ਪੰਜਾਬ ਵਿੱਚ ਕਾਂਗਰਸ ਛੱਡਣ ਵਾਲੇ ਆਗੂ ਸਿਆਸੀ ਘੁੰਮਣ ਘੇਰੀਆਂ ਵਿਚ ਫਸੇ

ਪੰਜਾਬ ਵਿੱਚ ਕਾਂਗਰਸ ਛੱਡਣ ਵਾਲੇ ਆਗੂ ਸਿਆਸੀ ਘੁੰਮਣ ਘੇਰੀਆਂ ਵਿਚ ਫਸੇ

*ਨਹੀਂ ਦਿਖ ਰਿਹਾ ਭਾਜਪਾ ਵਿਚ ਕੋਈ ਸਿਆਸੀ ਭਵਿੱਖ

*ਸੁਨੀਲ ਜਾਖੜ ਦਾ ਅਸਤੀਫਾ ਭਾਜਪਾ ਲਈ ਮੁਸੀਬਤ ਬਣਿਆ

ਪੰਜਾਬ ਵਿੱਚ ਕਾਂਗਰਸ ਪਾਰਟੀ ਦੇ ਜਿਹੜੇ ਆਗੂ ਪਾਰਟੀ ਛੱਡ ਕੇ ਗਏ ਸਨ, ਉਹ ਅੱਜ ਮੁਸੀਬਤ ਜਾਂ ਦੁਚਿੱਤੀ ਵਿੱਚ ਹਨ। ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਕਿ ਕੀ ਕੀਤਾ ਜਾਵੇ? ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਣ ਵਾਲੇ ਆਗੂ ਆਪਣੇ ਸਿਆਸੀ ਭਵਿੱਖ ਨੂੰ ਲੈਕੇ ਪਰੇਸ਼ਾਨ ਹਨ।  ਹਾਲਾਂਕਿ ਅਜਿਹਾ ਨਹੀਂ ਹੈ ਕਿ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਆਗੂ ਸਹਿਜ ਹਨ। ਲੋਕ ਸਭਾ ਚੋਣਾਂ ਤੋਂ ਪਹਿਲਾਂ ਕੁਝ ਆਗੂ ਕਾਂਗਰਸ ਛੱਡ ਕੇ ‘ਆਪ’ ਵਿੱਚ ਸ਼ਾਮਲ ਹੋਏ ਅਤੇ ਚੋਣ ਵੀ ਲੜੇ ਪਰ ਜਿੱਤ ਨਾ ਸਕੇ। ਉਦੋਂ ਤੋਂ ਉਨ੍ਹਾਂ ਦੀ ਆਮ ਆਦਮੀ ਪਾਰਟੀ ਵਿੱਚ ਕੋਈ ਦਿਲਚਸਪੀ ਨਹੀਂ ਰਹੀ। ਕਾਂਗਰਸ ਛੱਡ ਕੇ 'ਆਪ' 'ਚ ਸ਼ਾਮਲ ਹੋਏ ਡਾ: ਰਾਜਕੁਮਾਰ ਚੱਬੇਵਾਲ ਹੁਸ਼ਿਆਰਪੁਰ ਤੋਂ ਚੋਣ ਜਿੱਤੇ, ਪਰ ਗੁਰਪ੍ਰੀਤ ਸਿੰਘ ਜੀਪੀ ਫ਼ਤਹਿਗੜ੍ਹ ਸਾਹਿਬ ਤੋਂ ਚੋਣ ਲੜੇ ਅਤੇ ਹਾਰ ਗਏ | ਹੁਣ ਕਿਹਾ ਜਾ ਰਿਹਾ ਹੈ ਕਿ ਉਹ ਮੁੜ ਕਾਂਗਰਸ ਵਿਚ ਵਾਪਸੀ ਦਾ ਰਾਹ ਲੱਭ ਰਹੇ ਹਨ।

