ਅਕਾਲ ਤਖਤ ਦੇ ਜਥੇਦਾਰ  ਬਾਦਲ ਪਰਿਵਾਰ ਦੇ ਪ੍ਰਭਾਵ ਅਧੀਨ ਬੀਬੀ ਜਗੀਰ ਕੌਰ ਨੂੰ ਜ਼ਲੀਲ ਨਾ ਕਰਨ-ਸਿਖ ਬੁਧਜੀਵੀ

ਅਕਾਲ ਤਖਤ ਦੇ ਜਥੇਦਾਰ  ਬਾਦਲ ਪਰਿਵਾਰ ਦੇ ਪ੍ਰਭਾਵ ਅਧੀਨ ਬੀਬੀ ਜਗੀਰ ਕੌਰ ਨੂੰ ਜ਼ਲੀਲ ਨਾ ਕਰਨ-ਸਿਖ ਬੁਧਜੀਵੀ

*ਗੁਨਾਹਗਾਰ ਲੀਡਰਸ਼ਿਪ ਨੂੰ ਬਚਾਉਣ ਦਾ ਰਾਹ ਪੱਧਰਾ ਨਾ ਕਰੋ ਜਥੇਦਾਰ ਜੀ

*ਮੌਜੂਦਾ ਪੰਥਕ ਸੰਕਟ ਤੇ ਅਕਾਲੀ ਦਲ ਦੀ ਸਿਰਜਣਾ ਲਈ ਨੁਮਾਇੰਦਾ ਪੰਥਕ ਇਕਠ ਸਦੋ

ਅੰਮ੍ਰਿਤਸਰ ਟਾਈਮਜ਼ ਬਿਊਰੋ

ਜਲੰਧਰ- ਸਿਖ ਬੁਧੀਜੀਵੀਆਂ ਸਿਰਦਾਰ  ਗੁਰਤੇਜ ਸਿੰਘ ਆਈਏਐਸ ,ਜਥੇਦਾਰ ਪਰਮਿੰਦਰ ਪਾਲ ਸਿੰਘ ਖਾਲਸਾ ਪ੍ਰਧਾਨ ਸਿਖ ਸੇਵਕ ਸੁਸਾਇਟੀ ਇੰਟਰਨੈਸ਼ਨਲ, ਭਾਈ ਹਰਸਿਮਰਨ ਸਿੰਘ ,ਪ੍ਰੋਫੈਸਰ ਬਲਵਿੰਦਰ ਪਾਲ ਸਿੰਘ ਨੇ ਬੀਬੀ ਜਾਗੀਰ ਕੌਰ ਨੂੰ ਬੇਕਾਰਣ ਅਕਾਲ ਤਖਤ ਸਾਹਿਬ ਉਪਰ ਤਲਬ ਕਰਨ ਦਾ ਨੋਟਿਸ ਲੈਦਿਆਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕੀਤੀ ਕਿ ਉਹ  ਅਕਾਲੀ ਦਲ ਨੂੰ ਤਬਾਹ ਕਰਨ ਵਾਲੀ ਗੁਨਾਹਗਾਰ ਅਕਾਲੀ ਲੀਡਰਸ਼ਿਪ ਤੇ ਬਾਦਲ ਪਰਿਵਾਰ ਉਪਰ ਸਖਤ ਕਾਰਵਾਈ ਕਰਨ ਦੀ ਥਾਂ ਤੇ ਅਕਾਲੀ ਦਲ ਅਕਾਲ ਤਖਤ ਤੋਂ ਪੁਨਰ ਸਿਰਜਣਾ ਕਰਨ ਲਈ ਪੰਥਕ ਇਕਠ ਬੁਲਾਉਣ ਦੀ ਥਾਂ ਇਸ ਸਾਰੇ ਪੰਥਕ ਮਸਲੇ ਨੂੰ ਤਾਰਪੀਡੋ ਕਰਨ ਲਈ ਗੈਰਸਿਧਾਂਤਕ,ਗੈਰ ਸਿਖ ਮਰਿਯਾਦਾ ਵਾਲੇ ਕੇਸ ਦੀ ਸੁਣਵਾਈ ਕਰਕੇ ਅਕਾਲ ਤਖਤ ਸਾਹਿਬ ਦੀ ਮਹਾਨ ਪਰੰਪਰਾਵਾਂ ਨੂੰ ਗਿਆਨੀ ਗੁਰਬਚਨ ਸਿੰਘ ਵਾਂਗ ਢਾਹ ਲਗਾਉਣ ਤੋਂ ਸੰਕੋਚ ਕਰਨ।ਉਨ੍ਹਾਂ ਕਿਹਾ ਕਿ ਇਹ ਸਭ ਕੁਝ ਬਾਦਲ ਪਰਿਵਾਰ ਦਾ ਵਰਤਾਰਾ ਹੈ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਆਪਣੀ ਸਿਆਸਤ ਅਨੁਸਾਰ  ਮੁੜ ਚਲਾਇਆ ਜਾਵੇ।ਜਥੇਦਾਰ ਅਕਾਲ ਤਖਤ ਸਾਹਿਬ ਨੂੰ ਇਸ ਕੂੜ ਸਿਆਸੀ ਲੀਡਰਸ਼ਿਪ ਦੇ ਚਕਰਵਿਊ ਤੋਂ ਨਿਕਲਣਾ ਚਾਹੀਦਾ।

 

ਉਨ੍ਹਾਂ ਕਿਹਾ ਕਿ ਹੁਣੇ ਜਿਹੇ ਅਕਾਲ ਤਖਤ ਦੇ ਜਥੇਦਾਰ ਵਲੋਂ ਬੀਬੀ ਜਗੀਰ ਕੌਰ ਨੂੰ  ਆਪਣੀ ਧੀ ਦੀ ਮੌਤ ਦੇ ਮਾਮਲੇ ਵਿੱਚ 2000 ਦੌਰਾਨ ਦਰਜ ਹੋਏ ਕੇਸ ਵਿਚੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਬਰੀ ਕੀਤੇ ਜਾਣ ਤੋਂ ਛੇ ਸਾਲ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ  ਦੇ ਸਾਬਕਾ ਪ੍ਰਧਾਨ  ਨੂੰ ਨੋਟਿਸ ਜਾਰੀ ਕਰਕੇ ਕੁਝ ਵਿਅਕਤੀਆਂ ਵੱਲੋਂ ਮਿਲੀ ਸ਼ਿਕਾਇਤ ਤੇ ਰੋਮਾਂ ਦੀ ਬੇਅਦਬੀ ’ਤੇ 7 ਦਿਨਾਂ ਦੇ ਅੰਦਰ ਸਪੱਸ਼ਟੀਕਰਨ ਮੰਗਿਆ ਗਿਆ ਹੈ। ਜਦ ਕਿ ਜਥੇਦਾਰ ਅਕਾਲ ਤਖਤ ਦੇ ਦੋਵੇਂ ਨੁਕਤੇ ਸਿਖ ਮਰਿਯਾਦਾ ,ਅਕਾਲ ਤਖਤ ਸਾਹਿਬ ਦੇ ਸਿਧਾਂਤ ਅਨੁਸਾਰ ਨੀਵੇਂ ਤੇ ਕੂੜ ਪੱਧਰ ਦੇ ਹਨ ਤੇ ਇਕ ਇਸਤਰੀ ਤੇ ਅਕਾਲ ਤਖਤ ਸਾਹਿਬ ਦੀਆਂ ਮਹਾਨ ਪਰੰਪਰਾਵਾਂ ਦੀ ਤੌਹੀਨ ਹਨ। ਇਸ ਨਾਲ ਅਕਾਲ ਤਖਤ ਸਾਹਿਬ ਦੀਆਂ ਮਹਾਨ ਪਰੰਪਰਾਵਾਂ ਨੂੰ ਢਾਹ ਲਗਾਉਣ ਦਾ ਖਤਰਾ ਪੈਦਾ ਹੋ ਗਿਆ ਹੈ।ਸੁਆਲ ਇਹ ਵੀ ਹੈ ਕਿ ਕੀ ਜਥੇਦਾਰ ਰਘਬੀਰ ਸਿੰਘ ਨੇ ਇਹ ਨੋਟਿਸ ਭੇਜਣ ਤੋਂ ਪਹਿਲਾਂ ਬਾਕੀ ਸਿੰਘ ਸਾਹਿਬਾਨਾਂ ਨਾਲ ਸਲਾਹ ਕੀਤੀ ਹੈ?

ਸਿਖ ਬੁਧਜੀਵੀਆਂ ਨੇ ਕਿਹਾ ਕਿ  ਬੀਬੀ ਜਾਗੀਰ ਕੌਰ 16 ਮਾਰਚ 1999 ਦੌਰਾਨ ਸ੍ਰੋਮਣੀ ਕਮੇਟੀ ਦੀ ਪਹਿਲੀ ਇਸਤਰੀ ਪ੍ਰਧਾਨ ਬਣੀ ਸੀ। ਫਿਰ ਨਵੰਬਰ 2000 ਦੌਰਾਨ,2004 ਵਿਚ ਫਿਰ ਚੋਣ ਲੜੀ,2011 ਦੀ ਵੀ ਚੋਣ ਲੜੀ।ਬੀਬੀ ਜਗੀਰ ਕੌਰ ਨੂੰ 2018 ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਆਪਣੀ ਧੀ ਹਰਪ੍ਰੀਤ ਕੌਰ ਦੇ ਕਤਲ ਦੇ ਮਾਮਲੇ ਤੋਂ ਬਰੀ ਕਰ ਦਿੱਤਾ ਸੀ।ਉਸ ਤੋਂ ਬਾਅਦ, ਉਸਨੇ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ 'ਤੇ ਖਡੂਰ ਸਾਹਿਬ ਤੋਂ 2019 ਦੀ ਲੋਕ ਸਭਾ ਚੋਣ ਲੜੀ, ਅਤੇ ਅਗਲੇ ਸਾਲ ਉਸਨੂੰ ਸ੍ਰੋਮਣੀ ਕਮੇਟੀ ਦਾ ਪ੍ਰਧਾਨ ਚੁਣਿਆ ਗਿਆ ਸੀ। ਕੀ ਉਸ ਸਮੇਂ ਅਕਾਲੀ ਦਲ ਦੇ ਮਹਾਰਥੀਆਂ ,ਸਿੰਘ ਸਾਹਿਬਾਨਾਂ ਨੂੰ ਇਹ ਚੇਤੇ ਕਿਉਂ ਨਹੀਂ ਸੀ ਕਿ ਬੀਬੀ ਜਾਗੀਰ ਕੌਰ ਉਪਰ ਕੁੜੀ ਮਾਰ ਦੇ ਦੋਸ਼ ਹਨ ਜਾਂ ਉਸਨੇ ਕੇਸਾਂ ਦੀ ਬੇਅਦਬੀ ਕੀਤੀ ਹੈ।

ਉਨ੍ਹਾਂ ਕਿਹਾ ਕਿ ਬੀਬੀ ਨੂੰ 'ਕੁੜੀਮਾਰ' ਨਹੀਂ ਆਖਿਆ ਜਾ ਸਕਦਾ। ਇਹ ਲਫਜ਼ ਸਿਖ ਮਰਿਆਦਾ ਅਨੁਸਾਰ ਭਰੂਣ ਹੱਤਿਆ ਅਤੇ ਜੰਮਦੀਆਂ ਕੁੜੀਆਂ ਨੂੰ ਮਾਰਨ ਲਈ ਹੀ ਵਰਤਿਆ ਜਾ ਸਕਦਾ ਹੈ। ਸਾਡੀ ਗੁਰਭਾਈਆਂ ਦੀ ਭਰਪੂਰ ਹਮਦਰਦੀ ਬੀਬੀ ਦੇ ਨਾਲ ਹੋਣੀ ਚਾਹੀਦੀ ਹੈ।਼ਉਨ੍ਹਾਂ ਕਿਹਾ ਕਿ ਜਦ ਇਹ ਮਸਲਾ ਅਦਾਲਤ ਵਿਚ ਬੀਬੀ ਜਿਤ ਚੁਕੀ ਹੈ ਤਾਂ ਜਥੇਦਾਰ ਜੀ ਨੂੰ ਇਸ ਮਸਲੇ ਨੂੰ ਨਹੀਂ ਵਿਚਾਰਨਾ ਚਾਹੀਦਾ ਸੀ।

