ਮਿਕਸਡ ਮਾਰਸ਼ਲ ਆਰਟਸ ਤੇ ਮੂਏ ਥਾਈ ਫ਼ਾਈਟਰ ਪ੍ਰਭਜੋਤ ਸਿੰਘ ਮਾਨ ਦਾ ਦੇਹਾਂਤ

ਮਿਕਸਡ ਮਾਰਸ਼ਲ ਆਰਟਸ ਤੇ ਮੂਏ ਥਾਈ ਫ਼ਾਈਟਰ ਪ੍ਰਭਜੋਤ ਸਿੰਘ ਮਾਨ ਦਾ ਦੇਹਾਂਤ

ਕੈਲੀਫ਼ੋਰਨੀਆ/ਏ.ਟੀ.ਨਿਊਜ਼ : ਅਮਰੀਕਾ ਦੇ ਕੈਲੀਫ਼ੋਰਨੀਆ ਵਿੱਚ ਰਹਿੰਦੇ ਪੰਜਾਬੀ ਮੂਲ ਦੇ ਉੱਭਰਦੇ ਮਿਕਸਡ ਮਾਰਸ਼ਲ ਆਰਟਸ ਤੇ ਮੂਏ ਥਾਈ ਫ਼ਾਈਟਰ ਪ੍ਰਭਜੋਤ ਸਿੰਘ ਮਾਨ (25) ਦੀ ਸਪੇਨ ਵਿੱਚ ਇੱਕ ਮੁਕਾਬਲੇ ਦੌਰਾਨ ਸਿਰ ਵਿੱਚ ਗੰਭੀਰ ਸੱਟ ਲੱਗਣ ਕਾਰਨ ਮੌਤ ਹੋ ਗਈ ਹੈ। ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਬਿਗਰਾ ਨਾਲ ਸਬੰਧਤ ਪਰਵਾਸੀ ਪਰਿਵਾਰ ਦੇ ਇਸ ਨੌਜਵਾਨ ਨੇ ਪਿਛਲੇ ਦਿਨੀਂ ਇਲਾਜ ਦੌਰਾਨ ਦਮ ਤੋੜ ਦਿੱਤਾ।
ਪ੍ਰਭਜੋਤ ਸਿੰਘ ਮਾਨ (25) ਦੇ ਕੁਝ ਦਿਨ ਪਹਿਲਾਂ ਇਹ ਭਿਆਨਕ ਸੱਟ ਲੱਗੀ ਸੀ ਅਤੇ ਉਸ ਨੂੰ ਏਅਰਲਿਫ਼ਟ ਕਰਕੇ ਇੱਕ ਸਥਾਨਕ ਯੂਨੀਵਰਸਿਟੀ ਹਸਪਤਾਲ ਲਿਜਾਇਆ ਗਿਆ ਸੀ, ਜਿੱਥੇ ਉਹ  ਦਮ ਤੋੜਨ ਤੋਂ ਪਹਿਲਾਂ ਇੰਟੈਂਸਿਵ ਕੇਅਰ ਯੂਨਿਟ ਵਿੱਚ ਜ਼ੇਰੇ-ਇਲਾਜ ਰਿਹਾ।
ਕੈਲੀਫ਼ੋਰਨੀਆ ਦੇ ਫ਼ਰਿਜ਼ਨੋ ਦਾ ਰਹਿਣ ਵਾਲਾ ਮਾਨ ਸੈਂਟਰਲ ਵੈਲੀ ਦੇ ਸਿੱਖ ਭਾਈਚਾਰੇ ਨਾਲ ਡੂੰਘਾਈ ਨਾਲ ਜੁੜਿਆ ਹੋਇਆ ਸੀ। ਮਿਕਸਡ ਮਾਰਸ਼ਲ ਆਰਟਸ  ਫ਼ਾਈਟਰ ਹੋਣ ਦੇ ਨਾਲ-ਨਾਲ ਉਹ ਇੱਕ ਮਸ਼ਹੂਰ ਭੰਗੜਾ ਕਲਾਕਾਰ ਵੀ ਸੀ।
ਉਹ ਸਵੈ-ਇੱਛਾ ਨਾਲ ਸਥਾਨਕ ਨੌਜਵਾਨਾਂ ਦਾ ਮਾਰਗਦਰਸ਼ਨ ਕਰਦਾ ਸੀ ਅਤੇ ਰਵਾਇਤੀ ਭੰਗੜਾ ਨਾਚ ਸਿਖਾਉਂਦਾ ਸੀ।
ਭਾਰਤੀਆਂ, ਖ਼ਾਸ ਕਰਕੇ ਸਿੱਖ ਭਾਈਚਾਰੇ ਨੇ ਇਸ ਘਟਨਾ ’ਤੇ ਡੂੰਘੇ ਸਦਮੇ ਅਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਮਾਨ ਨੂੰ ਭਾਵੁਕ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। ਜਦੋਂ ਉਸ ਨੂੰ ਸਪੇਨ ਤੋਂ ਅਮਰੀਕਾ ਲਿਆਂਦਾ ਗਿਆ ਸੀ, ਤਾਂ ਉਸ ਦੇ ਇਲਾਜ ਲਈ ਫ਼ੰਡ ਇਕੱਠਾ ਕਰਨ ਦੀ ਮੁਹਿੰਮ ਵੀ ਸ਼ੁਰੂ ਕੀਤੀ ਗਈ ਸੀ।