ਸਿੱਖ ਕੌਮ ਦੀ ਜੰਗ-ਏ-ਆਜ਼ਾਦੀ ਤਾਂ 1947 ਤੋਂ ਬਾਅਦ ਸੁਰੂ ਹੋਈ, ਜੋ ਅੱਜ ਵੀ ਚੱਲ ਰਹੀ ਹੈ : ਸਿਮਰਨਜੀਤ ਸਿੰਘ ਮਾਨ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ, 18 ਜੂਨ (ਮਨਪ੍ਰੀਤ ਸਿੰਘ ਖਾਲਸਾ):- “ਜੋ ਸ. ਬਰਜਿੰਦਰ ਸਿੰਘ ਰੋਜਾਨਾ ਅਜੀਤ ਅਦਾਰੇ ਦੇ ਪ੍ਰਬੰਧਕੀ ਮੈਨੇਜਿੰਗ ਡਾਈਰੈਕਟਰ ਨੇ ਕਰਤਾਰਪੁਰ ਵਿਖੇ ਜੰਗ-ਏ-ਆਜ਼ਾਦੀ ਦੀ ਯਾਦਗਰ ਬਣਾਈ ਹੈ, ਉਸ ਵਿਚ 1984 ਦੇ ਬਲਿਊ ਸਟਾਰ ਦੇ ਹਕੂਮਤੀ ਫ਼ੌਜੀ ਹਮਲੇ ਦੌਰਾਨ ਸ਼ਹੀਦ ਹੋਏ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ ਯਾਦਗਰ ਅਵੱਸ ਕਾਇਮ ਹੋਣੀ ਚਾਹੀਦੀ ਸੀ । ਅਸਲੀਅਤ ਵਿਚ ਜੰਗ-ਏ-ਆਜ਼ਾਦੀ ਤਾਂ ਸਿੱਖ ਕੌਮ ਦੀ 1947 ਤੋਂ ਬਾਅਦ ਸੁਰੂ ਹੋਈ ਹੈ । ਜਿਸ ਅਧੀਨ ਪਹਿਲੇ ਪੰਜਾਬ ਸੂਬਾ ਮੋਰਚਾ ਲੱਗਿਆ ਜਿਸ ਵਿਚ 60 ਹਜਾਰ ਸਿੱਖਾਂ ਨੂੰ ਜੇਲ੍ਹਾਂ ਵਿਚ ਬੰਦੀ ਬਣਾਇਆ ਗਿਆ, ਫਿਰ 1984 ਵਿਚ ਰੂਸ, ਬਰਤਾਨੀਆ ਤੇ ਇੰਡੀਆ ਦੀਆਂ ਫ਼ੌਜਾਂ ਨੇ ਰਲਕੇ ਮੰਦਭਾਵਨਾ ਅਧੀਨ ਸਾਡੇ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਬਲਿਊ ਸਟਾਰ ਦਾ ਫ਼ੌਜੀ ਹਮਲਾ ਕੀਤਾ । ਜੋ 1947 ਤੋਂ ਪਹਿਲੇ ਸੰਘਰਸ਼ ਹੋਇਆ ਹੈ ਉਸ ਵਿਚ ਸਿੱਖ ਸ਼ਾਮਿਲ ਤਾਂ ਹੋਏ ਸਨ ਅਤੇ ਸਿੱਖਾਂ ਨੇ ਬਹੁਤ ਕੁਰਬਾਨੀਆਂ ਵੀ ਦਿੱਤੀਆ ਪਰ ਸਿੱਖਾਂ ਨੂੰ ਇਹ ਜਾਣਕਾਰੀ ਨਹੀ ਸੀ ਕਿ ਇਹ ਜੰਗ ਜਿੱਤਣ ਤੋ ਬਾਅਦ ਬਣਨ ਵਾਲੇ ਇੰਡੀਆ ਵਿਚ ਉਨ੍ਹਾਂ ਦੀ ਅਣਖ ਗੈਰਤ ਨੂੰ ਕਾਇਮ ਰੱਖਣ ਅਤੇ ਬਿਨ੍ਹਾਂ ਕਿਸੇ ਡਰ ਭੈ ਤੋ ਜਿੰਦਗੀ ਜਿਊਂਣ ਅਤੇ ਆਪਣੀਆ ਧਾਰਮਿਕ ਤੇ ਸਮਾਜਿਕ ਰਹੁਰੀਤੀਆ ਅਨੁਸਾਰ ਜਿੰਦਗੀ ਬਤੀਤ ਕਰਨ ਲਈ ਕੀ ਬਣੇਗਾ ? ਜਦੋਂ ਅੰਗਰੇਜ਼ਾਂ ਦਾ ਰਾਜ ਸੀ, ਉਥੋ ਹਿੰਦੂ, ਸਿੱਖ, ਮੁਸਲਮਾਨ ਤਿੰਨੇ ਕੌਮਾਂ ਬਰਾਬਰ ਦੇ ਸਹਿਰੀ ਦਾ ਹੱਕ ਰੱਖਦੀਆਂ ਸਨ ।
