ਪੂਰੀ ਜ਼ਿੰਦਗੀ ਸਮਾਜਿਕ ਬਰਾਬਰੀ ਲਈ ਲੜਦੇ ਰਹੇ ਡਾ: ਭੀਮ ਰਾਓ ਅੰਬੇਡਕਰ
ਮਨਜੀਤ ਤਿਆਗੀ
'ਮਨੁੱਖ ਨੂੰ ਜਿਉਂਦੇ ਰਹਿਣ ਲਈ ਸਿਰਫ਼ ਰੋਟੀ ਹੀ ਨਹੀਂ ਚਾਹੀਦੀ, ਸਗੋਂ ਉਸ ਦੇ ਕੋਲ ਦਿਮਾਗ਼ ਹੈ, ਜਿਸ ਨੂੰ ਵਿਚਾਰਾਂ ਦੇ ਭੋਜਨ ਦੀ ਲੋੜ ਹੈ।'
ਉਪਰੋਕਤ ਸ਼ਬਦ ਭਾਰਤ ਰਤਨ ਡਾ: ਬੀ. ਆਰ. ਅੰਬੇਡਕਰ ਦੇ ਹਨ, ਜਿਨ੍ਹਾਂ ਨੂੰ ਭਾਰਤੀ ਸੰਵਿਧਾਨ ਦੇ ਨਿਰਮਾਤਾ ਤੇ ਇਕ ਮਹਾਨ ਚਿੰਤਕ ਵਜੋਂ ਵੀ ਸਤਿਕਾਰਿਆ ਜਾਂਦਾ ਹੈ। ਉਹ ਖੁੱਲ੍ਹੇ ਵਿਚਾਰਾਂ ਵਾਲੇ, ਧੁਰ ਅੰਦਰ ਤੱਕ ਲੋਕਤੰਤਰ ਪੱਖੀ ਸੋਚ ਅਤੇ ਅਮਲਾਂ ਵਾਲੇ ਅਜਿਹੇ ਇਨਸਾਨ ਸਨ, ਜਿਨ੍ਹਾਂ ਨੇ ਨਿਆਂ, ਆਜ਼ਾਦੀ, ਬਰਾਬਰੀ ਅਤੇ ਭਾਈਚਾਰੇ ਦੀਆਂ ਲੋਕਤੰਤਰੀ ਕਦਰਾਂ-ਕੀਮਤਾਂ ਨੂੰ ਹੱਲਾਸ਼ੇਰੀ ਦਿੱਤੀ। ਉਹ ਵਿਹਾਰਕ ਤੇ ਸਮਾਜਿਕ ਨਿਆਂ ਵਿਚ ਵਿਸ਼ਵਾਸ ਰੱਖਦੇ ਸਨ। 14 ਅਪ੍ਰੈਲ, 1891 ਨੂੰ ਮਹਾਰਾਸ਼ਟਰ ਦੇ ਪਿੰਡ ਅੰਬਾਡਵੇ ਵਿਖੇ ਅੰਬੇਡਕਰ ਦਾ ਜਨਮ ਹੋਇਆ, ਜਿਨ੍ਹਾਂ ਦੇ ਸੰਘਰਸ਼ ਤੇ ਜੱਦੋ-ਜਹਿਦ ਨਾਲ ਦਲਿਤਾਂ ਅਤੇ ਪਿਛੜੇ ਵਰਗਾਂ ਦੇ ਜੀਵਨ ਵਿਚ ਵੱਡੀ ਤਬਦੀਲੀ ਆਈ। ਡਾ: ਅੰਬੇਡਕਰ ਦੇ ਪਿਤਾ ਸੂਬੇਦਾਰ ਰਾਮਜੀ ਮਾਲੋਜੀ ਸਕਪਾਲ 'ਬ੍ਰਿਟਿਸ਼ ਇੰਡੀਅਨ ਆਰਮੀ' 'ਚ ਨੌਕਰੀ ਕਰਦੇ ਸਨ ਤੇ ਮਾਤਾ ਭੀਮਾ ਬਾਈ ਬੜੀ ਨੇਕ ਤੇ ਸਮਝਦਾਰ ਇਸਤਰੀ ਸੀ।