ਪਰ ਭਾਜਪਾ ਵਿੱਚ ਸ਼ਾਮਲ ਹੋਣ ਵਾਲੇ ਕਾਂਗਰਸੀ ਆਗੂਆਂ ਦੀ ਵੱਡੀ ਸਮੱਸਿਆ ਇਹ ਹੈ ਕਿ ਉਨ੍ਹਾਂ ਆਪਣੀ ਸਿਆਸੀ ਭਵਿੱਖ  ਉਜਲਾ ਨਹੀਂ ਦਿਖ  ਰਿਹਾ। ਜੇਕਰ ਸੂਬੇ ਵਿਚ 2027 ਦੌਰਾਨ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਤਾਂ ਉਨ੍ਹਾਂ ਨੂੰ ਆਪਣੀ ਰਣਨੀਤੀ ਤਿਆਰ ਕਰਨੀ ਪਵੇਗੀ। ਉਹ ਸਮਝ ਗਏ ਹਨ ਕਿ ਪੰਜਾਬ ਵਿਚ ਅਜੇ ਭਾਜਪਾ ਦਾ ਰਾਜਨੀਤਕ ਭਵਿੱਖ   ਨਹੀਂ ਹੈ। ਆਮ ਆਦਮੀ ਪਾਰਟੀ ਅਤੇ ਕਾਂਗਰਸ ਹੀ ਪੰਜਾਬ ਰਾਜਨੀਤੀ ਉਪਰ ਭਾਰੂ ਹੈ।ਅਕਾਲੀ ਦਲ ਦਾ ਭਵਿੱਖ ਅਜੇ ਡਾਵਾਂਡੋਲ ਹੈ।

 ਜ਼ਿਕਰਯੋਗ ਹੈ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾ ਕੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਸੀ। ਉਸ ਤੋਂ ਬਾਅਦ ਕੈਪਟਨ ਨੇ ਪਾਰਟੀ ਛੱਡ ਦਿੱਤੀ ਅਤੇ ਫਿਰ ਉਨ੍ਹਾਂ ਦੇ ਕਰੀਬੀਆਂ ਵੱਲੋਂ ਪਾਰਟੀ ਛੱਡਣ ਦਾ ਸਿਲਸਿਲਾ ਸ਼ੁਰੂ ਹੋ ਗਿਆ, ਜੋ ਲੋਕ ਸਭਾ ਚੋਣਾਂ ਤੱਕ ਜਾਰੀ ਰਿਹਾ। ਕੈਪਟਨ ਅਤੇ ਉਸ ਦਾ ਸਾਥ ਛੱਡਣ ਵਾਲੇ ਸਾਰੇ ਨੇਤਾ ਜਾਂ ਤਾਂ ਵਿਧਾਨ ਸਭਾ ਵਿੱਚ ਹਾਰ ਗਏ ਜਾਂ ਲੋਕ ਸਭਾ ਚੋਣਾਂ ਵਿੱਚ ਹਾਰ ਗਏ। ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਰੇ ਰਵਨੀਤ ਸਿੰਘ ਬਿੱਟੂ ਨੂੰ ਕੇਂਦਰੀ ਮੰਤਰੀ ਬਣਾ ਕੇ ਰਾਜ ਸਭਾ ਭੇਜਣ ਦਾ ਫੈਸਲਾ ਕੀਤਾ ਗਿਆ ਅਤੇ ਮੰਤਰੀ ਵੀ ਬਣਾਇਆ ਗਿਆ। ਜਦਕਿ ਜਾਖੜ ਨੂੰ ਇਹ ਵਾਅਦਾ ਕੀਤਾ ਗਿਆ ਸੀ ਪਰ ਬੀਜੇਪੀ ਨੇ ਇਸ ਨੂੰ ਪੂਰਾ ਨਹੀਂ ਕੀਤਾ।। ਇਸ ਨਾਲ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਆਗੂਆਂ ਵਿਚ ਬਿਟੂ ਨੂੰ ਲੈਕੇ ਹਾਈਕਮਾਂਡ ਨਾਲ  ਨਰਾਜਗੀ ਦਾ ਮਾਹੌਲ ਬਣਿਆ ਹੋਇਆ ਹੈ।

ਹੁਣੇ ਹੀ ਜਦੋਂ ਇਹ ਖ਼ਬਰ ਆਈ ਕਿ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਅਸਤੀਫ਼ਾ ਦੇ ਦਿੱਤਾ ਹੈ ਤਾਂ ਹੈਰਾਨੀ ਦੀ ਗੱਲ ਨਹੀਂ ਰਹੀ। ਹਾਲਾਂਕਿ ਬਾਅਦ ਵਿਚ ਭਾਜਪਾ ਨੇ ਕਿਹਾ ਕਿ ਉਨ੍ਹਾਂ ਨੇ ਅਸਤੀਫਾ ਨਹੀਂ ਦਿੱਤਾ ਹੈ। ਪਰ ਸੁਨੀਲ ਜਾਖੜ ਨੇ ਖੁਦ ਸਥਿਤੀ ਸਪੱਸ਼ਟ ਨਹੀਂ ਕੀਤੀ ਹੈ।   ਕੈਪਟਨ ਦੇ ਪੂਰੇ ਪਰਿਵਾਰ ਅਤੇ ਉਨ੍ਹਾਂ ਦੇ ਕਰੀਬੀ ਸੁਨੀਲ ਜਾਖੜ ਨੂੰ ਭਾਜਪਾ ਤੋਂ ਕੋਈ ਉਮੀਦ ਨਜ਼ਰ ਨਹੀਂ ਆ ਰਹੀ। ਕੈਪਟਨ ਅਮਰਿੰਦਰ ਸਿੰਘ ਬਿਮਾਰ ਹਨ ਅਤੇ ਸਰਗਰਮ ਸਿਆਸਤ ਕਰਨ ਦੇ ਸਮਰੱਥ ਨਹੀਂ ਹਨ। ਉਨ੍ਹਾਂ ਦੀ ਪਤਨੀ ਪ੍ਰਨੀਤ ਕੌਰ ਨੇ ਪਟਿਆਲਾ ਸੀਟ ਤੋਂ ਲੋਕ ਸਭਾ ਚੋਣ ਲੜੀ ਸੀ ਪਰ ਤੀਜੇ ਨੰਬਰ 'ਤੇ ਰਹੀ। 'ਆਪ' ਤੋਂ ਕਾਂਗਰਸ ਵਿਚ ਆਏ ਧਰਮਵੀਰ ਗਾਂਧੀ ਨੇ ਚੋਣ ਜਿੱਤੀ। ਉਨ੍ਹਾਂ ਨੂੰ ਉਮੀਦ ਸੀ ਕਿ ਭਾਜਪਾ ਉਨ੍ਹਾਂ ਨੂੰ ਕਿਤੇ ਨਾ ਕਿਤੇ ਜਗ੍ਹਾ ਦੇਵੇਗੀ ਪਰ ਇਸ ਨੇ ਬਿੱਟੂ ਨੂੰ ਚੁਣਿਆ। ਇਸੇ ਤਰ੍ਹਾਂ ਕੈਪਟਨ ਦੇ ਪੁੱਤਰ ਰਣਇੰਦਰ ਸਿੰਘ ਦੀ ਭਾਜਪਾ ਵਿੱਚ ਕੋਈ ਭੂਮਿਕਾ ਤੈਅ ਨਹੀਂ ਹੈ। ਉਹ ਕਾਂਗਰਸ ਦੀ ਟਿਕਟ 'ਤੇ ਦੋ ਵਾਰ ਚੋਣ ਲੜ ਚੁੱਕੇ ਹਨ। ਇਸ ਲਈ ਭਾਵੇਂ ਕੈਪਟਨ ਪਰਿਵਾਰ ਹੋਵੇ ਜਾਂ ਜਾਖੜ ਪਰਿਵਾਰ, ਹਰ ਕੋਈ ਭਾਜਪਾ ਵਿਚ ਆਪਣੀ ਸਥਿਤੀ ਨੂੰ ਲੈ ਕੇ ਦੁਚਿੱਤੀ ਵਿਚ ਹੈ ਅਤੇ 2027 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪਣੀ ਪੁਜੀਸ਼ਨ ਬਣਾਉਣ ਦੀ ਕੋਸ਼ਿਸ਼ ਵਿਚ ਹੈ। ਪੰਜਾਬ ਭਾਜਪਾ ਦੇ ਆਗੂ ਵੀ ਕਾਂਗਰਸ ਤੋਂ ਆਏ ਲੀਡਰਾਂ ਨੂੰ ਪਸੰਦ ਨਹੀਂ ਕਰ ਰਹੇ।

