ਆਪ ਸਰਕਾਰ ਸ਼ੇਰ-ਏ-ਪੰਜਾਬ ਦੀ ਵਿਰਾਸਤ ਦੀ ਸੰਭਾਲ ਕਰੇ
*ਇਤਿਹਾਸਕ ਰਾਮ ਬਾਗ ਹੁਣ 6-7 ਫੁੱਟ ਉੱਚੀਆਂ ਜੰਗਲੀ ਝਾੜੀਆਂ ਵਿਚ ਘਿਰਿਆ
ਆਪ ਸਰਕਾਰ ਵਲੋਂ ਮਹਾਰਾਜਾ ਰਣਜੀਤ ਸਿੰਘ ਦੁਆਰਾ ਗੁਰੂ ਰਾਮਦਾਸ ਜੀ ਦੇ ਨਾਂਅ 'ਤੇ ਲਗਾਏ 'ਰਾਮ ਬਾਗ' ਅਤੇ ਉਸ ਦੇ ਇਤਿਹਾਸਕ ਸਮਾਰਕਾਂ ਨੂੰ ਪੂਰੀ ਤਰ੍ਹਾਂ ਅਣਗੌਲਿਆ ਕੀਤਾ ਜਾ ਰਿਹਾ ਹੈ ।ਇਸ ਵਿਰਾਸਤੀ ਸਮਾਰਕ ਦੀ ਸੰਭਾਲ ਕਰਨ ਵਿਚ ਨਾਕਾਮ ਰਹੀ ਪੰਜਾਬ ਸਰਕਾਰ ਦੇ ਸੈਰ-ਸਪਾਟਾ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਅਗਵਾਈ 'ਵਿਚ ਸਿੱਖ ਰਾਜ ਵੇਲੇ ਪੰਜਾਬ ਦੇ ਸਭ ਬਾਗਾਂ ਤੋਂ ਖ਼ੂਬਸੂਰਤ ਤੇ ਆਲੀਸ਼ਾਨ ਰਿਹਾ ਇਤਿਹਾਸਕ ਰਾਮ ਬਾਗ ਹੁਣ 6-7 ਫੁੱਟ ਉੱਚੀਆਂ ਜੰਗਲੀ ਝਾੜੀਆਂ ਵਿਚ ਘਿਰ ਚੁੱਕਿਆ ਹੈ ।
ਬਾਗ ਦੀ ਖ਼ੂਬਸੂਰਤੀ ਬਰਕਰਾਰ ਰੱਖਣ ਲਈ ਨਗਰ ਨਿਗਮ ਦੇ ਹਾਰਟੀਕਲਚਰ ਵਿਭਾਗ ਵਲੋਂ ਕਈ ਮਾਲੀ ਨਿਯੁਕਤ ਕੀਤੇ ਗਏ ਹੋਣ ਦੇ ਬਾਵਜੂਦ ਪੂਰੇ ਬਾਗ ਵਿਚ ਹਰ ਪਾਸੇ ਜੰਗਲੀ ਝਾੜੀਆਂ ਉੱਗਣਾ ਸੰਬੰਧਿਤ ਵਿਭਾਗ ਅਤੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਸਵਾਲੀਆ ਨਿਸ਼ਾਨ ਲਗਾ ਰਿਹਾ ਹੈ । ਇਨ੍ਹਾਂ ਝਾੜੀਆਂ ਕਰਕੇ ਇਥੇ ਪਹੁੰਚਣ ਵਾਲੇ ਸਥਾਨਕ ਨਾਗਰਿਕਾਂ ਜਾਂ ਸੈਲਾਨੀਆਂ ਲਈ ਬਾਗ ਵਿਚਲੇ ਜਨਰਲ ਵੈਂਤੁਰਾ ਦੁਆਰਾ ਬਣਾਏ ਰਾਇਲ ਸਵਿਮਿੰਗ ਪੂਲ (ਸ਼ਾਹੀ ਇਸ਼ਨਾਨ ਘਰ), ਵੀਰ ਚੱਕਰ ਵਿਜੇਤਾ ਸ਼ਹੀਦ ਮੇਜਰ ਲਲਿਤ ਮੋਹਨ ਭਾਟੀਆ ਦੇ ਬੁੱਤ ਅਤੇ ਹੋਰ ਸਮਾਰਕਾਂ ਤੱਕ ਪਹੁੰਚਣਾ ਵੀ ਅਸੰਭਵ ਹੈ ।
