ਪ੍ਰੋ ਮਨਜੀਤ ਸਿੰਘ ਨੇ ਬਾਦਲ ਧੜੇ ਉਪਰ ਲਗਾਏ ਦੋਸ਼
ਸੰਨ 1995 ਵਿਚ ਬਾਦਲ ਧੜੇ ਨੇ ਨਹੀਂ ਸਵੀਕਾਰਿਆ ਸੀ ਪੰਥਕ ਏਕਤਾ ਨੂੰ
ਅੰਮ੍ਰਿਤਸਰ ਟਾਈਮਜ਼ ਬਿਊਰੋ
ਪਟਿਆਲਾ- ਸ੍ਰੀ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਪ੍ਰੋ. ਮਨਜੀਤ ਸਿੰਘ ਨੇ ਕਿਹਾ ਹੈ ਕਿ 1995 ਵਿਚ ਪੰਥਕ ਏਕਤਾ ਦੀ ਚੱਲੀ ਗੱਲ ਨੂੰ ਪ੍ਰਕਾਸ਼ ਸਿੰਘ ਬਾਦਲ ਨੇ ਸਵੀਕਾਰ ਨਹੀਂ ਸੀ ਕੀਤਾ। ਉਨ੍ਹਾਂ ਨੇ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਨੂੰ ਵੀ ਪਿੱਠ ਦਿਖਾ ਦਿੱਤੀ ਸੀ। ਪ੍ਰੋ. ਮਨਜੀਤ ਸਿੰਘ ਨੇ ਇੱਥੇ ਗੱਲਬਾਤ ਕਰਦਿਆਂ ਪੰਥਕ ਸਮਾਜ ਵਿਚ ਚੱਲ ਰਹੀਆਂ ਚਰਚਾਵਾਂ ਕਿ ਪ੍ਰਕਾਸ਼ ਸਿੰਘ ਬਾਦਲ ਨੇ ਪ੍ਰੋ. ਮਨਜੀਤ ਸਿੰਘ ਦੀ ਬੇਇੱਜ਼ਤੀ ਕੀਤੀ ਸੀ, ਨੂੰ ਕੋਰਾ ਝੂਠ ਦੱਸਿਆ। ਉਨ੍ਹਾਂ ਮੌਜੂਦਾ ਅਕਾਲੀ ਦਲ ਦੇ ਸੰਕਟ ਬਾਰੇ ਕਿਹਾ ਕਿ ਜਦੋਂ ਤੱਕ ਮੌਜੂਦਾ ਲੀਡਰਸ਼ਿਪ ਤਿਆਗ ਦੀ ਭਾਵਨਾ ਨਾਲ ਕੁਰਸੀ ਦਾ ਮੋਹ ਨਹੀਂ ਛੱਡਦੀ, ਉਦੋਂ ਤੱਕ ਅਕਾਲੀ ਦਲ ਮੁੜ ਪੈਰਾਂ ਸਿਰ ਨਹੀਂ ਹੋ ਸਕੇਗਾ।
ਪ੍ਰੋ. ਮਨਜੀਤ ਸਿੰਘ ਨੇ ਕਿਹਾ ਕਿ 1995 ਵਿੱਚ ਦੂਜਾ ਖ਼ਾਲਸਾ ਮਾਰਚ ਸ੍ਰੀ ਹਰਿਗੋਬਿੰਦਪੁਰ ਤੋਂ ਦਮਦਮਾ ਸਾਹਿਬ ਤਕ ਕੀਤਾ ਗਿਆ ਸੀ। ਇਸ ਵਿਚ ਸਾਰੇ ਆਗੂ ਸ਼ਾਮਲ ਹੋਏ ਸਨ। ਉਦੋਂ ਪੰਥ ਨੇ ਕਿਹਾ ਸੀ ਕਿ ਸਾਰੇ ਅਕਾਲੀ ਦਲਾਂ ਨੂੰ ਇਕਮੰਚ ’ਤੇ ਇਕੱਠੇ ਕਰੋ। ਮਾਰਚ ਦੀ ਸਮਾਪਤੀ ਤੋਂ ਬਾਅਦ ਰਾਤ ਨੂੰ ਦੀਵਾਨ ਵਿਚ ਸਿਮਰਨਜੀਤ ਸਿੰਘ ਮਾਨ, ਕੈਪਟਨ ਅਮਰਿੰਦਰ ਸਿੰਘ, ਤੋਤਾ ਸਿੰਘ, ਸੁਰਜੀਤ ਸਿੰਘ ਬਰਨਾਲਾ ਆਦਿ ਨੇ ਸਾਰੇ ਅਕਾਲੀ ਦਲਾਂ ਦੀ ਏਕਤਾ ਬਾਰੇ ਮੰਚ ਤੋਂ ਕਿਹਾ ਸੀ। ਉਸ ਮਗਰੋਂ ਅਕਾਲ ਤਖ਼ਤ ਸਾਹਿਬ ਤੋਂ ਪੰਥਕ ਏਕਤਾ ਦੀ ਗੱਲ ਚੱਲੀ ਸੀ। ਦੀਵਾਨ ਸਮਾਪਤ ਹੋਣ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਨੇ ਉਨ੍ਹਾਂ ਨੂੰ ਬੁਲਾ ਕੇ ਕਿਹਾ ਸੀ, ਇਨ੍ਹਾਂ ਵਿੱਚ ਏਕਤਾ ਮੁਸ਼ਕਲ ਹੈ ਕਿਉਂਕਿ ਇਨ੍ਹਾਂ ’ਚੋਂ ਹਰ ਕੋਈ ਪ੍ਰਧਾਨ ਬਣਨਾ ਚਾਹੁੰਦਾ ਹੈ। ਸ੍ਰੀ ਬਾਦਲ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਤੇ ਗੁਰਚਰਨ ਸਿੰਘ ਟੌਹੜਾ ਨੂੰ ਇਕੱਠੇ ਬਿਠਾ ਦਿਓ।
