ਬਾਗੀ ਅਕਾਲੀਆਂ ਦੇ ਕਬੂਲਨਾਮੇ ਕਾਰਣ ਬਾਦਲ ਦਲ ਤੇ ਜਥੇਦਾਰ ਧਰਮ ਸੰਕਟ ਵਿਚ
*ਅਕਾਲੀ ਸਰਕਾਰ ਵੇਲੇ ਦੀਆਂ ਗਲਤੀਆਂ ਦੀ ਖਿਮਾ ਯਾਚਨਾ ਦੀ ਅਕਾਲ ਤਖਤ ਦੇ ਜਥੇਦਾਰ ਅਗੇ ਕੀਤੀ ਅਪੀਲ
*ਬਾਗੀ ਨਵਾਂ ਅਕਾਲੀ ਦਲ ਬਣਾਉਣ ਦੀ ਥਾਂ ਸੰਗਠਨ ਵਿਚ ਰਹਿਕੇ ਕਰਨਗੇ ਜਦੋ ਜਹਿਦ
ਅਕਾਲੀ ਸਰਕਾਰ ਵੇਲੇ ਹੋਈਆਂ ਭੁੱਲਾਂ-ਗਲਤੀਆਂ ਦੀ ਖਿਮਾ ਯਾਚਨਾ ਕਰਨ ਲਈ ਅਕਾਲੀ ਦਲ ਦਾ ਬਾਗ਼ੀ ਧੜਾ ਬੀਤੇ ਦਿਨੀਂ ਸ੍ਰੀ ਅਕਾਲ ਤਖ਼ਤ ਸਾਹਿਬ ਸਨਮੁਖ ਪੇਸ਼ ਹੋਇਆ । ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫ਼ੀ ਦੇਣੀ, ਸੁਮੇਧ ਸੈਣੀ ਨੂੰ ਡੀਜੀਪੀ. ਲਾਉਣਾ, ਇਜ਼ਹਾਰ ਆਲਮ ਦੀ ਪਤਨੀ ਨੂੰ ਟਿਕਟ ਦੇ ਕੇ ਮੁੱਖ ਸੰਸਦੀ ਸਕੱਤਰ ਬਣਾਉਣਾ, ਬੇਅਦਬੀਆਂ ਦਾ ਇਨਸਾਫ਼ ਨਾ ਦਿਵਾ ਸਕਣਾ ਵੱਡੀਆਂ ਭੁੱਲਾਂ-ਗਲਤੀਆਂ ਦੱਸ ਕੇ ਕਬੂਲੀਆਂ ਗਈਆਂ ।ਨਾਲ ਹੀ ਕਿਹਾ ਗਿਆ ਕਿ ਉਦੋਂ ਅਸੀਂ ਬੋਲ ਨਹੀਂ ਸਕੇ, ਚੁੱਪ ਰਹੇ ਸੀ, ਮਜਬੂਰੀਵੱਸ ਬੋਲਿਆ ਨਹੀਂ ਜਾ ਸਕਿਆ ।ਉਸੇ ਗੱਲ ਦਾ ਪਛਤਾਵਾ ਕਰਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਮੁਆਫੀ ਮੰਗਣ ਆਏ ਹਾਂ।
ਨਾਰਾਜ਼ ਗਰੁੱਪ ਨਾਲ ਸੰਬੰਧਿਤ ਸੀਨੀਅਰ ਅਕਾਲੀ ਆਗੂਆਂ ਨੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਚਾਰ ਸਫ਼ਿਆਂ ਦਾ ਬੇਨਤੀ ਪੱਤਰ ਸੌਂਪ ਕੇ ਗੁਰੂ ਅਤੇ ਗੁਰੂ ਪੰਥ ਤੋਂ ਖਿਮਾ ਯਾਚਨਾ ਦੀ ਮੰਗ ਕਰਦਿਆਂ ਅਕਾਲ ਤਖ਼ਤ ਸਾਹਿਬ ਵਲੋਂ ਗੁਰਮਤਿ ਪਰੰਪਰਾ ਅਨੁਸਾਰ ਬਣਦੀ ਸਜ਼ਾ ਦੇਣ ਦੀ ਅਪੀਲ ਕੀਤੀ ਅਤੇ ਅਕਾਲ ਤਖ਼ਤ ਦੇ ਸਨਮੁਖ ਹੋ ਕੇ ਅਕਾਲੀ ਦਲ ਨੂੰ ਪਹਿਲਾਂ ਵਾਂਗ ਮੁੜ ਸੁਰਜੀਤ ਕਰਨ ਲਈ ਅਰਦਾਸ ਕੀਤੀ ਗਈ ।
ਇਨ੍ਹਾਂ ਪੰਥਕ ਆਗੂਆਂ ਵਿਚ ਪ੍ਰੇਮ ਸਿੰਘ ਚੰਦੂਮਾਜਰਾ, ਬੀਬੀ ਜਗੀਰ ਕੌਰ, ਪਰਮਿੰਦਰ ਸਿੰਘ ਢੀਂਡਸਾ, ਸੁਰਜੀਤ ਸਿੰਘ ਰੱਖੜਾ, ਭਾਈ ਮਨਜੀਤ ਸਿੰਘ ਭੂਰਾ ਕੋਹਨਾ, ਗੁਰਪ੍ਰਤਾਪ ਸਿੰਘ ਵਡਾਲਾ, ਚਰਨਜੀਤ ਸਿੰਘ ਬਰਾੜ, ਬੀਬੀ ਪਰਮਜੀਤ ਕੌਰ ਲਾਂਡਰਾਂ, ਬੀਬੀ ਪਰਮਜੀਤ ਕੌਰ ਗੁਲਸ਼ਨ, ਸਰਵਨ ਸਿੰਘ ਫਿਲੌਰ, ਹਰਮੇਲ ਸਿੰੰਘ ਟੌਹੜਾ, ਸੁੱਚਾ ਸਿੰਘ ਛੋਟੇਪੁਰ, ਸੀਨੀਅਰ ਅਕਾਲੀ ਆਗੂ ਗਗਨਜੀਤ ਸਿੰਘ ਬਰਨਾਲਾ, ਜਸਟਿਸ ਨਿਰਮਲ ਸਿੰਘ, ਸ਼ੋ੍ਮਣੀ ਕਮੇਟੀ ਮੈਂਬਰ ਸਤਵਿੰਦਰ ਸਿੰਘ ਟੌਹੜਾ, ਸੰਤ ਬਲਬੀਰ ਸਿੰੰਘ ਘੁੰਨਸ, ਬੀਬੀ ਕਿਰਨਜੋਤ ਕੌਰ, ਆਦਿ ਸਮੇਤ ਹੋਰ ਵੱਖ-ਵੱਖ ਜ਼ਿਲਿਆਂ ਤੋਂ ਆਏ ਸ੍ਰੋਮਣੀ ਕਮੇਟੀ ਮੈਂਬਰ ਅਤੇ ਅਕਾਲੀ ਆਗੂਆਂ ਵਲੋੋਂ ਭੁੱਲਾਂ ਬਖ਼ਸ਼ਾਉਣ ਲਈ ਇਹ ਬੇਨਤੀ ਪੱਤਰ ਅਕਾਲ ਤਖ਼ਤ ਸਕੱਤਰੇਤ ਵਿਖੇ ਜਥੇਦਾਰ ਨੂੰ ਸੌਂਪਿਆ ਗਿਆ । ਪੱਤਰ ਪ੍ਰਾਪਤ ਕਰਨ ਉਪਰੰਤ ਜਥੇਦਾਰ ਵਲੋਂ ਇਸ ਵਫ਼ਦ ਨੂੰ ਪੰਜ ਸਿੰਘ ਸਾਹਿਬਾਨ ਦੀ ਜਲਦ ਹੋਣ ਵਾਲੀ ਇਕੱਤਰਤਾ ਵਿਚ ਮਾਮਲੇ ਨੂੰ ਵਿਚਾਰਨ ਦਾ ਭਰੋਸਾ ਦਿੱਤਾ ਗਿਆ ।