ਕੀ ਕੈਪਟਨ ਪਰਿਵਾਰ  ਦਾ ਸਿਆਸੀ ਯੁਗ ਬੀਤ ਗਿਆ?

ਕੀ ਕੈਪਟਨ ਪਰਿਵਾਰ  ਦਾ ਸਿਆਸੀ ਯੁਗ ਬੀਤ ਗਿਆ?
*ਕਾਂਗਰਸ ਵਿਚ ਮੁੜ ਜਾਣ ਦੀਆਂ ਸੰਭਾਵਨਾਵਾਂ ਬਣੀਆਂ
 
* ਪੰਜਾਬ ਵਿਚ ਭਾਜਪਾ ਦੀ ਹਾਰ ਬਾਅਦ ਜਾਖੜ ਦੀ ਪ੍ਰਧਾਨਗੀ ਖਤਰੇ ਵਿਚ
 
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾ ਘਰ ਦੇ ਰਹੇ ਨਾ ਘਾਟ ਦੇ। ਦੋ ਕਾਰਜਕਾਲ ਵਿਚ ਕਰੀਬ ਸਾਢੇ ਨੌਂ ਸਾਲ ਮੁੱਖ ਮੰਤਰੀ ਰਹਿਣ ਤੋਂ ਬਾਅਦ ਜਦੋਂ ਕਾਂਗਰਸ ਹਾਈਕਮਾਂਡ ਨੇ ਉਨ੍ਹਾਂ ਨੂੰ ਹਟਾਇਆ ਤਾਂ ਉਹ ਬਾਗੀ ਹੋ ਗਏ।ਉਨ੍ਹਾਂ ਨੂੰ ਇਹ ਉਮੀਦ ਸੀ ਕਿ ਜਦੋਂ ਉਹ ਪਾਰਟੀ ਛੱਡਣਗੇ ਤਾਂ ਪੰਜਾਬ ਦੇ ਬਹੁਤੇ ਵੱਡੇ ਕਾਂਗਰਸੀ ਚਿਹਰੇ ਉਨ੍ਹਾਂ ਦੇ ਨਾਲ ਆ ਖੜੇ ਹੋਣਗੇ, ਪਰ ਅਜਿਹਾ ਨਹੀਂ ਹੋਇਆ। ਕੁਝ ਕੁ ਨਾਮੀ ਚਿਹਰਿਆਂ ਨੂੰ ਛੱਡ ਕੇ ਹੋਰ ਕੋਈ ਨੇਤਾ ਉਨ੍ਹਾਂ ਨਾਲ ਭਾਜਪਾ ਵਿਚ ਨਹੀਂ ਗਿਆ। ਜੋ ਗਏ ਸਨ ਉਨ੍ਹਾਂ ਵਿਚੋਂ ਵੀ ਰਾਜ ਕੁਮਾਰ ਵੇਰਕਾ ਆਪਣੇ ਸਾਥੀਆਂ ਸਮੇਤ ਮੁੜ ਗਲਤੀ ਸੁਧਾਰ ਕਹਿ ਕੇ ਕਾਂਗਰਸ ਵਿਚ ਸ਼ਾਮਲ ਹੋ ਗਏ। ਉਸ ਨੇ ਕਾਂਗਰਸ ਛੱਡ ਕੇ ਵੱਖਰੀ ਪਾਰਟੀ ਬਣਾਈ ਅਤੇ ਬਾਅਦ ਵਿੱਚ ਉਸ ਪਾਰਟੀ ਨੂੰ ਭਾਜਪਾ ਵਿੱਚ ਮਿਲਾ ਦਿੱਤਾ। ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਸੰਸਦ ਮੈਂਬਰ ਪ੍ਰਨੀਤ ਕੌਰ ਭਾਜਪਾ ਵਿਚ ਸ਼ਾਮਲ ਹੋ ਗਏ ਹਨ ਅਤੇ  ਪਟਿਆਲਾ ਤੋਂ ਚੋਣ ਲੜੀ ਸੀ। ਪਰ ਉੱਥੇ ਉਹ ਬੁਰੀ ਤਰ੍ਹਾਂ ਹਾਰ ਗਈ। 2019 ਵਿਚ ਕਾਂਗਰਸ ਦੀ ਟਿਕਟ 'ਤੇ ਜਿੱਤਣ ਵਾਲੀ ਪ੍ਰਨੀਤ ਕੌਰ ਇਸ ਵਾਰ ਤੀਜੇ ਨੰਬਰ 'ਤੇ ਰਹੀ। ਇਸ ਸੀਟ ਤੋਂ ਕਾਂਗਰਸ ਦੇ ਧਰਮਵੀਰ ਗਾਂਧੀ ਜੇਤੂ ਰਹੇ ਅਤੇ ਆਪ ਦੇ ਉਮੀਦਵਾਰ ਡਾ. ਬਲਬੀਰ ਸਿੰਘ ਦੂਜੇ ਨੰਬਰ ’ਤੇ ਰਹੇ। ਕੈਪਟਨ ਅਮਰਿੰਦਰ ਸਿੰਘ ਪੂਰੀ ਚੋਣ ਮੁਹਿੰਮ ਦੌਰਾਨ ਬਾਹਰ ਨਹੀਂ ਆਏ। ਦੱਸਿਆ ਗਿਆ ਸੀ ਕਿ ਕੈਪਟਨ ਦੀ ਸਿਹਤ ਖਰਾਬ ਸੀ।
 
