ਪੰਜਾਬ ਦੇ ਵਿਕਾਸ ਲਈ ਅੱਗੇ ਆਉਣ ਐਨ.ਆਰ.ਆਈ.ਪੰਜਾਬੀ
ਪੰਜ ਦਰਿਆਵਾਂ ਦੀ ਧਰਤੀ ਪੰਜਾਬ ਨੂੰ ਮਾਣ ਹੈ ਕਿ ਇਸ ਦੇ ਲਾਡਲੇ ਪੁੱਤਰ ਬਹੁਤ ਮਿਹਨਤੀ ਹਨ। ਜਿਥੇ ਪੰਜਾਬ ਦੇ ਕਿਸਾਨਾਂ ਨੇ ਦੇਸ਼ ਦੇ ਅੰਨ ਭੰਡਾਰ ਨੂੰ ਭਰਿਆ ਹੈ, ਉਥੇ ਵੱਡੀ ਗਿਣਤੀ ਪੰਜਾਬੀ ਫ਼ੌਜ ਵਿੱਚ ਸੇਵਾ ਕਰਕੇ ਦੇਸ਼ ਦੀ ਸੁਰੱਖਿਆ ਕਰ ਰਹੇ ਹਨ। ਇਸ ਤੋਂ ਇਲਾਵਾ ਪੰਜਾਬ ਦੇ ਵੱਡੀ ਗਿਣਤੀ ਪੁੱਤਰ ਦੁਨੀਆਂ ਦੇ ਵੱਖ- ਵੱਖ ਮੁਲਕਾਂ ਜਾ ਕੇ ਵਸੇ ਹੋਏ ਹਨ। ਵਿਦੇਸ਼ਾਂ ਵਿੱਚ ਜਾ ਕੇ ਇਹਨਾਂ ਪੰਜਾਬੀਆਂ ਨੇ ਆਪਣੀ ਸਖ਼ਤ ਮਿਹਨਤ ਨਾਲ ਬਹੁਤ ਤਰੱਕੀ ਕੀਤੀ ਹੈ।
ਇਹਨਾਂ ਵਿਚੋਂ ਅਨੇਕਾਂ ਐਨ.ਆਰ.ਆਈ. ਪੰਜਾਬੀਆਂ ਨੇ ਵਿੱਤੀ ਸਹਾਇਤਾ ਦੇ ਕੇ ਆਪਣੇ ਪਿੰਡਾਂ ਦੇ ਸਰਬਪੱਖੀ ਵਿਕਾਸ ਵਿੱਚ ਵੀ ਯੋਗਦਾਨ ਪਾਇਆ ਹੈ। ਐਨ.ਆਰ.ਆਈ. ਪੰਜਾਬੀਆਂ ਵੱਲੋਂ ਆਪਣੇ ਪਿੰਡਾਂ ਵਿੱਚ ਬਣਾਈਆਂ ਹੋਈਆਂ ਆਲੀਸ਼ਾਨ ਕੋਠੀਆਂ ਪੰਜਾਬ ਦੀ ਸ਼ਾਨ ਹਨ। ਇਹਨਾਂ ਕੋਠੀਆਂ ਦੀ ਛੱਤਾਂ ’ਤੇ ਬਣੇ ਹੋਏ ਜਹਾਜ਼ ਅਤੇ ਟੈਂਕ ਐਨ.ਆਰ.ਆਈ.ਪੰਜਾਬੀਆਂ ਦੀ ਅਮੀਰੀ ਦੀ ਗਵਾਹੀ ਭਰਦੇ ਹਨ।
ਇਸ ਤੋਂ ਇਲਾਵਾ ਵੱਡੀ ਗਿਣਤੀ ਐਨ.ਆਰ.ਆਈ.ਪੰਜਾਬੀ ਪੰਜਾਬ ਵਿੱਚ ਰਹਿੰਦੇ ਆਪਣੇ ਪਰਿਵਾਰਾਂ ਨੂੰ ਬਹੁਤ ਪੈਸਾ ਵੀ ਭੇਜਦੇ ਹਨ, ਜਿਸ ਕਾਰਨ ਪੰਜਾਬ ਦੀ ਆਰਥਿਕਤਾ ਮਜ਼ਬੂਤ ਹੁੰਦੀ ਹੈ। ਜੇ ਐਨ.ਆਰ.ਆਈ. ਪੰਜਾਬੀ ਪੰਜਾਬ ਵਿੱਚ ਆਪਣੇ ਘਰਾਂ ਦੇ ਨਾਲ ਨਾਲ ਆਪਣੇ ਪਿੰਡਾਂ ਦਾ ਵੀ ਵਿਕਾਸ ਕਰਨ ਵਿੱਚ ਯੋਗਦਾਨ ਪਾਉਣ ਤਾਂ ਪਿੰਡਾਂ ਦਾ ਮੁਹਾਂਦਰਾ ਬਦਲ ਸਕਦਾ ਹੈ। ਪੰਜਾਬ ਦੇ ਅਨੇਕਾਂ ਪਿੰਡ ਅਜਿਹੇ ਹਨ, ਜਿਥੇ ਕਿ ਵਿਕਾਸ ਦੀ ਹਨੇਰੀ ਅਜੇ ਨਹੀਂ ਝੁੱਲੀ ਅਤੇ ਇਹ ਪਿੰਡ ਬੁਨਿਆਦੀ ਸਹੂਲਤਾਂ ਤੋਂ ਵੀ ਸੱਖਣੇ ਹਨ। ਇਹਨਾਂ ਪਿੰਡਾਂ ’ਤੇ ਅਜੇ ਤੱਕ ਕਿਸੇ ਵੀ ਸਰਕਾਰ ਦੀ ਸਵੱਲੀ ਨਜ਼ਰ ਨਹੀਂ ਪਈ। ਇਸ ਤੋਂ ਇਲਾਵਾ ਪਿੰਡਾਂ ਵਿਚਲੀਆਂ ਧੜੇਬੰਦੀਆਂ ਵੀ ਅਕਸਰ ਪਿੰਡਾਂ ਦੇ ਵਿਕਾਸ ਵਿੱਚ ਵੱਡੀ ਰੁਕਾਵਟ ਬਣ ਜਾਂਦੀਆਂ ਹਨ। ਜੇ ਇੱਕ ਧਿਰ ਪਿੰਡ ਦਾ ਵਿਕਾਸ ਕਰਵਾਉਣ ਲੱਗਦੀ ਹੈ ਤਾਂ ਦੂਜੀ ਧਿਰ ਤੁਰੰਤ ਅੜਿੱਕਾ ਡਾਹ ਦਿੰਦੀ ਹੈ, ਇਸ ਕਾਰਨ ਵੀ ਅਨੇਕਾਂ ਪਿੰਡ ਪਿਛੜੇ ਹੋਏ ਹਨ।
ਜੇ ਐਨ.ਆਰ.ਆਈ. ਪੰਜਾਬੀ ਪੰਜਾਬ ਦੇ ਪਿੰਡਾਂ ਦੀ ਬਾਂਹ ਫੜ ਲੈਣ ਜਾਂ ਪਿੰਡਾਂ ਨੂੰ ਗੋਦ ਲੈ ਲੈਣ ਤਾਂ ਇਹਨਾਂ ਪਿੰਡਾਂ ਦੀ ਜੂਨ ਵੀ ਸੁਧਰ ਸਕਦੀ ਹੈ। ਐਨ.ਆਰ.ਆਈ. ਪੰਜਾਬੀ ਘੱਟੋ-ਘੱਟ ਆਪਣੇ ਜੱਦੀ ਪਿੰਡਾਂ ਵਿੱਚ ਤਾਂ ਵਿਕਾਸ ਕੰਮ ਕਰਵਾਉਣ ਲਈ ਉਪਰਾਲੇ ਕਰ ਸਕਦੇ ਹਨ। ਇਹ ਠੀਕ ਹੈ ਕਿ ਪੰਜਾਬ ਵਿੱਚ ਅਨੇਕਾਂ ਖੇਡ ਮੇਲੇ ਐਨ.ਆਰ.ਆਈ. ਪੰਜਾਬੀਆਂ ਦੇ ਸਹਿਯੋਗ ਨਾਲ ਹੀ ਹੁੰਦੇ ਹਨ। ਇਸੇ ਤਰ੍ਹਾਂ ਜੇ ਐਨ.ਆਰ.