ਸ਼ਾਂਤੀ ਵੱਲ ਵਧਣ ਰੂਸ ਅਤੇ ਯੂਕ੍ਰੇਨ
ਰੂਸ-ਯੂਕ੍ਰੇਨ ਦੇ ਵਿੱਚ ਅੱਜ ਤੋਂ 29 ਮਹੀਨੇ ਪਹਿਲਾਂ ਭਾਵ ਲਗਭਗ ਢਾਈ ਸਾਲ ਪਹਿਲਾਂ ਜੰਗ ਸ਼ੁਰੂ ਹੋਈ ਸੀ, ਜੋ ਅੱਜ ਵੀ ਲਗਾਤਾਰ ਭਿਆਨਕ ਰੂਪ ਧਾਰਨ ਕਰ ਰਹੀ ਹੈ।
ਭਾਵੇਂਕਿ ਕਈ ਵਾਰੀ ਸ਼ਾਂਤੀ ਬਣਾਉਣ ਦੇ ਲਈ ਗੱਲਾਂ ਬਾਤਾਂ ਹੋਈਆਂ ਪਰ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਤੇ ਯੂਕ੍ਰੇਨੀ ਰਾਸ਼ਟਰਪਤੀ ਜੇਲੈਂਸਕੀ ਦੇ ਵਿੱਚ ਅੱਜ ਤੱਕ ਇੱਕ ਵੀ ਬੈਠਕ ਨਹੀਂ ਹੋਈ ਹੈ। ਅਸਲ ਵਿੱਚ ਯੂਕ੍ਰੇਨ ਤੇ ਰੂਸ ਦੋਵਾਂ ਨੂੰ ਯੁੱਧ ਦੀ ਕੀਮਤ ਚੁਕਾਉਣੀ ਪਈ ਹੈ ਤੇ ਦੁਨੀਆਂ ਦੇ ਹੋਰ ਦੇਸ਼ ਵੀ ਚਾਹੁੰਦੇ ਨੇ ਕਿ ਇਸ ਜੰਗ ਦਾ ਅੰਤ ਹੋਵੇ।
ਮਨੀਪੁਰ ਹਿੰਸਾ ਦੇ ਉੱਤੇ ਭਾਵੇਂ ਨਰਿੰਦਰ ਮੋਦੀ ਆਪਣੀ ਜੁਬਾਨ ਨਹੀਂ ਖੋਲ੍ਹਦੇ ਪਰ ਲੰਘੇ ਦਿਨੀਂ ਨਰਿੰਦਰ ਮੋਦੀ ਨੇ ਯੂਕ੍ਰੇਨ ਦਾ ਦੌਰਾ ਕੀਤਾ। ਸ਼ਾਂਤੀ ਦੇ ਵਿਸ਼ੇ ’ਤੇ ਗੱਲਬਾਤ ਹੋਈ। ਚਾਰ ਦੇ ਕਰੀਬ ਸਮਝੌਤੇ ਵੀ ਹੋਏ, ਪਰ ਉਹਨਾਂ ਦੀ ਵਾਪਸੀ ਤੋਂ ਬਾਅਦ ਅਸ਼ਾਂਤੀ ਵਾਲਾ ਮਾਹੌਲ ਯੂਕ੍ਰੇਨ ਦੇ ਵਿੱਚ ਬਰਕਰਾਰ ਹੈ, ਭਾਵ ਰੂਸ ਅਤੇ ਯੂਕ੍ਰੇਨ ਦੀ ਜੰਗ ਤੇਜ਼ ਹੋ ਗਈ ਹੈ। ਅਸਲ ਵਿੱਚ ਜਿਸ ਦਿਨ ਨਰਿੰਦਰ ਮੋਦੀ ਰੂਸ ਪਹੁੰਚੇ ਸਨ, ਉਸੇ ਦਿਨ ਯੂਕ੍ਰੇਨ ਵਿੱਚ ਰੂਸ ਦੇ ਹਮਲੇ ਦੇ ਨਾਲ 37 ਲੋਕ ਮਾਰੇ ਗਏ ਸਨ, ਜਿਸ ਵਿੱਚ ਤਿੰਨ ਬੱਚੇ ਵੀ ਸ਼ਾਮਲ ਸਨ। ਸੁਣਨ ਵਿੱਚ ਤਾਂ ਇਹ ਵੀ ਆਇਆ ਹੈ ਕਿ ਜੇਲੈਂਸਕੀ ਨੇ ਭਾਰਤ ਦੀ ਵਿਚੋਲੇ ਵਾਲੀ ਭੂਮਿਕਾ ਨੂੰ ਨਿਕਾਰ ਦਿੱਤਾ ਹੈ ਤੇ ਕਿਹਾ ਹੈ ਕਿ ਜੇ ਭਾਰਤ ਅੱਜ ਰੂੁਸ ਨਾਲੋਂ ਤੇਲ ਦਾ ਵਪਾਰ ਬੰਦ ਕਰ ਦੇਵੇ ਤਾਂ ਇਹ ਯੁੱਧ ਰੁੱਕ ਸਕਦਾ ਹੈ। ਯੂਕ੍ਰੇਨ ਨੇ ਭਾਰਤ ਨੂੰ ਸਥਿਤੀ ਸਪਸ਼ਟ ਕਰਨ ਦੀ ਗੱਲ ਵੀ ਕਹੀ ਹੈ। ਪਰ ਸਾਡਾ ਮੀਡੀਆ ਇਹ ਗੱਲ ਨੂੰ ਪ੍ਰਮੁੱਖਤਾ ਨਹੀਂ ਦੇ ਰਿਹਾ ਸਿਰਫ਼ ਇਸ ਗੱਲ ’ਤੇ ਜੋਰ ਦਿੱਤਾ ਜਾ ਰਿਹਾ ਹੈ ਕਿ ਨਰਿੰਦਰ ਮੋਦੀ ਨੇ ਯੁੱਧ ਰੁਕਵਾ ਦਿੱਤਾ ਹੈ।
ਤੁਹਾਨੂੰ ਯਾਦ ਹੋਣੈ ਕਿ ਲੰਘੇ ਸਮੇਂ ਦੇ ਵਿੱਚ ਰੂਸ ਦੀ ਯਾਤਰਾ ਦੌਰਾਨ ਵਲਾਦੀਮੀਰ ਪੂਤਿਨ ਨੂੰ ਨਰਿੰਦਰ ਮੋਦੀ ਨੇ ਗਲੇ ਲਗਾਇਆ ਸੀ ਤਾਂ ਜੇਲੈਂਸਕੀ ਨੇ ਇਹ ਕਹਿ ਕੇ ਆਲੋਚਨਾ ਕੀਤੀ ਸੀ ਕਿ ‘‘ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਨੇਤਾ ਦਾ ਦੁਨੀਆਂ ਦੇ ਸਭ ਤੋਂ ਖੂਨੀ ਅਪਰਾਧੀ ਨੂੰ ਮਾਸਕੋ ਵਿੱਚ ਗਲੇ ਲਗਾਉਣਾ ਸ਼ਾਂਤੀ ਸਥਾਪਿਤ ਕਰਨ ਦੀਆਂ ਕੋਸ਼ਿਸਾਂ ਦੇ ਲਈ ਬੜੀ ਨਿਰਾਸ਼ਾਜਨਕ ਗੱਲ ਹੈ।’’ ਭਾਰਤ ਦੇ ਵਿਦੇਸ਼ ਮੰਤਰੀ ਐਸ.ਜੈਸ਼ੰਕਰ ਦਾ ਬਿਆਨ ਵੀ ਚਰਚਾ ਦੇ ਵਿੱਚ ਰਿਹਾ। ਜਿਸ ਵਿੱਚ ਉਸ ਨੇ ਕਿਹਾ ਕਿ 2024 ਦੇ ਅੰਤ ਵਿੱਚ ਹੋਣ ਵਾਲੇ ਗਲੋਬਲ ਪੀਸ ਸਮਿੱਟ ਦੇ ਲਈ ਯੂਕ੍ਰੇਨ ਤੈਅ ਕਰੇਗਾ ਕਿ ਰੂਸ ਨੂੰ ਬੁਲਾਉਣਾ ਹੈ ਜਾਂ ਨਹੀਂ?
ਯੂਕ੍ਰੇਨ ਸਦਾ ਹੀ ਸਭ ਕੋਲੋਂ ਸੁਰੱਖਿਆ ਦੀ ਮੰਗ ਕਰਦਾ ਆਇਆ ਹੈ ਤਾਂ ਜੋ ਆਪਣੇ ਦੇਸ਼ ਵਾਸੀਆਂ ਦੀ ਰੱਖਿਆ ਕਰ ਸਕੇ। ਨਰਿੰਦਰ ਮੋਦੀ ਦੀ ਯਾਤਰਾ ਤੋਂ ਬਾਅਦ ਇਹ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ ਸ਼ਾਇਦ ਭਾਰਤ ਦੋਵਾਂ ਧਿਰਾਂ ਵਿੱਚ ਸਮਝੌਤਾ ਕਰਾਉਣ ਦੀ ਸਾਲਸੀ ਭਾਵ ਵਿਚੋਲੇ ਵਾਲੀ ਭੂਮਿਕਾ ਨਿਭਾਉਣਾ ਚਾਹੁੰਦਾ ਹੈ। ਜੇ ਸੱਚਮੁੱਚ ਹੈ ਤਾਂ ਸਲਾਉਣਯੋਗ ਗੱਲ ਹੈ। ਪਰ ਵਿਦੇਸ਼ੀ ਅਖਬਾਰਾਂ ਕੁਝ ਹੋਰ ਹੀ ਆਖਦੀਆਂ ਨੇ। ਤਾਜ਼ਾ ਜਾਣਕਾਰੀ ਮੁਤਾਬਿਕ ਯੂਕ੍ਰੇਨ ਦੇ ਰਾਸ਼ਟਰਪਤੀ ਜੇਲੈਂਸਕੀ ਨੇ ਕਿਹਾ ਹੈ ਕਿ ਉਹ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਦੇ ਸਾਹਮਣੇ ਉਹ ਇੱਕ ਯੋਜਨਾ ਪੇਸ਼ ਕਰਨਗੇ ਜਿਸ ਦਾ ਉਦੇਸ਼ ਹੋਵੇਗਾ ਕਿ ਰੂਸ ਦੇ ਨਾਲ ਚੱਲ ਰਹੇ ਯੁੱਧ ਨੂੰ ਖਤਮ ਕੀਤਾ ਜਾਵੇ। ਇਹ ਯੋਜਨਾ ਸਤੰਬਰ ਦੇ ਵਿੱਚ ਨਿਊਯਾਰਕ ਵਿੱਚ ਹੋਣ ਵਾਲੀ ਸੰਯੁਕਤ ਰਾਸ਼ਟਰ ਮਹਾਸਭਾ ਦੇ ਦੌਰਾਨ ਪੇਸ਼ ਕੀਤੀ ਜਾਵੇਗੀ। ਕਿਹਾ ਜਾ ਰਿਹਾ ਹੈ ਕਿ ਅਮਰੀਕਾ ਇਸ ਵਿੱਚ ਵੱਡੀ ਭੂਮਿਕਾ ਨਿਭਾਅ ਸਕਦਾ ਹੈ। ਜੇਲੈਂਸਕੀ ਦੀ ਇਸ ਪਹਿਲ ਨੂੰ ਨਿਰਣਾਇਕ ਮੰਨਿਆ ਜਾ ਸਕਦਾ ਹੈ। ਉਸ ਦੀ ਯੋਜਨਾ ਮੁਤਾਬਿਕ ਰੂਸ ਤੇ ਰਾਜਨੀਤਿਕ ਦਬਾਓ ਪਾਉਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਕਿ ਉਹ ਯੁੱਧ ਖਤਮ ਕਰੇ। ਆਰਥਿਕ ਪਹਿਲ ਵੀ ਯੋਜਨਾ ਦਾ ਹਿੱਸਾ ਹੋਵੇਗੀ। ਬਾਈਡਨ ਤੋਂ ਇਲਾਵਾ ਉਹ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਕਮਲਾ ਹੈਰਿਸ ਤੇ ਟਰੰਪ ਨੂੰ ਵੀ ਆਪਣੀ ਇਸ ਯੋਜਨਾ ਬਾਰੇ ਜਾਣਕਾਰੀ ਦੇਣਗੇ। ਇਹ ਯੋਜਨਾ ਅਮਰੀਕਾ ਦੇ ਸਹਿਯੋਗ ’ਤੇ ਨਿਰਭਰ ਹੈ। ਉਮੀਦ ਹੈ ਕਿ ਅਮਰੀਕਾ ਯੂਕ੍ਰੇਨ ਦੀ ਸਥਿਤੀ ਨੂੰ ਸਮਝੇਗਾ ਵੀ ਤੇ ਸਮਰਥਨ ਵੀ ਦੇਵੇਗਾ। ਰੂਸ ਅਤੇ ਯੂੁਕ੍ਰੇਨ ਦੇ ਵਿੱਚ ਚੱਲ ਰਹੇ ਸੰਘਰਸ਼ ਦਾ ਅਸਰ ਪੂਰੀ ਦੁਨੀਆਂ ’ਤੇ ਪਿਆ ਹੈ। ਯੂਕ੍ਰੇਨ ਦੀ ਵੱਡੀ ਗਿਣਤੀ ਦੇ ਵਿੱਚ ਨਾਗਰਿਕ ਮਰੇ, ਉਨ੍ਹਾਂ ਦੀ ਜਾਇਦਾਦ ਨੂੰ ਨੁਕਸਾਨ ਪਹੁੰਚਿਆ, ਉਹਨਾਂ ਨੂੰ ਵਪਾਰਕ ਨੁਕਸਾਨ ਹੋਇਆ। ਯੂਕ੍ਰੇਨ ਚਾਹੁੰਦਾ ਹੈ ਕਿ ਯੁੱਧ ਨੂੰ ਵਿਰਾਮ ਲੱਗ ਜਾਵੇ ਪਰ ਉਹ ਰੂਸ ਦੀਆਂ ਸ਼ਰਤਾਂ ਮੰਨਣ ਦੇ ਲਈ ਤਿਆਰ ਨਹੀਂ ਹੈ। ਰੂਸ ਦੀ ਸ਼ਰਤ ਹੈ ਕਿ ਯੂਕ੍ਰੇਨ ਨਾਟੋ ਦੀ ਮੈਂਬਰਸ਼ਿਪ ਤਿਆਗ ਦੇਵੇ। ਪਰ ਦੋਵਾਂ ਵਿਚੋਂ ਕੋਈ ਵੀ ਝੁਕਣ ਦੇ ਲਈ ਤਿਆਰ ਨਹੀਂ ਹੈ ਤੇ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਗੱਲਬਾਤ ਦੇ ਲਈ ਇੱਕ ਮੇਜ਼ ’ਤੇ ਬੈਠਣਾ ਬੜਾ ਔਖਾ ਜਾਪਦਾ ਹੈ। ਦੁਆ ਕਰਦੇ ਹਾਂ ਕਿ ਦੋਵੇਂ ਦੇਸ਼ ਸ਼ਾਂਤੀ ਵੱਲ ਵਧਣ।
ਸੰਪਾਦਕੀ
Comments (0)