ਸਿੱਖ ਨਸਲਕੁਸ਼ੀ 1984 ਦਾ ਦੁਖਾਂਤ : ਨਾ ਭੁੱਲਣ ਯੋਗ, ਨਾ ਬਖਸ਼ਣ ਯੋਗ
ਕੌਮਾਂਤਰੀ ਪੱਧਰ 'ਤੇ 1984 ਦੇ ਮਹਾਂ-ਦੁਖਾਂਤ ਨੂੰ 'ਸਿੱਖ ਨਸਲਕੁਸ਼ੀ' ਵਜੋਂ ਮਾਨਤਾ ਦਾ ਮੁੱਦਾ
'ਜਿਹੜੇ ਰਾਵਣ ਫੂਕਦੇ, ਭੁੱਲਣ ਨਾ 'ਮਿਥਿਹਾਸ'।
ਕਹਿਣ ਚੁਰਾਸੀ ਭੁੱਲਜੋ, ਜੋ ਖ਼ੂਨੀ 'ਇਤਿਹਾਸ'।
ਅਕਸਰ ਕਿਹਾ ਜਾਂਦਾ ਹੈ ਕਿ ਸਿੱਖ ਨਸਲਕੁਸ਼ੀ 1984 ਦਾ ਦੁਖਾਂਤ ਭੁੱਲ ਜਾਣ। ਇਹੋ ਹੀ ਨਹੀਂ ਸਕਦਾ। ਜਿਹੜੇ ਹਜ਼ਾਰਾਂ ਸਾਲ ਦੇ ਮਿਥਿਹਾਸ ਦੀ ਘਟਨਾ ਨੂੰ ਨਹੀਂ ਭੁੱਲਦੇ, ਉਹ ਇਹ ਮੱਤਾਂ ਦਿੰਦੇ ਹਨ। ਇਕ ਹੋਰ ਇਤਿਹਾਸਿਕ ਪਹਿਲੂ : ਗੁਰੂ ਤੇਗ ਬਹਾਦਰ ਜੀ ਨੇ ਦਿੱਲੀ ਜਾ ਕੇ ਮਨੁੱਖੀ ਅਧਿਕਾਰਾਂ ਲਈ ਸ਼ਹਾਦਤ ਦਿੱਤੀ ਸੀ, ਪਰ ਦਿੱਲੀ ਦੇ ਹਾਕਮਾਂ ਤੇ ਅਕਿਰਤਘਣਾਂ ਵੱਲੋਂ ਮਨੁੱਖੀ ਹੱਕਾਂ ਦਾ ਸਦਾ ਘਾਣ ਕੀਤਾ ਗਿਆ, ਖ਼ਾਸਕਰ ਸਿੱਖ ਨਸਲਕੁਸ਼ੀ 1984 ਇਸ ਦੀ ਪ੍ਰਤੱਖ ਮਿਸਾਲ ਹੈ।
ਦਿੱਲੀ ਹੋਏ ਸ਼ਹੀਦ ਗੁਰ,ਦਿੱਲੀ ਨਹੀਂ ਸੀ ਗ਼ੈਰ
ਪਰ ਦਿੱਲੀ ਨਾ ਛੱਡਿਆ, ਸਦੀਆਂ ਵਾਲਾ ਵੈਰ।
ਨਵੰਬਰ 1984 ਵਿੱਚ ਭਾਰਤ ਦੇ ਕੋਨੇ-ਕੋਨੇ 'ਚ ਸਿੱਖ ਬੱਚਿਆਂ, ਔਰਤਾਂ,ਆਦਮੀਆਂ, ਬਜ਼ੁਰਗਾਂ ਅਤੇ ਸਮੂਹ ਪਰਿਵਾਰਾਂ ਨੂੰ ਕੋਹ- ਕੋਹ ਕੇ ਮਾਰਿਆ ਗਿਆ ਅਤੇ ਇਸ ਨਸਲਕੁਸ਼ੀ 'ਚ ਪੁਲਿਸ, ਪ੍ਰਸ਼ਾਸਨ, ਹਕੂਮਤ, ਅਦਾਲਤਾਂ ਅਤੇ ਜਨੂੰਨੀ ਲੋਕ, ਸਭ ਸ਼ਾਮਿਲ ਸਨ। ਪ੍ਰਸਿੱਧ ਸ਼ਾਇਰ ਉਲਫਤ ਬਾਜਵਾ ਨੇ ਇਸ ਦਰਦ ਨੂੰ ਭਾਵਪੂਰਤ ਸ਼ਬਦਾਂ ਚ ਕਰਦਿਆਂ ਕਦੇ ਲਿਖਿਆ ਸੀ:
"ਜਮਨਾ ਕਿਨਾਰੇ ਸੁਣੀਆਂ ਬਾਂਸੀ ਦੀ ਥਾਂ ਤੇ ਚੀਕਾਂ,
ਲੋਕਾਂ ਦੀ ਖੂਨ ਨਾਤੇ ਗੰਗਾ ਨਹਾਉਣ ਵਾਲੇ।
ਭਾਰਤ ਨੂੰ ਅੱਗ ਲਾ ਕੇ ਨਾਰਦ ਵਹਾਉਣ ਹੰਝੂ,
ਆਪੇ ਲਾਉਣ ਵਾਲੇ ਆਪ ਬੁਝਾਉਣ ਵਾਲੇ।
ਡਰਦੇ ਨੇ ਸੱਚ ਕਹਿਣੋਂ ਲੇਖਕ ਸਮਾਜਵਾਦੀ,
ਸੁੱਖ-ਸਾਂਦ ਦੇ ਦਿਨਾਂ ਵਿਚ ਨਾਅਰੇ ਲਗਾਉਣ ਵਾਲੇ।
ਬਣ ਜਾਣ ਜੇ ਇਹ ਬੰਦੇ ਬੰਦੇ ਕਹੋੌਣ ਵਾਲ਼ੇ,
