ਦੁਨੀਆ ਵਿੱਚ ਨਫ਼ਰਤ ਅਤੇ ਤੰਗ-ਨਜ਼ਰ ਰਾਸ਼ਟਰਵਾਦ ਨੂੰ ਝਟਕਾ
ਅਪੂਰਵਾਨੰਦ ਪ੍ਰੋਫ਼ੈਸਰ
ਇਜ਼ਰਾਇਲ ਹੁਣ ਨੇਤਨਯਾਹੂ ਤੋਂ ਆਜ਼ਾਦ ਹੋਣ ਦੇ ਰਾਹ ’ਤੇ ਹੈ। ਅਮਰੀਕਾ ਉੱਤੇ ਟਰੰਪ ਦੀ ਪਕੜ ਕੁਝ ਢਿੱਲੀ ਪਈ ਹੈ। ਬ੍ਰਾਜ਼ੀਲ ਨੇ ਸੁੱਖ ਦਾ ਸਾਹ ਲਿਆ ਹੈ ਕਿ ਉਹ ਬੋਲਸੋਨਾਰੋ ਤੋਂ ਬਚ ਗਿਆ ਹੈ। ਇਹ ਸਭ ਕੁਝ ਵੋਟਾਂ ਰਾਹੀਂ ਹੋਇਆ ਹੈ। ਤੁਸੀਂ ਇਸ ਨੂੰ ਸ਼ਾਂਤੀਪੂਰਨ ਕਹਿ ਸਕਦੇ ਹੋ, ਬਸ਼ਰਤੇ ਕਿ ਸ਼ਾਂਤੀ ਦਾ ਮਤਲਬ ਸਿਰਫ਼ ਖ਼ੂਨ-ਖ਼ਰਾਬਾ ਨਾ ਹੋਣਾ ਹੋਵੇ ਕਿਉਂਕਿ ਵੋਟਾਂ ਪੈਣ ਤੱਕ ਸਮਾਜ ਵਿੱਚ ਬੇਚੈਨੀ, ਕੁੜੱਤਣ ਅਤੇ ਨਫ਼ਰਤ ਜਾਣ-ਬੁੱਝ ਕੇ ਵਧਾਈ ਗਈ।
ਸਰਬੀਆ ਵਿੱਚ ਵਿਦਿਆਰਥੀਆਂ ਦੇ ਅੰਦੋਲਨ ਕਾਰਨ ਹੋਈਆਂ ਚੋਣਾਂ ਵਿੱਚ ਲੰਬੇ ਸਮੇਂ ਤੋਂ ਸੱਤਾ ’ਤੇ ਕਾਬਜ਼ ਪਾਰਟੀ ਨੂੰ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਿਆ। ਅਲਬਾਨੀਆ ਵਿੱਚ ਜਨਤਾ ਨੇ ਤਖ਼ਤਾ ਪਲਟ ਦਿੱਤਾ। ਫ਼ਰਾਂਸ, ਜਰਮਨੀ, ਇਕਵਾਡੋਰ, ਚਿਲੀ ਵਿੱਚ ਵਿਦਿਆਰਥੀ ਅਤੇ ਸਮਾਜ ਦੇ ਦੂਜੇ ਤਬਕੇ ਸੜਕਾਂ ’ਤੇ ਹਨ।
ਭਾਰਤ ਦੀ ਜਨਤਾ ਨੂੰ ਇਨ੍ਹਾਂ ਖ਼ਬਰਾਂ ਦੀ ਜਾਣਕਾਰੀ ਸ਼ਾਇਦ ਹੀ ਹੋਵੇ ਕਿਉਂਕਿ ਇੱਥੋਂ ਦੇ ਅਖ਼ਬਾਰਾਂ ਅਤੇ ਟੀ.