ਹਾਕੀ ਦੇ ਸਭ ਤੋਂ ਵੱਧ ਅੰਤਰਰਾਸ਼ਟਰੀ ਮੈਚ ਖੇਡਣ ਵਾਲਾ ਖਿਡਾਰੀ ਮਨਪ੍ਰੀਤ ਸਿੰਘ

ਹਾਕੀ ਦੇ ਸਭ ਤੋਂ ਵੱਧ ਅੰਤਰਰਾਸ਼ਟਰੀ ਮੈਚ ਖੇਡਣ ਵਾਲਾ ਖਿਡਾਰੀ ਮਨਪ੍ਰੀਤ ਸਿੰਘ

ਪ੍ਰਿੰ: ਸਰਵਣ ਸਿੰਘ
ਮਨਪ੍ਰੀਤ ਸਿੰਘ ਮਿੱਠਾਪੁਰੀਆ ਊਧਮ ਸਿੰਘ ਸੰਸਾਰਪੁਰੀਏ ਵਾਂਗ ਹਾਕੀ ਦਾ ਬਾਬਾ ਬੋਹੜ ਬਣ ਰਿਹੈ। ਉਹ ਚਾਰ ਉਲੰਪਿਕ ਖੇਡਾਂ ਵਿੱਚ ਭਾਗ ਲੈ ਚੁੱਕੈ। ਲੰਡਨ-2012, ਰੀਓ-2016, ਟੋਕੀਓ-2020 ਤੇ ਪੈਰਿਸ-2024 ਦੀਆਂ ਉਲੰਪਿਕ ਖੇਡਾਂ ’ਚ ਹਾਕੀ ਖੇਡਣ ਦੇ ਜਲਵੇ ਵਿਖਾ ਚੁੱਕੈ। ਭਾਰਤ ਲਈ ਹਾਕੀ ਦਾ ਮੈਡਲ ਜਿੱਤਣ ਦੀ 41 ਸਾਲ ਲੰਮੀ ਔੜ ਪਿੱਛੋਂ ਬਤੌਰ ਕੈਪਟਨ ਉਲੰਪਿਕ ਖੇਡਾਂ ਦੇ ਜਿੱਤ-ਮੰਚ ’ਤੇ ਤਿਰੰਗਾ ਲਹਿਰਾ ਚੁੱਕੈ। ਨਾਲੇ ਅਜੇ ਕਿਹੜਾ ਬਸ ਹੈ! ਉਹ ਲਾਸ ਏਂਜਲਸ-2028 ਦੀਆਂ ਉਲੰਪਿਕ ਖੇਡਾਂ ਲਈ ਤਿਆਰੀ ਕਰੀ ਜਾ ਰਿਹੈ। ਜੇ ਪੰਜਵੀਂ ਵਾਰ ਵੀ ਭਾਰਤ ਦੀ ਉਲੰਪਿਕ ਹਾਕੀ ਟੀਮ ’ਚ ਚੁਣਿਆ ਗਿਆ ਤਾਂ ਹਾਕੀ ਦਾ ਸਭ ਤੋਂ ਵੱਧ ਵਾਰ ਉਲੰਪਿਕ ਖੇਡਾਂ ਖੇਡਣ ਵਾਲਾ ਖਿਡਾਰੀ ਬਣ ਜਾਵੇਗਾ। ਉਹ 430 ਕੌਮਾਂਤਰੀ ਮੈਚ ਖੇਡ ਕੇ ਸਭ ਤੋਂ ਵੱਧ ਅੰਤਰਰਾਸ਼ਟਰੀ ਮੈਚ ਖੇਡਣ ਵਾਲਾ ਖਿਡਾਰੀ ਤਾਂ ਜੂਨ 2026 ’ਚ ਬਣ ਹੀ ਚੁੱਕਾ ਹੈ।