ਜਥੇਦਾਰ ਨੂੰ ਦਿੱਤੇ ਗਏ ਪੱਤਰ ਵਿਚ ਅਕਾਲੀ ਦਲ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਦੇ ਵੀ ਦਸਤਖ਼ਤ ਸਨ, ਪਰ ਉਹ ਸਿਹਤ ਠੀਕ ਨਾ ਹੋਣ ਕਾਰਨ ਖੁਦ ਨਹੀਂ ਪੁੱਜ ਸਕੇ ।ਹਾਲਾਂਕਿ ਇਸ ਗਰੁੱਪ ਵਿਚ ਸੀਨੀਅਰ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਵੀ ਸ਼ਾਮਿਲ ਨਹੀਂ ਸਨ ।
ਬਾਗੀਆਂ ਦੇ ਕਬੂਲਨਾਮੇ ਕਾਰਣ ਬਾਦਲ ਦਲ ਤੇ ਜਥੇਦਾਰ ਧਰਮ ਸੰਕਟ ਵਿਚ
ਬਾਗੀ ਅਕਾਲੀਆਂ ਦੇ ਇਸ ਕਬੂਲਨਾਮੇ ਕਾਰਣ ਬਾਦਲ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਤੇ ਜਥੇਦਾਰ ਅਕਾਲ ਤਖਤ ਸਾਹਿਬ ਧਰਮ ਸੰਕਟ ਵਿਚ ਫਸ ਗਏ ਹਨ।ਹੁਣ ਤਕ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ,ਬਲਵਿੰਦਰ ਸਿੰਘ ਭੂੰਦੜ ਸਮੇਤ ਸੁਖਬੀਰ ਸਿੰਘ ਬਾਦਲ ਸਮੇਤ ਇਹਨਾਂ ਬਜਰ ਇਤਿਹਾਸਕ ਗਲਤੀਆਂ ਤੋਂ ਕਿਨਾਰਾ ਕਰਦੇ ਰਹੇ ਹਨ।ਦਲਜੀਤ ਸਿੰਘ ਚੀਮਾ ਦਾ ਕਹਿਣਾ ਹੈ ਕਿ ਇਥੇ ਸੁਖਬੀਰ ਬਾਦਲ ਨੂੰ ਤਾਂ ਕਿਸੇ ਨੇ ਸੰਮਨ ਹੀ ਨਹੀਂ ਕੀਤਾ, ਇਹ ਉਨ੍ਹਾਂ ਦੇ ਮਨ ਦੀ ਗੱਲ ਸੀ ਕਿ ਮੇਰੇ ਕੋਲੋਂ ਗਲਤੀ ਹੋਈ ਹੈ ਤਾਂ ਉਨ੍ਹਾਂ ਨੇ ਸੰਗਤ ਤੋਂ ਮੁਆਫੀ ਮੰਗ ਲਈ। ਜੇ ਕਿਸੇ ਨੇ ਸ੍ਰੀ ਅਕਾਲ ਤਖਤ ਸਾਹਿ ਵਿਚ ਲਿਖ ਕੇ ਦੇਣਾ ਹੈ ਉਹ ਦੇਵੇ, ਜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਨੂੰ ਸੁਨੇਹਾ ਭਿਜਵਾਉਂਦੇ ਹਨ ਤਾਂ ਅਸੀਂ ਨੰਗੇ ਪੈਰ ਉਥੇ ਪੇਸ਼ ਹੋਵਾਂਗੇ।ਇਸ ਦੇ ਸਾਫ ਅਰਥ ਹਨ ਕਿ ਬਾਦਲ ਅਕਾਲੀ ਲੀਡਰਸ਼ਿਪ ਗਲਤੀ ਮੰਨਣ ਨੂੰ ਤਿਆਰ ਨਹੀਂ।