ਵੀ. ਨੂੰ ਆਪਣੇ ਪਾਠਕਾਂ ਅਤੇ ਦਰਸ਼ਕਾਂ ਨੂੰ ਇਨ੍ਹਾਂ ਬਾਰੇ ਕੁਝ ਦੱਸਣ ਵਿੱਚ ਕੋਈ ਦਿਲਚਸਪੀ ਨਹੀਂ ਹੈ। ਜਦੋਂ ਕਦੇ ਉਹ ਇਨ੍ਹਾਂ ਦੀ ਚਰਚਾ ਕਰਦੇ ਵੀ ਹਨ ਤਾਂ ਨਕਾਰਾਤਮਕ ਤਰੀਕੇ ਨਾਲ ਅਤੇ ਲੋਕਾਂ ਨੂੰ ਡਰਾਉਣ ਲਈ। ਉਹ ਇਨ੍ਹਾਂ ਦੇ ਹਿੰਸਕ ਪੱਖ ’ਤੇ ਜ਼ੋਰ ਦਿੰਦੇ ਹਨ ਅਤੇ ਭਾਰਤ ਦੇ ਲੋਕਾਂ ਨੂੰ ਸਾਵਧਾਨ ਕਰਦੇ ਰਹਿੰਦੇ ਹਨ ਕਿ ਸਾਡੇ ਇੱਥੇ ਵੀ ਅਜਿਹਾ ਹੋ ਸਕਦਾ ਹੈ। ਨੇਪਾਲ ਅਤੇ ਸ੍ਰੀਲੰਕਾ ਵਿੱਚ ਇਸ ਤੋਂ ਪਹਿਲਾਂ ਹੋਏ ਵਿਦਿਆਰਥੀ ਅੰਦੋਲਨਾਂ ਬਾਰੇ ਉਹ ਅੱਜ ਤੱਕ ਅਜਿਹੀ ਹੀ ਭਾਸ਼ਾ ਵਿੱਚ ਗੱਲ ਕਰ ਰਹੇ ਹਨ।
ਇਜ਼ਰਾਇਲ, ਅਮਰੀਕਾ, ਬ੍ਰਾਜ਼ੀਲ ਦੇ ਚੋਣ ਨਤੀਜਿਆਂ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਹੁਣ ਦੁਨੀਆ ਤੰਗ-ਨਜ਼ਰ ਰਾਸ਼ਟਰਵਾਦ ਤੋਂ ਥੱਕ ਕੇ ਉਦਾਰ ਲੋਕਤੰਤਰ ਵੱਲ ਪਰਤ ਰਹੀ ਹੈ। ਪਰ ਹਰ ਜਗ੍ਹਾ ਲੋਕਤੰਤਰ ਦਾ ਮਤਲਬ ਵੱਖਰਾ ਹੈ। ਇਜ਼ਰਾਇਲ ਵਿੱਚ ਯਹੂਦੀਆਂ ਲਈ ਜੋ ਲੋਕਤੰਤਰ ਹੈ, ਉਹ ਗ਼ੈਰ-ਯਹੂਦੀ ਅਰਬ ਲੋਕਾਂ ਲਈ ਨਹੀਂ ਹੈ। ਨੇਤਨਯਾਹੂ (ਜੋ ਭ੍ਰਿਸ਼ਟ ਅਤੇ ਤਾਨਾਸ਼ਾਹ ਹੈ) ਨੂੰ ਸੱਤਾ ਤੋਂ ਹਟਾਉਣ ਲਈ ਹੁਣ ਯਹੂਦੀ ਪਾਰਟੀਆਂ ਨੂੰ ਅਰਬ ਲੋਕਾਂ ਦੀ ਮਦਦ ਲੈਣੀ ਪੈ ਰਹੀ ਹੈ। ਨੇਤਨਯਾਹੂ ਦੇ ਵਿਰੋਧੀ ਧੜੇ ਅਰਬ ਪਾਰਟੀਆਂ ਦੇ ਸਾਥ ਤੋਂ ਬਿਨਾਂ ਸਰਕਾਰ ਨਹੀਂ ਬਣਾ ਸਕਦੇ।
