ਇਕ ਤਾਜ਼ਾ ਸਰਵੇ ਵਿਚ ਕਮਲਾ ਹੈਰਿਸ ਨੇ ਡੋਨਲਡ ਟਰੰਪ ਨੂੰ 4% ਵੋਟਾਂ ਨਾਲ ਪਛਾੜਿਆ 

ਇਕ ਤਾਜ਼ਾ ਸਰਵੇ ਵਿਚ ਕਮਲਾ ਹੈਰਿਸ ਨੇ ਡੋਨਲਡ ਟਰੰਪ ਨੂੰ 4% ਵੋਟਾਂ ਨਾਲ ਪਛਾੜਿਆ 

 -ਅਮਰੀਕੀ ਚੋਣਾਂ-

* ਔਰਤਾਂ ਤੇ ਹਿਸਪੈਨਿਕਸ ਵੋਟਰਾਂ ਵਿਚ ਉੱਪ ਰਾਸ਼ਟਰਪਤੀ ਪ੍ਰਤੀ ਸਮਰਥਨ ਵਧਿਆ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਇਕ ਤਾਜ਼ਾ ਸਰਵੇ ਵਿਚ ਰਾਸ਼ਟਰਪਤੀ ਅਹੁੱਦੇ ਲਈ ਡੈਮੋਕਰੈਟਿਕ ਉਮੀਦਵਾਰ ਕਮਲਾ ਹੈਰਿਸ ਨੇ ਰਿਪਬਲੀਕਨ ਉਮੀਦਵਾਰ ਡੋਨਲਡ ਟਰੰਪ ਨੂੰ 4% ਵੋਟਾਂ ਨਾਲ ਪਛਾੜ ਦਿੱਤਾ ਹੈ। ਰਾਈਟਰ-ਇਪਸੋਸ ਵੱਲੋਂ ਪਿਛਲੇ 8 ਦਿਨਾਂ ਦੌਰਾਨ ਕੀਤੇ ਸਰਵੇ ਜੋ 29 ਅਗਸਤ ਨੂੰ ਪ੍ਰਕਾਸ਼ਿਤ ਹੋਇਆ, ਅਨੁਸਾਰ ਹੈਰਿਸ ਨੂੰ 45% ਲੋਕਾਂ ਦਾ ਸਮਰਥਨ ਮਿਲਿਆ ਹੈ ਜਦ ਕਿ ਡੋਨਲਡ ਟਰੰਪ ਨੂੰ 41% ਲੋਕਾਂ ਨੇ ਸਮਰਥਨ ਦਿੱਤਾ ਹੈ। ਸਰਵੇ ਅਨੁਸਾਰ ਹੈਰਿਸ ਵੋਟਰਾਂ ਵਿਚ ਨਵਾਂ ਜੋਸ਼ ਭਰਨ ਵਿਚ ਸਫਲ ਹੋਈ ਹੈ ਤੇ ਉਹ ਰਾਸ਼ਟਰਪਤੀ ਦੀ ਦੌੜ ਵਿਚ ਟਰੰਪ ਨਾਲੋਂ ਅੱਗੇ ਚੱਲ ਰਹੀ ਹੈ।

ਪਿਛਲੇ ਮਹੀਨੇ ਜੁਲਾਈ ਦੇ ਆਖਰ ਵਿਚ ਰਜਿਸਟਰਡ ਵੋਟਰਾਂ 'ਤੇ ਕੀਤੇ ਸਰਵੇ ਵਿਚ  ਸਾਬਕਾ ਰਾਸ਼ਟਰਪਤੀ ਦੀ ਤੁਲਨਾ ਵਿੱਚ ਉੱਪ ਰਾਸ਼ਟਰਪਤੀ ਕੇਵਲ 1% ਵੋਟਾਂ ਨਾਲ ਅੱਗੇ ਸੀ। ਤਾਜ਼ਾ ਸਰਵੇ ਜੋ 28 ਅਗਸਤ ਨੂੰ ਮੁਕੰਮਲ ਹੋਇਆ ਹੈ, ਵਿਚ 2% ਅੰਕਾਂ ਦੀ ਗਲਤੀ ਦੀ ਸੰਭਾਵਨਾ ਰਖੀ ਗਈ ਹੈ। ਸਰਵੇ ਅਨੁਸਾਰ 49% ਔਰਤਾਂ ਤੇ  ਹਿਸਪੈਨਿਕਸ ਵੋਟਰਾਂ ਨੇ ਹੈਰਿਸ ਨੂੰ ਸਮਰਥਨ ਦਿੱਤਾ ਹੈ ਜਦ ਕਿ 36% ਟਰੰਪ ਦੇ ਹੱਕ ਵਿਚ ਹਨ। ਜੁਲਾਈ ਦੇ ਸਰਵੇ ਵਿਚ ਔਰਤਾਂ ਵੋਟਰਾਂ ਵਿੱਚ ਹੈਰਿਸ 9% ਵੋਟਾਂ ਨਾਲ  ਅੱਗੇ ਸੀ ਜਦ ਕਿ ਹਿਸਪੈਨਿਕਸ ਵੋਟਰਾਂ ਵਿਚ ਟਰੰਪ ਨਾਲੋਂ 6% ਵੋਟਾਂ ਨਾਲ ਅੱਗੇ ਸੀ। ਜੁਲਾਈ ਵਿਚ ਟਰੰਪ ਗੋਰੇ ਵੋਟਰਾਂ ਤੇ ਮਰਦ ਵੋਟਰਾਂ ਵਿਚ ਇਸ ਅੰਤਰ ਨਾਲ ਹੀ ਅੱਗੇ ਸੀ। ਤਾਜ਼ਾ ਸਰਵੇ ਵਿਚ ਬਿਨਾਂ ਕਾਲਜ ਡਿਗਰੀ ਵੋਟਰਾਂ ਵਿੱਚ ਟਰੰਪ ਦੀ ਬੜਤ 14%  ਤੋਂ ਘੱਟ ਕੇ 7% ਰਹਿ ਗਈ ਹੈ। ਇਕ ਲਿਬਰਲ ਗਰੁੱਪ ''ਸ਼ੀ ਦ ਪਿਉਪਲ'' ਦੇ ਸੰਸਥਾਪਕ ਏਮੀ ਐਲੀਸਨ ਦਾ ਕਹਿਣਾ ਹੈ ਕਿ ਇਸ ਸਰਵੇ ਵਿਚ ਲੋਕ ਅਤੀਤ ਦੀ ਬਜਾਏ ਆਪਣੇ ਭਵਿੱਖ ਨੂੰ ਲੈ ਕੇ ਜਿਆਦਾ ਫਿਕਰਮੰਦ ਹਨ।  ਉਹ ਕਮਲਾ ਹੈਰਿਸ ਵਿਚ ਆਪਣਾ ਭਵਿੱਖ ਵੇਖ ਰਹੇ ਹਨ ਜਦ ਕਿ ਰਿਪਬਲੀਕਨ ਇਨਾਂ ਚੋਣਾਂ ਵਿਚ ਕੇਵਲ ਟਰੰਪ ਤੱਕ ਸੀਮਿਤ ਹਨ। ਸਰਵੇ ਤਹਿਤ ਰਾਸ਼ਟਰ ਪੱਧਰ 'ਤੇ 3562 ਰਜਿਸਟਰਡ ਵੋਟਰਾਂ ਸਮੇਤ 4253 ਵੋਟਰਾਂ ਨੇ ਸਪੱਸ਼ਟ ਰੂਪ ਵਿਚ ਆਪਣੀ ਚੋਣ ਦੱਸੀ।