ਯੂ. ਐਸ. ਕਾਂਗਰਸਮੈਨ ਰਿਚਰਡ ਨੀਲ ਨੇ "1984 ਸਿੱਖ ਨਸਲਕੁਸ਼ੀ" ਤੇ ਲਾਈ ਮੋਹਰ
ਸਿੱਖ ਆਗੂਆਂ ਵਲੋਂ ਭਰਵਾਂ ਸਵਾਗਤ
ਅੰਮ੍ਰਿਤਸਰ ਟਾਈਮਜ਼
ਸੈਕਰਾਮੈਂਟੋ, ਕੈਲੀਫੋਰਨੀਆ ( ਹੁਸਨ ਲੜੋਅ ਬੰਗਾ): ਸਿੱਖਾਂ ਦੀ ਅੰਤਰਰਾਸ਼ਟਰੀ ਪ੍ਰਤੀਨਿਧ ਸੰਸਥਾ, ਵਰਲਡ ਸਿੱਖ ਪਾਰਲੀਮੈਂਟ ਜੋ ਕਿ ਪਿਛਲੇ 5 ਸਾਲਾਂ ਤੋਂ ਸਿੱਖ ਨਸਲਕੁਸ਼ੀ ਨੂੰ ਅਮਰੀਕੀ ਕਾਂਗਰਸ ਦੇ ਰਿਕਾਰਡ ਵਿੱਚ ਮਾਨਤਾ ਦਵਾਉਣ ਲਈ ਕੰਮ ਕਰ ਰਹੀ ਹੈ। ਇਸ ਸਾਲ ਵਿਸਾਖੀ ਦੇ ਮੌਕੇ 'ਤੇ ਜਦੋਂ ਕਾਂਗਰਸਮੈਨ ਰਿਚਰਡ ਨੀਲ ਨੇ ਸਿੱਖਾਂ ਨੂੰ ਵਿਸਾਖੀ ਦੀ ਵਧਾਈ ਦੇਣ ਲਈ ਕਾਂਗਰਸ ਵਿੱਚ ਆਪਣੀ ਸਟੇਟਮੈਂਟ ਦਿੱਤੀ ਅਤੇ ਵਿਸਾਖੀ ਨੂੰ ਰਾਸ਼ਟਰੀ ਸਿੱਖ ਦਿਵਸ ਵਜੋਂ ਮਾਨਤਾ ਦਿੱਤੀ, ਤਾਂ ਕਾਗਰਸਮੈਨ ਨੇ ਇਹ ਵੀ ਜ਼ਿਕਰ ਕੀਤਾ ਕਿ ਸਿੱਖਾਂ 'ਤੇ ਜ਼ੁਲਮ ਹੋਏ ਹਨ ਅਤੇ ਸਿੱਖ ਕੌਮ ਭਾਰਤ ਵਿੱਚ 1984 ਦੀ ਸਿੱਖ ਨਸਲਕੁਸ਼ੀ ਦਾ ਵੀ ਸ਼ਿਕਾਰ ਹੋਈ ਹੈ। ਇਸ ਮੌਕੇ ਵਰਲਡ ਸਿੱਖ ਪਾਰਲੀਮੈਂਟ ਦੇ ਕੋਆਰਡੀਨੇਟਰ ਹਿੰਮਤ ਸਿੰਘ ਨੇ ਕਿਹਾ, "ਕਾਂਗਰਸ ਵਿੱਚ ਵਿਸਾਖੀ ਦੀ ਮਾਨਤਾ ਇਹ ਸਿੱਖ ਕੌਮ ਦੀ ਵੱਡੀ ਪ੍ਰਾਪਤੀ ਹੈ ਅਤੇ ਅਸੀਂ ਸਿੱਖ ਨਸਲਕੁਸ਼ੀ ਨੂੰ ਰਾਸ਼ਟਰੀ ਪੱਧਰ 'ਤੇ ਮਾਨਤਾ ਦਿਵਾਉਣ ਲਈ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖਾਂਗੇ"। ਗੁਰਨਿੰਦਰ ਸਿੰਘ ਧਾਲੀਵਾਲ ਜੋ ਮੈਸਾਚਿਊਸਟਸ ਵਿੱਚ ਵਰਲਡ ਸਿੱਖ ਪਾਰਲੀਮੈਂਟ ਦੇ ਸਥਾਨਕ ਪ੍ਰਤੀਨਿਧੀ ਹਨ, ਨੇ ਕਿਹਾ, "ਮੈਂ ਵੱਖ-ਵੱਖ ਮੌਕਿਆਂ 'ਤੇ ਸਿੱਖ ਭਾਈਚਾਰੇ ਨੂੰ ਮਾਨਤਾ ਦੇਣ ਲਈ ਕਾਂਗਰਸਮੈਨ ਦਾ ਧੰਨਵਾਦ ਕਰਦਾ ਹਾਂ ਅਤੇ ਮੈਂ ਭਵਿੱਖ ਵਿੱਚ ਵੀ ਉਨ੍ਹਾਂ ਨਾਲ ਕੰਮ ਕਰਨ ਦੀ ਉਮੀਦ ਕਰਦਾ ਹਾਂ"। ਸਵਰਨਜੀਤ ਸਿੰਘ ਖਾਲਸਾ ਜੋ ਕਿ ਨੌਰਵਿਚ, ਕਨੈਕਟੀਕਟ ਦੇ ਸਿਟੀ ਕੌਂਸਲ ਮੈਂਬਰ ਵੀ ਹਨ ਅਤੇ ਕਨੈਕਟੀਕਟ ਸਟੇਟ ਤੋਂ ਸਿੱਖ ਨਸਲਕੁਸ਼ੀ ਬਾਰੇ ਅਮਰੀਕਾ ਵਿੱਚ ਪਹਿਲੀ ਮਾਨਤਾ (2018) ਦੀ ਅਗਵਾਈ ਕਰ ਚੁਕੇ ਹਨ, ਨੇ ਕਿਹਾ, “ਅਸੀਂ ਹੁਣੇ ਕੰਮ ਸ਼ੁਰੂ ਕੀਤਾ ਹੈ ਅਤੇ ਉਹ ਦਿਨ ਦੂਰ ਨਹੀਂ ਜਦੋਂ ਯੂ.ਐਸ. 1984 ਸਿੱਖ ਨਸਲਕੁਸ਼ੀ ਨੂੰ ਉਸੇ ਤਰ੍ਹਾਂ ਮਾਨਤਾ ਦੇਵੇਗਾ ਜਿਵੇਂ ਉਨ੍ਹਾਂ ਨੇ ਅਰਮੀਨੀਆਈ ਨਸਲਕੁਸ਼ੀ ਨੂੰ ਦਿਤੀ ਸੀ। ਵਰਲਡ ਸਿੱਖ ਪਾਰਲੀਮੈਂਟ ਦੇ ਜਨਰਲ ਸਕੱਤਰ ਮਨਪ੍ਰੀਤ ਸਿੰਘ ਅਤੇ ਯੂ.ਕੇ ਤੋਂ ਸਃ ਜੋਗਾ ਸਿੰਘ ਨੇ ਵੀ ਇਸ ਮਾਨਤਾ ਲਈ ਅਮਰੀਕੀ ਅਧਿਕਾਰੀਆਂ ਤੇ ਕਾਂਗਰਸਮੈਨ ਦਾ ਧੰਨਵਾਦ ਕੀਤਾ। ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਸਪੋਕਸਮੈਨ ਸ ਹਰਜਿੰਦਰ ਸਿੰਘ ਨੇ ਨੈਸ਼ਨਲ ਸਿੱਖ ਡੇ ਤੋਂ ਬਾਦ ਸਿੱਖ ਨਸਲਕੁਸ਼ੀ ਤੇ ਵਿਸਾਖੀ ਨੂੰ ਮਾਨਤਾ ਮਿਲਣ ਤੇ ਖੁਸ਼ੀ ਦਾ ਇਜ਼ਹਾਰ ਕੀਤਾ। ਅਮੈਰਿਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡਾ ਪ੍ਰਿਤਪਾਲ ਸਿੰਘ ਨੇ ਇਸ ਪ੍ਰਾਪਤੀ ਖੁਸ਼ੀ ਪਰਗਟ ਕਰਦਿਆਂ ਸਮੁੱਚੀ ਸਿੱਖ ਲੀਡਰਸ਼ਿਪ ਦੇ ਕੰਮ ਤੇ ਤਸੱਲੀ ਜਤਾਈ, ਤੇ ਹੋਰ ਕੌਮੀ ਮਸਲਿਆਂ ਤੇ ਕੰਮ ਕਰਦੇ ਰਹਿਣ ਲਈ ਸਹਿਯੋਗ ਦਾ ਭਰੋਸਾ ਦਿੱਤਾ।
Comments (0)