ਸੰਨੀ ਦਿਓਲ ਦੇ ਬੰਗਲੇ ਦੀ ਨਿਲਾਮੀ ਦਾ ਨੋਟਿਸ ਲਿਆ ਵਾਪਸ , ਕਾਂਗਰਸ ਨੇ ਚੁਕੇ ਸਵਾਲ
ਅੰਮ੍ਰਿਤਸਰ ਟਾਈਮਜ਼ ਬਿਊਰੋ
ਮੁੰਬਈ -"ਤਕਨੀਕੀ ਕਾਰਨਾਂ" ਦਾ ਹਵਾਲਾ ਦਿੰਦੇ ਹੋਏ, ਬੈਂਕ ਆਫ ਬੜੌਦਾ ਨੇ ਬੀਤੇ ਸੋਮਵਾਰ ਨੂੰ ਅਦਾਕਾਰ ਸੰਨੀ ਦਿਓਲ ਦੇ ਮੁੰਬਈ ਸਥਿਤ ਜੁਹੂ ਬੰਗਲੇ ਦੀ ਈ-ਨਿਲਾਮੀ 'ਤੇ ਨੋਟਿਸ ਵਾਪਸ ਲੈ ਲਿਆ ਸੀ। ਅਭਿਨੇਤਾ ਸੰਨੀ ਦਿਉਲ ਕਥਿਤ ਤੌਰ 'ਤੇ 56 ਕਰੋੜ ਰੁਪਏ ਦਾ ਕਰਜ਼ਾ ਮੋੜਨ ਵਿੱਚ ਅਸਫਲ ਰਿਹਾ ਸੀ, ਇਸ ਲਈ ਬੈਂਕ ਨੇ ਅਖਬਾਰ ਵਿੱਚ ਨੋਟਿਸ ਪ੍ਰਕਾਸ਼ਿਤ ਕਰਵਾ ਦਿਤਾ ਸੀ।ਬੈਂਕ ਨੇ ਬੀਤੇ ਸੋਮਵਾਰ ਨੂੰ ਅਖਬਾਰ ਵਿੱਚ ਜਾਰੀ ਇੱਕ ਸ਼ੁਧਤਾ ਪੱਤਰ ਵਿੱਚ ਲਿਖਿਆ, "ਸ੍ਰੀ ਅਜੈ ਸਿੰਘ ਦਿਓਲ ਉਰਫ਼ ਸੰਨੀ ਦਿਓਲ ਦੇ ਸਬੰਧ ਵਿੱਚ ਵਿਕਰੀ ਨੋਟਿਸ ਤਕਨੀਕੀ ਕਾਰਨਾਂ ਕਰਕੇ ਵਾਪਸ ਲੈ ਲਿਆ ਗਿਆ ਹੈ।" ਬੈਂਕ ਆਫ ਬੜੌਦਾ ਨੇ ਐਤਵਾਰ ਨੂੰ ਅਖਬਾਰ ਵਿਚ ਨਿਲਾਮੀ ਦਾ ਨੋਟਿਸ ਪ੍ਰਕਾਸ਼ਿਤ ਕੀਤਾ ਸੀ।
ਬੈਂਕ ਵੱਲੋਂ ਐਤਵਾਰ ਨੂੰ ਛਾਪੇ ਗਏ ਨੋਟਿਸ ਵਿਚ ਲਿਖਿਆ ਸੀ ਕਿ ਬੈਂਕ ਨੇ ਗਾਂਧੀ ਗ੍ਰਾਮ ਰੋਡ ਸਥਿਤ ਸੰਨੀ ਵਿਲਾ ਦੀ ਨਿਲਾਮੀ ਕਰਨੀ ਸੀ, ਤਾਂ ਜੋ ਪਿਛਲੇ ਸਾਲ 26 ਦਸੰਬਰ ਤੋਂ ਵਿਆਜ ਤੇ ਲਾਗਤ ਦੇ ਨਾਲ ਬੈਂਕ ਦਾ ਬਕਾਇਆ 55.99 ਕਰੋੜ ਰੁਪਏ ਅਭਿਨੇਤਾ ਤੋਂ ਵਸੂਲਿਆ ਜਾ ਸਕੇ।
ਕਾਂਗਰਸ ਨੇ ਬੈਂਕ ਆਫ ਬੜੌਦਾ ਵੱਲੋਂ ਸੰਨੀ ਦਿਓਲ ਦੇ ਜੁਹੂ ਬੰਗਲੇ ਲਈ ਈ-ਨਿਲਾਮੀ ਨੋਟਿਸ ਨੂੰ ਕਥਿਤ ਤੌਰ 'ਤੇ ਵਾਪਸ ਲੈਣ 'ਤੇ ਸਵਾਲ ਉਠਾਏ ਅਤੇ ਪੁੱਛਿਆ ਕਿ ਇਸ ਨੂੰ ਵਾਪਸ ਲੈਣ ਲਈ "ਤਕਨੀਕੀ ਕਾਰਨਾਂ" ਦਾ ਕਾਰਨ ਕੀ ਹੈ।
ਟਵਿੱਟਰ 'ਤੇ ਇੱਕ ਪੋਸਟ ਵਿੱਚ, ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ, " ਬੀਤੇ ਐਤਵਾਰ ਦੁਪਹਿਰ ਨੂੰ ਦੇਸ਼ ਨੂੰ ਪਤਾ ਲੱਗਾ ਕਿ ਬੈਂਕ ਆਫ ਬੜੌਦਾ ਨੇ ਭਾਜਪਾ ਸੰਸਦ ਮੈਂਬਰ ਸੰਨੀ ਦਿਓਲ ਦੇ ਜੁਹੂ ਸਥਿਤ ਘਰ ਦੀ ਈ-ਨਿਲਾਮੀ ਕਰਨ ਦਾ ਫੈਸਲਾ ਕੀਤਾ ਹੈ ਕਿਉਂਕਿ ਉਸਨੇ ਬਕਾਇਆ ਦਾ ਭੁਗਤਾਨ ਨਹੀਂ ਕੀਤਾ ਹੈ। ਕਰਜ਼ਾ ਸੰਨੀ ਦਿਓਲ 'ਤੇ ਬੈਂਕ ਦਾ 56 ਕਰੋੜ ਰੁਪਏ ਬਕਾਇਆ ਹੈ। ਪਰ ਸੋਮਵਾਰ ਸਵੇਰੇ, 24 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ, ਦੇਸ਼ ਨੂੰ ਪਤਾ ਲੱਗਾ ਕਿ ਬੈਂਕ ਆਫ ਬੜੌਦਾ ਨੇ 'ਤਕਨੀਕੀ ਕਾਰਨਾਂ' ਕਰਕੇ ਨਿਲਾਮੀ ਨੋਟਿਸ ਵਾਪਸ ਲੈ ਲਿਆ ਹੈ।
ਜ਼ਿਕਰਯੋਗ ਹੈ ਕਿ ਈ ਨਿਲਾਮੀ ਨੋਟਿਸ ਵਿੱਤੀ ਸੰਪਤੀਆਂ ਦੀ ਸੁਰੱਖਿਆ ਅਤੇ ਪੁਨਰ ਨਿਰਮਾਣ ਅਤੇ ਸੁਰੱਖਿਆ ਹਿੱਤ ਐਕਟ, 2002 ਦੇ ਤਹਿਤ ਈ-ਨਿਲਾਮੀ ਨੋਟਿਸ ਦੇਣਾ ਜ਼ਰੂਰੀ ਹੈ। ਇਸ ਨੂੰ ਨਿਲਾਮੀ ਤੋਂ 30 ਦਿਨ ਪਹਿਲਾਂ ਦੇਣਾ ਹੁੰਦਾ ਹੈ। ਇਹ ਪ੍ਰਕਿਰਿਆ ਆਸਾਨ ਨਹੀਂ ਹੈ। ਕਰਜ਼ੇ ਦੀ ਪੂਰੀ ਫਾਈਲ ਬੈਂਕ ਵਿੱਚ ਭੇਜੀ ਜਾਂਦੀ ਹੈ ਅਤੇ ਫਿਰ ਲੋਨ ਲੈਣ ਦੇ ਬਦਲੇ ਰੱਖੀ ਜਾਇਦਾਦ ਦੀ ਨਿਲਾਮੀ ਕਰਨ ਦਾ ਫੈਸਲਾ ਲਿਆ ਜਾਂਦਾ ਹੈ। ਯਾਨੀ ਬੈਂਕ ਆਫ ਬੜੌਦਾ ਜਿਸ ਤਕਨੀਕੀ ਗਲਤੀ ਦਾ ਹਵਾਲਾ ਦੇ ਰਿਹਾ ਹੈ, ਉਹ ਪੂਰੀ ਜਾਂਚ ਦਾ ਵਿਸ਼ਾ ਹੈ।
ਸੰਨੀ ਦਿਓਲ ਦੇ ਮਾਮਲੇ ਵਿਚ ਬੈਂਕ ਆਫ ਬੜੌਦਾ ਦੀ ਜ਼ੋਨਲ ਸਟਰੈੱਸਡ ਐਸੇਟ ਰਿਕਵਰੀ ਬ੍ਰਾਂਚ ਨੇ ਆਮ ਲੋਕਾਂ ਨੂੰ ਜਾਰੀ ਨੋਟਿਸ ਵਿਚ ਕਿਹਾ ਸੀ ਕਿ ਸੰਨੀ ਦਿਓਲ ਦਾ ਬੰਗਲਾ ਬੈਂਕ ਕੋਲ ਗਿਰਵੀ ਰਖਿਆ ਗਿਆ ਹੈ, ਜਿਸ ਦਾ ਕਬਜ਼ਾ ਬੈਂਕ ਦੇ ਅਧਿਕਾਰਤ ਅਧਿਕਾਰੀ ਨੇ ਲੈ ਲਿਆ ਸੀ। ਇਸ ਵਿੱਚ ਕਿਹਾ ਗਿਆ ਸੀ ਕਿ ਬਕਾਇਆ ਵਸੂਲੀ ਲਈ ਬੰਗਲਾ "ਜਿਵੇਂ ਹੈ" ਭਾਵ ਉਸੇ ਰੂਪ ਵਿੱਚ ਵੇਚ ਦਿਤਾ ਜਾਵੇਗਾ।ਗਿਰਵੀ ਰੱਖੀਆਂ ਜਾਇਦਾਦਾਂ ਵਿੱਚ ਸੰਨੀ ਵਿਲਾ ਦੇ ਅਧੀਨ 599.44 ਵਰਗ ਮੀਟਰ ਜ਼ਮੀਨ ਦੇ ਸਾਰੇ ਟੁਕੜੇ ਸ਼ਾਮਲ ਹਨ। ਕਰਜ਼ੇ ਦੇ ਗਾਰੰਟਰਾਂ ਵਿੱਚ ਅਜੇ ਸਿੰਘ ਦਿਓਲ ਉਰਫ ਸੰਨੀ ਦਿਓਲ ਅਤੇ ਵਿਜੇ ਸਿੰਘ ਧਰਮਿੰਦਰ ਦਿਓਲ ਸ਼ਾਮਲ ਸਨ। ਧਰਮਿੰਦਰ ਉਸ ਦੇ ਪਿਤਾ ਹਨ।
Comments (0)