ਅਕਾਲੀ ਦਲ ਛੱਡਣ ਵੇਲੇ ਡਿੰਪੀ ਢਿੱਲੋਂ ਦਾ ਤਰਕ

ਅਕਾਲੀ ਦਲ ਛੱਡਣ ਵੇਲੇ ਡਿੰਪੀ ਢਿੱਲੋਂ ਦਾ ਤਰਕ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਜਲੰਧਰ : ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿਣ ਸਮੇਂ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਮੁੱਖ ਤੌਰ ʼਤੇ ਮੁੱਦਾ ਬਣਾਇਆ ਸੀ।ਮਨਪ੍ਰੀਤ ਸਿੰਘ ਬਾਦਲ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਭਰਾ ਗੁਰਦਾਸ ਸਿੰਘ ਬਾਦਲ ਦੇ ਪੁੱਤਰ ਹਨ।ਸਾਬਕਾ ਵਿੱਤ ਮੰਤਰੀ ਹਾਲ ਹੀ ਵਿੱਚ ਕਾਂਗਰਸ ਪਾਰਟੀ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ।ਅਕਾਲੀ ਦਲ ਤੋਂ ਅਸਤੀਫਾ ਦੇਣ ਦੇ ਸਮੇਂ ਤੱਕ ਡਿੰਪੀ ਢਿੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਗਿੱਦੜਬਾਹਾ ਦੇ ਹਲਕਾ ਇੰਚਾਰਜ ਰਹੇ ਸਨ।

ਡਿੰਪੀ ਢਿੱਲੋਂ ਨੇ ਪਾਰਟੀ ਛੱਡਣ ਤੋਂ ਬਾਅਦ ਗਿੱਦੜਬਾਹਾ ਵਿੱਚ ਆਪਣੇ ਸਮਰਥਕਾਂ ਦਾ ਇੱਕ ਇਕੱਠ ਵੀ ਕੀਤਾ ਸੀ।ਇਸ ਮੌਕੇ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਵਿੱਚ ਪਰਿਵਾਰਵਾਦ ਦੇ ਭਾਰੂ ਹੋਣ ਦਾ ਮੁੱਦਾ ਮੁੱਖ ਤੌਰ 'ਤੇ ਉਭਾਰਿਆ।ਆਪਣੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਡਿੰਪੀ ਢਿੱਲੋਂ ਨੇ ਕਿਹਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੇ ਚਚੇਰੇ ਭਰਾ ਮਨਪ੍ਰੀਤ ਸਿੰਘ ਬਾਦਲ ਨੂੰ ਅਕਾਲੀ ਦਲ ਵਿੱਚ ਸ਼ਾਮਲ ਕਰਕੇ ਉਨ੍ਹਾਂ ਨੂੰ ਗਿੱਦੜਬਾਹਾ ਤੋਂ ਚੋਣ ਲੜਾਉਣਾ ਚਾਹੁੰਦੇ ਹਨ।"ਸੁਖਬੀਰ ਸਿੰਘ ਬਾਦਲ ਨੇ ਮੈਨੂੰ ਦੱਸਿਆ ਸੀ ਕਿ ਮਨਪ੍ਰੀਤ ਸਿੰਘ ਬਾਦਲ ਅਕਾਲੀ ਦਲ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ। ਜਦੋਂ ਮੈਂ ਇਸ ਗੱਲ ਉੱਪਰ ਖੁਸ਼ੀ ਦਾ ਪ੍ਰਗਟਾਵਾ ਕੀਤਾ ਤਾਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਹ ਗਿੱਦੜਬਾਹਾ ਤੋਂ ਚੋਣ ਲੜਨ ਦੇ ਵੀ ਚਾਹਵਾਨ ਹਨ।"

ਇਹ ਗੱਲ ਸੁਣ ਕੇ ਮੇਰਾ ਦਿਲ ਚੀਰਿਆ ਗਿਆ ਕਿਉਂਕਿ ਮੈਂ ਪਿਛਲੇ ਕਈ ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਨਿਸ਼ਕਾਮ ਸੇਵਾ ਕੀਤੀ ਸੀ।"

ਡਿੰਪੀ ਢਿੱਲੋਂ ਨੇ ਆਪਣੇ ਭਾਸ਼ਣ ਵਿੱਚ ਇਸ ਘਟਨਾਕ੍ਰਮ ਤੋਂ ਬਾਅਦ ਵੱਖ-ਵੱਖ ਸਿਆਸੀ ਪਾਰਟੀਆਂ ਕਾਂਗਰਸ, ਆਪ ਤੇ ਭਾਜਪਾ ਵੱਲੋਂ ਉਨ੍ਹਾਂ ਤੱਕ 'ਪਹੁੰਚ' ਕਰਨ ਦਾ ਪ੍ਰਗਟਾਵਾ ਵੀ ਕੀਤਾ।ਉਨ੍ਹਾਂ ਦਸਿਆ ਕਿ ਮੈਂ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਇਹ ਗੱਲ ਕਹਿੰਦਿਆਂ ਸਾਫ਼ ਇਨਕਾਰ ਕਰ ਦਿੱਤਾ ਸੀ ਕਿ ਭਾਜਪਾ ਕਿਸਾਨਾਂ ਦੀ ਹਿਤੈਸ਼ੀ ਨਹੀਂ ਹੈ।ਹੁਣ ਮੈਂ ਫੈਸਲਾ ਕੀਤਾ ਹੈ ਕਿ ਮੈਂ ਹਲਕੇ ਦੀਆਂ ਮੰਗਾਂ ਪੰਜਾਬ ਦੇ ਮੁੱਖ ਮੰਤਰੀ ਕੋਲ ਰੱਖਾਂਗਾ ਅਤੇ ਉਨ੍ਹਾਂ ਨੂੰ ਗੁਜ਼ਾਰਿਸ਼ ਕਰਾਂਗਾ ਕੇ ਇਹ ਮੰਗਾਂ ਪੂਰੀਆਂ ਕੀਤੀਆਂ ਜਾਣ।"