ਦੂਸਰੇ ਪਾਸੇ ਪੰਜਾਬ ਦੇ ਪ੍ਰਮੁੱਖ ਨੇਤਾ ਦਲ ਬਦਲੀ ਕਰ ਕੇ ਗਏ ਨੇਤਾਵਾਂ ਨੂੰ ਕਾਂਗਰਸ ਵਿਚ ਲੈਣ ਨੂੰ ਤਿਆਰ ਨਹੀਂ।ਕਾਂਗਰਸੀ ਆਗੂ ਚਰਨਜੀਤ ਸਿੰਘ ਚੰਨੀ,ਰਾਜਾ ਵੜਿੰਗ ਪਹਿਲਾਂ ਹੀ ਇਹ ਬਿਆਨ ਦੇ ਚੁਕੇ ਹਨ।

ਹਰਿਆਣਾ ਚੋਣਾਂ ਤੋਂ ਬਾਅਦ ਜਾਖੜ ’ਤੇ ਫ਼ੈਸਲਾ ਲਵੇਗੀ ਭਾਜਪਾ

 ਭਾਰਤੀ ਜਨਤਾ ਪਾਰਟੀ ਹੁਣ ਹਰਿਆਣਾ ਤੇ ਜੰਮੂ-ਕਸ਼ਮੀਰ ਚੋਣਾਂ ਤੋਂ ਬਾਅਦ ਪਾਰਟੀ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਦੇ ਅਸਤੀਫੇ ਦੀ ਪੇਸ਼ਕਸ਼ ’ਤੇ ਫ਼ੈਸਲਾ ਲਵੇਗੀ। ਇਨ੍ਹੀਂ ਦਿਨੀਂ ਪਾਰਟੀ ਹਾਈਕਮਾਂਡ ਦਾ ਧਿਆਨ ਇਨ੍ਹਾਂ ਦੋਵਾਂ ਰਾਜਾਂ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵੱਲ ਹੈ। ਹਾਲਾਂਕਿ ਪਾਰਟੀ ਜਾਖੜ ਦੇ ਅਸਤੀਫ਼ੇ ਦੀ ਪੇਸ਼ਕਸ਼ ਬਾਰੇ ਜਲਦਬਾਜ਼ੀ ਵਿਚ ਕੋਈ ਫ਼ੈਸਲਾ ਨਹੀਂ ਲੈਣਾ ਚਾਹੁੰਦੀ। ਕਿਉਂਕਿ ਭਾਜਪਾ ਨੇ ਕਿਸੇ ਹੋਰ ਪਾਰਟੀ ਦੇ ਆਗੂ ਨੂੰ ਜਥੇਬੰਦੀ ਵਿਚ ਸੂਬੇ ਦੀ ਜ਼ਿੰਮੇਵਾਰੀ ਸੌਂਪ ਕੇ ਜਾਖੜ ’ਤੇ ਤਜਰਬਾ ਕੀਤਾ ਸੀ। 