ਉਸ ਨੇ ਭਾਰਤੀ ਹਾਕੀ ਟੀਮਾਂ ਦਾ ਮੈਂਬਰ ਤੇ ਕਪਤਾਨ ਬਣ ਕੇ ਅਨੇਕ ਮਾਣ ਸਨਮਾਨ ਹਾਸਲ ਕੀਤੇ ਹਨ ਤੇ ਦੇਸ਼ ਲਈ ਤਗ਼ਮੇ ਜਿੱਤਣ ਦੀਆਂ ਥਹੀਆਂ ਲਾ ਦਿੱਤੀਆਂ ਹਨ। ਉਨ੍ਹਾਂ ਵਿੱਚ ਉਲੰਪਿਕ ਖੇਡਾਂ ਦੇ 2 ਕਾਂਸੀ ਦੇ ਮੈਡਲ, ਏਸ਼ਿਆਈ ਖੇਡਾਂ ਦੇ 3 ਗੋਲਡ ਮੈਡਲ ਤੇ 1 ਕਾਂਸੀ ਦਾ ਮੈਡਲ, ਵਿਸ਼ਵ ਚੈਂਪੀਅਨਜ਼ ਟਰਾਫੀ ਦੇ 2 ਸਿਲਵਰ ਮੈਡਲ, ਵਿਸ਼ਵ ਹਾਕੀ ਲੀਗ ਦੇ 2 ਕਾਂਸੀ ਦੇ ਮੈਡਲ, ਕਾਮਨਵੈਲਥ ਖੇਡਾਂ ਦੇ 2 ਸਿਲਵਰ ਮੈਡਲ, ਏਸ਼ੀਅਨ ਚੈਂਪੀਅਨਜ਼ ਟਰਾਫੀ ਦੇ 4 ਗੋਲਡ ਮੈਡਲ ਤੇ 1 ਕਾਂਸੀ ਦਾ ਮੈਡਲ, ਏਸ਼ੀਅਨ ਕੱਪ ਦੇ 2 ਗੋਲਡ ਮੈਡਲ ਤੇ 1 ਸਿਲਵਰ ਮੈਡਲ ਅਤੇ ਸਾਊਥ ਏਸ਼ੀਅਨ ਗੇਮਜ਼ ’ਚੋਂ 1 ਸਿਲਵਰ ਮੈਡਲ ਨਾਲ ਕੁਲ 21 ਮੈਡਲ ਜਿੱਤੇ ਹਨ। ਅੰਤਰਰਾਸ਼ਟਰੀ ਖੇਡਾਂ ’ਚੋਂ 21 ਮੈਡਲ ਜਿੱਤਣੇ ਕਹਿ ਦੇਣੀ ਗੱਲ ਹੈ! ਇਨ੍ਹਾਂ ਤੋਂ ਬਿਨਾਂ ਦੁਵੱਲੇ ਅੰਤਰਰਾਸ਼ਟਰੀ ਮੈਚਾਂ ਤੇ ਨੈਸ਼ਨਲ ਪੱਧਰ ’ਤੇ ਟੂਰਨਾਮੈਂਟਾਂ ਦੇ ਕੱਪ ਜਿੱਤਣ ਦਾ ਤਾਂ ਕੋਈ ਲੇਖਾ ਹੀ ਨਹੀਂ। ਤੇ ਨਾ ਹੀ ਪੰਜਾਬ ਦੇ ਸਕੂਲਾਂ, ਕਾਲਜਾਂ ਜਾਂ ਸਥਾਨਕ ਟੂਰਨਾਮੈਂਟਾਂ ਦੀਆਂ ਜਿੱਤਾਂ ਦਾ ਕੋਈ ਹਿਸਾਬ ਹੈ। 16 ਸਾਲਾਂ ਤੋਂ ਉਹ ਲਗਾਤਾਰ ਮੁਕਾਬਲੇ ਦੇ ਮੈਚ ਖੇਡਦਾ ਆ ਰਿਹੈ ਤੇ ਕੋਈ ਪਤਾ ਨਹੀਂ ਕਦੋਂ ਤੱਕ ਖੇਡਦਾ ਰਹੇਗਾ?