ਆਈ. ਪੰਜਾਬੀ ਪਿੰਡਾਂ ਦੀਆਂ ਗਲੀਆਂ ਨਾਲੀਆਂ ਪੱਕੀਆਂ ਕਰਵਾਉਣ, ਸੀਵਰੇਜ ਪਾਉਣ ਤੇ ਹੋਰ ਬੁਨਿਆਦੀ ਸਹੂਲਤਾਂ ਦੇਣ ਲਈ ਆਪਣਾ ਯੋਗਦਾਨ ਪਾ ਸਕਦੇ ਹਨ। ਇਸ ਤੋਂ ਇਲਾਵਾ ਹਰ ਪਿੰਡ ਵਿੱਚ ਕਮਿਊੁਨਿਟੀ ਸੈਂਟਰ, ਸਾਂਝੀਆਂ ਧਰਮਸਾਲ਼ਾਵਾਂ ਜਾਂ ਅਜਿਹੇ ਹੀ ਹੋਰ ਅਦਾਰੇ ਖੋਲੇ ਜਾ ਸਕਦੇ ਹਨ, ਜਿਥੇ ਕਿ ਆਮ ਪਿੰਡ ਵਾਸੀ ਆਪਣੇ ਵਿਆਹ- ਸ਼ਾਦੀਆਂ ਤੇ ਹੋਰ ਸਮਾਗਮ ਕਰ ਸਕਣ। ਇਸ ਤਰ੍ਹਾਂ ਇਹਨਾਂ ਪਿੰਡਾਂ ਦੇ ਵਸਨੀਕਾਂ ਦਾ ਹੋਟਲਾਂ ਅਤੇ ਮੈਰਿਜ ਪੈਲਿਸਾਂ ਦਾ ਵੱਡਾ ਖਰਚਾ ਬਚੇਗਾ।
ਪੰਜਾਬ ਵਿੱਚ ਇਸ ਸਮੇਂ ਬਰਸਾਤ ਦਾ ਮੌਸਮ ਚੱਲ ਰਿਹਾ ਹੈ। ਇਸ ਮੌਸਮ ਨੂੰ ਨਵੇਂ ਪੌਦੇ ਲਗਾਉਣ ਲਈ ਬਿਲਕੁਲ ਢੁਕਵਾਂ ਮੰਨਿਆ ਜਾਂਦਾ ਹੈ। ਐਨ.ਆਰ.ਆਈ. ਪੰਜਾਬੀ ਹਰ ਪਿੰਡ ਵਿੱਚ ਪੌਦੇ ਲਗਾਉਣ ਲਈ ਆਪਣਾ ਯੋਗਦਾਨ ਦੇ ਸਕਦੇ ਹਨ। ਇਸ ਤੋਂ ਇਲਾਵਾ ਐਨ.ਆਰ.ਆਈ.ਪੰਜਾਬੀ ਪਿੰਡਾਂ ਵਿੱਚ ਪਈਆਂ ਆਪਣੀਆਂ ਜ਼ਮੀਨਾਂ ਦੇ ਕੁਝ ਹਿੱਸੇ ’ਤੇ ਫਲਾਂ ਵਾਲੇ ਵੱਖ- ਵੱਖ ਬੂਟੇ ਲਗਾ ਕੇ ਉਥੇ ਬਾਗ ਲਗਵਾ ਸਕਦੇ ਹਨ ਤਾਂ ਕਿ ਪਿੰਡ ਵਾਸੀਆਂ ਨੂੰ ਸੈਰ ਕਰਨ ਲਈ ਪ੍ਰਬੰਧ ਹੋ ਸਕੇ ਅਤੇ ਬੱਚਿਆਂ ਨੂੰ ਖਾਣ ਲਈ ਫਲ ਮਿਲਣ। ਇਹਨਾਂ ਬਾਗਾਂ ਦੀ ਦੇਖ ਭਾਲ ਲਈ ਕੋਈ ਵਿਅਕਤੀ ਰੱਖਿਆ ਜਾ ਸਕਦਾ ਹੈ। ਪੰਜਾਬ ਦੇ ਪਲੀਤ ਹੋ ਰਹੇ ਵਾਤਾਵਰਣ ਨੂੰ ਬਚਾਉਣ ਲਈ ਪੰਜਾਬ ਵਿੱਚ ਵੱਧ ਤੋਂ ਵੱਧ ਪੌਦੇ ਲਗਾਏ ਜਾਣ ਦੀ ਲੋੜ ਮਹਿਸੂਸ ਹੋ ਰਹੀ ਹੈ। ਇਸ ਕੰਮ ਲਈ ਐਨ.