ਪੰਜਾਬ ਵਿੱਚ ਪਾਬੰਦੀਸ਼ੁਦਾ ਰਿਕਰੂਟਿੰਗ ਏਜੰਟਾਂ ਵਿਰੁੱਧ ਕੀਤੀ ਜਾਏ ਸਖ਼ਤ ਕਾਰਵਾਈ: ਵਿਕਰਮਜੀਤ ਸਿੰਘ ਸਾਹਨੀ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ 18 ਜੂਨ (ਮਨਪ੍ਰੀਤ ਸਿੰਘ ਖਾਲਸਾ):-ਵਿਕਰਮਜੀਤ ਸਿੰਘ ਸਾਹਨੀ, ਸੰਸਦ ਮੈਂਬਰ, ਰਾਜ ਸਭਾ ਨੇ ਡੀ.ਜੀ.ਪੀ. ਪੰਜਾਬ ਨੂੰ ਅਪੀਲ ਕੀਤੀ ਕਿ ਗੈਰ-ਕਾਨੂੰਨੀ ਏਜੰਟਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ, ਜਿਨ੍ਹਾਂ 'ਤੇ ਭਾਰਤ ਸਰਕਾਰ ਵੱਲੋਂ ਪਹਿਲਾਂ ਹੀ ਪਾਬੰਦੀ ਲਗਾਈ ਗਈ ਹੈ ਪਰ ਉਹ ਅਜੇ ਵੀ ਪੰਜਾਬ ਵਿੱਚ ਕੰਮ ਕਰ ਰਹੇ ਹਨ।
ਸ੍ਰੀ ਸਾਹਨੀ ਨੇ ਕਿਹਾ ਕਿ ਉਹ ਉਸ ਕਾਰਵਾਈ ਤੋਂ ਬਹੁਤ ਪ੍ਰਭਾਵਿਤ ਹਨ ਜਿਸ ਹੇਠ ਪੰਜਾਬ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ ਸਾਡੀ ਪਹਿਲਕਦਮੀ ਮਿਸ਼ਨ ਹੋਪ ਤਹਿਤ ਓਮਾਨ ਤੋਂ ਵਾਪਸ ਆਉਣ ਵਾਲੀਆਂ ਲੜਕੀਆਂ ਨਾਲ ਧੋਖਾ ਧੜੀ ਕਰਨ ਵਾਲੇ ਬੇਈਮਾਨ ਏਜੰਟਾਂ ਨੂੰ ਤੁਰੰਤ ਐਫਆਈਆਰ ਦਰਜ ਕਰਕੇ ਅਤੇ ਗ੍ਰਿਫਤਾਰ ਕਰ ਰਹੀ ਹੈ। ਪੁਲਿਸ ਖੁਦ ਇਨ੍ਹਾਂ ਲੜਕੀਆਂ ਨਾਲ ਸੰਪਰਕ ਕਰ ਰਹੀ ਹੈ ਅਤੇ ਬਿਨਾਂ ਕਿਸੇ ਦੇਰੀ ਜਾਂ ਬੇਨਿਯਮੀ ਦੇ ਬਹੁਤ ਹੀ ਸਕਾਰਾਤਮਕ ਅਤੇ ਸੁਖਾਵੇਂ ਮਾਹੌਲ ਵਿੱਚ ਉਨ੍ਹਾਂ ਦੇ ਬਿਆਨ ਲੈ ਰਹੀ ਹੈ।
ਸ੍ਰੀ ਸਾਹਨੀ ਨੇ ਖੁਲਾਸਾ ਕੀਤਾ ਕਿ ਵਿਦੇਸ਼ ਮੰਤਰਾਲੇ ਨੇ ਉਨ੍ਹਾਂ ਗੈਰ-ਕਾਨੂੰਨੀ ਭਰਤੀ ਏਜੰਟਾਂ ਦੀ ਸੂਚੀ ਜਾਰੀ ਕੀਤੀ ਹੈ, ਜਿਨ੍ਹਾਂ ਨੂੰ ਉਨ੍ਹਾਂ ਨੇ ਧੋਖਾਧੜੀ ਦੇ ਦੋਸ਼ੀ ਪਾਇਆਂ ਅਤੇ ਉਨ੍ਹਾਂ 'ਤੇ ਪਾਬੰਦੀ ਲਗਾ ਦਿੱਤੀ ਹੈ। ਸੂਚੀ ਵਿੱਚ ਪੰਜਾਬ ਦੇ 170 ਭਰਤੀ ਏਜੰਟ ਹਨ।
ਸ੍ਰ ਸਾਹਨੀ ਨੇ ਦੱਸਿਆ ਕਿ ਜਦੋਂ ਸਾਨੂੰ ਪਤਾ ਲੱਗਾ ਕਿ ਇਹਨਾਂ ਭਰਤੀ ਏਜੰਟਾਂ ਵਿੱਚੋਂ ਕੁਝ ਅਜੇ ਵੀ ਸਰਗਰਮ ਹਨ ਅਤੇ ਉਹ ਆਪਣਾ ਕਾਰੋਬਾਰ ਹਾਲੇ ਵੀ ਚਲਾ ਰਹੇ ਹਨ, ਤਾਂ ਮੇਰੇ ਸੰਸਦੀ ਦਫ਼ਤਰ ਨੇ ਇੱਕ ਸਟਿੰਗ ਆਪ੍ਰੇਸ਼ਨ ਕੀਤਾ ਜਿਸ ਵਿੱਚ ਅਸੀਂ ਵਿਦੇਸ਼ਾਂ ਵਿੱਚ ਰੁਜ਼ਗਾਰ ਦੇ ਮੌਕਿਆਂ ਦੀ ਮੰਗ ਕਰਨ ਵਾਲੇ ਇਹਨਾਂ ਪਾਬੰਦੀਸ਼ੁਦਾ ਰਿਕਰੂਟਿੰਗ ਏਜੰਟਾਂ ਤੱਕ ਪਹੁੰਚ ਕੀਤੀ, ਜਿਨ੍ਹਾਂ ਵਿੱਚੋਂ ਬਹੁਤਿਆਂ ਨੇ ਪੈਸੇ ਲੈ ਕੇ ਤੁਰਤ ਭੇਜਣ ਦਾ ਵਾਇਦਾ ਕਰ ਦਿੱਤਾ । ਉਹਨਾ ਕਿਹਾ ਕਿ ਇਹ ਮੇਰੇ ਲਈ ਹੈਰਾਨ ਕਰਨ ਵਾਲੀ ਗਲ ਸੀ ਕਿਉਂਕਿ ਇਹ ਇੱਕ ਗੰਭੀਰ ਅਪਰਾਧ ਹੈ ਕਿ ਪੰਜਾਬ ਰਾਜ ਵਿੱਚ ਪਾਬੰਦੀਸ਼ੁਦਾ ਭਰਤੀ ਏਜੰਟ ਅਜੇ ਵੀ ਕੰਮ ਕਰ ਰਹੇ ਹਨ।
ਸ੍ਰੀ ਸਾਹਨੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਗ਼ੈਰਕਾਨੂੰਨੀ ਭਰਤੀ ਕਰਨ ਵਾਲੇ ਏਜੰਟਾਂ ਦੀ ਪੂਰੀ ਸੂਚੀ ਡਾਇਰੈਕਟਰ ਜਨਰਲ ਆਫ਼ ਪੁਲਿਸ ਸ੍ਰੀ ਗੌਰਵ ਯਾਦਵ ਨੂੰ ਭੇਜ ਦਿੱਤੀ ਹੈ। ਸੂਚੀ ਵਿੱਚ ਸਾਰੇ 170 ਪਾਬੰਦੀਸ਼ੁਦਾ ਭਰਤੀ ਏਜੰਟਾਂ ਦੀ ਜਾਣਕਾਰੀ ਉਨ੍ਹਾਂ ਦੇ ਸਬੰਧਤ ਪਤੇ ਅਤੇ ਫ਼ੋਨ ਨੰਬਰ ਸ਼ਾਮਲ ਹਨ ਅਤੇ ਇਨ੍ਹਾਂ ਬੇਈਮਾਨ ਗ਼ੈਰ-ਕਾਨੂੰਨੀ ਭਰਤੀ ਏਜੰਟਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਅਪੀਲ ਵੀ ਕੀਤੀ ਹੈ।
ਸ੍ਰੀ ਸਾਹਨੀ ਨੇ ਅੱਗੇ ਕਿਹਾ ਕਿ ਉਹ ਆਪਣੀ ਪਹਿਲਕਦਮੀ 'ਮਿਸ਼ਨ ਹੋਪ' ਤਹਿਤ ਵਿਦੇਸ਼ਾਂ 'ਚ ਫਸੇ ਪੰਜਾਬ ਦੇ ਹਰ ਪੁੱਤਰ-ਧੀ ਨੂੰ ਘਰ ਪਹੁੰਚਾਉਣ ਲਈ ਵਚਨਬੱਧ ਹਨ, ਪਰ ਇਹ ਵੀ ਉਨਾ ਹੀ ਜ਼ਰੂਰੀ ਹੈ ਕਿ ਸਾਡੇ ਭੋਲੇ-ਭਾਲੇ ਨੌਜਵਾਨਾਂ ਨੂੰ ਇਨ੍ਹਾਂ ਧੋਖੇਬਾਜ਼ ਏਜੰਟਾਂ ਰਾਹੀਂ ਵਿਦੇਸ਼ਾਂ 'ਚ ਜਾਣ ਤੋਂ ਰੋਕਿਆ ਜਾਵੇ । ਨਹੀਂ ਤਾਂ ਇਹ ਦੁਸ਼ਟ ਚੱਕਰ ਹਮੇਸ਼ਾ ਬਣਿਆ ਰਹੇਗਾ।
Comments (0)