ਉਸ ਨੂੰ ਭਾਰਤ ਸਰਕਾਰ ਵੱਲੋਂ ਅਰਜਨ ਐਵਾਰਡ ਤੇ ਮੇਜਰ ਧਿਆਨ ਚੰਦ ਖੇਡ ਰਤਨ ਐਵਾਰਡ ਮਿਲ ਚੁੱਕੇ ਹਨ। ਪਦਮ ਸ੍ਰੀ ਪਰਗਟ ਸਿੰਘ ਵਾਂਗ ਪਦਮ ਸ੍ਰੀ ਮਿਲਣਾ ਬਾਕੀ ਹੈ। ਵਿਸ਼ਵ ਹਾਕੀ ਫੈਡਰੇਸ਼ਨ ਵੱਲੋਂ ਉਸ ਨੂੰ 2019 ਦੇ ਸਾਲ ਦਾ ਸਰਬੋਤਮ ਹਾਕੀ ਖਿਡਾਰੀ ਦਾ ਐਵਾਰਡ ਵੀ ਮਿਲ ਚੁੱਕੈ। ਉਹ ਪਹਿਲਾ ਮੌਕਾ ਸੀ ਕਿ ਭਾਰਤ ਦੇ ਕਿਸੇ ਹਾਕੀ ਖਿਡਾਰੀ ਨੂੰ ਐੱਫ.ਆਈ.ਐੱਚ. ਵੱਲੋਂ ਬੈਸਟ ਪਲੇਅਰ ਆਫ ਦਿ ਯੀਅਰ ਐਵਾਰਡ ਨਾਲ ਸਨਮਾਨਿਆ ਗਿਆ। ਮਨਪ੍ਰੀਤ ਦਾ ਸਰੀਰਕ ਕੱਦ ਕਾਠ ਭਾਵੇਂ ਹਾਕੀ ਦੇ ਬਾਬਾ ਬੋਹੜ ਕਹੇ ਜਾਂਦੇ ਊਧਮ ਸਿੰਘ ਵਾਂਗ ਸਮੱਧਰ ਹੀ ਹੈ, ਪਰ ਕਾਰਗੁਜ਼ਾਰੀ ਬੜੀ ਕੱਦਾਵਰ ਹੈ। ਕੱਦ 5 ਫੁੱਟ 7 ਇੰਚ ਤੇ ਵਜ਼ਨ 66 ਕਿਲੋ ਹੈ। ਨੈਣ ਨਕਸ਼ ਤਿੱਖੇ ਤੇ ਰੰਗ ਰੂਪ ਕਣਕਵੰਨਾ। ਵੇਖਣ ਨੂੰ ਅਜੇ ਮੁੰਡਾ ਖੁੰਡਾ ਹੀ ਲੱਗਦੈ। ਸੰਗੀਤ ਪ੍ਰੇਮੀ ਹੈ, ਭੰਗੜੇ ਦਾ ਸ਼ੌਕੀਨ ਅਤੇ ‘ਚੱਕ ਦੇ ਇੰਡੀਆ’ ਤੇ ‘ਭਾਗ ਮਿਲਖਾ ਭਾਗ’ ਵਰਗੀਆਂ ਫਿਲਮਾਂ ਦਾ ਸੰਜੀਦਾ ਦਰਸ਼ਕ। ਮਿਡਫੀਲਡਰ ਵਜੋਂ ਹਾਕੀ ਖੇਡਦਾ ਉਹ ਸਾਰੇ ਮੈਦਾਨ ’ਚ ਊਰੀ ਵਾਂਗ ਘੁੰਮਦਾ ਦਿਸਦਾ ਹੈ।
41 ਸਾਲਾਂ ਬਾਅਦ ਭਾਰਤੀ ਹਾਕੀ ਟੀਮ ਨੂੰ ਫਿਰ ਵਿਸ਼ਵ ਦੀਆਂ ਉੱਪਰਲੀਆਂ ਤਿੰਨ ਟੀਮਾਂ ’ਚ ਗਿਣਿਆ ਜਾਣ ਲੱਗਾ ਜਿਸ ਦਾ ਸਿਹਰਾ ਮਨਪ੍ਰੀਤ ਸਿੰਘ ਦੀ ਕਪਤਾਨੀ ਸਿਰ ਵੀ ਹੈ। ਪੈਰਿਸ-2024 ਦੀਆਂ ਉਲੰਪਿਕ ਖੇਡਾਂ ’ਚ ਭਾਰਤੀ ਹਾਕੀ ਟੀਮ ਫਿਰ ਕਾਂਸੀ ਦਾ ਤਗ਼ਮਾ ਜਿੱਤੀ ਜਿਸ ਵਿੱਚ ਮਨਪ੍ਰੀਤ ਸਿੰਘ ਵੀ ਸ਼ਾਮਲ ਸੀ। ਹੁਣ ਵੇਖਣਾ ਹੋਵੇਗਾ ਕਿ ਲਾਸ ਏਂਜਲਸ-2028 ਵਿੱਚ ਭਾਰਤੀ ਟੀਮ ਵਿਕਟਰੀ ਸਟੈਂਡ ਦੇ ਕਿਹੜੇ ਪਾਸੇ ਖੜ੍ਹਦੀ ਹੈ?
