ਕੀ ਪੰਜਾਬ ਦੀ ਆਪ ਦੀ ਸਿਆਸਤ ਵੱਡਾ ਬਦਲਾਅ ਹੋਵੇਗਾ?
ਕੇਜਰੀਵਾਲ ਭਗਵੰਤ ਮਾਨ ਤੋਂ ਕਿਉਂ ਹਨ ਨਰਾਜ਼?
*ਸੰਧਵਾ ਕਿਉਂ ਬਣ ਰਹੇ ਹਨ ਕੇਜਰੀਵਾਲ ਦੇ ਦਰਬਾਰ ਵਿਚ ਅਹਿਮ ਪਾਤਰ?
ਪੰਜਾਬ ਵਿਚ ਆਮ ਆਦਮੀ ਪਾਰਟੀ ਨੂੰ ਸੱਤਾ ਵਿਚ ਆਏ ਢਾਈ ਸਾਲ ਹੋ ਚੁੱਕੇ ਹਨ, ਪਰ ਢਾਈ ਸਾਲ ਦੌਰਾਨ ਮੌਜੂਦਾ ਸਰਕਾਰ ਕਿਸੇ ਪਾਸਿਓਂ ਸਥਿਰ ਨਜ਼ਰ ਨਹੀਂ ਆ ਰਹੀ । ਵਾਰ-ਵਾਰ ਮੰਤਰੀ ਅਤੇ ਉੱਚ ਅਧਿਕਾਰੀ ਬਦਲੇ ਜਾ ਰਹੇ ਹਨ, ਪਰ ਗੱਲ ਨਹੀਂ ਬਣ ਰਹੀ । ਹਾਲ ਹੀ ਵਿਚ ਆਮ ਆਦਮੀ ਪਾਰਟੀ ਦੀ ਹਾਈਕਮਾਨ ਵਲੋਂ ਪੰਜਾਬ ਵਿਚ 5 ਨਵੇਂ ਮੰਤਰੀ ਬਣਾਏ ਗਏ ਹਨ ਅਤੇ ਕੁਝ ਦੀ ਛੁੱਟੀ ਕਰ ਦਿੱਤੀ ਗਈ । ਉਸ ਦੇ ਤੁਰੰਤ ਬਾਅਦ ਵੱਡਾ ਪ੍ਰਸ਼ਾਸਨਿਕ ਫੇਰਬਦਲ ਵੀ ਕੀਤਾ ਗਿਆ, ਪਰ ਹੁਣ ਜਿਨ੍ਹਾਂ ਚਰਚਾਵਾਂ ਨੇ ਜ਼ੋਰ ਫੜਿਆ ਹੋਇਆ ਹੈ, ਉਨ੍ਹਾਂ ਅਨੁਸਾਰ ਪੰਜਾਬ ਵੱਡੇ ਸਿਆਸੀ ਬਦਲਾਅ ਵੱਲ ਵਧ ਰਿਹਾ ਹੈ ।ਇਸ ਗੱਲ ਦੇ ਚਰਚੇ ਅੱਜ ਜ਼ੋਰ-ਸ਼ੋਰ ਨਾਲ ਹੁੰਦੇ ਰਹੇ ਕਿ ਪੰਜਾਬ ਵਿਚ ਕਿਸੇ ਵੀ ਵੇਲੇ ਵੱਡਾ ਸਿਆਸੀ ਧਮਾਕਾ ਹੋ ਸਕਦਾ ਹੈ ।ਜੋ ਚਰਚੇ ਸਿਆਸੀ ਗਲਿਆਰਿਆਂ ਵਿਚ ਕੁਝ ਦਿਨਾਂ ਤੋਂ ਚੱਲ ਰਹੇ ਹਨ, ਹੁਣ ਸਿਆਸੀ ਭੁਚਾਲ ਆਉਣ ਦੀਆਂ ਅਟਕਲਾਂ ਵੀ ਤੇਜ਼ ਹੋਣ ਲੱਗੀਆਂ ਹਨ ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਕਿਸੇ ਬਿਮਾਰੀ ਕਾਰਨ ਮੁਹਾਲੀ ਦੇ ਇਕ ਨਿੱਜੀ ਹਸਪਤਾਲ ਵਿਚ ਜ਼ੇਰੇ ਇਲਾਜ ਸਨ, ਪਰ ਉਸ ਨੂੰ ਲੈ ਕੇ ਵੀ ਵੱਖਰੀ ਚਰਚਾ ਛਿੜ ਗਈ ਸੀ ਕਿ ਇੰਨੇ ਦਿਨਾਂ ਤੋਂ ਪੰਜਾਬ ਦੇ ਮੁੱਖ ਮੰਤਰੀ ਹਸਪਤਾਲ ਵਿਚ ਦਾਖਲ ਸਨ, ਪਰ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਸਮੇਤ ਹੋਰ ਮੰਤਰੀਆਂ ਅਤੇ ਉਨ੍ਹਾਂ ਦੇ ਕਰੀਬੀ ਸਾਥੀਆਂ ਵਲੋਂ ਉਨ੍ਹਾਂ ਨੂੰ ਜਾ ਕੇ ਮਿਲਣ ਲਈ ਸਮਾਂ ਨਾ ਕੱਢ ਸਕਣ ਨੇ ਉਕਤ ਘਟਨਾਕ੍ਰਮ ਨਾਲ ਸੰਬੰਧਿਤ ਅਟਕਲਾਂ ਨੂੰ ਹੋਰ ਭਖਾ ਦਿੱਤਾ ਸੀ।
ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਵਲੋਂ ਭਗਵੰਤ ਮਾਨ ਨੂੰ ਹਸਪਤਾਲ ਵਿਚ ਹਾਲ ਚਾਲ ਪੁਛਣ ਬਾਅਦ ਆਮ ਆਦਮੀ ਪਾਰਟੀ ਦੇ ਕੌਮੀ ਸਕੱਤਰ ਸੰਦੀਪ ਪਾਠਕ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਵੀ ਮੁੱਖ ਮੰਤਰੀ ਨਾਲ ਹਸਪਤਾਲ 'ਚ ਮੁਲਾਕਾਤ ਕੀਤੀ ਸੀ।
ਇਸ ਚਰਚਾ ਨੇ ਵੀ ਜ਼ੋਰ ਫੜਿਆ ਸੀ ਕਿ ਮੁੱਖ ਮੰਤਰੀ ਦੀ ਪਤਨੀ ਦੀ ਸੁਰੱਖਿਆ ਵਿਚ ਕਟੌਤੀ ਕੀਤੀ ਗਈ ਹੈ, ਜਦਕਿ ਸਪੀਕਰ ਕੁਲਤਾਰ ਸਿੰਘ ਸੰਧਵਾ ਦੀ ਸੁਰੱਖਿਆ ਵਿਚ ਵਾਧਾ ਕਰ ਦਿੱਤਾ ਗਿਆ ਹੈ, ਇਸ ਦੇ ਪਿੱਛੇ ਕਾਰਨ ਸਪੱਸ਼ਟ ਨਹੀਂ ਹੋ ਸਕਿਆ । ਕਿਹਾ ਇਹ ਜਾ ਰਿਹਾ ਸਪੀਕਰ ਸੰਧਵਾ ਕੇਜਰੀਵਾਲ ਦੇ ਅਤਿਅੰਤ ਨੇੜੇ ਹਨ ਅਤੇ ਕੇਜਰੀਵਾਲ ਵਲੋਂ ਉਨ੍ਹਾਂ ਨੂੰ ਪੰਜਾਬ ਦਾ ਮੁਖ ਮੰਤਰੀ ਬਣਾਉਣ ਦੀ ਸੰਭਾਵਨਾ ਹੈ।ਬੀਤੀ ਦਿਨੀਂ ਉਹ ਪੰਜਾਹ ਵਿਧਾਇਕਾਂ ਨਾਲ ਕੇਜਰੀਵਾਲ ਨੂੰ ਮਿਲੇ ਸਨ ਤੇ ਕੇਜਰੀਵਾਲ ਦੀ ਲੀਡਰਸ਼ਿਪ ਵਿਚ ਭਰੋਸਾ ਪ੍ਰਗਟਾਇਆ ਗਿਆ।ਸੂਤਰਾਂ ਤੋਂ ਪਤਾ ਲਗਾ ਕਿ ਭਗਵੰਤ ਮਾਨ ਦੀ ਕੇਦਰ ਸਰਕਾਰ ਦੀ ਹਾਈਕਮਾਂਡ ਨਾਲ ਨੇੜਤਾ ਤੋਂ ਕੇਜਰੀਵਾਲ ਔਖੇ ਹਨ।
ਦੂਜੇ ਪਾਸੇ, ਪਾਰਟੀ ਸੂਤਰ ਦੱਸਦੇ ਹਨ ਕਿ ਉਨ੍ਹਾਂ ਦੀ ਪਾਰਟੀ ਅੰਦਰ ਕੁਝ ਤਾਂ ਚੱਲ ਰਿਹਾ ਹੈ, ਜੋ ਕਈ ਤਰ੍ਹਾਂ ਦੀਆਂ ਚਰਚਾਵਾਂ ਅਤੇ ਕਿਸੇ ਵੱਡੇ ਬਦਲਾਅ ਦੇ ਸੰਕੇਤ ਵੀ ਦੇ ਰਿਹਾ ਹੈ ।ਹਾਲਾਂਕਿ, ਇਸ ਸੰਬੰਧੀ ਕੋਈ ਮੰਤਰੀ ਜਾਂ ਅਹੁਦੇਦਾਰ ਕੁਝ ਵੀ ਕਹਿਣ ਤੋਂ ਗੁਰੇਜ਼ ਕਰ ਰਿਹਾ ਹੈ, ਪਰ ਬਦਲਾਅ ਵਾਲੀ ਸਰਕਾਰ ਵਿਚ ਇਕ ਵਾਰ ਫਿਰ ਵੱਡੇ ਬਦਲਾਅ ਦੀਆਂ ਕਿਆਸਅਰਾਂਈਆਂ ਲਗਾਈਆਂ ਜਾ ਰਹੀਆਂ ਹਨ । ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਜੇਲ੍ਹ ਤੋਂ ਬਾਹਰ ਆਉਂਦੇ ਹੀ ਵੱਡਾ ਫ਼ੈਸਲਾ ਲਿਆ ਅਤੇ ਦਿੱਲੀ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਆਪਣੀ ਇਕ ਮਹਿਲਾ ਮੰਤਰੀ ਆਤਿਸ਼ੀ ਨੂੰ ਦਿੱਲੀ ਦੀ ਮੁੱਖ ਮੰਤਰੀ ਬਣਾ ਦਿੱਤਾ ਸੀ । ਉਸ ਮਗਰੋਂ ਪੰਜਾਬ 'ਚ ਅਚਾਨਕ ਮੰਤਰੀ ਮੰਡਲ ਵਿਚ ਫੇਰਬਦਲ ਕੀਤਾ ਗਿਆ, ਕੁਝ ਮੰਤਰੀਆਂ ਦੀ ਛੁੱਟੀ ਕੀਤੀ ਗਈ ਅਤੇ ਪੰਜ ਨਵੇਂ ਮੰਤਰੀ ਮੰਤਰੀ ਮੰਡਲ 'ਚ ਸ਼ਾਮਿਲ ਕੀਤੇ ਗਏ, ਜਦਕਿ ਇਸ ਫੇਰ ਬਦਲ ਦੇ ਕੁਝ ਦਿਨ ਪਹਿਲਾਂ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਟੀ.ਵੀ. 'ਤੇ ਇਕ ਇੰਟਰਵਿਊ ਦੌਰਾਨ ਕਿਹਾ ਸੀ ਕਿ ਸਭ ਕੁਝ ਠੀਕ ਚੱਲ ਰਿਹਾ ਹੈ, ਮੰਤਰੀ ਮੰਡਲ 'ਚ ਕੋਈ ਫੇਰਬਦਲ ਨਹੀਂ ਹੋ ਰਿਹਾ ।ਇਸ ਫੇਰ ਬਦਲ ਦੌਰਾਨ ਮੁੱਖ ਮੰਤਰੀ ਮਾਨ ਦੇ ਕੁਝ ਕਰੀਬੀ ਮੰਤਰੀਆਂ ਦੀ ਵੀ ਛੁੱਟੀ ਹੋ ਗਈ ਸੀ। ਇਸ ਮਗਰੋਂ ਅਚਾਨਕ ਮੁੱਖ ਮੰਤਰੀ ਦੀ ਸਿਹਤ ਵਿਗੜ ਗਈ ਅਤੇ ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਹੋਣਾ ਪਿਆ, ਪਰ ਉਦੋਂ ਤੋਂ ਹੀ ਅਨੇਕਾਂ ਚਰਚਿਆਂ ਨੇ ਪੰਜਾਬ ਦੇ ਸਿਆਸੀ ਮਾਹੌਲ ਨੂੰ ਪੂਰੀ ਤਰ੍ਹਾਂ ਨਾਲ ਗਰਮ ਕਰ ਦਿੱਤਾ ਹੈ ।
Comments (0)