ਚੋਣਾਂ ਤੋਂ ਪਹਿਲਾਂ ਵਿਕਟੋਰੀਆ ਦੇ ਪ੍ਰੀਮੀਅਰ ਬੈਨ ਕੈਰੋਲ ਦਾ ਐਲਾਨ
ਮੈਲਬੌਰਨ/ਏ.ਟੀ.ਨਿਊਜ਼: ਆਸਟ੍ਰੇਲੀਆ ਦੇ ਸੂਬੇ ਵਿਕਟੋਰੀਆ ਵਿੱਚ ਵੱਸਦੇ ਸਿੱਖ ਭਾਈਚਾਰੇ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਬੂਰ ਪੈਂਦਾ ਨਜ਼ਰ ਆ ਰਿਹਾ ਹੈ। 28 ਨਵੰਬਰ ਨੂੰ ਹੋਣ ਵਾਲੀਆਂ ਸੂਬਾਈ ਚੋਣਾਂ ਦੇ ਮੱਦੇਨਜ਼ਰ ਲੇਬਰ ਪਾਰਟੀ ਨੇ ਵਿਕਟੋਰੀਆ ਦਾ ਪਹਿਲਾ ਸਿੱਖ ਸਕੂਲ ਸਥਾਪਤ ਕਰਨ ਲਈ 1.5 ਕਰੋੜ ਆਸਟ੍ਰੇਲੀਆਈ ਡਾਲਰ ਦੇ ਫੰਡ ਦਾ ਵੱਡਾ ਚੋਣ ਵਾਅਦਾ ਕੀਤਾ ਹੈ। ਸਿੱਖ ਭਾਈਚਾਰੇ ਵੱਲੋਂ ਇਸ ਫੈਸਲੇ ਦਾ ਭਰਵਾਂ ਸਵਾਗਤ ਕੀਤਾ ਜਾ ਰਿਹਾ ਹੈ।
ਸੂਬੇ ਦੇ ਮੁੱਖ ਮੰਤਰੀ (ਪ੍ਰੀਮੀਅਰ) ਬੈਨ ਕੈਰੋਲ ਨੇ ਇਹ ਐਲਾਨ ਪਿਛਲੇ ਦਿਨੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸਾਹਿਬ ਅਕਾਲ ਛਾਉਣੀ, ਲੈਂਗਵਾਰਿਨ ਵਿਖੇ ਸਜਾਏ ਗਏ ਨਗਰ ਕੀਰਤਨ ਦੌਰਾਨ ਕੀਤਾ ਸੀ। ਇਸ ਮੌਕੇ ‘ਸਿੱਖ ਵਲੰਟੀਅਰਜ਼ ਆਸਟ੍ਰੇਲੀਆ’ ਵੱਲੋਂ ਮੁੱਖ ਮੰਤਰੀ ਦਾ ਨਿੱਘਾ ਸਵਾਗਤ ਕੀਤਾ ਗਿਆ ਸੀ। ਪ੍ਰੀਮੀਅਰ ਬੈਨ ਕੈਰੋਲ ਨੇ ਕਿਹਾ ਸੀ ਕਿ ਹਰ ਪਰਿਵਾਰ ਨੂੰ ਆਪਣੇ ਧਰਮ ਅਤੇ ਕਦਰਾਂ-ਕੀਮਤਾਂ ਨਾਲ ਮੇਲ ਖਾਂਦੇ ਸਕੂਲ ਦੀ ਚੋਣ ਕਰਨ ਦਾ ਹੱਕ ਮਿਲਣਾ ਚਾਹੀਦਾ ਹੈ। ਉਪ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਗੈਬਰੀਏਲ ਵਿਲੀਅਮਜ਼ ਨੇ ਵੀ ਇਸ ਪਹਿਲਕਦਮੀ ਦੀ ਹਮਾਇਤ ਕਰਦਿਆਂ ਬਹੁ-ਸੱਭਿਆਚਾਰਕ ਵਿਕਟੋਰੀਆ ਪ੍ਰਤੀ ਸਰਕਾਰ ਦੀ ਵਚਨਬੱਧਤਾ ਦੁਹਰਾਈ।
ਪ੍ਰਸਤਾਵਿਤ 1.5 ਕਰੋੜ ਡਾਲਰ ਦੀ ਰਾਸ਼ੀ ਸਕੂਲ ਦੀ ਯੋਜਨਾਬੰਦੀ, ਸੰਭਾਵਨਾਵਾਂ ਦੇ ਅਧਿਐਨ ਅਤੇ ਇਮਾਰਤ ਦੀ ਉਸਾਰੀ ’ਤੇ ਖਰਚੀ ਜਾਵੇਗੀ। ਇਸ ਸਕੂਲ ਵਿੱਚ ਵਿਕਟੋਰੀਆ ਦੇ ਸਰਕਾਰੀ ਪਾਠਕ੍ਰਮ ਦੇ ਨਾਲ-ਨਾਲ ਬੱਚਿਆਂ ਨੂੰ ਸਿੱਖ ਧਰਮ, ਇਤਿਹਾਸ, ਪੰਜਾਬੀ ਭਾਸ਼ਾ ਅਤੇ ਸੱਭਿਆਚਾਰਕ ਵਿਰਸੇ ਦੀ ਸਿੱਖਿਆ ਦਿੱਤੀ ਜਾਵੇਗੀ। ਇਸ ਤੋਂ ਇਲਾਵਾ, ਲੇਬਰ ਪਾਰਟੀ ਨੇ ਧਾਰਮਿਕ ਅਤੇ ਸੁਤੰਤਰ ਸਕੂਲਾਂ ਦੇ ਨਵੀਨੀਕਰਨ ਲਈ 50 ਕਰੋੜ ਡਾਲਰ, ਮੰਦਰਾਂ ਤੇ ਗੁਰਦੁਆਰਿਆਂ ਦੀ ਸੁਰੱਖਿਆ ਲਈ 1.2 ਕਰੋੜ ਡਾਲਰ ਅਤੇ ਸਿੱਖ ਹੈਲਪਲਾਈਨ ਲਈ 10 ਲੱਖ ਡਾਲਰ ਦੇਣ ਦਾ ਐਲਾਨ ਵੀ ਕੀਤਾ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਸਿੱਖ ਵਲੰਟੀਅਰਜ਼ ਆਸਟ੍ਰੇਲੀਆ ਨੇ ਮੁੱਖ ਮੰਤਰੀ ਨਾਲ ਮੁਲਾਕਾਤ ਕਰਕੇ ਸਿੱਖ ਸਕੂਲ ਤੋਂ ਇਲਾਵਾ ਅਦਾਲਤਾਂ ਅਤੇ ਮੈਲਬੌਰਨ ਕ੍ਰਿਕਟ ਗਰਾਊਂਡ ਵਿੱਚ ਅੰਮ੍ਰਿਤਧਾਰੀ ਸਿੱਖਾਂ ਨੂੰ ਕਿਰਪਾਨ ਪਹਿਨਣ ਦੀ ਛੋਟ, ਅਤੇ ਉਸਾਰੀ ਵਾਲੀਆਂ ਥਾਵਾਂ ਤੇ ਮੋਟਰਸਾਈਕਲ ਚਲਾਉਣ ਸਮੇਂ ਦਸਤਾਰਧਾਰੀ ਸਿੱਖਾਂ ਨੂੰ ਹੈਲਮੈਂਟ ਤੋਂ ਛੋਟ ਦੇਣ ਦੀਆਂ ਮੰਗਾਂ ਰੱਖੀਆਂ ਸਨ। ਸਿੱਖਿਆ ਮੰਤਰੀ ਨੇ ਭਰੋਸਾ ਦਿੱਤਾ ਕਿ ਸਰਕਾਰ ਅਦਾਲਤਾਂ ਵਿੱਚ ਕਿਰਪਾਨ ਦੀ ਛੋਟ ’ਤੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ।
ਚੋਣ ਵਾਅਦੇ ’ਤੇ ਸਿਆਸੀ ਘਮਾਸਾਣ ਅਤੇ ਆਲੋਚਨਾ
ਜਿੱਥੇ ਇੱਕ ਪਾਸੇ ਸਿੱਖ ਭਾਈਚਾਰਾ ਇਸ ਐਲਾਨ ਨੂੰ ਇਤਿਹਾਸਕ ਦੱਸ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਚੋਣਾਂ ਤੋਂ ਐਨ ਪਹਿਲਾਂ ਕੀਤੇ ਗਏ ਇਸ ਐਲਾਨ ਦੀ ਆਲੋਚਨਾ ਵੀ ਸ਼ੁਰੂ ਹੋ ਗਈ ਹੈ। ਆਸਟ੍ਰੇਲੀਆਈ ਨਿਊਜ਼ ਚੈਨਲ ‘ਨਿਊਜ਼ 24’ ਦੀ ਐਂਕਰ ਡੈਨਿਕਾ ਡੀ ਜਾਰਜੀਓ ਸਮੇਤ ਕਈ ਆਲੋਚਕਾਂ ਨੇ ਲੇਬਰ ਸਰਕਾਰ ਦੇ ਇਸ 1.5 ਕਰੋੜ ਡਾਲਰ ਦੇ ਵਾਅਦੇ ’ਤੇ ਸਵਾਲ ਚੁੱਕਦਿਆਂ ਇਸ ਦੀ ਨਿਖੇਧੀ ਕੀਤੀ ਹੈ। ਵਿਰੋਧੀਆਂ ਵੱਲੋਂ ਇਸ ਨੂੰ ਵੋਟ ਬੈਂਕ ਦੀ ਸਿਆਸਤ ਵਜੋਂ ਦੇਖਿਆ ਜਾ ਰਿਹਾ ਹੈ, ਜਦਕਿ ਲੇਬਰ ਪਾਰਟੀ ਨੇ ਵਿਰੋਧੀ ਲਿਬਰਲ-ਵਨ ਨੇਸ਼ਨ ਗੱਠਜੋੜ ’ਤੇ ਜਨਤਕ ਸੇਵਾਵਾਂ ਅਤੇ ਸਕੂਲਾਂ ਦੇ ਬਜਟ ਵਿੱਚ 4,000 ਕਰੋੜ ਡਾਲਰ ਦੀ ਕਟੌਤੀ ਕਰਨ ਦੇ ਦੋਸ਼ ਲਾਏ ਹਨ। ਫਿਲਹਾਲ, ਇਹ ਸਕੂਲ ਹੋਂਦ ਵਿੱਚ ਆਵੇਗਾ ਜਾਂ ਨਹੀਂ, ਇਹ 28 ਨਵੰਬਰ ਨੂੰ ਹੋਣ ਵਾਲੀਆਂ ਚੋਣਾਂ ਵਿੱਚ ਲੇਬਰ ਪਾਰਟੀ ਦੀ ਮੁੜ ਸੱਤਾ ਵਿੱਚ ਵਾਪਸੀ ’ਤੇ ਨਿਰਭਰ ਕਰੇਗਾ।











Comments (0)