ਮੁੱਕ ਜਾਣ ਸਾਰੇ ਝਗੜੇ ਦੁੱਖਾਂ 'ਚ ਪਾਉਣ ਵਾਲੇ।"
ਜਦੋਂ ਵੀ ਸਯੰਕਤ ਰਾਸ਼ਟਰ 'ਚ ਭਾਰਤ ਅੰਦਰ ਮਨੁੱਖੀ ਅਧਿਕਾਰਾਂ ਦੇ ਘਾਣ ਦੀ ਗੱਲ ਤੁਰੇਗੀ, ਉਦੋਂ ਹੀ ਨਵੰਬਰ ਉਨੀ ਸੌ ਚੁਰਾਸੀ ਵਿੱਚ ਭਾਰਤ ਅੰਦਰ ਹਜ਼ਾਰਾਂ ਬੇਕਸੂਰ ਸਿੱਖਾਂ ਦੇ ਲਹੂ ਡੋਲਣ ਵਾਲਿਆਂ ਨੂੰ ਲਾਹਣਤਾਂ ਵੀ ਪਾਈਆਂ ਜਾਣਗੀਆਂ ਅਤੇ 39 ਸਾਲਾਂ ਮਗਰੋਂ ਵੀ ਕਾਤਲਾਂ ਨੂੰ ਸਜ਼ਾਵਾਂ ਨਾ ਦੇਣ ਲਈ ਭਾਰਤ ਦੀਆਂ ਹੁਣ ਤੱਕ ਦੀਆਂ ਸਰਕਾਰਾਂ ਨੂੰ ਸ਼ਰਮਸਾਰ ਹੋਣਾ ਪਵੇਗਾ। ਸਿਤਮਜ਼ਰੀਫੀ ਦੀ ਇਸ ਤੋਂ ਵੱਡੀ ਮਿਸਾਲ ਕੀ ਹੋਵੇਗੀ ਕਿ ਹਜ਼ਾਰਾਂ ਬੇਕਸੂਰ ਸਿੱਖਾਂ ਦੇ ਕਤਲੇਆਮ ਦੀ ਕਾਂਗਰਸ ਆਗੂ ਤੇ ਦੇਸ਼ ਦਾ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਵੱਡੇ ਦਰਖਤ ਦੇ ਡਿਗਣ 'ਤੇ ਧਰਤੀ ਕੰਬਣ ਨਾਲ ਤੁਲਨਾ ਕਰਕੇ ਸਿੱਖ ਨਸਲਕੁਸ਼ੀ ਨੂੰ ਜਾਇਜ਼ ਠਹਿਰਾ ਰਿਹਾ ਹੋਵੇ। ਦੂਸਰੇ ਪਾਸੇ ਦੇਸ਼ ਦੀ ਫਿਰਕੂ ਜਥੇਬੰਦੀ ਆਰਐਸਐਸ ਦਾ ਵੱਡਾ ਆਗੂ 'ਨਾਨਾ ਜੀ ਦੇਸ਼ਮੁੱਖ' ਸਿੱਖ ਕਤਲੇਆਮ ਦੇ ਦੋਸ਼ ਸਿੱਖਾਂ ਦੇ ਹੀ ਸਿਰ ਮੜਦਾ ਹੋਇਆ, ਸਿੱਖ ਕੌਮ ਨੂੰ 'ਸਬਕ ਲੈਣ' ਦੀ ਨਸੀਹਤ ਦੇ ਰਿਹਾ ਹੋਵੇ ਅਤੇ ਅਜਿਹੀ ਨਸਲਕੁਸ਼ੀ ਨੂੰ ਆਪਣੀ ਸੌੜੀ ਸੋਚ ਅਧੀਨ ਆਰ ਐਸ ਐਸ ਹਿੰਦੂਤਵੀ ਮੁਖੀ ਜਾਇਜ਼ ਠਹਿਰਾ ਰਿਹਾ ਹੋਵੇ। ਜੇਕਰ ਅਜਿਹੇ ਦੋਵੇਂ ਨੇਤਾ 'ਭਾਰਤ ਰਤਨ' ਵਰਗੇ ਦੇਸ਼ ਦੇ ਸਭ ਤੋਂ ਵੱਡੇ ਅਖੌਤੀ ਪੁਰਸਕਾਰਾਂ ਨਾਲ ਸਨਮਾਨੇ ਜਾਂਦੇ ਹਨ, ਤਾਂ ਫਿਰ ਸਭ ਤੋਂ ਵੱਧ ਫਾਂਸੀ ਚੜ੍ਹਨ ਵਾਲੇ, ਕਾਲੇਪਾਣੀ ਦੀਆਂ ਸਜ਼ਾ ਕੱਟਣ ਵਾਲੇ, ਉਮਰ ਕੈਦਾਂ ਭੋਗਣ ਵਾਲੇ ਅਤੇ ਜਾਨਾਂ ਕੁਰਬਾਨ ਕਰਨ ਵਾਲੇ ਸ਼ਹੀਦ ਸਿੱਖ ਅਤੇ ਸੱਚੇ ਸੁੱਚੇ ਸੂਰਬੀਰ ਤਾਂ 'ਦੇਸ਼ ਧਰੋਹੀ' ਹੀ ਕਹੇ ਜਾ ਸਕਦੇ ਹਨ। ਅਫ਼ਸੋਸ ਇਸ ਗੱਲ ਦਾ ਹੈ ਕਿ ਇਸ ਹਮਾਮ 'ਚ ਸਾਰੇ ਹੀ ਨੰਗੇ ਹਨ।
ਮਿਲਣੀ ਉੱਥੇ ਕੀ ਸਜ਼ਾ, ਹੋਏ ਜੋ ਕਤਲੇਆਮ।
