ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਅਤੇ ਜਥੇਦਾਰ ਦਾਦੂਵਾਲ ਨੇ ਅਧਿਆਤਮਿਕ ਵਿਚਾਰਾਂ ਦੀ ਸਾਂਝ ਪਾਈ

ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਅਤੇ ਜਥੇਦਾਰ ਦਾਦੂਵਾਲ ਨੇ  ਅਧਿਆਤਮਿਕ ਵਿਚਾਰਾਂ ਦੀ ਸਾਂਝ ਪਾਈ

ਤਲਵੰਡੀ ਸਾਬੋ/ਏ.ਟੀ.ਨਿਊਜ਼ : ਬਿਆਸ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਗੁਰਦੁਆਰਾ ਗੁਰੂ ਗ੍ਰੰਥਸਰ ਦਾਦੂ ਸਾਹਿਬ ਸਿਰਸਾ ਵਿਖੇ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਨੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਅਤੇ ਅਸਥਾਨ ਦੇ ਮੁੱਖ ਸੇਵਾਦਾਰ ਪ੍ਰਸਿੱਧ ਸਿੱਖ ਪ੍ਰਚਾਰਕ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਜਥੇਦਾਰ ਦਾਦੂਵਾਲ ਦੇ ਸਹਾਇਕ ਭਾਈ ਜਗਮੀਤ ਸਿੰਘ ਬਰਾੜ ਨੇ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਦੋਵਾਂ ਸ਼ਖ਼ਸੀਅਤਾਂ ਦਾ ਲੰਬੇ ਸਮੇਂ ਤੋਂ ਆਪਸੀ ਡੂੰਘਾ ਪਿਆਰ ਹੈ ਅਤੇ ਇਹ ਮੁਲਾਕਾਤ ਇੱਕ ਸ਼ਿਸ਼ਟਾਚਾਰ ਮਿਲਣੀ ਸੀ। ਇਸ ਮੁਲਾਕਾਤ ਦੌਰਾਨ ਦੋਵਾਂ ਸ਼ਖ਼ਸੀਅਤਾਂ ਵਿਚਕਾਰ ਅਧਿਆਤਮਿਕ ਵਿਚਾਰਾਂ ਦੀ ਸਾਂਝ ਪਾਈ ਗਈ ਅਤੇ ਧਾਰਮਿਕ ਸਮਾਜਿਕ ਵਿਸ਼ਿਆਂ ਉੱਤੇ ਬੜੇ ਸੁਹਿਰਦ ਅਤੇ ਸਤਿਕਾਰ ਭਰੇ ਮਾਹੌਲ ਵਿੱਚ ਵਿਚਾਰ-ਵਟਾਂਦਰਾ ਹੋਇਆ। ਇਸ ਮੌਕੇ ਬਾਬਾ ਗੁਰਿੰਦਰ ਸਿੰਘ ਜੀ ਦੇ ਦਰਸ਼ਨਾਂ ਅਤੇ ਸਵਾਗਤ ਲਈ ਵੱਡੀ ਗਿਣਤੀ ਵਿੱਚ ਉਨ੍ਹਾਂ ਦੀਆਂ ਸ਼ਰਧਾਲੂ ਸੰਗਤਾਂ ਗੁਰਦੁਆਰਾ ਸਾਹਿਬ ਵਿਖੇ ਪਹੁੰਚੀਆਂ ਹੋਈਆਂ ਸਨ। ਬਾਬਾ ਗੁਰਿੰਦਰ ਸਿੰਘ ਆਪਣੇ ਵਿਸ਼ੇਸ਼ ਹੈਲੀਕਾਪਟਰ ਰਾਹੀਂ ਤਕਰੀਬਨ 4 ਵਜੇ ਸਾਮ ਨੂੰ ਗੁਰਦੁਆਰਾ ਦਾਦੂ ਸਾਹਿਬ ਪੁੱਜੇ ਅਤੇ ਤਕਰੀਬਨ ਇੱਕ ਘੰਟਾ ਜਥੇਦਾਰ ਬਲਜੀਤ ਸਿੰਘ ਦਾਦੂਵਾਲ  ਨਾਲ ਬਿਤਾਇਆ। ਇਸ ਵਿਸ਼ੇਸ਼ ਮਿਲਣੀ ਦੀ ਧਾਰਮਿਕ ਰਾਜਨੀਤਿਕ ਹਲਕਿਆਂ ਅਤੇ ਇਲਾਕੇ ਦੀਆਂ ਸੰਗਤਾਂ ਵਿੱਚ ਵਿਸ਼ੇਸ਼ ਚਰਚਾ ਹੋ ਰਹੀ ਹੈ।