17 ਸਾਲਾਂ ਦੀ ਉਮਰ 'ਚ ਉਨ੍ਹਾਂ ਦਾ ਵਿਆਹ ਰਾਮਾ ਬਾਈ ਨਾਲ ਹੋ ਗਿਆ, ਉਦੋਂ ਰਾਮਾ ਬਾਈ ਦੀ ਉਮਰ ਸਿਰਫ਼ 9 ਸਾਲ ਸੀ। ਘਰ ਦੀ ਕਮਜ਼ੋਰ ਆਰਥਿਕ ਹਾਲਤ ਹੋਣ ਦੇ ਬਾਵਜ਼ੂਦ ਉਨ੍ਹਾਂ ਨੇ ਮੁੰਬਈ ਦੇ ਐਲਫਿੰਸਟਨ ਕਾਲਜ ਤੋਂ ਬੀ. ਏ. ਪਾਸ ਕਰ ਲਈ। ਬੜੌਦਾ ਰਿਆਸਤ ਦੇ ਮਹਾਰਾਜਾ ਨੇ 1913 'ਚ ਕੁਝ ਲੜਕਿਆਂ ਨੂੰ ਉੱਚ ਵਿੱਦਿਆ ਹਾਸਲ ਕਰਨ ਲਈ ਅਮਰੀਕਾ ਭੇਜਿਆ, ਜਿਨ੍ਹਾਂ 'ਚ ਭੀਮ ਰਾਓ ਅੰਬੇਡਕਰ ਵੀ ਸਨ। 1915 'ਚ ਅਮਰੀਕਾ ਦੀ ਕੋਲੰਬੀਆ ਯੂਨੀਵਰਸਿਟੀ ਤੋਂ ਆਪ ਨੇ ਐਮ. ਏ. ਦੀ ਡਿਗਰੀ ਪ੍ਰਾਪਤ ਕਰ ਲਈ। ਅਮਰੀਕਾ ਦੇ ਆਜ਼ਾਦ, ਖੁਸ਼ਹਾਲ ਤੇ ਖੁੱਲ੍ਹ ਭਰੇ ਵਾਤਾਵਰਨ ਨੂੰ ਵੇਖ ਕੇ ਅੰਬੇਡਕਰ ਦਾ ਦਿਲ ਤੰਗੀਆਂ-ਤੁਰਸ਼ੀਆਂ ਸਹਿੰਦੇ, ਗੁਲਾਮੀਆਂ ਹੰਢਾਉਂਦੇ ਅਛੂਤ ਭਰਾਵਾਂ ਲਈ ਤੜਪ ਉੱਠਿਆ। ਕੋਲੰਬੀਆ ਯੂਨੀਵਰਸਿਟੀ ਤੋਂ ਆਪ ਨੂੰ ਡਾਕਟਰ ਆਫ਼ ਫ਼ਿਲਾਸਫੀ ਦੀ ਡਿਗਰੀ ਮਿਲੀ। ਇਸ ਤਰ੍ਹਾਂ ਉਹ ਭੀਮ ਰਾਓ ਤੋਂ ਡਾ: ਭੀਮ ਰਾਓ ਅੰਬੇਡਕਰ ਬਣ ਗਏ। ਇੰਨੀਆਂ ਡਿਗਰੀਆਂ ਪ੍ਰਾਪਤ ਕਰਨ ਦੇ ਬਾਵਜੂਦ ਵੀ ਡਾ: ਅੰਬੇਡਕਰ ਦੀ ਜਗਿਆਸੂ ਬਿਰਤੀ ਤ੍ਰਿਪਤ ਨਹੀਂ ਹੋਈ ਸੀ, ਉਹ ਚਾਹੁੰਦੇ ਸਨ ਕਿ ਕਿਸੇ ਤਰ੍ਹਾਂ ਪੈਸਾ ਇਕੱਠਾ ਕਰਕੇ ਲੰਦਨ ਜਾ ਕੇ ਕਾਨੂੰਨ ਤੇ ਅਰਥ-ਸ਼ਾਸਤਰ ਦੀ ਵਿਚਕਾਰ ਛੱਡੀ ਪੜ੍ਹਾਈ ਮੁਕੰਮਲ ਕੀਤੀ ਜਾਵੇ। ਇਸ ਲਈ ਉਨ੍ਹਾਂ ਨੇ ਮੁੰਬਈ ਦੇ ਇਕ ਕਾਲਜ ਅੰਦਰ ਪ੍ਰੋਫ਼ੈਸਰੀ ਕਬੂਲ ਕੀਤੀ। 1919 'ਚ ਆਪ ਨੇ ਮੂਕ-ਨਾਇਕ ਨਾਂਅ ਦਾ ਪੰਦਰਾ ਰੋਜ਼ਾ ਅਖ਼ਬਾਰ ਸ਼ੁਰੂ ਕੀਤਾ। 