ਭਾਵੇਂ ਇਹ ਵਿਰੋਧੀ ਪਾਰਟੀਆਂ ਵੀ ਸੋਚ ਪੱਖੋਂ ਨੇਤਨਯਾਹੂ ਵਰਗੀਆਂ ਹੀ ਹਨ (ਯਾਨੀ ਇਹ ਵੀ ਇਜ਼ਰਾਇਲ ਨੂੰ ਸਿਰਫ਼ ਯਹੂਦੀਆਂ ਦਾ ਦੇਸ਼ ਮੰਨਦੀਆਂ ਹਨ ਅਤੇ ਅਰਬਾਂ ਨਾਲ ਵਿਤਕਰਾ ਕਰਦੀਆਂ ਹਨ), ਪਰ ਫ਼ਿਰ ਵੀ ਅਰਬ ਲੋਕ ਇਨ੍ਹਾਂ ਦਾ ਸਾਥ ਦੇ ਰਹੇ ਹਨ। ਕਿਉਂਕਿ ਇਸ ਵੇਲੇ ਅਰਬ ਲੋਕਾਂ ਦਾ ਸਭ ਤੋਂ ਵੱਡਾ ਟੀਚਾ ਸਿਰਫ਼ ਨੇਤਨਯਾਹੂ ਨੂੰ ਕੁਰਸੀ ਤੋਂ ਲਾਹੁਣਾ ਹੈ।
ਸੋ ਇਹ ਕਿਹਾ ਜਾ ਸਕਦਾ ਹੈ ਕਿ ਨੇਤਨਯਾਹੂ ਤੋਂ ਬਾਅਦ ਵੀ ਇਜ਼ਰਾਇਲ ਇੱਕ ਨਸਲਵਾਦੀ ਦੇਸ਼ ਹੀ ਰਹੇਗਾ। ਸੰਭਵ ਹੈ ਕਿ ਅਰਬ ਲੋਕਾਂ ਖ਼ਿਲਾਫ਼ ਬੇਰਹਿਮੀ ਘੱਟ ਹੋਵੇਗੀ ਪਰ ਨੀਤੀਗਤ ਹਿੰਸਾ ਬਣੀ ਰਹੇਗੀ। ਅਰਬ ਲੋਕਾਂ ਕੋਲ ਚੋਣ ਕਰਨ ਲਈ ਬਹੁਤੇ ਵਿਕਲਪ ਨਹੀਂ ਹਨ। ਇਸ ਲਈ ਉਹ ਉਸ ਵਿਅਕਤੀ ਦੀ ਅਗਵਾਈ ਵਾਲੀ ਸਰਕਾਰ ਨੂੰ ਸਮਰਥਨ ਦੇਣ ਲਈ ਤਿਆਰ ਹਨ ਜੋ ਇਜ਼ਰਾਈਲ ਦੀ ਫ਼ੌਜ ਆਈ.ਡੀ.ਐੱਫ਼. ਦਾ ਮੁਖੀ ਰਿਹਾ ਹੈ, ਜੋ ਅਰਬ ਅਤੇ ਫ਼ਲਸਤੀਨੀਆਂ ਖ਼ਿਲਾਫ਼ ਆਪਣੀ ਬੇਰਹਿਮੀ ਲਈ ਬਦਨਾਮ ਹੈ।
ਭਾਰਤ ਦੇ ਅਖ਼ਬਾਰਾਂ ਨੂੰ ਇਜ਼ਰਾਇਲ ਵਿੱਚ ਦਿਲਚਸਪੀ ਹੋਣੀ ਚਾਹੀਦੀ ਸੀ ਕਿਉਂਕਿ ਭਾਰਤ ਪਿਛਲੇ ਇੱਕ ਦਹਾਕੇ ਵਿੱਚ ਨੇਤਨਯਾਹੂ ਦਾ ਸਭ ਤੋਂ ਕਰੀਬੀ ਦੋਸਤ ਬਣ ਗਿਆ ਹੈ। ਨਰਿੰਦਰ ਮੋਦੀ ਨੇਤਨਯਾਹੂ ਨੂੰ ਆਪਣੇ ਯਾਰ ਵਾਂਗ ਪੇਸ਼ ਕਰਦੇ ਹਨ। ਭਾਰਤੀ ਜਨਤਾ ਪਾਰਟੀ ਅਤੇ ਆਰ.