾਬਾਲਗ ਲੜਕਾ ਸੀ। ਜਾਂਚ ਅਨੁਸਾਰ ਉਸ ਨੇ ਸਕੂਲ ਦੇ ਬਾਹਰ ਪਹਿਲਾਂ ਇੱਕ ਕਾਰ 'ਤੇ ਗੋਲੀਆਂ ਚਲਾਈਆਂ ਅਤੇ ਫਿਰ ਹੱਥ ਵਿੱਚ ਵੱਡੀ ਰਾਈਫ਼ਲ (ਲੌਂਗ ਗੰਨ) ਲੈ ਕੇ ਸਕੂਲ ਦੇ ਬੰਦ ਦਰਵਾਜ਼ਿਆਂ ਨੂੰ ਗੋਲੀਆਂ ਨਾਲ ਭੰਨਦਿਆਂ ਅੰਦਰ ਘੁਸਪੈਠ ਕੀਤੀ। ਸਕੂਲ ਦੀਆਂ ਜਮਾਤਾਂ ਵਿੱਚ ਵੜ ਕੇ ਉਸ ਨੇ ਅੰਨ੍ਹੇਵਾਹ ਗੋਲੀਬਾਰੀ ਕੀਤੀ, ਜਿਸ ਵਿੱਚ 5, 8 ਅਤੇ 11 ਸਾਲ ਦੀ ਉਮਰ ਦੇ 3 ਮਾਸੂਮ ਬੱਚਿਆਂ ਅਤੇ ਇੱਕ ਅਧਿਆਪਕ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਤੋਂ ਇਲਾਵਾ ਇੱਕ 7 ਸਾਲਾ ਮਾਸੂਮ ਬੱਚਾ ਅਤੇ ਇੱਕ ਹੋਰ ਅਧਿਆਪਕ ਗੰਭੀਰ ਜ਼ਖ਼ਮੀ ਹੋ ਗਏ ਸਨ।ਹੁਣ ਉਹ ਹਸਪਤਾਲ ਵਿੱਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ।
ਇਹ ਵੱਡਾ ਖ਼ੂਨ-ਖ਼ਰਾਬਾ ਹੋਣੋਂ ਉਸ ਵੇਲੇ ਟਲਿਆ ਜਦੋਂ ਇੱਕ ਆਮ ਸਥਾਨਕ ਨਾਗਰਿਕ ਨੇ ਬੇਮਿਸਾਲ ਦਲੇਰੀ ਦਿਖਾਈ। ਨੌਜਵਾਨ ਨੂੰ ਹਥਿਆਰ ਸਮੇਤ ਸਕੂਲ ਵਿੱਚ ਵੜਦਾ ਦੇਖ ਕੇ ਉਹ ਵਿਅਕਤੀ ਬਿਨਾਂ ਆਪਣੀ ਜਾਨ ਦੀ ਪਰਵਾਹ ਕੀਤਿਆਂ ਉਸ ਦੇ ਪਿੱਛੇ ਭੱਜਿਆ। ਪੁਲਸ ਦੇ ਪਹੁੰਚਣ ਤੋਂ ਪਹਿਲਾਂ ਹੀ ਉਸ ਨੇ ਸਕੂਲ ਦੇ ਅੰਦਰ ਹਮਲਾਵਰ ਦਾ ਸਾਹਮਣਾ ਕੀਤਾ ਅਤੇ ਗੋਲੀਬਾਰੀ ਵਿੱਚ ਉਸ 16 ਸਾਲਾ ਹਮਲਾਵਰ ਨੂੰ ਢੇਰ ਕਰ ਦਿੱਤਾ।











Comments (0)