ਕਾਤਲ ਨੂੰ ਜਿੱਥੇ ਮਿਲੇ 'ਭਾਰਤ ਰਤਨ' ਇਨਾਮ।
ਜੇਕਰ ਕਾਂਗਰਸ ਨੇ ਦਰਬਾਰ ਸਾਹਿਬ 'ਤੇ ਹਮਲਾ ਕੀਤਾ, ਤਾਂ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੇ ਕਾਂਗਰਸ ਸਰਕਾਰ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਹਲਾਸ਼ੇਰੀ ਦਿੱਤੀ। ਜੇ ਕਾਂਗਰਸ ਦੇ ਰਾਜ 'ਚ ਸਿੱਖ ਕਤਲੇਆਮ ਹੋਇਆ, ਤਾਂ ਭਾਜਪਾ ਦੇ ਰਾਜ 'ਚ ਮੁਸਲਿਮ ਵਿਰੋਧੀ ਕਤਲੇਆਮ ਹੋਇਆ। ਮਨੁੱਖੀ ਅਧਿਕਾਰਾਂ ਦੀ ਮਹਿੰਮ ਚਲਾਉਣ ਵਾਲੀ ਸਿੱਖ ਵਿਚਾਰਧਾਰਾ ਉਕਤ ਸਾਰੇ ਦੋਸ਼ੀਆਂ ਨੂੰ ਕੌਮਾਂਤਰੀ ਪੱਧਰ ਤੇ ਸਜ਼ਾਵਾਂ ਲਈ ਦ੍ਰਿੜ ਹੈ। ਇੱਕ ਦਿਨ ਜ਼ਰੂਰ ਆਵੇਗਾ, ਜਦੋਂ ਕੌਮਾਂਤਰੀ ਭਾਈਚਾਰਾ ਇਨਸਾਫ਼ ਲਈ 'ਹਾਅ ਦਾ ਨਾਅਰਾ' ਮਾਰੇਗਾ। ਅੱਜ ਜਦੋਂ ਸੰਸਾਰ ਭਰ ਵਿੱਚ ਸਿੱਖ ਕੌਮ ਗੁਰੂ ਸਾਹਿਬਾਨ ਵੱਲੋਂ ਜ਼ੁਲਮ ਖਿਲਾਫ ਉਠਾਈ ਆਵਾਜ਼ ਅਤੇ ਧਾਰਮਿਕ ਆਜ਼ਾਦੀ ਲਈ ਦਿੱਤੀਆਂ ਸ਼ਹਾਦਤਾਂ ਨੂੰ ਮਾਨਵਵਾਦ ਅਤੇ ਸਰਬੱਤ ਦੇ ਭਲੇ ਦਾ ਮੈਨੀਫੈਸਟੋ ਬਣਾ ਰਹੀ ਹੈ, ਉਦੋਂ ਸਾਰਿਆਂ ਨੂੰ ਮਿਲ ਕੇ ਭਾਰਤੀ ਹੁਕਮਰਾਨਾਂ ਦੇ ਹਿਟਲਰਸ਼ਾਹੀ ਅਤੇ ਨਾਜ਼ੀਵਾਦੀ ਹਿੰਦੂਤਵੀ ਏਜੰਡੇ ਖ਼ਿਲਾਫ਼ ਲੜਨ ਦੀ ਲੋੜ ਹੈ।
ਸਿੱਖ ਨਸਲਕੁਸ਼ੀ ਖ਼ਿਲਾਫ਼ ਇਨਸਾਫ ਦੀ ਮੁਹਿੰਮ ਕੇਵਲ ਸਿੱਖਾਂ ਲਈ ਹੀ ਇਨਸਾਫ਼ ਦੀ ਮੁਦਈ ਨਹੀਂ, ਬਲਕਿ ਦੁਨੀਆ ਅੰਦਰ ਹੋਰਨਾਂ ਘੱਟ ਗਿਣਤੀਆਂ, ਮੂਲ ਵਾਸੀਆਂ, ਦੱਬੇ ਕੁਚਲੇ ਲੋਕਾਂ ਅਤੇ ਸਰਕਾਰੀ ਜਬਰ ਦਾ ਸ਼ਿਕਾਰ ਬਣ ਰਹੇ ਭਾਈਚਾਰਿਆਂ ਨਾਲ ਖੜ੍ਹਨ ਲਈ ਵੀ ਦ੍ਰਿੜ੍ਹ ਇਰਾਦੇ ਦੀ ਅਲੰਬਰਦਾਰ ਹੈ। ਇਸ ਦੀ ਮਿਸਾਲ ਕੈਨੇਡਾ ਦੀ ਧਰਤੀ 'ਤੇ ਮੂਲ ਵਾਸੀਆਂ ਦੀ ਨਸਲ ਕੁਸ਼ੀ ਦੇ 2013 ਦੇ, ਸ਼ਤਾਬਦੀ ਸਮਾਗਮ ਮੌਕੇ ਦੇਖਣ ਨੂੰ ਮਿਲੀ, ਜਦੋਂ ਸਟੇਜ ਤੇ ਮੂਲ ਵਾਸੀਆਂ ਦੀ ਨਸਲਕੁਸ਼ੀ ਤੇ ਸਿੱਖ ਨਸਲਕੁਸ਼ੀ ਦੇ ਪੀੜਤਾਂ ਵੱਲੋਂ, ਇਕੱਠਿਆਂ ਹੋ ਕੇ ਆਵਾਜ਼ ਬੁਲੰਦ ਕੀਤੀ ਗਈ। ਸੰਸਾਰ ਦੇ ਕਿਸੇ ਵੀ ਕੋਨੇ 'ਚ ਹੋ ਰਹੇ ਜਬਰ-ਜ਼ੁਲਮ ਖਿਲਾਫ਼ ਸਿੱਖ ਕੌਮ ਵਲੋਂ ਆਵਾਜ਼ ਬੁਲੰਦ ਕਰਨਾ ਇਸ ਮੁਹਿੰਮ ਦਾ ਕੇਂਦਰ-ਬਿੰਦੂ ਹੈ।