ਐੱਸ.ਐੱਸ. ਇਜ਼ਰਾਇਲ ਨੂੰ ਆਪਣਾ ਆਦਰਸ਼ ਮੰਨਦੇ ਹਨ ਕਿਉਂਕਿ ਉਸ ਨੇ ਅਰਬ ਲੋਕਾਂ ਨੂੰ ਸਫ਼ਲਤਾਪੂਰਵਕ ਦੂਜੇ ਦਰਜੇ ਦੇ ਨਾਗਰਿਕਾਂ ਵਿੱਚ ਤਬਦੀਲ ਕਰ ਦਿੱਤਾ ਹੈ। ਇਹੀ ਭਾਜਪਾ ਭਾਰਤ ਵਿੱਚ ਮੁਸਲਮਾਨਾਂ ਅਤੇ ਈਸਾਈਆਂ ਨਾਲ ਕਰਨਾ ਚਾਹੁੰਦੀ ਹੈ। ਪਰ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਭਾਜਪਾ ਅਤੇ ਭਾਰਤ ਦੇ ਮੀਡੀਆ ਦੀ ਕੋਈ ਪ੍ਰਤੀਕਿਰਿਆ ਨੇਤਨਯਾਹੂ ਦੇ ਪਤਨ ਤੋਂ ਬਾਅਦ ਨਹੀਂ ਆਈ ਹੈ।
ਬ੍ਰਾਜ਼ੀਲ ਵਿੱਚ ਬੜੀ ਮੁਸ਼ਕਿਲ ਨਾਲ ਲੋਕਤੰਤਰ ਬਚ ਸਕਿਆ ਹੈ।
ਲੋਕਤੰਤਰ ਦੇ ਇਸ ਸੰਘਰਸ਼ ਵਿੱਚ ਵੀ ਭਾਰਤ ਦੇ ਲੋਕਾਂ, ਇਸ ਦੇ ਮੀਡੀਆ, ਸਿਆਸੀ ਪਾਰਟੀਆਂ ਅਤੇ ਬੁੱਧੀਜੀਵੀ ਵਰਗ ਦੀ ਰੁਚੀ ਨਾ ਦੇ ਬਰਾਬਰ ਹੈ।
?ਜਿਸ ਤਬਦੀਲੀ ਨੇ ਭਾਰਤ ਦੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ, ਉਹ ਅਮਰੀਕਾ ਵਿੱਚ ਹੋਈ ਹੈ। ਅਮਰੀਕਾ ਦੇ ਹਾਊਸ ਅਤੇ ਸੈਨੇਟ ਵਿੱਚ ਰਿਪਬਲਿਕਨ ਪਾਰਟੀ ਦੀ ਜ਼ਬਰਦਸਤ ਹਾਰ ਅਤੇ ਡੈਮੋਕ੍ਰੇਟਿਕ ਪਾਰਟੀ ਦੀ ਬੇਮਿਸਾਲ ਜਿੱਤ ’ਤੇ ਭਾਰਤ ਵਿੱਚ ਜ਼ਰੂਰ ਚਰਚਾ ਹੈ। ਜਿਸ ਇੱਕ ਚੀਜ਼ ’ਤੇ ਧਿਆਨ ਗਿਆ ਹੈ, ਉਹ ਹੈ ਚੰਗੀ ਗਿਣਤੀ ਵਿੱਚ ਗ਼ੈਰ-ਅਮਰੀਕੀ ਮੂਲ ਦੇ ਸਿਆਸਤਦਾਨਾਂ ਦੀ ਜਿੱਤ।