ਦੱਸਣਯੋਗ ਹੈ ਕਿ ਇਸ ਇਤਿਹਾਸਕ ਬਾਗ ਦੇ ਅੱਧ ਵਿਚਕਾਰ ਮਹਾਰਾਜਾ ਦੁਆਰਾ ਆਪਣੀ ਰਿਹਾਇਸ਼ ਲਈ ਸੰਨ 1819 ਵਿਚ ਉਸਾਰੇ ਆਲੀਸ਼ਾਨ ਸਮਰ ਪੈਲੇਸ (ਗਰਮੀਆਂ ਦੇ ਮਹਿਲ) ਦੇ ਚੁਫੇਰੇ ਲੱਖਾਂ ਰੁਪਈਆਂ ਦੀ ਲਾਗਤ ਨਾਲ 'ਚਾਰ-ਬਾਗ' ਦੀ ਤਰਜ਼ 'ਤੇ ਕੁਝ ਸਮਾਂ ਪਹਿਲਾਂ ਹੀ ਲਗਵਾਏ ਗਏ ਬਾਗਾਂ ਵਿਚ ਉੱਚੀਆਂ ਝਾੜੀਆਂ ਅਤੇ ਕਾਂਗਰਸ ਘਾਹ ਦੇ ਉੱਗ ਜਾਣ ਕਾਰਨ ਵਿਰਾਸਤੀ ਸਮਾਰਕ ਦੀ ਦਿਖ ਪੂਰੀ ਤਰ੍ਹਾਂ ਖ਼ਰਾਬ ਹੋ ਚੁੱਕੀ ਹੈ।
ਭਾਵੇਂ ਸਰਕਾਰ-ਏ-ਖਾਲਸਾ ਦੀ ਰਾਜਧਾਨੀ ਲਾਹੌਰ ਸੀ, ਪਰ ਸਿੱਖ ਮਾਨਸਿਕਤਾ ਵਿੱਚ ਹਮੇਸ਼ਾ ਅੰਮ੍ਰਿਤਸਰ ਸਿਰਮੌਰ ਸਥਾਨ ਰਿਹਾ ਹੈ। ਮਹਾਰਾਜਾ ਰਣਜੀਤ ਸਿੰਘ ਦੇ ਹੁਕਮਾਂ ਉੱਤੇ ਸੰਨ 1819 ਵਿੱਚ ਸਰਕਾਰ-ਏ-ਖਾਲਸਾ ਨੇ ਇਸ ਸ਼ਹਿਰ ਦੀ ਉੱਤਰੀ ਬਾਹੀ ਉੱਤੇ ਹਰਿਮੰਦਰ ਸਾਹਿਬ ਤੋਂ ਕਰੀਬ ਇੱਕ ਕਿਲੋਮੀਟਰ ਦੂਰ ਖੂਬਸੂਰਤ ਬਾਗ ਬਣਾਉਣਾ ਸ਼ੁਰੂ ਕੀਤਾ ਸੀ। ਸ਼ੇਰ-ਏ-ਪੰਜਾਬ ਨੇ ਇਸ ਬਾਗ ਨੂੰ ਬਣਾਉਣ ਦੀ ਜ਼ਿੰਮੇਵਾਰੀ ਮਸ਼ਹੂਰ ਮੁਸਲਿਮ ਆਰਕੀਟੈਕਟ ਮੁਹੰਮਦ ਯਾਰ ਨੂੰ ਦਿੱਤੀ ਸੀ। ਸੰਨ 1831 ਵਿੱਚ ਇਹ ਬਾਗ ਬਣ ਕੇ ਮੁਕੰਮਲ ਹੋ ਗਿਆ ਅਤੇ ਇਸ ਉਪਰ ਉਸ ਸਮੇਂ 1,45,000 ਰੁਪਏ ਖਰਚਾ ਆਇਆ। ਬਾਗ ਵਿੱਚ ਬਹੁਤ ਸੁੰਦਰ ਬਗੀਚੇ, ਫਲ-ਫੁੱਲ ਅਤੇ ਛਾਂਦਾਰ ਪੌਦੇ ਲਾਏ ਗਏ। ਫੁੱਲ ਬੂਟਿਆਂ ਨੂੰ ਪਾਣੀ ਦੇਣ ਅਤੇ ਬਾਗ ਦੀ ਸੁੰਦਰਤਾ ਵਧਾਉਣ ਲਈ ਫੁਹਾਰੇ ਲਾਏ ਗਏ। ਮਹਾਰਾਜੇ ਦੀ ਰਿਹਾਇਸ਼ ਲਈ ਬਾਗ ਦੇ ਵਿਚਾਲੇ ਬਾਰਾਂਦਰੀ ਵਰਗੀ ਇੱਕ ਬੜੀ ਖੂਬਸੂਰਤ ਇਮਾਰਤ ਬਣਾਈ ਗਈ, ਜਿਸ ਨੂੰ ਸ਼ੀਸ਼ ਮਹਿਲ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਤੋਂ ਇਲਾਵਾ ਡਿਓਢੀ ਅਤੇ ਹੋਰ ਇਮਾਰਤਾਂ ਵੀ ਬਾਗ ਵਿੱਚ ਉਸਾਰੀਆਂ ਗਈਆਂ। ਇਹ ਇਮਾਰਤਾਂ ਸਿੱਖ ਭਵਨ ਕਲਾਂ ਦਾ ਸ਼ਾਹਕਾਰ ਨਮੂਨਾ ਹਨ।