ਸਿੱਖ ਨਸਲਕੁਸ਼ੀ ਵਿਰੋਧੀ ਮੁਹਿੰਮ ਦੇ ਆਗੂ ਸਵਰਗਵਾਸੀ ਭਾਈ ਜਰਨੈਲ ਸਿੰਘ ਨੇ 30 ਜੂਨ 2015 ਵਿੱਚ ਆਪ ਦੇ ਦਿੱਲੀ ਤੋਂ ਵਿਧਾਇਕ ਹੁੰਦਿਆਂ ਦਿੱਲੀ ਵਿਧਾਨ ਸਭਾ 'ਚ ਸਿੱਖ ਨਸਲਕੁਸ਼ੀ ਵਿਰੁੱਧ ਮਤਾ ਪੇਸ਼ ਕਰਕੇ, ਸਰਬਸੰਮਤੀ ਨਾਲ ਪਾਸ ਕਰਵਾਇਆ ਸੀ। ਉਸ ਤੋਂ ਬਾਅਦ ਓਨਟਾਰੀਓ ਵਿਧਾਨ ਸਭਾ ਵਿੱਚ ਬੀਬੀ ਹਰਿੰਦਰ ਕੌਰ ਮੱਲੀ ਵੱਲੋਂ ਪੇਸ਼ ਕੀਤਾ ਇਹ ਮਤਾ ਬੀਤੇ ਸਮੇਂ ਦੌਰਾਨ ਪਾਸ ਹੋ ਚੁੱਕਿਆ ਹੈ, ਪਰ ਹੁਣ ਵੀ ਇਸ ਨੂੰ ਰੋਕਣ ਅਤੇ ਭਾਰਤ ਵਿੱਚ ਸਰਕਾਰ ਵਲੋਂ ਦਹਿਸ਼ਤਗਰਦੀ ਅਨੁਸਾਰ ਕੀਤੀ ਗਈ ਇਸ ਨਸਲਕੁਸ਼ੀ ਵਿਰੋਧੀ ਮੁਹਿੰਮ ਨੂੰ ਦਬਾਉਣ ਲਈ, ਭਾਰਤੀ ਏਜੰਸੀਆਂ ਖਿਲਾਫ ਡਟਣ ਦੀ ਲੋੜ ਹੈ। ਇਤਿਹਾਸਕ ਕਿਤਾਬਾਂ ਰਾਹੀਂ ਸੂਬਾਈ ਅਤੇ ਕੈਨੇਡੀਅਨ ਪੱਧਰ ਦੇ ਸਿਆਸਤਦਾਨਾਂ ਨੂੰ ਸੱਚਾਈ ਤੋਂ ਜਾਣੂ ਕਰਵਾ ਕੇ, ਨਸਲਕੁਸ਼ੀ ਵਿਰੋਧੀ ਮੁਹਿੰਮ ਨੂੰ ਅਗਾਂਹ ਤੱਕ ਲਿਜਾਣ ਦੀ ਲੋੜ ਹੈ। ਸਮੇਂ ਸਮੇਂ ਕੈਨੇਡਾ ਵਿੱਚ ਫੈਡਰਲ ਅਤੇ ਪ੍ਰੋਵੈਂਸ਼ਅਲ ਪੱਧਰ ਦੇ ਵੱਖ-ਵੱਖ ਪਾਰਟੀਆਂ ਦੇ ਐੱਮਪੀਜ਼ ਅਤੇ ਵਿਧਾਇਕਾਂ ਨੇ ਸਿੱਖ ਨਸਲਕੁਸ਼ੀ 1984 ਦੇ ਸਬੰਧ ਵਿੱਚ ਪ੍ਰਤੀਕਰਮ ਦਿੱਤਾ ਹੈ। ਇਨ੍ਹਾਂ ਵਿੱਚ ਲਿਬਰਲ ਐਮਪੀ ਸੁਖ ਧਾਲੀਵਾਲ ਵੱਲੋਂ ਪਾਰਲੀਮੈਂਟ ਚ ਪਟੀਸ਼ਨ ਪੇਸ਼ ਕਰਨਾ, ਐਨਡੀਪੀ ਦੇ ਆਗੂ ਜਗਮੀਤ ਸਿੰਘ, ਲਿਬਰਲ ਐੱਮ ਪੀ ਰਣਦੀਪ ਸਿੰਘ ਸਰਾਏ, ਕੰਜ਼ਰਵੇਟਿਵ ਐੱਮ ਪੀ ਜਸਰਾਜ ਸਿੰਘ ਹੱਲਣ, ਟਿਮ ਉੱਪਲ, ਨਿਊ ਡੈਮੋਕ੍ਰੇਟਿਕ ਪਾਰਟੀ ਦੇ ਵਿਧਾਇਕ ਗੁਰਰਤਨ ਸਿੰਘ ਅਤੇ ਪੀਸੀ ਦੇ ਪ੍ਰਭਮੀਤ ਸਿੰਘ ਸਰਕਾਰੀਆਂ ਸਮੇਤ ਹੋਰ ਵੀ ਆਵਾਜ਼ ਉਠਾਉਣਾ ਸ਼ਾਮਿਲ ਹਨ। ਆਸ ਕਰਦੇ ਹਾਂ ਕਿ ਕੈਨੇਡਾ ਦੀ ਪਾਰਲੀਮੈਂਟ ਵਿੱਚ ਅਜਿਹਾ ਮਤਾ ਜ਼ਰੂਰ ਲਿਆਂਦਾ ਜਾਵੇਗਾ, ਜਿਵੇਂ ਕਿ ਪਹਿਲਾਂ ਦਿੱਲੀ ਦੀ ਵਿਧਾਨ ਸਭਾ ਵਿੱਚ ਅਤੇ ਓਂਟਾਰੀਓ ਦੀ ਵਿਧਾਨ ਸਭਾ ਵਿੱਚ ਨਸਲਕੁਸ਼ੀ ਦਾ ਮਤਾ ਪਾਸ ਹੋ ਚੁੱਕਿਆ ਹੈ।