1920 'ਚ ਉਹ ਅਗਲੇਰੀ ਪੜ੍ਹਾਈ ਲਈ ਲੰਡਨ ਚਲੇ ਗਏ ਪਰ ਉੱਥੇ ਜਾ ਕੇ ਵੀ ਆਪਣੇ ਜ਼ਿੰਦਗੀ ਦੇ ਮਿਸ਼ਨ ਨੂੰ ਨਹੀਂ ਭੁੱਲੇ। 1923 'ਚ ਆਪ ਲੰਡਨ ਤੋਂ ਬੈਰਿਸਟਰ ਤੇ ਡਾਕਟਰ ਆਫ਼ ਫ਼ਿਲਾਸਫ਼ੀ ਬਣ ਕੇ ਪਰਤੇ।
ਸਾਲ 1930 ਦਾ ਵਰ੍ਹਾ ਭਾਰਤੀ ਇਤਿਹਾਸ 'ਚ ਵਿਸ਼ੇਸ਼ ਤੌਰ 'ਤੇ ਵਰਨਣਯੋਗ ਹੈ। ਇਸ ਸਾਲ ਲੰਡਨ 'ਚ ਗੋਲਮੇਜ਼ ਕਾਨਫਰੰਸ ਹੋਈ। ਡਾ: ਅੰਬੇਡਕਰ ਨੇ ਇਸ 'ਚ ਸ਼ਾਮਿਲ ਹੋ ਕੇ ਅਛੂਤਾਂ ਦੇ ਕਈ ਨੁਕਤੇ ਉਭਾਰੇ। ਇੱਥੇ ਹੀ ਮਹਾਤਮਾ ਗਾਂਧੀ ਨਾਲ ਆਪ ਦੇ ਵਿਚਾਰਧਾਰਾਈ ਵਿਰੋਧ ਪੈਦਾ ਹੋ ਗਏ। ਡਾ: ਅੰਬੇਡਕਰ ਹੱਕ-ਸੱਚ ਤੇ ਇਨਸਾਫ ਲਈ ਲੜਨ ਵਾਲੇ ਇਕ ਨਿਧੜਕ ਤੇ ਨਿਡਰ ਲੀਡਰ ਸਨ। ਉਨ੍ਹਾਂ ਸਪੱਸ਼ਟ ਸ਼ਬਦਾਂ 'ਚ ਗਾਂਧੀ ਜੀ ਨੂੰ ਇਹ ਕਹਿ ਦਿੱਤਾ ਕਿ ਕਾਂਗਰਸ ਨੇ ਅਛੂਤਾਂ ਦੇ ਮਸਲੇ ਨੂੰ ਮਾਨਤਾ ਦੇਣ ਦੇ ਸਿਵਾਏ ਕੁਝ ਨਹੀਂ ਕੀਤਾ।ਬਾਬਾ ਸਾਹਿਬ ਦਾ ਪਰਿਵਾਰਕ ਜੀਵਨ ਹਮੇਸ਼ਾ ਹੀ ਦੁਖਦਾਈ ਰਿਹਾ। ਬਚਪਨ ਵਿਚ ਆਪ ਨੇ ਅੱਤ ਦੀ ਗ਼ਰੀਬੀ ਭੋਗੀ। ਸ਼ਾਦੀ ਤੋਂ ਬਾਅਦ ਆਪ ਦੇ ਚਾਰ ਬੱਚੇ ਚਲਾਣਾ ਕਰ ਗਏ। 27 ਮਈ, 1935 ਨੂੰ ਉਨ੍ਹਾਂ 'ਤੇ ਜਿਵੇਂ ਦੁੱਖਾਂ ਦਾ ਪਹਾੜ ਹੀ ਟੁੱਟ ਪਿਆ। ਇਸ ਦਿਨ ਆਪ ਦੀ ਧਰਮਪਤਨੀ ਇਸ ਦੁਨੀਆ ਨੂੰ ਅਲਵਿਦਾ ਕਹਿ ਸਦਾ ਲਈ ਆਪ ਨੂੰ ਵਿਛੋੜਾ ਦੇ ਗਈ। ਸੰਨ 1956 'ਚ ਡਾ: ਅੰਬੇਡਕਰ ਸਾਹਿਬ ਨੇ ਬੀ.ਬੀ.