ਉਨ੍ਹਾਂ ਦੀ ਦੂਜੀ ਸਮੱਸਿਆ ਇਹ ਹੈ ਕਿ ਜੱਟ ਸਿੱਖ ਆਗੂ ਵਜੋਂ ਭਾਜਪਾ ਨੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤਰੇ ਰਵਨੀਤ ਸਿੰਘ ਬਿੱਟੂ ਨੂੰ ਅੱਗੇ ਕੀਤਾ ਹੈ। ਲੋਕ ਸਭਾ ਚੋਣਾਂ ਹਾਰਨ ਤੋਂ ਬਾਅਦ ਵੀ ਉਸ ਨੂੰ ਕੇਂਦਰ ਸਰਕਾਰ ਵਿੱਚ ਮੰਤਰੀ ਬਣਾਇਆ ਗਿਆ ਹੈ। ਫਿਰ ਸਵਾਲ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਦਾ ਪਰਿਵਾਰ ਹੁਣ ਕੀ ਕਰੇਗਾ? ਹੁਣ ਤੋਂ ਹੀ ਚਰਚਾ ਸ਼ੁਰੂ ਹੋ ਗਈ ਹੈ ਕਿ ਪ੍ਰਨੀਤ ਕੌਰ ਅਤੇ ਪੁੱਤਰ ਰਣਇੰਦਰ ਮੁੜ ਕਾਂਗਰਸ ਵਿੱਚ ਵਾਪਸ ਆ ਸਕਦੇ ਹਨ। ਹਾਲਾਂਕਿ ਇਹ ਬਹੁਤ ਆਸਾਨ ਨਹੀਂ ਹੈ। ਕਿਉਂਕਿ ਜਿਸ ਤਰ੍ਹਾਂ ਕੈਪਟਨ ਨੇ ਕਾਂਗਰਸ ਛੱਡਣ ਤੋਂ ਬਾਅਦ ਸੋਨੀਆ ਅਤੇ ਰਾਹੁਲ ਗਾਂਧੀ 'ਤੇ ਨਿਸ਼ਾਨਾ ਸਾਧਿਆ ਸੀ, ਉਸ ਤੋਂ ਉਨ੍ਹਾਂ ਦੀ ਵਾਪਸੀ ਦੇ ਰਾਹ ਵਿਚ ਕਈ ਰੁਕਾਵਟਾਂ ਆਉਂਦੀਆਂ ਨਜ਼ਰ ਆ ਰਹੀਆਂ ਹਨ। ਹਾਲਾਂਕਿ ਦੋਵਾਂ ਪਰਿਵਾਰਾਂ ਦਾ ਰਿਸ਼ਤਾ ਇੰਨਾ ਪੁਰਾਣਾ ਹੈ ਕਿ ਕੋਈ ਕੁਝ ਨਹੀਂ ਕਹਿ ਸਕਦਾ। ਉਨ੍ਹਾਂ ਦੇ ਨਾਲ ਹੀ ਭਾਜਪਾ ਵਿਚ ਸ਼ਾਮਲ ਹੋਏ ਸੁਨੀਲ ਜਾਖੜ ਨੂੰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਸੂਤਰਾਂ ਤੋਂ ਪਤਾ ਲਗਾ ਹੈ ਕਿ ਉਨ੍ਹਾਂ ਦੀ ਪ੍ਰਧਾਨਗੀ ਵੀ ਖਤਰੇ ਵਿਚ ਹੈ।ਜਾਖੜ ਵੀ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਨੂੰ ਪੰਜਾਬ ਵਿਚ ਇਕ ਸੀਟ ਵੀ ਨਹੀਂ ਜਿਤਾ ਸਕੇ।
ਤੁਹਾਨੂੰ ਯਾਦ ਕਰਾ ਦੇਈਏ ਕਿ ਅਕਾਲੀ ਸਰਕਾਰ ਵਿਚ ਪੰਜਾਬ ਦੇ ਖਜ਼ਾਨਾ ਮੰਤਰੀ ਰਹੇ ਮਨਪ੍ਰੀਤ ਸਿੰਘ ਬਾਦਲ ਪਹਿਲਾਂ ਅਕਾਲੀ ਦਲ ਛੱਡ ਕੇ ਕਾਂਗਰਸ ਵਿਚ ਗਏ ਸਨ। ਉਸ ਤੋਂ ਬਾਅਦ ਕਾਂਗਰਸ ਛੱਡ ਕੇ ਭਾਜਪਾ ਵਿਚ ਚਲੇ ਗਏ। ਪਰ ਭਾਜਪਾ ਵਿਚ ਬਹੁਤੀ ਅਹਿਮੀਅਤ ਨਾ ਮਿਲਣ ਕਾਰਨ ਨਿਰਾਸ਼ ਹੋ ਕੇ ਘਰ ਬੈਠੇ ਹੋਏ ਹਨ। ਮੰਨਿਆ ਜਾ ਰਿਹਾ ਹੈ ਕਿ ਉਹ ਆਪਣੇ ਸਿਆਸੀ ਭਵਿੱਖ ਨੂੰ ਬਚਾਉਣ ਲਈ ਮੁੜ ਆਪਣੇ ਭਰਾ ਸੁਖਬੀਰ ਬਾਦਲ ਨਾਲ ਹੱਥ ਮਿਲਾ ਸਕਦੇ ਹਨ। ਪਰ ਪੰਜਾਬ ਵਿਚ ਅਕਾਲੀ ਦਲ ਦਾ ਭਵਿੱਖ ਹਨੇਰਿਆਂ ਵਿਚ ਹੈ।