ਜੇਕਰ ਭਾਰਤ ਦੀ ਰਾਜਧਾਨੀ ਦਿੱਲੀ ਦੀ ਅਸੈਂਬਲੀ ਵਿੱਚ ਇਸ ਨਸਲਕੁਸ਼ੀ ਮੰਨਿਆ ਜਾ ਚੁੱਕਿਆ ਹੈ, ਤਾਂ ਫਿਰ ਭਾਰਤ ਦੀ ਪਾਰਲੀਮੈਂਟ ਅਤੇ ਪੰਜਾਬ ਸੂਬੇ ਵਿੱਚ ਵਿਧਾਨ ਸਭਾ ਸੈਸ਼ਨ ਦੌਰਾਨ ਅਜਿਹਾ ਮਤਾ ਕਿਉਂ ਨਹੀਂ ਪਾਸ ਕੀਤਾ ਜਾ ਰਿਹਾ? ਇਸ ਵਾਸਤੇ ਸਿੱਖਾਂ ਨੂੰ ਹੀ ਨਹੀਂ, ਬਲਕਿ ਸਮੂਹ ਮਨੁੱਖੀ ਅਧਿਕਾਰ ਜਥੇਬੰਦੀਆਂ ਨੂੰ ਸਾਂਝੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਸਰੀ ਸਿਟੀ ਕੌਂਸਲ ਅਤੇ ਸਾਬਕਾ ਮੇਅਰ ਡੱਗ ਮੁਕੱਲਮ ਵੱਲੋਂ 2020 ਨਵੰਬਰ ਮਹੀਨੇ ਨੂੰ ਸਿੱਖ ਨਸਲਕੁਸ਼ੀ ਖ਼ਿਲਾਫ਼ ਯਾਦਗਾਰੀ ਮਹੀਨੇ ਵਜੋਂ ਐਲਾਨਿਆ ਗਿਆ। 10 ਜਨਵਰੀ 2022 ਨੂੰ ਅਮਰੀਕਾ ਦੇ ਸੂਬੇ ਨਿਊ ਜਰਸੀ ਦੀ ਸੈਨੇਟ ਵਲੋਂ ਸਰਬਸੰਮਤੀ ਨਾਲ ਨਵੰਬਰ 1984 ਦੀ ਇੰਡੀਆ ਭਰ ਵਿਚ ਵਾਪਰੀ ਸਿੱਖ ਵਿਰੋਧੀ ਹਿੰਸਾ ਦੀ 'ਨਸਲਕੁਸ਼ੀ' ਵਜੋਂ ਨਿਖੇਧੀ ਕਰਦਾ ਮਤਾ ਪ੍ਰਵਾਨ ਕੀਤਾ ਗਿਆ ਹੈ। ਸਿੱਖ ਸਿਆਸਤ ਵਲੋਂ ਨਿਊ ਜਰਸੀ ਸੈਨੇਟ ਦੇ ਇਸ ਮਤੇ (ਮਤਾ ਨੰਬਰ 142, 10 ਜਨਵਰੀ 2022) ਦਾ ਪੰਜਾਬੀ ਉਲੱਥਾ ਪਾਠਕਾਂ ਦੀ ਜਾਣਕਾਰੀ ਹਿਤ ਸਾਂਝਾ ਕੀਤਾ ਹੈ; ਪੇਸ਼ ਕਰਤਾ: ਸੈਨੇਟਰ ਸਟੈੱਪਹਨ ਐਮ. ਸਵੀਨੀ,
ਜਿਲ੍ਹਾ 3 (ਕੁੰਬਰਲੈਂਡ, ਗਲੌਸੀਸਟੈਰ ਅਤੇ ਸੈਲੇਮ)
ਸਾਰ: ਨਵੰਬਰ 1984 ਦੀ ਇੰਡੀਆ ਵਿਚਲੀ ਸਿੱਖ ਵਿਰੋਧੀ ਹਿੰਸਾ ਦੀ ਨਸਲਕੁਸ਼ੀ ਵਜੋਂ ਨਿਖੇਧੀ
ਨਵੰਬਰ 1984 ਦੀ ਇੰਡੀਆ ਵਿਚਲੀ ਸਿੱਖ ਵਿਰੋਧੀ ਹਿੰਸਾ ਦੀ ਨਸਲਕੁਸ਼ੀ ਵਜੋਂ ਨਿਖੇਧੀ ਕਰਦਾ ਮਤਾ।
ਜਿਵੇਂ ਕਿ, ਸਿੱਖ ਭਾਈਚਾਰਾ, ਜਿਸ ਦਾ ਜਨਮ ਪੰਜਾਬ, ਇੰਡੀਆ ਵਿੱਚ ਹੋਇਆ ਅਤੇ ਜੋ ਕਿ 100 ਸਾਲ ਤੋਂ ਵੀ ਪਹਿਲਾਂ ਯੁਨਾਇਟਡ ਸਟੇਟਸ ਵਿੱਚ ਪਰਵਾਸ ਕਰਕੇ ਆਉਣਾ ਸ਼ੁਰੂ ਹੋਇਆ, ਨੇ ਯੁਨਾਇਟਡ ਸਟੇਟਸ ਅਤੇ ਇਸ ਕੌਮਨਵੈਲਥ ਦੀ ਤਰੱਕੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ,