ਸੀ. ਤੋਂ ਪ੍ਰਸਾਰਿਤ ਕੀਤੇ ਇਕ ਭਾਸ਼ਣ 'ਚ ਕਿਹਾ ਕਿ ਉਹ ਬੁੱਧ ਧਰਮ ਨੂੰ ਇਸ ਲਈ ਮੰਨਦੇ ਹਨ, ਕਿਉਂਕਿ ਇਸ 'ਚ ਸੰਮਤਾ, ਸਮਾਨਤਾ ਅਤੇ ਭਾਈਚਾਰੇ ਦੇ ਤਿੰਨੇ ਅਸੂਲ ਇਕ ਥਾਂ ਮਿਲਦੇ ਹਨ। ਬੁੱਧ ਧਰਮ ਵਹਿਮ-ਪ੍ਰਸਤੀ ਦੀ ਥਾਂ ਸੂਝ ਦੀ ਸਿੱਖਿਆ ਦਿੰਦਾ ਹੈ। ਇਹ ਵਿਚਾਰ ਤੇ ਬਰਾਬਰੀ ਸਿਖਾਉਂਦਾ ਹੈ। ਉਨ੍ਹਾਂ ਲੱਖਾਂ ਪੈਰੋਕਾਰਾਂ ਨਾਲ ਬੁੁੱਧ ਧਰਮ ਗ੍ਰਹਿਣ ਕੀਤਾ।
ਡਾ: ਅੰਬੇਡਕਰ ਗਿਆਨ ਨੂੰ ਇਕ ਸ਼ਕਤੀ ਵਜੋਂ ਲੈਂਦੇ ਸਨ। ਉਹ ਕਿਹਾ ਕਰਦੇ ਸਨ ਕਿ ਅਨੁਸੂਚਿਤ ਜਾਤੀਆਂ ਦੇ ਲੋਕ ਓਨਾ ਚਿਰ ਆਪਣੀ ਸੁਤੰਤਰਤਾ ਅਤੇ ਮੁਕਤੀ ਪ੍ਰਾਪਤ ਨਹੀਂ ਕਰ ਸਕਦੇ ਜਿੰਨਾ ਚਿਰ ਉਹ ਗਿਆਨ ਦੇ ਖ਼ੇਤਰ 'ਚ ਡੂੰਘਾ ਨਹੀਂ ਉਤਰਦੇ। ਉਹ ਚਾਹੁੰਦੇ ਸਨ ਕਿ ਦਲਿਤ ਸਮਾਜ ਦੇ ਵਿਦਿਆਰਥੀ ਗਿਆਨ ਹਾਸਲ ਕਰਨ ਅਤੇ ਸਮਾਜ ਨੂੰ ਅਗਵਾਈ ਦੇਣ। ਉਨ੍ਹਾਂ ਦੇ ਦਿੱਤੇ ਪਹਿਲੇ ਆਦੇਸ਼ 'ਸਿੱਖਿਅਤ ਬਣੋ' ਦੇ ਅਨੁਸਾਰ ਕੁਝ ਲੋਕਾਂ ਨੇ ਵਿੱਦਿਆ ਪ੍ਰਾਪਤੀ ਨੂੰ ਆਪਣੀ ਨਿੱਜੀ ਸਫ਼ਲਤਾ ਦਾ ਸਾਧਨ ਬਣਾ ਕੇ ਆਪਣੇ ਪਰਿਵਾਰ ਤੱਕ ਹੀ ਸੀਮਤ ਕਰ ਲਿਆ। ਦੂਜਾ ਆਦੇਸ਼ 'ਸੰਘਰਸ਼ ਕਰੋ' ਨੂੰ ਸਿਰਫ ਸਿਆਸੀ ਲੀਡਰਾਂ ਦਾ ਕੰਮ ਸਮਝ ਕੇ ਉਸ ਨੂੰ ਅਣਗੌਲਿਆ ਕਰ ਦਿੱਤਾ। ਤੀਜੇ ਆਦੇਸ਼ 'ਸੰਗਠਿਤ ਹੋਵੋ' ਦੇ ਅਨੁਸਾਰ ਉਸ ਬਾਰੇ ਸਮਾਜ ਦਾ ਰਵੱਈਆ ਹੀ ਉਲਟ ਦਿਸ਼ਾ ਵੱਲ ਹੋ ਗਿਆ ਲੱਗਦਾ ਹੈ।