ਇਥੇ ਇਹ ਵਰਣਨ ਕਰਨਾ ਜਰੂਰੀ ਹੈ ਕਿ ਹਰ ਤਰ੍ਹਾਂ ਦੇ ਜ਼ਬਰ ਜੁਲਮ ਤੇ ਬੇਇਨਸਾਫ਼ੀ ਵਿਰੁੱਧ ਮੋਹਰਲੀਆ ਕਤਾਰਾਂ ਵਿਚ ਜੂਝਣ ਵਾਲੀ ਸਿੱਖ ਕੌਮ 1947 ਤੋ ਪਹਿਲਾ ਅੰਗਰੇਜ਼ਾਂ ਦੇ ਗੁਲਾਮ ਸਨ, ਬਾਅਦ ਵਿਚ ਪਾਕਿਸਤਾਨ ‘ਚ ਮੁਸਲਮਾਨਾਂ ਦੇ ਅਤੇ ਇੰਡੀਆ ਵਿਚ ਹਿੰਦੂਆਂ ਦੇ ਗੁਲਾਮ ਹੋ ਗਏ । ਜੋ ਕਰਤਾਰਪੁਰ ਵਿਖੇ ਆਜਾਦੀ ਦੀ ਯਾਦਗਰ ਬਣੀ ਹੈ, ਉਥੇ ਸਿੱਖ ਕੌਮ ਦੀ ਕੋਈ ਵੀ ਯਾਦਗਰ ਨਹੀ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਰਤਾਰਪੁਰ ਵਿਖੇ ਬਣੀ ਜੰਗ-ਏ-ਆਜਾਦੀ ਦੀ ਯਾਦਗਰ ਜਿਸ ਸੰਬੰਧੀ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਗੱਲ ਕਰਦੇ ਹਨ, ਉਸ ਯਾਦਗਰ ਵਿਖੇ ਸਿੱਖ ਕੌਮ ਦੀ ਕੋਈ ਵੀ ਯਾਦਗਰ ਸਥਾਪਿਤ ਨਾ ਹੋਣ ਉਤੇ ਅਤੇ ਸਿੱਖ ਕੌਮ ਨਾਲ 1947 ਤੋ ਪਹਿਲੇ ਹਿੰਦੂਤਵ ਹੁਕਮਰਾਨਾਂ ਵੱਲੋ ਕੀਤੇ ਉਸ ਵਾਅਦੇ ਨੂੰ ਪੂਰਾ ਨਾ ਕਰਨ ਨੂੰ ਇਕ ਵੱਡਾ ਧੋਖਾ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਹਿੰਦੂਤਵੀਆਂ ਵੱਲੋਂ ਉਤਰੀ ਭਾਰਤ ਵਿਚ ਸਿੱਖ ਕੌਮ ਨੂੰ ਇਕ ਅਜਿਹਾ ਆਜਾਦ ਖਿੱਤਾ ਦਿੱਤਾ ਜਾਵੇਗਾ ਜਿਥੇ ਸਿੱਖ ਕੌਮ ਆਪਣੀਆ ਰਹੁਰੀਤੀਆ ਅਨੁਸਾਰ ਆਜਾਦੀ ਦਾ ਨਿੱਘ ਮਾਣ ਸਕਣਗੇ, ਨੂੰ ਨਾ ਪੂਰਨ ਕਰਨ ਉਤੇ ਤਿੱਖਾ ਪ੍ਰਤੀਕਰਮ ਅਤੇ ਸਿੱਖ ਕੌਮ ਦੇ ਬਿਨ੍ਹਾਂ ਤੇ ਵਿਚਾਰ ਪੇਸ਼ ਕਰਦੇ ਹੋਏ ਹਿੰਦੂਤਵ ਆਗੂਆਂ ਵੱਲੋ ਸਿੱਖਾਂ ਨਾਲ ਕੀਤੇ ਗਏ ਵੱਡੇ ਧੋਖੇ ਦਾ ਵੇਰਵਾ ਦਿੰਦੇ ਹੋਏ ਕਿਹਾ ਕਿ ਉਸ ਸਮੇ ਇੰਡੀਆ ਦੀ ਵਿਧਾਨਘਾੜਤਾ ਕਮੇਟੀ ਵਿਚ ਸਿੱਖ ਕੌਮ ਦੇ 2 ਨੁਮਾਇੰਦੇ ਸ. ਭੁਪਿੰਦਰ ਸਿੰਘ ਮਾਨ ਅਤੇ ਸ. ਹੁਕਮ ਸਿੰਘ ਸਨ । ਜੋ ਸਿੱਖਾਂ ਨਾਲ ਵਾਅਦੇ ਕੀਤੇ ਗਏ ਸਨ ਉਹ ਵਿਧਾਨ ਵਿਚ ਦਰਜ ਨਾ ਹੋਣ ਦੀ ਬਦੌਲਤ, ਸਿੱਖਾਂ ਦੇ ਮਾਣ-ਸਨਮਾਨ ਅਤੇ ਅਣਖ ਗੈਰਤ ਨੂੰ ਕਾਇਮ ਰੱਖਣ ਹਿੱਤ ਨਿਜਾਮੀ ਪ੍ਰਬੰਧ ਵਿਚ ਕੁਝ ਵੀ ਦਰਜ ਨਾ ਹੋਣ ਦੀ ਬਦੌਲਤ ਵਿਧਾਨਘਾੜਤਾ ਕਮੇਟੀ ਦੇ ਇਨ੍ਹਾਂ ਦੋਵੇ ਮੈਬਰਾਂ ਨੇ ਇਸੇ ਕਰਕੇ ਦਸਤਖਤ ਨਹੀ ਸਨ ਕੀਤੇ । ਉਨ੍ਹਾਂ ਕਿਹਾ ਕਿ 1947 ਅਤੇ ਬਾਅਦ ਵਿਚ ਸਿੱਖ ਕੌਮ ਨਾਲ ਹੁਕਮਰਾਨਾਂ ਨੇ ਵੱਡੀਆ ਜਿਆਦੀਆ ਤੇ ਬੇਇਨਸਾਫ਼ੀਆਂ ਕੀਤੀਆ । 1984 ਵਿਚ ਬਲਿਊ ਸਟਾਰ ਦੇ ਹਮਲੇ ਸਮੇਂ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਦੀ ਛਾਤੀ ਵਿਚ 72 ਗੋਲੀਆਂ ਲੱਗੀਆ ਸਨ । ਬਰਤਾਨੀਆ, ਰੂਸ, ਇੰਡੀਆ ਦੇ ਟੈਕਾਂ, ਤੋਪਾਂ ਅਤੇ ਹੈਲੀਕਪਟਰਾਂ ਨਾਲ ਸਟੇਟਲੈਸ ਸਿੱਖ ਕੌਮ ਉਤੇ ਹਮਲਾ ਕੀਤਾ ਗਿਆ ਅਤੇ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਨੂੰ ਕਬਜੇ ਹੇਠ ਕਰ ਲਿਆ ਗਿਆ । ਜੰਗ ਏ ਆਜਾਦੀ ਤਾਂ ਇਸ ਉਪਰੰਤ ਹੀ ਸੁਰੂ ਹੋਈ ਹੈ । ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅੱਜ ਵੀ ਉਹ ਜੰਗ-ਏ-ਆਜਾਦੀ ਦੀ ਲੜਾਈ ਲੜਦਾ ਆ ਰਿਹਾ ਹੈ ਜਦੋ ਤੱਕ ਸਾਨੂੰ ਵਿਧਾਨ ਬਣਨ ਤੋ ਪਹਿਲੇ ਕੀਤੇ ਗਏ ਵਾਅਦੇ ਅਨੁਸਾਰ ਸੰਪੂਰਨ ਰੂਪ ਵਿਚ ਬਤੌਰ ਬਫਰ ਸਟੇਟ ਦੇ ਸਾਡੀ ਆਜਾਦੀ ਬਹਾਲ ਨਹੀ ਹੁੰਦੀ, ਉਸ ਸਮੇ ਤੱਕ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੇ ਸਮੁੱਚੀ ਸਿੱਖ ਕੌਮ ਆਪਣੀ ਅਣਖ ਗੈਰਤ ਦੀ ਇਸ ਜੰਗ ਨੂੰ ਨਿਸ਼ਾਨੇ ਦੀ ਪ੍ਰਾਪਤੀ ਤੱਕ ਜਾਰੀ ਰੱਖੇਗੀ ।
Comments (0)