ਸਿੱਖ ਕੌਮ ਦਾ ਮਹਾਨ ਯੋਧਾ, ਅਮਰ ਸ਼ਹੀਦ ਬਾਬਾ ਜੀਵਨ ਸਿੰਘ
ਧੰਨ ਜੈਤੇ ਸਿੱਖਾ ਤੂੰ ਰੱਖੀ ਸਿੱਖੀ , ਖੰਡਿਓਂ ਤਿੱਖੀ ਵਾਲੋਂ ਨਿੱਕੀ , ਤੁਮ ਰੰਘਰੇਟੇ ਗੁਰੂ ਕੇ ਬੇਟੇ ਰਹੇ ਪੰਥ ਕੇ ਸੰਗ ਅਮੇਟੇ,
ਪੰਜਾਬ ਦੀ ਧਰਤੀ ਮਹਾਨ ਗੁਰੂਆਂ , ਸੂਰਬੀਰਾਂ ਅਤੇ ਯੋਧਿਆਂ ਦੀ ਧਰਤੀ ਹੈ। ਇੱਥੋਂ ਦੇ ਲੋਕਾਂ ਨੂੰ ਮੱਧਕਾਲ ਤੋਂ ਹੀ ਦੇਸੀ ਵਿਦੇਸ਼ੀ ਹਾਕਮਾਂ ਵੱਲੋਂ ਕੀਤੇ ਜਾਂਦੇ ਜ਼ੁਲਮਾਂ ਦਾ ਸਾਹਮਣਾ ਕਰਨਾ ਪਿਆ ਹੈ । ਇੱਥੋਂ ਦੇ ਲੋਕਾਂ ਨੇ ਆਪਣੇ ਜਾਨ ਮਾਲ ਦੀ ਪਰਵਾਹ ਨਾ ਕਰਦੇ ਹੋਏ ਜ਼ੁਲਮਾਂ ਦਾ ਟਾਕਰਾ ਕੀਤਾ ਹੈ। ਸਿੱਖ ਇਤਿਹਾਸ ਅਨੇਕਾਂ ਸੂਰਬੀਰਾਂ , ਮਹਾਂਪੁਰਸ਼ਾਂ ਯੋਧਿਆਂ ਦੀਆਂ ਕੁਰਬਾਨੀਆਂ ਨਾਲ ਭਰਿਆ ਪਿਆ ਹੈ, ਅਜਿਹੇ ਸ਼ਹੀਦਾਂ ਵਿੱਚੋਂ ਸ਼ਹੀਦ ਬਾਬਾ ਜੀਵਨ ਸਿੰਘ ਵੀ ਇੱਕ ਹਨ । ਬਾਬਾ ਜੀਵਨ ਸਿੰਘ ਦੇ ਵੰਸ਼ਜ ਗਾਗੋ ਮਾਹਲ ਦੇ ਰਹਿਣ ਵਾਲੇ ਸਨ । ਗੱਗੋਮਾਹਲ ਵਿਖੇ ਹੀ ਭਾਈ ਸਦਾ ਨੰਦ ਦੇ ਘਰ 05 ਸਤੰਬਰ 1649 ਈਸਵੀ ਨੂੰ ਬੀਬੀ ਪ੍ਰੇਮੋ ਦੀ ਕੁੱਖੋਂ ਭਾਈ ਜੈਤਾ ਜੀ ਦਾ ਜਨਮ ਹੋਇਆ । ਸੰਮਤ 1766 ਵਿਚ ਭਾਈ ਗੁਰਬਖਸ਼ ਸਿੰਘ ਦੀ ਪ੍ਰੇਰਨਾ ਸਦਕਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਅੰਮ੍ਰਿਤ ਪਾਨ ਕਰ ਕੇ ਭਾਈ ਜੈਤਾ ਜੀ ਤੋਂ ਬਾਬਾ ਜੀਵਨ ਸਿੰਘ ਜੀ ਬਣ ਗਏ । ਆਪ ਜੀ ਆਨੰਦਪੁਰ ਸਾਹਿਬ ਜਾਣ ਤੋਂ ਪਹਿਲਾਂ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਜੀ , ਸ੍ਰੀ ਹਰਕ੍ਰਿਸ਼ਨ ਅਤੇ ਸ੍ਰੀ ਹਰਿ ਰਾਇ ਜੀ ਦੀ ਸੇਵਾ ਕਰਦੇ ਰਹੇ । ਜਦੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਮਾਖੋਵਾਲ (ਆਨੰਦਪੁਰ ਸਾਹਿਬ) ਰਹਿਣ ਲੱਗ ਪਏ ਤਾਂ ਭਾਈ ਜੈਤਾ ਜੀ ਵੀ ਉਨ੍ਹਾਂ ਦੀ ਛਤਰ ਛਾੲਿਅਾ ਵਿੱਚ ਉੱਥੇ ਹੀ ਰਹਿਣ ਲੱਗ ਪਏ ਸਨ। ਸੰਮਤ 1732 ਵਿਚ ਮੁਗਲ ਸਮਰਾਟਾਂ ਦੇ ਜ਼ੁਲਮਾਂ ਤੋਂ ਤੰਗ ਆਏ ਕਸ਼ਮੀਰੀ ਪੰਡਤਾਂ ਦੀ ਰੱਖਿਆ ਲਈ ਮੁਗਲ ਸਰਦਾਰ ਦੇ ਬੁਲਾਉਣ ਤੇ ਜਦੋਂ ਨੌਂਵੇ ਪਾਤਸ਼ਾਹ ਦਿੱਲੀ ਗਏ ਤਾਂ ਉਸ ਸਮੇਂ ਭਾਈ ਜੈਤਾ ਜੀ ,ਭਾਈ ਗੁਰਦਿੱਤਾ ਨਾਲ ਦਿੱਲੀ ਚਲੇ ਗਏ ਸਨ। ਭਾਈ ਗੁਰਦਿੱਤਾ ਜੀ ਨੇ ਭਾਈ ਜੈਤਾ ਜੀ ਨੂੰ ਗੁਰੂ ਤੇਗ ਬਹਾਦਰ ਜੀ ਸ਼ਹੀਦੀ ਤਕ ਉੱਥੇ ਠਹਿਰਨ ਲਈ ਕਿਹਾ । 23 ਦਸੰਬਰ ਮੱਘਰ ਸੁਦੀ 04 ਸੰਮਤ 1732 ਵਿੱਚ ਦਿੱਲੀ ਦੇ ਚਾਂਦਨੀ ਚੌਕ ਵਿੱਚ ਸ੍ਰੀ ਤੇਗ ਬਹਾਦਰ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ । ਇਸ ਤੋਂ ਬਾਅਦ ਦਿੱਲੀ ਵਿਖੇ ਰਹਿੰਦੇ ਭਾਈ ਜੈਤਾ ਜੀ ਨੇ ਆਪਣੇ ਪਿਤਾ ਸਦਾਨੰਦ ਅਤੇ ਤਾਇਆ ਆਗਿਆ ਰਾਮ ਨਾਲ ਸਲਾਹ ਮਸ਼ਵਰਾ ਕਰਕੇ ਦਿੱਲੀ ਚਾਂਦਨੀ ਚੌਕ ਦੇ ਕੋਤਵਾਲ ਖਵਾਜਾ ਅਬਦੁੱਲਾ ਨਾਲ ਗੁਪਤ ਵਿਉਂਤਬੰਦੀ ਕਰਕੇ ਸੀਸ ਬਦਲੇ ਸੀਸ ਰੱਖਣ ਦਾ ਮਤਾ ਪਾਸ ਕਰ ਦਿੱਤਾ । ਸੋ ਇਸ ਤਰ੍ਹਾਂ ਭਾਈ ਜੈਤਾ ਜੀ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸੀਸ ਦੀ ਥਾਂ ਤੇ ਆਪਣੇ ਪਿਤਾ ਭਾਈ ਸਦਾ ਨੰਦ ਜੀ ਦੀ ੲਿੱਛਾ ਅਨੁਸਾਰ ਉਨ੍ਹਾਂ ਦਾ ਸੀਸ ਆਪਣੇ ਹੱਥੀਂ ਕੱਟ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸੀਸ ਨਾਲ ਬਦਲ ਕੇ ਚੁੱਕ ਲਿਆ ਅਤੇ ਬੜੀ ਬਹਾਦਰੀ , ਸੂਰਮਗਤੀ ਦਿਖਾਉਂਦੇ ਹੋਏ 322 ਮੀਲ ਦਾ ਜੰਗਲੀ ਪੈਂਡਾ ਤੈਅ ਕਰਦਿਆਂ , ਦੁਸ਼ਮਣਾਂ ਤੋਂ ਅੱਖ ਬਚਾਉਂਦਿਆਂ ਆਪਣੀ ਯੋਗਤਾ ਤੇ ਬਹਾਦਰੀ ਨਾਲ ਉਹ 15 ਨਵੰਬਰ ਨੂੰ ਗੁਰੂ ਤੇਗ ਬਹਾਦਰ ਜੀ ਦਾ ਸੀਸ ਲੈ ਕੇ ਆਨੰਦਪੁਰ ਸਾਹਿਬ ਬਾਲ ਗੋਬਿੰਦ ਰਾਏ ਜੀ ਕੋਲ ਪਹੁੰਚੇ ।
ਉਨ੍ਹਾਂ ਦੀ ਇਸ ਲਾਸਾਨੀ ਕੁਰਬਾਨੀ ਨੂੰ ਦੇਖਦੇ ਹੋਏ ਦਸਵੇਂ ਗੁਰੂ ਜੀ ਨੇ ਭਾਈ ਜੈਤਾ ਜੀ ਨੂੰ ਗਲਵੱਕੜੀ ਵਿੱਚ ਲੈ ਕੇ "ਰੰਘਰੇਟਾ ਗੁਰੂ ਕਾ ਬੇਟਾ" ਮਾਣ ਦਿੱਤਾ ਅਤੇ ਉਨ੍ਹਾਂ ਨੂੰ ਫ਼ੌਜ ਦਾ ਜਰਨੈਲ ਬਣਾ ਕੇ ਅਨੰਦਗੜ੍ਹ ਕਿਲ੍ਹੇ ਵਿਖੇ ਆਪਣੇ ਬਿਲਕੁਲ ਨਾਲ ਉਨ੍ਹਾਂ ਦੀ ਰਿਹਾਇਸ਼ ਰੱਖੀ । ਭਾਈ ਜੀਵਨ ਸਿੰਘ ਯੁੱਧ ਨੀਤੀ ਵਿਚ ਮਾਹਰ ਯੋਧੇ ਸਨ ਅਤੇ ਉਨ੍ਹਾਂ ਵੱਲੋਂ ਰਚਿਤ ਇਕ ਗ੍ਰੰਥ "ਸ੍ਰੀ ਗੁਰੂ ਕਥਾ " ਵਿੱਚ ਉਨ੍ਹਾਂ ਵੱਲੋਂ ਦਸਵੇਂ ਗੁਰੂ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਛਤਰ ਛਾਇਆ ਹੇਠ ਬਿਤਾੲੇ ਸਮੇਂ ਦਾ ਜ਼ਿਕਰ ਵੀ ਕੀਤਾ ਗਿਆ ਹੈ । ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਨ੍ਹਾਂ ਦੀ ਲਾਸਾਨੀ ਕੁਰਬਾਨੀ ਦਾ ਮਾਣ ਕਰਦੇ ਹੋਏ ਉਨ੍ਹਾਂ ਨੂੰ ਕਿਹਾ ਸੀ ਕਿ "ਤੁਸੀਂ ਆਪਣੇ ਇਸ਼ਟ ਦੇ ਪੱਕੇ, ਮਜ਼੍ਹਬ ਦੇ ਪੱਕੇ ਹੋ ਅਤੇ ਮਜ਼੍ਹਬੀ ਸਿੰਘ ਰੰਘਰੇਟੇ ਹੋ, ਅਤੇ ੲਿਸ ਤਰਾਂ ੳੁਹਨਾਂ ਨੂੰ ਗੁਰੂ ਕੇ ਬੇਟੇ ਦਾ ਮਾਣ ਬਖਸ਼ਿਆ ਗਿਆ। ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੋਂ ਪਿੱਛੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਗੁਰਗੱਦੀ ਤੇ ਬੈਠੇ ਅਤੇ ਉਨ੍ਹਾਂ ਨੇ ਸੰਮਤ 1741 ਵਿੱਚ ਰਣਜੀਤ ਨਗਾਰਾ ਬਣਾਇਆ ਅਤੇ ਭਾਈ ਜੈਤਾ ਜੀ ਨੇ ਸੰਮਤ 1742 ਤੋਂ 1762 ਤਕ ਬਤੌਰ ਨਗਾਰਚੀ ਇਹ ਸੇਵਾ ਵੀ ਨਿਭਾਈ ਸੀ । ਭਾਈ ਜੈਤਾ ਜੀ ਨੇ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਸ਼ਸਤਰ ਵਿੱਦਿਆ ਵੀ ਸਿਖਾਈ ਸੀ । ਭਾਈ ਜੀਵਨ ਸਿੰਘ ਜੀ ਦਾ ਵਿਆਹ , ਭਾਈ ਸੁਜਾਨ ਸਿੰਘ ਰਿਆੜਕੀ ਪਰਗਾਨਾ ਪੱਟੀ ਦੀ ਪੁੱਤਰੀ ਮਾਤਾ ਰਾਜ ਕੌਰ ਨਾਲ ਹੋਇਆ। ਭਾਈ ਜੀਵਨ ਸਿੰਘ ਦੇ ਘਰ ਮਾਤਾ ਰਾਜ ਕੌਰ ਦੀ ਕੁੱਖੋਂ ਚਾਰ ਪੁੱਤਰ ਗੁਰਦਿਆਲ ਸਿੰਘ, ਗੁਲਜਾਰ ਸਿੰਘ, ਸੁੱਖਾ ਸਿੰਘ ਅਤੇ ਸੇਵਾ ਸਿੰਘ ਪੈਦਾ ਹੋਏ । ਮਾਤਾ ਰਾਜ ਕੌਰ ਸੰਮਤ 1745 ਤੋਂ 1760 ਤੱਕ ਆਪਣੇ ਪਤੀ ਨਾਲ ਆਨੰਦਪੁਰ ਰਹੇ। ਅਨੰਦਪੁਰ ਦਾ ਯੁੱਧ ਛਿੜਨ ਤੋਂ ਪਹਿਲਾਂ ਬਾਬਾ ਜੀ ਨੇ ਮਾਤਾ ਰਾਜ ਕੌਰ ਨੂੰ ਬੱਚਿਆਂ ਸਮੇਤ ਪਿੰਡ ਝੰਡੇ ਰਾਮਦਾਸਪੁਰ ਭੇਜ ਦਿੱਤਾ । ਭਾਈ ਜੀਵਨ ਸਿੰਘ ਜੀ ਨੇ ਗੁਰੂ ਸਾਹਿਬ ਦੇ ਨਾਲ ਰਹਿ ਕੇ ਕਈ ਜੰਗਾਂ ਲੜੀਆਂ ਲੜੀਆਂ ।
ਉਨ੍ਹਾਂ ਦੀ ਬਹਾਦਰੀ, ਯੋਗਤਾ ਅਤੇ ਕਾਰਜ ਕੁਸ਼ਲਤਾ ਨੂੰ ਵੇਖਦੇ ਹੋਏ ਸੂਬਾ ਸਰਹੰਦ ਅਤੇ ਪਹਾੜੀ ਰਾਜਿਆਂ ਵੱਲੋਂ ਆਨੰਦਪੁਰ ਸਾਹਿਬ ਤੇ ਹਮਲਾ ਕਰਨ ਸਮੇਂ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਆਨੰਦਪੁਰ ਛੱਡ ਕੇ ਸਰਸਾ ਨਦੀ ਵੱਲ ਵਧੇ ਤਾਂ ਸਰਸਾ ਲੰਘ ਕੇ ਗੁਰੂ ਜੀ ਚਮਕੌਰ ਸਾਹਿਬ ਪੁੱਜੇ ਅਤੇ ਚਮਕੌਰ ਦੀ ਗੜ੍ਹੀ ਵਿਚ ਸ਼ਰਨ ਲਈ ।