ਜਿਵੇਂ ਕਿ, ਸਿੱਖ ਮਤ ਦੁਨੀਆ ਦਾ ਪੰਜਵਾਂ ਸਭ ਤੋਂ ਵੱਡਾ ਧਰਮ ਹੈ ਜਿਸ ਨੂੰ ਮੰਨਣਵਾਲੇ 30 ਮਿਲੀਅਨ ਦੇ ਕਰੀਬ ਹਨ, ਸਮੇਤ ਅੰਦਾਜ਼ਨ 7,00,000 ਅਮਰੀਕਾ ਵਿੱਚ ਰਹਿਣ ਵਾਲਿਆਂ ਦੇ,
ਜਿਵੇਂ ਕਿ, ਸਿੱਖ ਨਸਲਕੁਸ਼ੀ ਇੰਡੀਆ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਹਤਿਆ ਤੋਂ ਬਾਅਦ 1 ਨਵੰਬਰ 1984 ਨੂੰ ਰਾਜਧਾਨੀ ਖੇਤਰ ਦਿੱਲੀ ਅਤੇ ਝਾਰਖੰਡ, ਮੱਧ ਪ੍ਰਦੇਸ਼, ਹਰਿਆਣਾ, ਉੱਤਰਾਖੰਡ, ਬਿਹਾਰ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਹਿਮਾਚਲ ਪ੍ਰਦੇਸ਼, ਰਾਜਸਥਾਨ, ਉੜੀਸਾ, ਜੰਮੂ ਅਤੇ ਕਸ਼ਮੀਰ, ਛੱਤੀਸਗੜ੍ਹ, ਤ੍ਰਿਪੁਰਾ, ਤਾਮਿਲਨਾਡੂ, ਗੁਜਰਾਤ, ਆਂਧਰਾ ਪ੍ਰਦੇਸ਼, ਕੇਰਲਾ ਅਤੇ ਮਹਾਂਰਸ਼ਰਟਰ ਸੂਬਿਆਂ ਵਿੱਚ ਸ਼ੁਰੂ ਹੋਈ, ਅਤੇ
ਜਿਵੇਂ ਕਿ, ਸਿੱਖ ਨਸਲਕੁਸ਼ੀ ਤਿੰਨ ਦਿਨ ਜਾਰੀ ਰਹੀ ਅਤੇ 30 ਹਜ਼ਾਰ ਤੋਂ ਵੱਧ ਸਿੱਖ ਕਰੂਰਤਾ ਨਾਲ ਕਤਲ ਕੀਤੇ ਗਏ ਜਾਂ ਮਾਰੇ ਗਏ ਜਦੋਂ ਕਿ ਉਹਨਾ ਦਾ ਘਰਾਂ ਵਿੱਚ ਹੀ ਸ਼ਿਕਾਰ ਕੀਤਾ ਗਿਆ, ਜਿੱਥੇ ਕਿ ਉਹਨਾਂ ਦੀ ਕੁੱਟਮਾਰ ਕਰਕੇ ਜਿਉਂਦਿਆਂ ਹੀ ਸਾੜ ਦਿੱਤਾ ਗਿਆ, ਅਤੇ
ਜਿਵੇਂ ਕਿ, 16 ਅਪਰੈਲ, 2015 ਨੂੰ ਕੈਲੀਫੋਰਨੀਆ ਦੀ ਸਟੇਟ ਅਸੰਬਲੀ ਨੇ ਇੱਕਮਤ ਹੋ ਕੇ ਸਾਂਝਾ ਅਸੰਬਲੀ ਮਤਾ 34 ਪ੍ਰਵਾਨ ਕੀਤਾ, ਜਿਹੜਾ ਕਿ ਇੰਡੀਅਨ ਸਰਕਾਰ ਵੱਲੋਂ ਸਿੱਖਾਂ ਦੇ ਵਿਓਂਤਬੱਧ ਅਤੇ ਜਥੇਬੰਦਕ ਤਰੀਕੇ ਨਾਲ ਕੀਤੇ ਗਏ ਕਤਲਾਂ ਨੂੰ ਤਸਲੀਮ ਕਰਦਾ ਹੈ ਅਤੇ 1984 ਦੀ ਸਿੱਖ ਨਸਲਕੁਸ਼ੀ ਵਿੱਚ ਜਾਨਾਂ ਗਵਾਉਣ ਵਾਲਿਆਂ ਨੂੰ ਯਾਦ ਕਰਦਾ ਹੈ; ਅਤੇ
ਜਿਵੇਂ ਕਿ, 17 ਅਕਤੂਬਰ, 2018 ਨੂੰ ਕੌਮਨਵੈਲਥ ਆਫ ਪੈਨਸਿਲਵੀਨੀਆ ਦੀ ਵਿਧਾਨ ਸਭਾ ਨੇ ਸਰਬਸੰਮਤੀ ਨਾਲ ਹਾਊਸ ਮਤਾ ਐਚ.ਆਰ.1160 ਪ੍ਰਵਾਣ ਕਰਕੇ ਨਵੰਬਰ 1984 ਦੀ ਸਿੱਖ ਵਿਰੋਧੀ ਹਿੰਸਾ ਨੂੰ ਨਸਲਕੁਸ਼ੀ ਐਲਾਨਿਆ ਹੈ;
ਜਿਵੇਂ ਕਿ, ਚਸ਼ਮਦੀਦ ਗਵਾਹਾਂ, ਪੱਤਰਕਾਰਾਂ ਅਤੇ ਮਨੁੱਖੀ ਹੱਕਾਂ ਦੇ ਕਾਰਕੁਨਾਂ ਵੱਲੋਂ ਇਹ ਦਰਸਾਉਂਦੇ ਸਬੂਤ ਇਕੱਠੇ ਕੀਤੇ ਗਏ ਹਨ ਕਿ ਸਰਕਾਰ ਅਤੇ ਕਾਨੂੰਨ ਅਮਲ ਵਿੱਚ ਲਿਆਉਣ ਵਾਲੇ ਅਫਸਰਾਨ ਨੇ ਕਤਲਾਂ ਦਾ ਪ੍ਰਬੰਧ ਕੀਤਾ, ਉਨ੍ਹਾਂ ਵਿੱਚ ਹਿੱਸੇਦਾਰ ਬਣੇ, ਅਤੇ ਸਿੱਧੇ ਜਾਂ ਅਸਿੱਧੇ ਸਾਧਨਾਂ ਨਾਲ ਦਖਲ ਦੇ ਕੇ ਇਨ੍ਹਾਂ ਨੂੰ ਰੋਕਣ ਤੋਂ ਨਾਕਾਮ ਰਹੇ, ਅਤੇ
ਜਿਵੇਂ ਕਿ, ਹਾਲੀ 2011 ਵਿੱਚ ਹੀ ਹਰਿਆਣੇ ਦੇ ਹੋਂਦ ਚਿੱਲੜ ਅਤੇ ਪਟੌਦੀ ਵਿੱਚ ਘਾਣਗਾਹਾਂ ਮਿਲੀਆਂ ਹਨ, ਅਤੇ ਇੰਡੀਅਨ ਸਰਕਾਰ ਦੇ ਅਫਸਰਾਨ ਅਤੇ ਪੁਲਿਸ ਵੱਲੋਂ ਪ੍ਰਤੱਖ ਦੰਡ-ਮੁਕਤੀ ਦੇ ਅਮਲ ਦੇ ਚੱਲਦਿਆਂ ਭਵਿੱਖ ਵਿੱਚ ਅਜਿਹੀਆਂ ਹੋਰ ਵੀ ਮਿਲਦੀਆਂ ਰਹਿਣਗੀਆਂ;
ਜਿਵੇਂ ਕਿ, ਤਿਲਕ ਵਿਹਾਰ, ਦਿੱਲੀ ਵਿੱਚਲੇ ‘ਵਿਧਵਾ ਮਹੱਲੇ’ ਵਿੱਚ ਹਾਲੀ ਵੀ ਹਜ਼ਾਰਾਂ ਸਿੱਖ ਬੀਬੀਆਂ ਹਨ, ਜਿਹਨਾਂ ਨਾਲ ਜ਼ਬਰੀ ਸਮੂਹਿਕ ਬਲਾਤਕਾਰ ਕੀਤੇ ਗਏ, ਅਤੇ ਜਿਹਨਾਂ ਨੂੰ ਆਪਣੇ ਪਤੀ, ਪਿਤਾ ਅਤੇ ਪੁੱਤਰਾਂ ਦੀ ਮਾਰਕੁੱਟ, ਜਿਉਂਦੇ ਸਾੜਨ ਅਤੇ ਉਹਨਾਂ ਕਤਲ ਨੂੰ ਅੱਖੀਂ ਵੇਖਣ ਲਈ ਮਜਬੂਰ ਕੀਤਾ ਗਿਆ ਅਤੇ ਜੋ ਹਾਲੀ ਵੀ ਮੁਜਰਿਮਾਂ ਖਿਲਾਫ ਨਿਆਂ ਕਰਨ ਦੀ ਮੰਗ ਕਰ ਰਹੀਆਂ ਹਨ;
ਜਿਵੇਂ ਕਿ, ਸਿੱਖ ਨਸਲਕੁਸ਼ੀ ਵਿੱਚ ਜਿੰਦਾ ਬਚਣ ਵਾਲੇ ਕਈ ਜੀਅ ਅਖੀਰ ਯੁਨਾਇਟਡ ਸਟੇਟਸ ਵਿੱਚ ਆ ਵੱਸੇ ਅਤੇ ਉਹਨਾ ਫਰੈਜ਼ਨੋ, ਯੁਬਾ ਸਿਟੀ, ਸਟੌਕਟੋਨ, ਫਰੀਮੌਂਟ, ਗਲੈਨਰੌਕ, ਨਿਊਯਾਰਕ ਸਿਟੀ ਅਤੇ ਫਿਲਾਡਿਲਫੀਆ ਸਮੇਤ ਕਈ ਹੋਰਨਾਂ ਥਾਵਾਂ ਉੱਤੇ ਵੱਡੇ ਸਿੱਖ ਭਾਈਚਾਰੇ ਦੀ ਸਥਾਪਨਾ ਕੀਤੀ;