ਇਥੋਂ ਤਕ ਝੂੰਦਾ ਰਿਪੋਟ ਅਨੁਸਾਰ ਅਕਾਲ ਤਖਤ ਸਾਹਿਬ ਅਗੇ ਗਲਤੀਆਂ ਮੰਨਣ ਲਈ ਬਾਦਲ ਅਕਾਲੀ ਲੀਡਰਸ਼ਿਪ ਪੇਸ਼ ਨਹੀਂ ਹੋਈ। ਇਸ ਦੇ ਸਾਫ ਅਰਥ ਹਨ ਕਿ ਬਾਦਲ ਅਕਾਲੀ ਦਲ ਨੇ ਹੁਣ ਤਕ ਇਹਨਾਂ ਗਲਤੀਆਂ ਨੂੰ ਪ੍ਰਵਾਨ ਨਹੀਂ ਕੀਤਾ।ਜਦ ਕਿ ਹੁਣ ਸੁਖਬੀਰ ਸਿੰਘ ਬਾਦਲ ਦੇ ਬਾਗੀ ਸਾਥੀਆਂ ਨੇ ਗਲਤੀਆਂ ਕਬੂਲ ਲਈਆਂ ਹਨ ਤਾਂ ਬਾਦਲ ਦਲ ਲਈ ਹੁਣ ਸਿਆਸੀ ਸੰਕਟ ਖੜਾ ਹੋ ਗਿਆ ਹੈ।
ਚਿੰਤਕ ਤੇ ਪੱਤਰਕਾਰ ਹਮੀਰ ਸਿੰਘ ਦਾ ਕਹਿਣਾ ਹੈ ਕਿ ਅਕਾਲ ਤਖਤ ਸਾਹਿਬ ਦੀ ਪੇਸ਼ੀ ਤੋਂ ਬਿਨਾਂ ਬਾਦਲ ਅਕਾਲੀ ਦਲ ਦਾ ਛੁਟਕਾਰਾ ਨਹੀਂ ਹੋਣਾ।ਬਾਦਲ ਦਲ ਦੀ ਲੀਡਰਸ਼ਿਪ ਇਹਨਾਂ ਗਲਤੀਆਂ ਤੋਂ ਕਿੰਨਾ ਚਿਰ ਕਿਨਾਰਾ ਕਰੇਗੀ?
ਪ੍ਰਸਿੱਧ ਲੇਖਕ ਤੇ ਬੁਧੀਜੀਵੀ ਗੁਰਮੀਤ ਸਿੰਘ ਪਲਾਹੀ ਆਖਦੇ ਹਨ ਕਿ ਜੇਕਰ ਸੁਖਬੀਰ ਸਿੰਘ ਬਾਦਲ ਤੋਂ ਬਾਗੀ ਅਸਤੀਫ਼ਾ ਲੈ ਵੀ ਲੈਂਦੇ ਹਨ, ਤਾਂ ਕੀ ਸ਼੍ਰੋਮਣੀ ਅਕਾਲੀ ਦਲ ਫਿਰ ਵੀ ਬਚ ਜਾਏਗਾ? ਕੀ ਪੰਜਾਬ ਦੇ ਬਾਗੀ ਆਪਣੀਆਂ ਗਲਤੀਆਂ ਦੀ ਮੁਆਫ਼ੀ ਲਈ ਅਕਾਲ ਤਖ਼ਤ ਪੇਸ਼ ਹੋਕੇ ਸਜ਼ਾਵਾਂ ਲਗਵਾਕੇ ਆਪ ਦੁੱਧ ਧੋਤੇ ਹੋ ਜਾਣਗੇ?ਕੀ ਸੁਖਬੀਰ ਸਿੰਘ ਬਾਦਲ ਪਿਛਲੀਆਂ ਕੀਤੀਆਂ ਭੁਲਾ ਬਖ਼ਸ਼ਾਕੇ ਸਾਫ਼ ਸੁਥਰਾ ਹੋ ਜਾਵੇਗਾ? ਕੀ ਇਸ ਨਾਲ ਪੰਜਾਬ ਦੇ ਲੋਕਾਂ ਨੂੰ ਕੋਈ ਫਾਇਦਾ ਹੋਏਗਾ।
ਉਨ੍ਹਾਂ ਕਿਹਾ ਕਿ ਕਦੇ ਪੰਜਾਬੀਆਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਤਾਕਤਵਰ ਇਲਾਕਈ ਪਾਰਟੀ ਵਜੋਂ ਚਿਤਵਿਆ ਸੀ, ਜਿਹੜੀ ਇਸ ਇਲਾਕੇ ਦੇ ਲੋਕਾਂ ਦੇ ਦੁੱਖਾਂ, ਦਰਦਾਂ ਦੀ ਭਾਈਵਾਲ ਬਣੇ, ਦੇਸ਼ ਦੇ ਸੰਘਵਾਦ ਢਾਂਚੇ ਵਿਚ ਰਾਜਾਂ ਲਈ ਵਧ ਅਧਿਕਾਰ ਲੈਕੇ ਸੂਬੇ ਦਾ ਕੁਝ ਸੁਆਰ ਸਕੇ। ਇਸ ਧਿਰ ਨੇ ਬਹੁਤ ਕੁਝ ਸਾਰਥਿਕ ਕੀਤਾ, ਪਰ ਹਿੰਦੂ ਰਾਸ਼ਟਰ ਦੀ ਮੁਦੱਈ ਭਾਜਪਾ ਨਾਲ ਸਾਂਝ ਭਿਆਲੀ ਪਾਕੇ, ਆਪਣੇ ਆਪ ਨੂੰ ਰਾਸ਼ਟਰੀ ਪਾਰਟੀ ਬਨਾਉਣ ਦੇ ਚੱਕਰ ਵਿਚ ਸਭ ਕੁਝ ਗੁਆ ਲਿਆ। ਹੁਣ ਸਥਿਤੀ ਇਹ ਬਣੀ ਹੋਈ ਹੈ ਕਿ 100 ਸਾਲ ਪੁਰਾਣੀ ਪਾਰਟੀ ਦੀ ਹੋਂਦ ਉਤੇ ਸਵਾਲ ਖੜੇ ਹੋ ਗਏ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਵਿਚ ਇਸ ਵੇਲੇ ਵੱਡਾ ਸਿਆਸੀ ਖਿਲਾਅ ਹੈ, ਜੋ ਵਧਦਾ ਜਾ ਰਿਹਾ ਹੈ। ਵੱਡੀ ਗਿਣਤੀ ਪੰਜਾਬੀ ਸੂਬੇ ਦੇ ਹਾਲਤਾਂ ਅਤੇ ਮੌਜੂਦਾ ਹਾਕਮਾਂ ਤੇ ਸਿਆਸੀ ਪਾਰਟੀਆਂ ਤੋਂ ਨਿਰਾਸ਼ ਹੋ ਚੁੱਕੇ ਹਨ। ਪੰਜਾਬੀਆਂ ਦੇ ਮਨਾਂ ਨੂੰ ਕੋਈ ਸਿਆਸੀ ਪਾਰਟੀ ਪੜ੍ਹ ਹੀ ਨਹੀਂ ਰਹੀ ਅਤੇ ਪੰਜਾਬੀ ਜਿਧਰੋਂ ਵੀ ਰਤਾ ਕੁ ਆਸ ਦੀ ਕਿਰਨ ਉਹਨਾ ਨੂੰ ਦਿਖਦੀ ਹੈ, ਉਧਰ ਹੀ ਤੁਰ ਪੈਂਦੇ ਦਿਖਦੇ ਹਨ।
ਕੀ ਅਕਾਲ ਤਖਤਦੇ ਜਥੇਦਾਰ ਸੁਖਬੀਰ ਧੜੇ ਨੂੰ ਸਦਣਗੇ?
ਪੰਥਕ ਹਲਕਿਆਂ ਦਾ ਮੰਨਣਾ ਹੈ ਜੇ ਜਥੇਦਾਰ ਅਕਾਲ ਤਖਤ ਬਾਦਲ ਦਲ ਦੀ ਲੀਡਰਸ਼ਿਪ ਨੂੰ ਅਕਾਲ ਤਖਤ ਸਾਹਿਬ ਉਪਰ ਨਹੀਂ ਸਦਦੇ ਤਾਂ ਉਨ੍ਹਾਂ ਨੂੰ ਪੰਥ ਦੇ ਰੋਸ ਦਾ ਸਾਹਮਣਾ ਕਰਨਾ ਪੈ ਸਕਦਾ ਹੈ,ਜਿਵੇਂ ਸੌਦਾ ਸਾਧ ਨੂੰ ਮਾਫ ਕਰਨ ਵੇਲੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਸਾਹਮਣਾ ਕਰਨਾ ਪਿਆ ਸੀ।ਉਹ ਉਸ ਤੋਂ ਬਾਅਦ ਕਦੇ ਸੰਗਤੀ ਪ੍ਰੋਗਰਾਮ ਵਿਚ ਸ਼ਾਮਲ ਨਹੀਂ ਹੋ ਸਕੇ।ਇਸ ਲਈ ਇਹ ਮੁਦਾ ਜਥੇਦਾਰ ਰਘਬੀਰ ਸਿੰਘ ਲਈ ਧਰਮ ਸੰਕਟ ਦਾ ਮੁਦਾ ਬਣਿਆ ਹੋਇਆ ਹੈ।ਉਹ ਕੁਝ ਸਮੇਂ ਲਈ ਇਹ ਮੁਦਾ ਜਰੂਰ ਟਾਲ ਸਕਦੇ ਹਨ ,ਪਰ ਇਸ ਨੂੰ ਅਖੋਂ ਪਰੌਖੇ ਨਹੀਂ ਕਰ ਸਕਦੇ।ਬਾਗੀਆਂ ਦਾ ਕਬੂਲਨਾਮਾ ਬਾਦਲ ਅਕਾਲੀ ਲੀਡਰਸ਼ਿਪ ਲਈ ਗਲੇ ਦੀ ਹੱਡੀ ਬਣ ਗਿਆ ਹੈ।
ਬਾਗ਼ੀ ਧੜੇ ਨੇ ਅਕਾਲ ਤਖ਼ਤ ਨੂੰ ਸੌਂਪੇ ਮੁਆਫ਼ੀਨਾਮੇ ਵਿਚ 4 ਗ਼ਲਤੀਆਂ ਮੰਨੀਆਂ...
1. ਡੇਰਾ ਸਿਰਸਾ ਖਿਲਾਫ ਸ਼ਿਕਾਇਤ ਵਾਪਸ ਲੈ ਲਈ
2007 ਵਿੱਚ ਸਲਾਬਤਪੁਰਾ ਵਿੱਚ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਨੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮਰਿਆਦਾ ਦੀ ਨਕਲ ਕਰਦੇ ਹੋਏ ਉਹੋ ਜਿਹਾ ਬਾਣਾ ਪਹਿਨ ਕੇ ਅੰਮ੍ਰਿਤ ਛਕਣ ਦਾ ਬਹਾਨਾ ਲਾਇਆ ਸੀ। ਉਸ ਸਮੇਂ ਉਸ ਖ਼ਿਲਾਫ਼ ਪੁਲਿਸ ਕੇਸ ਵੀ ਦਰਜ ਕੀਤਾ ਗਿਆ ਪਰ ਬਾਅਦ ਵਿੱਚ ਅਕਾਲੀ ਸਰਕਾਰ ਨੇ ਸਜ਼ਾ ਦੇਣ ਦੀ ਬਜਾਏ ਕੇਸ ਵਾਪਸ ਲੈ ਲਿਆ।
2. ਸੁਖਬੀਰ ਬਾਦਲ ਨੇ ਡੇਰਾ ਮੁਖੀ ਨੂੰ ਮੁਆਫੀ ਦਿੱਤੀ
