1984 ਦੇ ਸਿੱਖ ਕਤਲੇਆਮ ਦੇ 114 ਪੀੜ੍ਹਤ ਪਰਿਵਾਰਾਂ ਨੁੰ ਜਲਦੀ ਮਿਲੇਗੀ ਬਕਾਇਆ ਰਹਿੰਦੀ ਐਕਸ ਗ੍ਰੇਸ਼ੀਆ ਮੁਆਵਜ਼ਾ ਰਾਸ਼ੀ
ਟਾਈਟਲਰ ਅਤੇ ਕਮਲਨਾਥ ਨੂੰ ਜੇਲ੍ਹ ਭੇਜਣ ਲਈ ਕੀਤੀ ਜਾਏਗੀ ਕੇਸਾਂ ਦੀ ਪੈਰਵਾਈ
ਅੰਮ੍ਰਿਤਸਰ ਟਾਈਮਜ਼
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ): ਭਾਜਪਾ ਦੇ ਸਿੱਖ ਆਗੂ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ 1984 ਦੀ ਸਿੱਖ ਨਸਲਕੁਸ਼ੀ ਦੇ ਪੀੜ੍ਹਤ 114 ਪਰਿਵਾਰਾਂ ਨੁੰ ਜਲਦੀ ਹੀ ਉਹਨਾਂ ਦੀ ਬਕਾਇਆ ਰਹਿੰਦੀ ਐਕਸ ਗ੍ਰੇਸ਼ੀਆ ਮੁਆਵਜ਼ਾ ਰਾਸ਼ੀ ਮਿਲ ਜਾਵੇਗੀ ਅਤੇ 73 ਪਰਿਵਾਰਾਂ ਨੁੰ ਜਲਦੀ ਹੀ ਉਹਨਾਂ ਦੇ ਮੈਂਬਰਾਂ ਵਾਸਤੇ ਨੌਕਰੀਆਂ ਦੇ ਨਿਯੁਕਤੀ ਪੱਤਰ ਵੀ ਮਿਲ ਜਾਣਗੇ।ਇਸ ਮਾਮਲੇ ਵਿਚ ਡਵੀਜ਼ਨਲ ਕਮਿਸ਼ਨਰ ਦਿੱਲੀ ਸ੍ਰੀ ਸੰਜੀਵ ਖਿਰਵਾਰ ਨਾਲ ਮੀਟਿੰਗ ਕਰਨ ਉਪਰੰਤ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਸਿਰਸਾ ਨੇ ਕਿਹਾ ਕਿ ਉਹਨਾਂ ਨੇ ਕੁਝ ਪੀੜ੍ਹਤ ਪਰਿਵਾਰਾਂ ਦਾ ਐਕਸ ਗ੍ਰੇਸ਼ੀਆ ਮੁਆਵਜ਼ਾ ਬਕਾਇਆ ਹੋਣ ਦਾ ਮਾਮਲਾ ਚੁੱਕਿਆ ਸੀ। ਇਸਦੇ ਜਵਾਬ ਵਿਚ ਡਵੀਜ਼ਨਲ ਕਮਿਸ਼ਨ ਨੇ ਉਹਨਾਂ ਨੂੰ ਦੱਸਿਆ ਹੈ ਕਿ ਐਕਸ ਗ੍ਰੇਸ਼ੀਆ ਦੀਆਂ 114 ਫਾਈਲਾਂ ਕਲੀਅਰ ਕੀਤੀਆਂ ਜਾ ਰਹੀਆਂ ਹਨ ਅਤੇ ਇਹਨਾਂ ਪਰਿਵਾਰਾਂ ਨੁੰ ਬਿਨਾਂ ਹੋਰ ਦੇਰੀ ਦੇ ਮੁਆਵਜ਼ਾ ਮਿਲਾ ਜਾਵੇਗਾ।
