ਹੱਤਿਆ ਤੇ ਜਬਰ ਜਨਾਹ ਦੇ ਮਾਮਲੇ ਵਿਚ ਮੌਤ ਦੀ ਸਜ਼ਾ ਪ੍ਰਾਪਤ ਦੋਸ਼ੀ ਨੂੰ ਲਾਇਆ ਜ਼ਹਿਰ ਦਾ ਟੀਕਾ

ਹੱਤਿਆ ਤੇ ਜਬਰ ਜਨਾਹ ਦੇ ਮਾਮਲੇ ਵਿਚ ਮੌਤ ਦੀ ਸਜ਼ਾ ਪ੍ਰਾਪਤ ਦੋਸ਼ੀ ਨੂੰ ਲਾਇਆ ਜ਼ਹਿਰ ਦਾ ਟੀਕਾ
ਕੈਪਸ਼ਨ: ਲੋਰਾਨ ਕੌਲ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ) -  ਇਕ 18 ਸਾਲਾ ਵਿਦਿਆਰਥੀ ਦੀ ਹੱਤਿਆ ਤੇ ਉਸ ਦੀ ਵੱਡੀ ਭੈਣ ਨਾਲ ਜਬਰ ਜਨਾਹ ਕਰਨ ਦੇ ਮਾਮਲੇ ਵਿਚ ਮੌਤ ਦੀ ਸਜ਼ਾ ਪ੍ਰਾਪਤ ਦੋਸ਼ੀ ਲੋਰਾਨ ਕੌਲ ਨੂੰ ਫਲੋਰਿਡਾ ਦੀ ਜੇਲ ਵਿਚ ਜ਼ਹਿਰ ਦਾ ਟੀਕਾ ਲਾਇਆ ਗਿਆ। ਉਸ ਵੱਲੋਂ ਬੀਤੇ ਦਿਨ ਜਾਨ ਬਖਸ਼ ਦੇਣ ਦੀ ਕੀਤੀ ਗਈ ਆਖਰੀ ਬੇਨਤੀ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ। ਜੈਕਸਨਵਿਲੇ ਤੋਂ 40 ਮੀਲ ਦੂਰ ਦੱਖਣ ਪੱਛਮ ਵਿਚ ਸਥਿੱਤ ਫਲੋਰਿਡਾ ਸਟੇਟ ਜੇਲ ਰਾਈਫੋਰਡ ਵਿਚ ਕੌਲ (57) ਨੂੰ ਜ਼ਹਿਰ ਦਾ ਟੀਕਾ ਲਾਉਣ ਉਪਰੰਤ ਸ਼ਾਮ 6.15 ਵਜੇ ਮ੍ਰਿਤਕ ਐਲਾਨ ਦਿੱਤਾ ਗਿਆ। ਇਸ ਸਾਲ ਫਲੋਰਿਡਾ ਵਿਚ ਇਹ ਪਹਿਲੀ ਤੇ ਅਮਰੀਕਾ ਵਿਚ ਇਹ ਤੇਰਵੀਂ ਫਾਂਸੀ ਹੈ। ਕੌਲ ਨੂੰ 1994 ਵਿਚ ਫਲੋਰਿਡਾ ਸਟੇਟ ਯੁਨੀਵਰਸਿਟੀ ਦੇ ਵਿਦਿਆਰਥੀ ਜੌਹਨ ਐਡਵਰਡਜ ਦੀ ਹੱਤਿਆ ਕਰਨ ਤੇ ਉਸ ਦੀ ਭੈਣ ਨਾਲ ਜਬਰ ਜਨਾਹ ਕਰਨ ਦੇ ਮਾਮਲੇ ਵਿਚ ਦੋਸ਼ੀ ਕਰਾਰ ਦੇ ਕੇ ਮੌਤ ਦੀ ਸਜ਼ਾ ਸੁਣਾਈ ਗਈ ਸੀ। ਜ਼ਹਿਰ ਦਾ ਟੀਕਾ ਲਾਉਣ ਵੇਲੇ ਗਾਰਡ, ਸਟਾਫ ਤੇ 7 ਪੱਤਰਕਾਰ ਹਾਜਰ ਸਨ।