ਯਹੂਦੀ ਅਤੇ ਇਸਾਈ ਬਹੁਗਿਣਤੀ ਵਾਲੇ ਇਲਾਕਿਆਂ ਤੋਂ ਅਰਬ, ਪਾਕਿਸਤਾਨੀ, ਅਫ਼ਰੀਕੀ, ਭਾਰਤੀ ਮੂਲ ਦੇ ਸਿਆਸਤਦਾਨਾਂ ਦੀ ਜਿੱਤ ਤੋਂ ਸਾਬਤ ਹੋਇਆ ਹੈ ਕਿ ਅਮਰੀਕਾ ਵਿੱਚ ਟਰੰਪ ਦੇ ਨਸਲਵਾਦੀ ਰਾਸ਼ਟਰਵਾਦ ਦੀ ਹਾਰ ਹੋਈ ਹੈ। ਅਮਰੀਕਾ ਦੇ ਵੋਟਰਾਂ ਨੇ ਅਤੇ ਉਨ੍ਹਾਂ ਵਿੱਚ ਇਸਾਈ ਅਤੇ ਯਹੂਦੀ ਵੱਡੀ ਗਿਣਤੀ ਵਿੱਚ ਸ਼ਾਮਲ ਹਨ, ਟਰੰਪ ਦੇ ਨਫ਼ਰਤ ਭਰੇ ਰਾਸ਼ਟਰਵਾਦ ਨੂੰ ਠੁਕਰਾ ਦਿੱਤਾ ਹੈ।
ਅਮਰੀਕਾ ਦੀਆਂ ਚੋਣਾਂ ਵਿੱਚ ਭਾਰਤੀਆਂ ਦੀ ਰੁਚੀ ਹੋਣੀ ਚਾਹੀਦੀ ਹੈ ਕਿਉਂਕਿ ਭਾਰਤੀ ਰਾਸ਼ਟਰਵਾਦੀਆਂ ਦੀ ਮਾਤ-ਭੂਮੀ ਜਾਂ ਪਿਤਰੀ-ਭੂਮੀ ਭਾਵੇਂ ਹੀ ਭਾਰਤ ਹੋਵੇ, ਜੋ ਉਨ੍ਹਾਂ ਦੀ ਚੋਣ ਨਹੀਂ ਸਗੋਂ ਜਨਮਗਤ ਮਜਬੂਰੀ ਹੈ, ਉਨ੍ਹਾਂ ਵਿੱਚੋਂ ਜ਼ਿਆਦਾਤਰ ਦੀ ਮਨਪਸੰਦ ਭੂਮੀ (ਇੱਛਤ ਭੂਮੀ) ਅਮਰੀਕਾ ਹੈ। ਉਨ੍ਹਾਂ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਅਮਰੀਕਾ ਆਪਣੀ ਕਿਸਮਤ ਦਾ ਫ਼ੈਸਲਾ ਕਰਨ ਦਾ ਅਧਿਕਾਰ ਉਨ੍ਹਾਂ ਲੋਕਾਂ ਨੂੰ ਖ਼ੁਸ਼ੀ-ਖ਼ੁਸ਼ੀ ਦੇ ਸਕਦਾ ਹੈ ਜੋ ਕੁਝ ਸਾਲ ਪਹਿਲਾਂ ਹੀ ਅਮਰੀਕੀ ਨਾਗਰਿਕ ਬਣੇ ਹਨ। ਉਹ ਸਾਰਿਆਂ ਨੂੰ ਨਾਲ ਲੈ ਕੇ ਚੱਲਣ (ਸ਼ਾਮਲ ਕਰਨ) ਵਾਲਾ ਲੋਕਤੰਤਰ ਹੈ, ਬਾਹਰ ਕੱਢਣ ਵਾਲਾ ਨਹੀਂ। ਕੀ ਭਾਰਤ ਅਮਰੀਕਾ ਤੋਂ ਕੁਝ ਸਿੱਖ ਸਕਦਾ ਹੈ?











Comments (0)