ਉਨ੍ਹਾਂ ਕਿਹਾ ਕਿ ਜਥੇਦਾਰ ਅਕਾਲ ਤਖਤ ਨੂੰ ਅਜਿਹੇ ਗੈਰ ਸਿਧਾਂਤਕ ਮੁਦੇ ਤਿਆਗਕੇ ਪੰਥਕ ਸੰਕਟ ਸਬੰਧੀ ਕੇਸ ਉਪਰ ਕਾਰਵਾਈ ਕਰਨੀ ਚਾਹੀਦੀ ਹੈ,ਗੁਨਾਹਗਾਰ ਅਕਾਲੀ ਲੀਡਰਸ਼ਿਪ ਨੂੰ ਸਖਤ ਰਾਜਨੀਤਕ ਸਜ਼ਾ ਦੇਣੀ ਚਾਹੀਦੀ ਹੈ ਜਿਸ ਕਾਰਣ ਅਕਾਲੀ ਦਲ ਦੀ ਸਿਆਸੀ ਨਸਲਕੁਸ਼ੀ ਹੋਈ ਤੇ ਸਿਖ ਪੰਥ ਨਾਲ ਧ੍ਰੋਹ ਕਮਾਇਆ ਗਿਆ।ਇਸ ਵਿਚ ਬਾਦਲ ਪਰਿਵਾਰ ਹੀ ਨਹੀਂ, ਗਿਆਨੀ ਗੁਰਬਚਨ ਸਿੰਘ ,ਗੁਰਮੁਖਿ ਸਿੰਘ, ਇਕਬਾਲ ਸਿੰਘ ਵੀ ਦੋਸ਼ੀ ਹਨ। ਇਨ੍ਹਾਂ ਨੂੰ ਹਾਲੇ ਤਕ ਅਕਾਲ ਤਖਤ ਸਾਹਿਬ ਤਲਬ ਕਿਉਂ ਨਹੀਂ ਕੀਤਾ ਗਿਆ।ਇਸ ਕੇਸ ਨੂੰ ਹੱਲ ਕਰਨ ਵਿਚ ਦੇਰੀ ਕਿਉਂ?

ਕਿਉਂ ਨਹੀਂ ਪ੍ਰਕਾਸ਼ ਸਿੰਘ ਬਾਦਲ ਨੂੰ ਫਖਰੇ ਕੌਮ ਅਵਾਰਡ ਜੋ ਅਕਾਲ ਤਖਤ ਸਾਹਿਬ ਵਲੋਂ ਦਿਤਾ ਗਿਆ ,ਵਾਪਸ ਲਿਆ ਜਾ ਰਿਹਾ।ਜਦ ਕਿ ਇਸ ਸਬੰਧ ਵਿਚ ਆਪ ਜੀ ਕੋਲ ਕਾਰਵਾਈ ਲਈ ਅਰਜ਼ੀਆਂ ਭੇਜੀਆਂ ਜਾ ਚੁਕੀਆਂ ਹਨ।ਕਿਉਂ ਨਹੀਂ ਇਸ ਬਾਰੇ ਨੁਮਾਇੰਦਾ ਪੰਥਕ ਇਕਠ ਬੁਲਾਕੇ  ਪੰਥਕ ਫੈਸਲੇ ਕਿਉਂ ਨਹੀਂ ਕੀਤੇ ਜਾ ਰਹੇ।