ਪਾਰਟੀ ਜਾਖੜ ਨੂੰ ਲੈ ਕੇ ਵੀ ਦੁਚਿੱਤੀ ਵਿਚ ਹੈ ਕਿਉਂਕਿ ਜੇਕਰ ਉਹ ਉਨ੍ਹਾਂ ਦਾ ‘ਅਸਤੀਫ਼ਾ’ ਸਵੀਕਾਰ ਕਰ ਲੈਂਦੀ ਹੈ ਤਾਂ ਇਸ ਦਾ ਅਸਰ ਭਾਜਪਾ ਦੇ ਪੰਜਾਬ ਵਿਚ ਇਕੱਲਿਆਂ ਚੱਲਣ ਦੇ ਫ਼ੈਸਲੇ ’ਤੇ ਪਵੇਗਾ। ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਹੋਣ ਕਾਰਨ ਭਾਜਪਾ ਸਿਰਫ਼ 23 ਸੀਟਾਂ ’ਤੇ ਹੀ ਚੋਣ ਲੜਦੀ ਰਹੀ। ਜਿਸ ਕਾਰਨ ਭਾਜਪਾ ਦਾ ਪੂਰੇ ਪੰਜਾਬ ਵਿਚ ਵਿਸਥਾਰ ਨਹੀਂ ਹੋ ਸਕਿਆ, ਖ਼ਾਸ ਕਰ ਕੇ ਪੇਂਡੂ ਖੇਤਰਾਂ ਵਿਚ। ਭਾਜਪਾ ਨੇ ਲੋਕ ਸਭਾ ਚੋਣਾਂ ਵਿਚ ਸ਼ਾਮਲ ਹੋਣ ਲਈ ਦੂਜੀਆਂ ਪਾਰਟੀਆਂ ਦੇ ਨੇਤਾਵਾਂ ਨੂੰ ਨਾਲ ਮਿਲਾਇਆ। ਅਜਿਹੇ ਵਿਚ ਜੇਕਰ ਭਾਜਪਾ ਜਾਖੜ ਦੇ ਪ੍ਰਸਤਾਵ ਨੂੰ ਸਵੀਕਾਰ ਕਰਦੀ ਹੈ ਤਾਂ ਇਸ ਦਾ ਅਸਰ ਦੂਜੀਆਂ ਪਾਰਟੀਆਂ ਤੋਂ ਆਉਣ ਵਾਲੇ ਨੇਤਾਵਾਂ ’ਤੇ ਪਵੇਗਾ। ਉਨ੍ਹਾਂ ਵਿਚ ਬੇਭਰੋਸਗੀ ਦੀ ਭਾਵਨਾ ਪੈਦਾ ਹੋਵੇਗੀ। ਇਸ ਦੇ ਨਾਲ ਹੀ ਜੇਕਰ ਪਾਰਟੀ ਜਾਖੜ ਦੇ ਅਸਤੀਫ਼ੇ ਦੇ ਪ੍ਰਸਤਾਵ ਨੂੰ ਰੱਦ ਕਰਦੀ ਹੈ ਤਾਂ ਇਸ ਦਾ ਅਸਰ ਪੰਜਾਬ ਭਾਜਪਾ ਦੇ ਪੁਰਾਣੇ ਆਗੂਆਂ ’ਤੇ ਪਵੇਗਾ। ਕਿਉਂਕਿ ਪੁਰਾਣੇ ਆਗੂ ਖੁੱਲ੍ਹੇਆਮ ਕਹਿ ਰਹੇ ਹਨ ਕਿ ਦੂਜੀਆਂ ਪਾਰਟੀਆਂ ਦੇ ਆਗੂਆਂ ਨੂੰ ਉਨ੍ਹਾਂ ’ਤੇ ਲਾਇਆ ਗਿਆ ਸੀ। ਇਸ ਕਾਰਣ ਭਾਜਪਾ ਦੂਹਰੇ ਸਿਆਸੀ ਸੰਕਟ ਵਿਚ ਫਸੀ ਹੋਈ ਹੈ।ਪੰਜਾਬ ਦੇ ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਭਾਜਪਾ ਪੰਜਾਬ ਦੇ ਮੁਹਾਵਰੇ ਤੇ ਸਿਆਸਤ ਨੂੰ ਸਮਝਣ ਵਾਲਾ ਕੋਈ ਨੇਤਾ ਨਹੀਂ ਹੈ।ਪਰ ਬਿਟੂ ਨੂੰ ਮੰਤਰੀ ਬਣਾਕੇ ਭਾਜਪਾ ਨੇ ਪੰਜਾਬ ਵਿਚ ਆਪਣੀ ਸਿਆਸਤ ਵਿਗਾੜ ਲਈ ਹੈ।