ਸ੍ਰੀ ਅਕਾਲ ਤਖ਼ਤ ਸਾਹਿਬ ਨੇ ਕਾਰਵਾਈ ਕਰਦਿਆਂ ਡੇਰਾ ਮੁਖੀ ਨੂੰ ਸਿੱਖ ਪੰਥ ਵਿੱਚੋਂ ਛੇਕ ਦਿੱਤਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਡੇਰਾ ਮੁਖੀ ਨੂੰ ਮੁਆਫ਼ੀ ਦਿਵਾਉਣ ਲਈ ਆਪਣਾ ਪ੍ਰਭਾਵ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਉਪਰ ਵਰਤਿਆ। ਇਸ ਤੋਂ ਬਾਅਦ ਸਿੱਖ ਪੰਥ ਦੇ ਰੋਹ ਤੇ ਰੋਸ ਨੂੰ ਦੇਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੀ ਲੀਡਰਸ਼ਿਪ ਨੂੰ ਇਸ ਫੈਸਲੇ ਤੋਂ ਪਿੱਛੇ ਹਟਣਾ ਪਿਆ।
3. ਬੇਅਦਬੀ ਦੀਆਂ ਘਟਨਾਵਾਂ ਦੀ ਸਹੀ ਢੰਗ ਨਾਲ ਜਾਂਚ ਨਹੀਂ ਕੀਤੀ
1 ਜੂਨ, 2015 ਨੂੰ ਬੁਰਜ ਜਵਾਹਰ ਸਿੰਘ ਵਾਲਾ (ਫਰੀਦਕੋਟ) ਦੇ ਗੁਰਦੁਆਰਾ ਸਾਹਿਬ ਤੋਂ ਕੁਝ ਅਨਸਰਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਚੋਰੀ ਕਰ ਲਈ। ਫਿਰ 12 ਅਕਤੂਬਰ, 2015 ਨੂੰ ਬਰਗਾੜੀ (ਫਰੀਦਕੋਟ) ਦੇ ਗੁਰਦੁਆਰਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 110 ਅੰਗ ਚੋਰੀ ਕਰਕੇ ਬਾਹਰ ਸੁੱਟ ਦਿੱਤੇ ਗਏ। ਇਸ ਕਾਰਨ ਸਿੱਖ ਕੌਮ ਵਿੱਚ ਭਾਰੀ ਰੋਸ ਹੈ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਤੇ ਤਤਕਾਲੀ ਗ੍ਰਹਿ ਮੰਤਰੀ ਸੁਖਬੀਰ ਬਾਦਲ ਨੇ ਸਮੇਂ ਸਿਰ ਇਸ ਮਾਮਲੇ ਦੀ ਜਾਂਚ ਨਹੀਂ ਕੀਤੀ। ਦੋਸ਼ੀਆਂ ਨੂੰ ਸਜ਼ਾ ਦਿਵਾਉਣ ਵਿੱਚ ਕਾਮਯਾਬ ਨਹੀਂ ਹੋ ਸਕੇ। ਇਸ ਨਾਲ ਪੰਜਾਬ ਦੇ ਹਾਲਾਤ ਵਿਗੜ ਗਏ ਤੇ ਕੋਟਕਪੂਰਾ ਤੇ ਬਹਿਬਲ ਕਲਾਂ ਵਿੱਚ ਦੁਖਦਾਈ ਘਟਨਾਵਾਂ ਵਾਪਰੀਆਂ।