ਪ੍ਰੋ. ਮਨਜੀਤ ਸਿੰਘ ਨੇ ਕਿਹਾ ਕਿ ਜਦੋਂ ਅੰਮ੍ਰਿਤਸਰ ਐਲਾਨਨਾਮੇ ਬਾਰੇ ਪੰਥਕ ਸਫ਼ਾ ਵਿਚ ਗੱਲ ਚੱਲ ਰਹੀ ਸੀ ਤਾਂ ਪੰਥਕ ਏਕਤਾ ਦੀ ਗੱਲ ਨੇ ਜ਼ੋਰ ਫੜਿਆ ਸੀ। ਉਸ ਵੇਲੇ ਸਾਰੇ ਅਕਾਲੀ ਦਲਾਂ ਦੇ ਆਗੂਆਂ ਨੂੰ ਬੁਲਾਇਆ ਗਿਆ ਸੀ ਪਰ ਪ੍ਰਕਾਸ਼ ਸਿੰਘ ਬਾਦਲ ਨਹੀਂ ਸਨ ਆਏ। ਇਸ ਮਗਰੋਂ ਸ੍ਰੀ ਬਾਦਲ ਨੂੰ ਸਖ਼ਤੀ ਨਾਲ ਕਿਹਾ ਗਿਆ ਸੀ ਕਿ ਉਹ ਸ੍ਰੀ ਅਕਾਲ ਤਖ਼ਤ ਨੂੰ ਪਿੱਠ ਨਹੀਂ ਦਿਖਾ ਸਕਦੇ ਤਾਂ ਉਹ ਆਪਣੇ ਨਾਲ ਹਜ਼ਾਰਾਂ ਅਕਾਲੀ ਵਰਕਰਾਂ ਨੂੰ ਲੈ ਕੇ ਅਕਾਲ ਤਖ਼ਤ ਸਾਹਿਬ ਆਏ ਸਨ। ਪਰ ਜਦੋਂ ਬਾਕੀ ਆਗੂ ਲੰਗਰ ਛਕਣ ਲੱਗੇ ਤਾਂ ਬਾਹਰ ਬਲਵਿੰਦਰ ਸਿੰਘ ਭੂੰਦੜ ਬੋਲ ਰਹੇ ਸਨ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਮਨਜੀਤ ਸਿੰਘ ਨੇ ਸਾਨੂੰ ਆਪਣਾ ਵੱਖਰਾ ਅਕਾਲੀ ਦਲ ਬਣਾਉਣ ਦੀ ਹਾਮੀ ਭਰ ਦਿੱਤੀ ਹੈ, ਜੋ ਸਰਾਸਰ ਝੂਠ ਸੀ।
ਇਸ ਤੋਂ ਬਾਅਦ ਉਨ੍ਹਾਂ (ਪ੍ਰੋ. ਮਨਜੀਤ ਸਿੰਘ) ਬਾਹਰ ਆਏ ’ਤੇ ਸੰਗਤ ਨੂੰ ਕਿਹਾ ਸੀ ਕਿ ਪ੍ਰਕਾਸ਼ ਸਿੰਘ ਬਾਦਲ ਦਾ ਖੇਮਾ ਝੂਠ ਬੋਲ ਰਿਹਾ ਹੈ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਏਕਤਾ ਦੀ ਗੱਲ ਨਹੀਂ ਮੰਨ ਰਿਹਾ। ਇਸ ਕਰ ਕੇ ਅੱਜ ਤੋਂ ਬਾਅਦ ਪੰਥਕ ਸੰਗਤ ਬਾਦਲ ਖੇਮੇ ਨੂੰ ਕੋਈ ਸਹਿਯੋਗ ਨਾ ਕਰੇ। ਇਕ ਦਿਨ ਬਾਅਦ ਵਿਚ ਪ੍ਰਕਾਸ਼ ਸਿੰਘ ਬਾਦਲ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਕੈਪਟਨ ਕਵਲਜੀਤ ਸਿੰਘ, ਕੁਲਦੀਪ ਸਿੰਘ ਵਡਾਲਾ, ਰਣਜੀਤ ਸਿੰਘ ਬ੍ਰਹਮਪੁਰਾ, ਸੁਖਦੇਵ ਸਿੰਘ ਢੀਂਡਸਾ, ਸੇਵਾ ਸਿੰਘ ਸੇਖਵਾਂ ਨਹੀਂ ਚਾਹੁੰਦੇ ਸਨ ਕਿ ਪੰਥਕ ਏਕਤਾ ਹੋਵੇ ਜਦੋਂਕਿ ਉਹ (ਬਾਦਲ) ਇਸ ਲਈ ਰਾਜ਼ੀ ਸਨ।
Comments (0)