ਮਨਪ੍ਰੀਤ ਸਿੰਘ ਦਾ ਜਨਮ ਪਿੰਡ ਮਿੱਠਾਪੁਰ ਜ਼ਿਲ੍ਹਾ ਜਲੰਧਰ ਵਿੱਚ ਬਲਜੀਤ ਸਿੰਘ ਦੇ ਘਰ ਮਾਤਾ ਮਨਜੀਤ ਕੌਰ ਦੀ ਕੁੱਖੋਂ 26 ਜੂਨ 1992 ਨੂੰ ਹੋਇਆ। ਉਸ ਦੇ ਪਿਤਾ ਨਿਮਨ ਕਿਸਾਨ ਸਨ ਤੇ ਮਾਤਾ ਘਰੇਲੂ ਸੁਆਣੀ। ਮਨਪ੍ਰੀਤ ਸਿੰਘ ਦੇ ਦੋ ਵੱਡੇ ਭਰਾ ਵੀ ਹਾਕੀ ਦੇ ਚੰਗੇ ਖਿਡਾਰੀ ਸਨ। ਉਨ੍ਹਾਂ ਨੂੰ ਖੇਡਦਿਆਂ ਤੇ ਇਨਾਮ ਲੈਂਦਿਆਂ ਵੇਖ ਕੇ ਉਹ ਵੀ ਹਾਕੀ ਖੇਡਣ ਵੱਲ ਖਿੱਚਿਆ ਗਿਆ, ਪਰ ਉਹਦੀ ਮਾਂ ਨਹੀਂ ਸੀ ਚਾਹੁੰਦੀ ਕਿ ਉਹ ਵੀ ਵੱਡੇ ਭਰਾਵਾਂ ਵਾਂਗ ਹਾਕੀ ਦੀਆਂ ਸੱਟਾਂ ਫੇਟਾਂ ਖਾਵੇ। ਉਸ ਨੇ ਇੱਕ ਵਾਰ ਮਨਪ੍ਰੀਤ ਨੂੰ ਕਮਰੇ ’ਚ ਤਾੜ ਵੀ ਦਿੱਤਾ ਸੀ ਕਿ ਹਾਕੀ ਖੇਡਣ ਨਾ ਜਾ ਸਕੇ, ਪਰ ਉਹ ਫਿਰ ਵੀ ਕਿਸੇ ਤਰ੍ਹਾਂ ਕਮਰੇ ’ਚੋਂ ਨਿਕਲ ਕੇ ਹਾਕੀ ਦੇ ਮੈਦਾਨ ’ਚ ਪਹੁੰਚ ਗਿਆ ਸੀ। ਉਦੋਂ ਕਿਸੇ ਦੇ ਖ਼ਾਬ ਖਿਆਲ ’ਚ ਵੀ ਨਹੀਂ ਹੋਣਾ ਕਿ ਜਿਸ ਬਾਲਕ ਨੂੰ ਹਾਕੀ ਖੇਡਣ ਤੋਂ ਵਰਜਦੇ ਹਾਂ ਉਹਦੇ ’ਚ ਵਿਸ਼ਵ ਦਾ ਸਰਬੋਤਮ ਹਾਕੀ ਖਿਡਾਰੀ ਬਣਨ ਦੀਆਂ ਸੰਭਾਵਨਾਵਾਂ ਛੁਪੀਆਂ ਪਈਆਂ ਸਨ। ਮਿੱਠਾਪੁਰ ਵੀ ਸੰਸਾਰਪੁਰ ਵਾਂਗ ਹਾਕੀ ਖਿਡਾਰੀਆਂ ਦੇ ਪਿੰਡ ਵਜੋਂ ਪ੍ਰਸਿੱਧ ਸੀ। ਪਦਮ ਸ੍ਰੀ ਪਰਗਟ ਸਿੰਘ  ਤਿੰਨ ਉਲੰਪਿਕਸ ਖੇਡਿਆ ਸੀ ਜਿਸ ਨੇ ਦੋ ਵਾਰ ਭਾਰਤੀ ਉਲੰਪਿਕ ਟੀਮਾਂ ਦੀ ਕਪਤਾਨੀ ਕੀਤੀ ਸੀ। ਉਲੰਪੀਅਨ ਮਨਦੀਪ ਸਿੰਘ ਵੀ ਮਿੱਠਾਪੁਰ ਦਾ ਹੀ ਹੈ। ਮਿੱਠਾਪੁਰ ਦੀ ਮਿੱਟੀ ਨੂੰ ਹੀ ਬਖ਼ਸ਼ ਹੈ ਕਿ ਉੱਥੋਂ ਹਾਕੀ ਦੇ ਵਧੀਆ ਖਿਡਾਰੀ ਕੁਦਰਤੀ ਉਪਜੀ ਜਾਂਦੇ ਹਨ।
ਟੋਕੀਓ ਉਲੰਪਿਕਸ ਜੋ 2021 ’ਚ ਹੋਈ, ਉਸ ਵਿੱਚ ਭਾਰਤੀ ਹਾਕੀ ਟੀਮ ਨੇ ਮਨਪ੍ਰੀਤ ਦੀ ਕਪਤਾਨੀ ਹੇਠ ਕੁਝ ਮੈਚ ਕਮਾਲ ਦੇ ਖੇਡੇ। ਖ਼ਾਸ ਕਰ ਕੇ ਤੀਜੇ ਚੌਥੇ ਸਥਾਨ ਵਾਲਾ ਮੈਚ। ਕਾਂਸੀ ਦੇ ਮੈਡਲ ਦੇ ਉਸ ਮੈਚ ’ਚ ਭਾਰਤ ਨੇ ਜਰਮਨੀ ਨੂੰ 5-4 ਗੋਲਾਂ ਨਾਲ ਹਰਾ ਕੇ ਕਾਂਸੀ ਦਾ ਤਗ਼ਮਾ ਜਿੱਤਿਆ। ਭਾਰਤੀ ਟੀਮ ਨੇ ਇਹ ਮਾਅਰਕਾ 1980 ਦੀਆਂ ਉਲੰਪਿਕ ਖੇਡਾਂ ਤੋਂ 41 ਸਾਲ ਬਾਅਦ ਮਾਰਿਆ। ਉਹਦੇ ਨਾਲ ਭਾਰਤੀ ਹਾਕੀ ਟੀਮ ਮੁੜ ਮੈਡਲ ਜਿੱਤਣ ਦੇ ਰਾਹ ਪੈ ਗਈ। ਟੋਕੀਓ ਦੀਆਂ ਉਲੰਪਿਕ ਖੇਡਾਂ ਵਿੱਚ ਮਨਪ੍ਰੀਤ ਸਿੰਘ ਤੇ ਮੈਰੀ ਕੋਮ ਭਾਰਤੀ ਦਲ ਦੇ ਝੰਡਾਬਰਦਾਰ ਸਨ। ਮਨਪ੍ਰੀਤ ਦਾ ਉਦੇਸ਼ ਹੈ ਕਿ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਖੇਡਾਂ ਨਾਲ ਜੋੜਿਆ ਜਾਵੇ ਤੇ ਵਲੰਟੀਅਰ ਸੇਵਾਵਾਂ ਵੱਲ ਪ੍ਰੇਰਿਆ ਜਾਵੇ। ਸਾਡੀ ਦੁਆ ਹੈ ਕਿ ਮਨਪ੍ਰੀਤ ਅਜੇ ਹੋਰ ਖੇਡੇ ਤੇ ਅਸੀਂ ਉਸ ਨੂੰ ਲਾਸ ਏਂਜਲਸ ਖੇਡਦਾ ਵੇਖੀਏ।