ਸਰਦਾਰ ਸਿਰਸਾ ਨੇ ਇਹ ਵੀ ਕਿਹਾ ਕਿ ਉਹਨਾਂ ਨੇ ਹਾਈ ਕੋਰਟ ਦੇ ਹੁਕਮਾਂ ਮੁਤਾਬਕ ਪਰਿਵਾਰਾਂ ਨੂੰ ਨੌਕਰੀ ਦੇਣ ਦਾ ਮਾਮਲਾ ਵੀ ਚੁੱਕਿਆ ਜਿਸ 'ਤੇ ਸ੍ਰੀ ਸੰਜੀਵ ਖੀਰਵਾਰ ਨੇ ਦੱਸਿਆ ਕਿ 73 ਪਰਿਵਾਰਾਂ ਵਿਚੋਂ ਕੁਝ ਪਰਿਵਾਰਾਂ ਲਈ ਨੌਕਰੀ ਦੀਆਂ ਚਿੱਠੀਆਂ ਤੁਰੰਤ ਭੇਜੀਆਂ ਜਾ ਰਹੀਆਂ ਹਨ ਜਦੋਂ ਕਿ ਬਾਕੀ ਰਹਿੰਦੇ ਪਰਿਵਾਰਾਂ ਲਈ ਵੀ ਚਿੱਠੀਆਂ ਜਲਦੀ ਹੀ ਭੇਜ ਦਿੱਤੀਆਂ ਜਾਣਗੀਆਂ।ਉਹਨਾਂ ਦੱਸਿਆ ਕਿ ਉਹ ਨਿੱਜੀ ਤੌਰ 'ਤੇ ਇਹਨਾਂ ਕੇਸਾਂ ਦੀ ਪੈਰਵਈ ਕਰ ਰਹੇ ਹਨ ਅਤੇ ਉਹ ਯਕੀਨੀ ਬਣਾਉਣਗੇ ਕਿ ਪੀੜ੍ਹਤ ਪਰਿਵਾਰਾਂ ਨੂੰ ਨਾ ਸਿਰਫ ਨੌਕਰੀ ਤੇ ਮੁਆਵਜ਼ਾ ਮਿਲੇ ਬਲਕਿ ਜਿਹੜੇ ਧਰਤੀ 'ਤੇ ਵਾਪਰੀ ਇਸ ਸਭ ਤੋਂ ਖਤਰਨਾਕ ਨਸਲਕੁਸ਼ੀ ਦੇ ਦੋਸ਼ੀ ਹਨ, ਉਹਨਾਂ ਨੂੰ ਕੀਤੇ ਗੁਨਾਹਾਂ ਦੀ ਸਜ਼ਾ ਵੀ ਮਿਲੇ।ਸਰਦਾਰ ਸਿਰਸਾ ਨੇ ਕਿਹਾ ਕਿ ਸੱਜਣ ਕੁਮਾਰ ਇਕ ਕੇਸ ਵਿਚ ਉਮਰ ਕੈਦ ਕੱਟ ਰਿਹਾ ਹੈ ਜਦੋਂ ਕਿ ਸਰਵਸਤੀ ਵਿਹਾਰ ਦੇ ਦੂਜੇ ਕੇਸ ਜਿਸ ਵਿਚ ਪਿਓ ਪੁੱਤਰ ਦਾ ਕਤਲ ਕੀਤਾ ਗਿਆ ਵਿਚ, ਉਸਨੁੰ ਸਜ਼ਾ ਮਿਲਣੀ ਯਕੀਨੀ ਹੈ। ਉਹਨਾਂ ਕਿਹਾ ਕਿ ਉਹਨਾਂ ਕਿਹਾ ਕਿ ਇਸੇ ਤਰੀਕੇ ਜਗਦੀਸ਼ ਟਾਈਟਲਰ ਦੇ ਖਿਲਾਫ ਵੀ ਕੇਸ ਦੀ ਪੈਰਵੀ ਕੀਤੀ ਜਾ ਰਹੀ ਹੈ ਤੇ ਅਸੀਂ ਯਕੀਨੀ ਬਣਾਵਾਂਗੇ ਕਿ ਕਮਲਨਾਥ ਵੀ 1984 ਦੇ ਸਿੱਖ ਕਤਲੇਆਮ ਦੇ ਮਾਮਲੇ ਵਿਚ ਪੇਸ਼ੀਆਂ ਭੁਗਤੇ ਤੇ ਜੇਲ੍ਹ ਵੀ ਜਾਵੇ।
Comments (0)