ਸਾਡੀ ਸੰਸਦੀ ਵਿਵਸਥਾ ਉਨ੍ਹਾਂ ਦੀ ਦੇਣ ਹੈ। ਉਨ੍ਹਾਂ ਦੇ ਯਤਨਾਂ ਸਦਕਾ ਹੀ ਤਿੰਨ ਰੰਗੇ ਕੌਮੀ ਝੰਡੇ 'ਚ ਅਸ਼ੋਕ ਚੱਕਰ ਦਾ ਨਿਸ਼ਾਨ ਰੱਖਿਆ ਗਿਆ। ਜਦੋਂ ਤਿੰਨ ਅਗਸਤ ਨੂੰ ਬਣੇ ਪਹਿਲੇ ਕੇਂਦਰੀ ਮੰਡਲ 'ਚ ਆਪ ਨੂੰ ਕਾਨੂੰਨ ਮੰਤਰੀ ਬਣਾਇਆ ਗਿਆ ਤਾਂ ਅੰਬੇਡਕਰ ਸਾਹਿਬ ਨੇ ਔਰਤਾਂ ਦੀ ਉੱਨਤੀ ਤੇ ਮੁਕਤੀ ਵਾਸਤੇ ਪੂਰੀ ਵਾਹ ਲਾਈ ਤੇ ਔਰਤਾਂ ਦੇ ਰੁਤਬੇ ਨੂੰ ਵਧਾਉਣ ਲਈ ਸੰਵਿਧਾਨ ਸਭਾ ਵਿਚ ਹਿੰਦੂ ਕੋਡ ਬਿੱਲ ਪੇਸ਼ ਕੀਤਾ। ਹਿੰਦੂ ਕੋਡ ਬਿੱਲ ਸਬੰਧੀ ਜਦੋਂ ਮੰਤਰੀ ਮੰਡਲ 'ਚ ਵਿਰੋਧ ਹੋਇਆ ਤਾਂ ਆਪ ਨੇ ਮੰਤਰੀ ਮੰਡਲ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ।
ਮਗਰੋਂ 26 ਜਨਵਰੀ, 1950 ਨੂੰ ਆਪ ਦੁਆਰਾ ਨਿਰਮਿਤ 395 ਧਾਰਾਵਾਂ ਤੇ 9 ਅਨੁਸੂਚੀਆਂ ਵਾਲਾ ਸੰਵਿਧਾਨ ਲਾਗੂ ਕਰ ਦਿੱਤਾ ਗਿਆ। ਬਾਬਾ ਸਾਹਿਬ ਨੇ ਕਈ ਕਿਤਾਬਾਂ ਵੀ ਲਿਖੀਆਂ। ਗ਼ਰੀਬ ਲੋਕਾਂ ਦੇ ਹੱਕਾਂ ਲਈ ਲੜਦੀ ਇਹ ਸ਼ਖ਼ਸੀਅਤ 6 ਦਸੰਬਰ, 1956 ਨੂੰ ਆਪਣਾ ਭੌਤਿਕ ਚੋਲਾ ਤਿਆਗ ਕੇ ਸਦਾ ਲਈ ਅਲੋਪ ਹੋ ਗਈ। ਉਨ੍ਹਾਂ ਦੇ ਮਹਾਨ ਕਾਰਜਾਂ ਨੂੰ ਸਲਾਮ ਕਰਦਿਆਂ ਭਾਰਤ ਸਰਕਾਰ ਨੇ ਉਨ੍ਹਾਂ ਨੂੰ 1990 ਵਿਚ ਸਰਬਉਚ ਸਨਮਾਨ 'ਭਾਰਤ ਰਤਨ' ਨਾਲ ਨਿਵਾਜ਼ਿਆ। ਦੇਸ਼ਾਂ-ਵਿਦੇਸ਼ਾਂ ਵਿਚ ਹਰ ਸਾਲ 14 ਅਪ੍ਰੈਲ ਨੂੰ ਬਾਬਾ ਸਾਹਿਬ ਡਾ: ਅੰਬੇਡਕਰ ਜੀ ਦੀ ਜੈਅੰਤੀ ਬਹੁਤ ਧੂਮ-ਧਾਮ ਨਾਲ ਮਨਾਈ ਜਾਂਦੀ ਹੈ।
Comments (0)