ਆਰ.ਆਈ. ਪੰਜਾਬੀ ਬਹੁਤ ਵੱਡਾ ਸਹਿਯੋਗ ਦੇ ਸਕਦੇ ਹਨ। ਉਹ ਆਪਣੀਆਂ ਖਾਲੀ ਪਈਆਂ ਜ਼ਮੀਨਾਂ ਤੇ ਵੱਖ ਵੱਖ ਸੰਸਥਾਵਾਂ ਦੇ ਸਹਿਯੋਗ ਨਾਲ ਵੱਡੀ ਗਿਣਤੀ ਵਿੱਚ ਪੌਦੇ ਲਗਵਾ ਸਕਦੇ ਹਨ। ਇਸ ਤੋਂ ਇਲਾਵਾ ਪਿੰਡਾਂ ਦੀਆਂ ਸ਼ਾਮਲਾਟ ਜ਼ਮੀਨਾਂ ਤੇ ਵੀ ਵੱਡੀ ਗਿਣਤੀ ਵਿੱਚ ਪੌਦੇ ਲਗਾਏ ਜਾ ਸਕਦੇ ਹਨ। ਪਿੰਡਾਂ ਦੀਆਂ ਸਾਂਝੀਆਂ ਥਾਂਵਾਂ ਅਤੇ ਖੇਤਾਂ ਵਿਚਲੀਆਂ ਮੋਟਰਾਂ ’ਤੇ ਵੀ ਵੱਡੀ ਗਿਣਤੀ ਪੌਦੇ ਲਗਾਏ ਜਾ ਸਕਦੇ ਹਨ। ਭਾਵੇਂ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਨੂੰ ਕਿਹਾ ਹੈ ਕਿ ਉਹ ਆਪਣੀਆਂ ਮੋਟਰਾਂ ’ਤੇ ਵਧ ਤੋਂ ਵੱਧ ਪੌਦੇ ਲਗਾਉਣ। ਪੌਦੇ ਲਗਾਉਣ ਵਿੱਚ ਜੇ ਐਨ.ਆਰ.ਆਈ. ਪੰਜਾਬੀ ਹਰ ਕਿਸਮ ਦਾ ਸਹਿਯੋਗ ਦੇਣ ਤਾਂ ਪੰਜਾਬ ਮੁੜ ਹਰਿਆ ਭਰਿਆ ਹੋ ਸਕਦਾ ਹੈ।
ਪੰਜਾਬ ਦੇ ਜ਼ਮੀਨੀ ਪਾਣੀ ਨੂੰ ਬਚਾਉਣ ਲਈ ਐਨ.ਆਰ.ਆਈ.ਪੰਜਾਬੀ ਆਪਣਾ ਸਹਿਯੋਗ ਦੇ ਸਕਦੇ ਹਨ। ਐਨ.ਆਰ.ਆਈ. ਪੰਜਾਬੀਆਂ ਵੱਲੋਂ ਦਿੱਤੀ ਜਾਣ ਵਾਲੀ ਆਰਥਿਕ ਮਦਦ ਨਾਲ ਪਿੰਡਾਂ ਵਿੱਚ ਅਲੋਪ ਹੋਏ ਛੱਪੜਾਂ ਤੇ ਟੋਭਿਆਂ ਨੂੰ ਮੁੜ ਪੁੱਟਿਆ ਜਾ ਸਕਦਾ ਹੈ, ਜਿਥੇ ਕਿ ਬਰਸਾਤੀ ਪਾਣੀ ਦੀ ਸੰਭਾਲ ਹੋ ਸਕੇ। ਇਹਨਾਂ ਟੋਭਿਆਂ ਤੇ ਛੱਪੜਾਂ ਵਿੱਚ ਇਕੱਤਰ ਹੋਇਆ ਪਾਣੀ ਹੌਲੀ ਹੌਲੀ ਸਿੰਮ ਕੇ ਧਰਤੀ ਹੇਠਾਂ ਚਲਿਆ ਜਾਂਦਾ ਹੈ ਜਿਸ ਕਾਰਨ ਧਰਤੀ ਹੇਠਲੇ ਪਾਣੀ ਦੇ ਪੱਧਰ ਵਿੱਚ ਵੀ ਸੁਧਾਰ ਹੋਵੇਗਾ ਅਤੇ ਧਰਤੀ ਹੇਠਲੇ ਪਾਣੀ ਦੇ ਖ਼ਤਮ ਹੋਣ ਦੇ ਖ਼ਤਰੇ ਟਲ ਜਾਣਗੇ। ਇਸ ਤੋਂ ਇਲਾਵਾ ਐਨ.ਆਰ.ਆਈ. ਪੰਜਾਬੀ ਪੰਜਾਬ ਦੇ ਕਿਸਾਨਾਂ ਨੂੰ ਪ੍ਰੇਰ ਕੇ ਝੋਨੇ ਦੀ ਖੇਤੀ ਘੱਟ ਕਰਨ ਲਈ ਮਨਾ ਸਕਦੇ ਹਨ। ਮਾਹਿਰ ਕਹਿੰਦੇ ਹਨ ਕਿ ਝੋਨੇ ਦੀ ਫ਼ਸਲ ਪਾਣੀ ਬਹੁਤ ਪੀਂਦੀ ਹੈ, ਜਿਸ ਕਾਰਨ ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ ਦਿਨੋਂ ਦਿਨ ਹੇਠਾਂ ਹੁੰਦਾ ਜਾ ਰਿਹਾ ਹੈ। ਕਿਸਾਨਾਂ ਨੂੰ ਝੋਨੇ ਦੀ ਥਾਂ ਹੋਰ ਬਦਲਵੀਂਆਂ ਫ਼ਸਲਾਂ ਦੀ ਬਿਜਾਈ ਲਈ ਐਨ.ਆਰ.ਆਈ. ਪੰਜਾਬੀ ਆਰਥਿਕ ਸਹਾਇਤਾ ਦੇ ਸਕਦੇ ਹਨ। ਇਸ ਤੋਂ ਇਲਾਵਾ ਐਨ.ਆਰ.ਆਈ. ਪੰਜਾਬੀ ਪਿੰਡਾਂ ਵਿੱਚ ਖੇਤੀ ਆਧਾਰਿਤ ਛੋਟੇ ਉਦਯੋਗ ਵੀ ਲਗਾ ਸਕਦੇ ਹਨ।
ਚਾਹੀਦਾ ਤਾਂ ਇਹ ਹੈ ਕਿ ਪੰਜਾਬ ਵਿਚੋਂ ਨਸ਼ਾ, ਬੇਰੁਜ਼ਗਾਰੀ, ਹਰ ਤਰ੍ਹਾਂ ਦਾ ਪ੍ਰਦੂਸ਼ਣ, ਵਾਤਾਵਰਣ ਵਿੱਚ ਆਇਆ ਵਿਗਾੜ, ਪੀਣ ਵਾਲੇ ਸਾਫ ਪਾਣੀ ਦੀ ਘਾਟ, ਧਰਤੀ ਹੇਠਲੇ ਪਾਣੀ ਦਾ ਘੱਟ ਹੋਣਾ ਵਰਗੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਐਨ.ਆਰ.ਆਈ ਪੰਜਾਬੀ ਪੰਜਾਬ ਦੇ ਵਸਨੀਕਾਂ ਨੂੰ ਪੂਰਾ ਸਹਿਯੋਗ ਦੇਣ ਤਾਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ ਨੁਹਾਰ ਬਦਲ ਸਕਦੀ ਹੈ।
Comments (0)