ਸੰਨ 1831 ਵਿੱਚ ਅੰਮ੍ਰਿਤਸਰ ਵਿੱਚ ਜਦੋਂ ਇਹ ਬਾਗ ਪੂਰਾ ਮੁਕੰਮਲ ਹੋ ਗਿਆ ਤਾਂ ਦਰਬਾਰੀਆਂ ਨੇ ਮਹਾਰਾਜੇ ਨੂੰ ਇਸ ਦਾ ਨਾਂਅ ਰਣਜੀਤ ਸਿੰਘ ਬਾਗ ਰੱਖਣ ਦੀ ਬੇਨਤੀ ਕੀਤੀ। ਦਰਬਾਰੀਆਂ ਦੀ ਇਸ ਮੰਗ ਨੂੰ ਮਹਾਰਾਜ ਰਣਜੀਤ ਸਿੰਘ ਨੇ ਨਕਾਰ ਕੇ ਕਿਹਾ ਕਿ ਇਹ ਬਾਗ ਗੁਰੂ ਰਾਮਦਾਸ ਜੀ ਦੇ ਪਾਵਨ ਸ਼ਹਿਰ ਵਿੱਚ ਹੈ ਅਤੇ ਇਸ ਦਾ ਨਾਮ ਵੀ ਰਾਮ-ਬਾਗ ਹੋਣਾ ਚਾਹੀਦਾ ਹੈ। ਹੌਲੀ-ਹੌਲੀ ਰਾਮ-ਬਾਗ ਸਰਕਾਰ-ਏ-ਖਾਲਸਾ ਦਾ ਧੁਰਾ ਬਣ ਗਿਆ।
ਜਦੋਂ ਸੰਨ 1849 ਵਿੱਚ ਈਸਟ ਇੰਡੀਆ ਕੰਪਨੀ ਨੇ ਪੰਜਾਬ ਉਪਰ ਕਬਜ਼ਾ ਕੀਤਾ ਤਾਂ ਰਾਮ-ਬਾਗ ਵਿੱਚ ਈਸਟ ਇੰਡੀਆ ਕੰਪਨੀ ਦੇ ਅਧਿਕਾਰੀ ਵੀ ਰਹਿਣ ਲੱਗ ਪਏ। ਈਸਟ ਇੰਡੀਆ ਕੰਪਨੀ ਵੱਲੋਂ ਕਬਜ਼ਾ ਕਰਨ ਨਾਲ ਰਾਮ-ਬਾਗ ਦੀ ਥਾਂ ਇਸ ਦਾ ਨਵਾਂ ਨਾਮ ‘ਕੰਪਨੀ ਬਾਗ’ ਪ੍ਰਚੱਲਿਤ ਕੀਤਾ ਗਿਆ। ਈਸਟ ਇੰਡੀਆ ਕੰਪਨੀ ਦਾ ਕਬਜ਼ਾ ਖਤਮ ਹੋਏ ਨੂੰ ਕਿੰਨਾ ਸਮਾਂ ਬੀਤ ਗਿਆ, ਪਰ ਅਜੇ ਵੀ ਬਹੁਤੇ ਲੋਕ ਇਸ ਨੂੰ ਕੰਪਨੀ ਬਾਗ ਹੀ ਕਹਿੰਦੇ ਹਨ।
ਅਜੋਕੇ ਰਾਮ-ਬਾਗ ਵਿੱਚ ਇੱਕ ਬਹੁਤ ਖੂਬਸੂਰਤ ਮਹਾਰਾਜਾ ਰਣਜੀਤ ਸਿੰਘ ਪੈਨੋਰਮਾ ਹੈ। 18 ਨਵੰਬਰ 2001 ਨੂੰ ਓਦੋਂ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਇਸ ਦਾ ਨੀਂਹ ਪੱਥਰ ਰੱਖਿਆ ਸੀ ਤੇ 20 ਜੁਲਾਈ 2006 ਨੂੰ ਓਦੋਂ ਦੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਇਸ ਦਾ ਉਦਘਾਟਨ ਕੀਤਾ ਸੀ। ਪਰ ਹੁਣ ਆਪ ਸਰਕਾਰ ਇਸ ਵਲ ਧਿਆਨ ਨਹੀਂ ਦੇ ਰਹੀ।
Comments (0)