ਇੱਥੇ ਵਰਨਣਯੋਗ ਹੈ ਕਿ ਮੁਗਲ ਫੌਜਾਂ ਵੱਲੋਂ ਆਨੰਦਗੜ੍ਹ ਕਿਲ੍ਹੇ ਨੂੰ ਜਦੋਂ ਤਕਰੀਬਨ ਨੌਂ ਮਹੀਨੇ ਘੇਰਾ ਪਾਈ ਰੱਖਿਆ ਤਾਂ ਭੁੱਖ ਨਾ ਸਹਾਰਦੇ ਹੋਏ ਚਾਲੀ ਸਿੱਖ ਮਹਾਂ ਸਿੰਘ ਦੀ ਅਗਵਾਈ ਹੇਠ ਜਦੋਂ ਗੁਰੂ ਸਾਹਿਬ ਨੂੰ ਬੇਦਾਵਾ ਲਿਖ ਕੇ ਛੱਡ ਗਏ ਸਨ ਤਾਂ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਆਪਣੇ ਪੂਰੇ ਪਰਿਵਾਰ ਸਮੇਤ ਉੱਥੇ ਗੁਰੂ ਜੀ ਨਾਲ ਸਿੱਖੀ ਸਿਦਕ ਨਿਭਾਉਂਦੇ ਹੋਏ ਹਾਜ਼ਰ ਰਹੇ । ਬਾਬਾ ਜੀ ਦੀ ਯੁੱਧ ਰਣਨੀਤੀ ਵਿੱਚ ਕਾਰਜ ਕੁਸ਼ਲਤਾ ਨੂੰ ਵੇਖਦੇ ਹੋਏ 22 ਦਸੰਬਰ ਦੀ ਰਾਤ ਨੂੰ ਗੁਰੂ ਜੀ ਆਪਣੀ ਕਲਗੀ ਤੇ ਪੁਸ਼ਾਕਾ ਬਾਬਾ ਜੀਵਨ ਸਿੰਘ ਜੀ ਨੂੰ ਸੌਂਪ ਕੇ ਗੜ੍ਹੀ ਛੱਡ ਕੇ ਚਲੇ ਗਏ । ਚਮਕੌਰ ਦੀ ਗੜ੍ਹੀ ਵਿੱਚ ਬਾਬਾ ਜੀਵਨ ਸਿੰਘ ਜੀ ਰਾਤ ਨੂੰ ਦੋਵੇਂ ਬੰਦੂਕਾਂ ਦੁਸ਼ਮਣਾਂ ਵੱਲ ਚਲਾਉਂਦੇ ਰਹੇ ਤਾਂ ਕਿ ਦੁਸ਼ਮਣ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਚਮਕੌਰ ਦੀ ਗੜ੍ਹੀ ਦੇ ਅੰਦਰ ਹੋਣ ਦਾ ਭੁਲੇਖਾ ਦਿੱਤਾ ਜਾ ਸਕੇ । ਅੰਤ 23 ਦਸੰਬਰ 1704 ਈਸਵੀ ਨੂੰ ਬਾਬਾ ਜੀਵਨ ਸਿੰਘ ਜੀ ਆਪਣੇ ਦੋ ਪੁੱਤਰਾਂ ਭਾਈ ਸੁੱਖਾ ਸਿੰਘ ਅਤੇ ਭਾਈ ਸੇਵਾ ਸਿੰਘ ਸਹਿਤ ਦੁਸ਼ਮਣ ਦਾ ਟਾਕਰਾ ਕਰਦੇ ਹੋਏ ਸ਼ਹੀਦ ਹੋ ਗਏ । ਸਿੱਖ ਇਤਿਹਾਸ ਵਿੱਚ ਬਾਬਾ ਜੀਵਨ ਸਿੰਘ ਜੀ ਦੀ ਕੁਰਬਾਨੀ ਅਮੁੱਲ ਹੈ, ਉਨ੍ਹਾਂ ਵੱਲੋਂ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਤੋਂ ਸੇਧ ਲੈਂਦਿਆਂ ਸਿੱਖ ਪੰਥ ਲਈ ਪਰਿਵਾਰ ਵਾਰਨ ਦੀ ਤਰ੍ਹਾਂ ਹੀ ਆਪਣੇ ਪੁੱਤਰਾਂ ਅਤੇ ਆਪਣੇ ਪਿਤਾ ਜੀ ਨੂੰ ਸਿੱਖ ਕੌਮ ਲਈ ਕੁਰਬਾਨ ਕੀਤਾ ਉੱਥੇ ਹੀ ਸਾਰੀ ਉਮਰ ਸਿੱਖੀ ਸਿਦਕ ਤੇ ਅਡੋਲ ਰਹਿੰਦਿਆਂ ਸ੍ਰੀ ਗੁਰੂ ਤੇਗ ਬਹਾਦਰ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਛਤਰ ਛਾਇਆ ਹੇਠ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਕੰਮ ਕੀਤਾ । ਉਨ੍ਹਾਂ ਦੀ ਅਨੋਖੀ ਸ਼ਖ਼ਸੀਅਤ, ਸਮਾਜਿਕ ਧਾਰਮਿਕ ਅਤੇ ਰਾਜਸੀ ਇਨਕਲਾਬ ਦੀ ਮੁੱਦੲੀ ਸੀ। ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਪੈਰੋਕਾਰਾਂ ਦਾ ਵੀ ਭਾਰਤੀ ਇਤਿਹਾਸ ਤੇ ਰਾਜਨੀਤਕ ਜੀਵਨ ਵਿੱਚ ਵਿਸ਼ੇਸ਼ ਸਥਾਨ ਹੈ। ਇਨ੍ਹਾਂ ਰੰਘਰੇਟਿਆਂ ਨੂੰ ਸਮਾਜ ਵਿੱਚ ਬਣਦਾ ਸਥਾਨ ਦੇਣਾ ਚਾਹੀਦਾ ਹੈ । ਅਫ਼ਸੋਸ ਦੀ ਗੱਲ ਹੈ ਕਿ ਸਿੱਖ ਧਰਮ ਦੇ ਕੁਝ ਅਖੌਤੀ ਚੌਧਰੀਆਂ ਵੱਲੋਂ ਅਜੋਕੇ ਸਮੇਂ ਵਿੱਚ ਸ਼ਹੀਦ ਬਾਬਾ ਜੀਵਨ ਸਿੰਘ ਦੀ ਕੌਮ ਮਜ਼੍ਹਬੀ ਸਿੱਖਾਂ ਨੂੰ ਬਣਦਾ ਮਾਣ ਸਤਿਕਾਰ ਨਾ ਦਿੱਤੇ ਜਾਣ ਕਾਰਨ ਇਸ ਕੌਮ ਦੇ ਕੁਝ ਅਣਭੋਲ ਲੋਕਾਂ ਨੂੰ ਕੁਝ ਦੂਸਰੇ ਧਰਮਾਂ ਦੇ ਲੋਕਾਂ ਵੱਲੋਂ ਬਹਿਲਾ ਫੁਸਲਾ ਕੇ ਇਨ੍ਹਾਂ ਯੋਧਿਆਂ ਦੀ ਕੌਮ ਦਾ ਧਰਮ ਪਰਿਵਰਤਨ ਕਰਵਾਇਆ ਜਾ ਰਿਹਾ ਹੈ । ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਸਿੱਖ ਕੌਮ ਅਤੇ ਸਮੁੱਚੀ ਇਨਸਾਨੀਅਤ ਲਈ ਸ਼ਹੀਦ ਬਾਬਾ ਜੀਵਨ ਸਿੰਘ ਦੇ ਯੋਗਦਾਨ ਨੂੰ ਵੇਖਦੇ ਹੋਏ ਜਿੱਥੇ ਮਜ਼੍ਹਬੀ ਸਿੱਖ/ ਬਾਲਮੀਕ ਭਾਈਚਾਰੇ ਦੀ ਭਲਾਈ ਲਈ ਵੱਡੇ ਪੱਧਰ ਤੇ ਯਤਨ ਕਰਨੇ ਚਾਹੀਦੇ ਹਨ ਉੱਥੇ ਹੀ ਮਾਲਵੇ ਦੇ ਮੋਗਾ- ਫ਼ਰੀਦਕੋਟ ਇਲਾਕੇ ਵਿੱਚ ਸ਼ਹੀਦ ਬਾਬਾ ਜੀਵਨ ਸਿੰਘ ਦੇ ਨਾਮ ਤੇ ਇਕ ਵਿਸ਼ਵ ਪੱਧਰੀ ਯੂਨੀਵਰਸਿਟੀ ਵੀ ਬਣਾਈ ਜਾਵੇ । ਇਸ ਤੋਂ ਇਲਾਵਾ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਆਪਣੇ ਅਰਬਾਂ ਰੁਪਏ ਦੇ ਬਜਟ ਵਿੱਚੋਂ ਜਿੱਥੇ ਬਾਬਾ ਜੀ ਜੀਵਨ ਸਿੰਘ ਦੀ ਕੌਮ ਮਜ਼੍ਹਬੀ ਸਿੱਖ / ਬਾਲਮੀਕ ਭਾਈਚਾਰੇ ਲਈ ਵਿਸ਼ੇਸ਼ ਤੌਰ ਤੇ ਧਾਰਮਿਕ ਅਤੇ ਦੁਨਿਆਵੀ ਸਿੱਖਿਆ ਦਾ ਪ੍ਰਬੰਧ ਕਰਨਾ ਚਾਹੀਦਾ ਹੈ , ਉਥੇ ਮਾਝਾ ਇਲਾਕੇ ਵਿਚ ਸ਼ਹੀਦ ਬਾਬਾ ਜੀਵਨ ਸਿੰਘ ਦੇ ਨਾਮ ਤੇ ਇਕ ਮੈਡੀਕਲ ਕਾਲਜ ਅਤੇ ਹਸਪਤਾਲ ਵੀ ਖੋਲ੍ਹਿਆ ਜਾਵੇ ਤਾਂ ਜੋ ਬਾਬਾ ਜੀਵਨ ਸਿੰਘ ਦੀ ਕੌਮ ਦੇ ਲੋਕ ਆਪਣੇ ਸ਼ਹੀਦ ਦੀ ਕੀਤੀ ਕੁਰਬਾਨੀ ਨੂੰ ਯਾਦ ਰੱਖਣ ਅਤੇ ਉਨ੍ਹਾਂ ਉਪਰ ਫਖ਼ਰ ਮਹਿਸੂਸ ਕਰਨ । ਦੁੱਖ ਦੀ ਗੱਲ ਇਹ ਹੈ ਕਿ ਸ਼ਹੀਦ ਬਾਬਾ ਜੀਵਨ ਸਿੰਘ ਦੀ ਕੌਮ ਦੇ ਵਾਰਸ ਮਜ਼੍ਹਬੀ ਸਿੱਖ / ਬਾਲਮੀਕ ਭਾਈਚਾਰੇ ਦੇ ਲੋਕ ਅੱਜ ਪੰਜਾਬ ਵਿੱਚ ਆਰਥਿਕ ਅਤੇ ਵਿੱਦਿਅਕ ਪੱਖੋਂ ਸਭ ਤੋਂ ਜ਼ਿਆਦਾ ਪੱਛੜੇ ਹੋਏ ਹਨ। ਪੰਜਾਬ ਸਰਕਾਰ ਵੱਲੋਂ ਜਦ ਹੁਣ ਪੰਜਾਬ ਦੇ ਵੱਖ ਵੱਖ ਬੋਰਡਾਂ / ਕਾਰਪੋਰੇਸ਼ਨਾਂ ਦੇ ਚੇਅਰਮੈਨ ਲਗਾਏ ਜਾ ਰਹੇ ਹਨ ਤਾਂ ਇਸ ਭਾਈਚਾਰੇ ਦੇ ਲੋਕਾਂ ਨੂੰ ਵੀ ਇਨ੍ਹਾਂ ਬੋਰਡਾਂ ਕਾਰਪੋਰੇਸ਼ਨਾਂ ਦੀਅਾਂ ਚੇਅਰਮੈਨੀਆਂ ਵਿੱਚ ਬਣਦਾ ਸਥਾਨ ਦਿੱਤਾ ਜਾਵੇ ਅਤੇ ਇਸ ਤੋਂ ਇਲਾਵਾ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਦੀ ਅਸਾਮੀ ਜੋ ਪਿਛਲੇ ਲੰਬੇ ਸਮੇਂ ਤੋਂ ਖਾਲੀ ਪਈ ਹੈ ਉਸ ਅਸਾਮੀ ਉੱਪਰ ਵੀ ਇਸ ਭਾਈਚਾਰੇ ਵਿੱਚੋਂ ਕੋਈ ਚੇਅਰਮੈਨ ਬਣਾਇਆ ਜਾਵੇ ਤਾਂ ਇਸ ਭਾਈਚਾਰੇ ਦਾ ਸਮਾਜਿਕ ਤੇ ਆਰਥਿਕ ਪੱਧਰ ਉੱਚਾ ਹੋ ਸਕੇ । ਇਨ੍ਹਾਂ ਦੀ ਭਲਾਈ ਲਈ ਸ਼੍ਰੋਮਣੀ ਕਮੇਟੀ ਅਤੇ ਪੰਜਾਬ ਸਰਕਾਰ ਨੂੰ ਉਚਿਤ ਯਤਨ ਕਰਨੇ ਚਾਹੀਦੇ ਹਨ । ਇਸ ਦੇ ਨਾਲ ਹੀ ਵਾਲਮੀਕ/ ਮਜ਼੍ਹਬੀ ਸਿੱਖ ਭਾਈਚਾਰੇ ਨੂੰ ਸਰਕਾਰੀ ਨੌਕਰੀਆਂ ਦੇ ਵਿੱਚ ਰਾਖਵੇਂ ਕੋਟੇ ਦੇ ਵਿੱਚੋਂ ਰਾਖਵੇਂ ਕੋਟੇ ਦੀ ਜੋ 12.5 ਪ੍ਰਤੀਸ਼ਤ ਦੀ ਵਿਸ਼ੇਸ਼ ਸਹੂਲਤ ਦਿੱਤੀ ਗਈ ਹੈ , ਇਸ ਸੰਬੰਧੀ ਇਸ ਭਾਈਚਾਰੇ ਦੀਅਾਂ ਵਿਰੋਧੀ ਤਾਕਤਾਂ ਵੱਲੋਂ ਸੁਪਰੀਮ ਕੋਰਟ ਵਿੱਚ ਇਸ ਰਾਖਵਾਂਕਰਨ ਨੂੰ ਖ਼ਤਮ ਕਰਵਾਉਣ ਲਈ ਕੇਸ ਲਗਾਇਆ ਗਿਆ ਹੈ।
ਪੰਜਾਬ ਸਰਕਾਰ ਨੂੰ ਚਾਹੀਦਾ ਹੈ ਇਸ ਭਾਈਚਾਰੇ ਦੀ ਭਲਾਈ ਲਈ ਸਰਕਾਰੀ ਨੌਕਰੀਆਂ ਵਿੱਚ ਸਾਢੇ ਬਾਰਾਂ ਪ੍ਰਤੀਸ਼ਤ ਕੋਟਾ ਵਾਲਮੀਕ/ ਮਜ਼੍ਹਬੀ ਸਿੱਖ ਭਾਈਚਾਰੇ ਨੂੰ ਦੇਣਾ ਜ਼ਰੂਰੀ ਬਣਾਇਆ ਜਾਵੇ ਅਤੇ ਉਕਤ ਕੇਸ ਦੀ ਪੈਰਵਾਈ ਚੰਗੇ ਢੰਗ ਨਾਲ ਕਰਕੇ ਵਾਲਮੀਕ / ਮਜ਼੍ਹਬੀ ਸਿੱਖ ਭਾਈਚਾਰੇ ਨੂੰ ਆਰਥਿਕ ਪੱਖੋਂ ਖ਼ੁਸ਼ਹਾਲ ਬਣਾਉਣ ਲਈ ਉਕਤ ਰਾਖਵੇਂ ਕੋਟੇ ਨੂੰ ਪੱਕੇ ਤੌਰ ਐਕਟ ਬਣਾ ਕੇ ਪਾਸ ਕੀਤਾ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਵਿਚ ਉਕਤ ਭਾਈਚਾਰੇ ਦੇ ਲੋਕ ਵੀ ਸਮਾਜਿਕ ਪੱਧਰ 'ਤੇ ਦੂਸਰੀਆਂ ਕੌਮਾਂ ਦੇ ਬਰਾਬਰ ਹੋ ਕੇ ਦੇਸ਼, ਸਿੱਖ ਧਰਮ ਅਤੇ ਸੂਬੇ ਦੀ ਤਰੱਕੀ ਵਿੱਚ ਆਪਣਾ ਬਣਦਾ ਯੋਗਦਾਨ ਪਾ ਸਕਣ, ਇਹੀ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਵਸ ਤੇ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ।
ਲੇਖਕ ਹਰਮਨ ਵਜੀਦਕੇ
95692 43000
Comments (0)