4. ਝੂਠੇ ਕੇਸਾਂ ਵਿੱਚ ਮਾਰੇ ਸਿੱਖਾਂ ਨੂੰ ਇਨਸਾਫ਼ ਨਹੀਂ ਦੇ ਸਕੇ
ਅਕਾਲੀ ਸਰਕਾਰ ਨੇ ਸੁਮੇਧ ਸੈਣੀ ਨੂੰ ਪੰਜਾਬ ਦਾ ਡੀਜੀਪੀ ਨਿਯੁਕਤ ਕੀਤਾ। ਉਹ ਸੂਬੇ ਵਿੱਚ ਝੂਠੇ ਪੁਲਿਸ ਮੁਕਾਬਲੇ ਕਰਵਾ ਕੇ ਸਿੱਖ ਨੌਜਵਾਨਾਂ ਨੂੰ ਮਾਰਨ ਲਈ ਜਾਣਿਆ ਜਾਂਦਾ ਸੀ। ਆਲਮ ਸੈਨਾ ਬਣਾਉਣ ਵਾਲੇ ਪੁਲਿਸ ਮੁਲਾਜ਼ਮ ਇਜ਼ਹਾਰ ਆਲਮ ਨੇ ਆਪਣੀ ਪਤਨੀ ਨੂੰ ਟਿਕਟ ਦੇ ਕੇ ਮੁੱਖ ਸੰਸਦੀ ਸਕੱਤਰ ਬਣਾ ਦਿੱਤਾ।
2012 ਵਿੱਚ ਬਣੀ ਅਕਾਲੀ ਦਲ ਦੀ ਸਰਕਾਰ ਤੇ ਪਿਛਲੀਆਂ ਅਕਾਲੀ ਸਰਕਾਰਾਂ ਵੀ ਸੂਬੇ ਵਿੱਚ ਝੂਠੇ ਪੁਲਿਸ ਮੁਕਾਬਲਿਆਂ ਦੀ ਨਿਰਪੱਖ ਜਾਂਚ ਕਰਨ ਤੇ ਪੀੜਤਾਂ ਨੂੰ ਰਾਹਤ ਦੇਣ ਲਈ ਕਮਿਸ਼ਨ ਬਣਾ ਕੇ ਲੋਕਾਂ ਨਾਲ ਕੀਤੇ ਆਪਣੇ ਵਾਅਦਿਆਂ ਵਿੱਚ ਨਾਕਾਮ ਰਹੀਆਂ।
ਜਥੇਦਾਰ ਪੰਥਕ ਏਕਤਾ ਲਈ ਨਿਰਪੱਖ ਭੂਮਿਕਾ ਨਿਭਾਉਣ -ਚੰਦੂਮਾਜਰਾ
ਇਸ ਮੌਕੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਨਵੇਂ ਅਕਾਲੀ ਦਲ ਦੀ ਕੋਈ ਲੋੜ ਨਹੀਂ ਹੈ, ਬਲਕਿ ਮੌਜੂਦਾ ਅਕਾਲੀ ਦਲ ਨੂੰ ਹੀ ਤਕੜਾ ਤੇ ਮਜ਼ਬੂਤ ਕਰਨ ਹਿਤ ਉਹ ਅਕਾਲ ਤਖ਼ਤ ਸਾਹਿਬ ਸਨਮੁਖ ਅਰਦਾਸ ਕਰਨ ਤੇ ਭੁੱਲਾਂ ਬਖਸ਼ਾਉਣ ਆਏ ਹਾਂ ।ਉਨ੍ਹਾਂ ਕਿਹਾ ਕਿ ਅਸੀਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਲਿਖਤੀ ਬੇਨਤੀ ਕੀਤੀ ਹੈ ਤੇ ਸਾਨੂੰ ਆਸ ਹੈ ਕਿ ਜਥੇਦਾਰ ਪੰਥਕ ਜਥੇਬੰਦੀ ਸ਼ੋ੍ਮਣੀ ਅਕਾਲੀ ਦਲ ਵਿਚ ਏਕਤਾ ਲਈ ਨਿਰਪੱਖ ਭੂਮਿਕਾ ਨਿਭਾਉਣਗੇ ਤੇ ਪੰਥਕ ਰਹੁ-ਰੀਤਾਂ ਨਾਲ ਫ਼ੈਸਲਾ ਦੇਣਗੇ ।
Comments (0)