ਜਿਵੇਂ ਕਿ, ਯੁਨਾਇਟਡ ਸਟੇਟਸ ਅਤੇ ਨਿਊ ਜਰਸੀ ਵਿਚਲਾ ਸਿੱਖ ਭਾਈਚਾਰਾ ਨਸਲਕੁਸ਼ੀ ਦੇ ਭੌਤਿਕ ਪੱਖ ਦੇ ਅਸਰਾਂ ਤੋਂ ਉੱਭਰ ਆਇਆ ਹੈ ਤੇ ਉਹ ਇਸ ਦੌਰਾਨ ਮਾਰੇ ਗਏ ਜੀਆਂ ਦੀ ਯਾਦ ਨੂੰ ਜ਼ਿੰਦਾ ਰੱਖਦੇ ਆ ਰਹੇ ਹਨ ਅਤੇ ਕਦੇ ਵੀ ਇਸ ਨਸਲਕੁਸ਼ੀ ਨੂੰ ਨਹੀਂ ਭੁੱਲਣਗੇ; ਅਤੇ
ਜਿਵੇਂ ਕਿ, 1984 ਵਿਚ ਇੰਡੀਆ ਭਰ ਵਿੱਚ ਸਰਕਾਰੀ ਸਰਪ੍ਰਸਤੀ ਹੇਠ ਸਿੱਖਾਂ ਨੂੰ ਹਿੰਸਾ ਦਾ ਨਿਸ਼ਾਨਾ ਬਣਾਉਣ ਨੂੰ ਮਾਨਤਾ ਦੇਣਾ ਨਿਆਂ, ਜਵਾਬਦੇਹੀ ਅਤੇ ਸਦਭਾਵਨਾ ਵੱਲ ਇਹ ਮਹੱਤਵਪੂਰਨ ਅਤੇ ਇਤਿਹਾਸਕ ਕਦਮ ਹੋਵੇਗਾ, ਜੋ ਕਿ ਦੂਨੀਆਂ ਸਰਕਾਰਾਂ ਲਈ ਵੀ ਮਿਸਾਲ ਬਣਨਾ ਚਾਹੀਦਾ ਹੈ; ਇਸ ਲਈ
ਸਟੇਟ ਆਫ ਨਿਊ ਜਰਸੀ ਦੀ ਸੈਨੇਟ ਵਲੋਂ ਇਹ ਮਤਾ ਕੀਤਾ ਜਾਂਦਾ ਹੈ,
1. ਨਿਊ ਜਰਸੀ ਦੀ ਸੈਨੇਟ ਨਵੰਬਰ 1984 ਦੀ ਸਿੱਖ ਵਿਰੋਧੀ ਹਿੰਸਾ ਦੀ ਨਸਲਕੁਸ਼ੀ ਵਜੋਂ ਨਿਖੇਧੀ ਕਰਦੀ ਹੈ।
2. ਇਸ ਮਤੇ ਦੀਆਂ ਨਕਲਾਂ, ਜਿਵੇਂ ਕਿ ਸੈਕਟਰੀ ਆਫ ਸਟੇਟ ਕੋਲ ਪੇਸ਼ ਕੀਤੀਆਂ ਗਈਆਂ , ਅਮਰੀਕਾ ਦੇ ਰਾਸ਼ਟਰਪਤੀ ਅਤੇ ਉੱਪ-ਰਾਸ਼ਟਰਪਤੀ ਦੇ ਸੈਕਟਰੀ ਆਫ ਦਾ ਸੈਨੇਟ, ਅਮਰੀਕਾ ਦੀ ਸੈਨੇਟ ਦੇ ਬਹੁਗਿਣਤੀ ਅਤੇ ਘੱਟਗਣਤੀ ਦੇ ਆਗੂਆਂ, ਅਮਰੀਕਾ ਦੇ ਹਾਊਸ ਆਫ ਰਿਪ੍ਰਿਜ਼ੈਂਟੇਟਿਵਸ ਦੇ ਸਪੀਕਰ ਅਤੇ ਘੱਟਗਿਣਤੀ ਦੇ ਆਗੂ, ਅਤੇ ਇਸ ਸੈਨੇਟ ਵਿਚੋਂ ਅਮਰੀਕੀ ਕਾਂਗਰਸ ਲਈ ਚੁਣੇ ਗਏ ਹਨ ਜੀਅ ਨੂੰ ਭੇਜੀਆਂ ਗਈਆਂ।
ਬ੍ਰਿਟਿਸ਼ ਕੋਲੰਬੀਆ ਸਰਕਾਰ ਵੱਲੋਂ 2022 ਨਵੰਬਰ ਮਹੀਨੇ ਸਿੱਖ ਖੂਨਦਾਨ ਲਹਿਰ ਵਜੋਂ ਮਾਨਤਾ ਦਿੱਤੀ ਗਈ ਹੈ, ਜੋ ਕਿ ਇਤਿਹਾਸਕ ਕਾਰਜ ਹੈ। ਪਰ ਇੰਡੀਅਨ ਫਾਸ਼ੀਵਾਦੀ ਸਟੇਟ ਦੇ ਪ੍ਰਭਾਵ ਕਾਰਨ ਇੱਥੇ ਇਸ ਗੱਲ ਦੀ ਘਾਟ ਜ਼ਰੂਰ ਮਹਿਸੂਸ ਹੋਈ ਹੈ ਕਿ ਇਸ ਖੂਨਦਾਨ ਮੁਹਿੰਮ ਦਾ ਅਸਲ ਕਾਰਨ, ਜੋ ਕਿ 'ਸਿੱਖ ਨਸਲਕੁਸ਼ੀ ਦਾ ਦੁਖਾਂਤ' ਹੈ, ਉਸ ਬਾਰੇ ਸਰਕਾਰੀ ਐਲਾਨਨਾਮੇ 'ਚ ਪੂਰੀ ਤਰ੍ਹਾਂ ਖਾਮੋਸ਼ੀ ਹੈ। ਇਹ ਸਿੱਖ ਨਸਲਕੁਸ਼ੀ ਦੀ ਪੀੜ੍ਹਤ ਸਮੁੱਚੀ ਸਿੱਖ ਕੌਮ ਲਈ ਰੜਕਦਾ ਹੈ। ਕੈਨੇਡਾ ਦੀ ਮੁੱਖ ਵਿਰੋਧੀ ਪਾਰਟੀ ਕੰਜ਼ਰਟਿਵ ਪਾਰਟੀ ਦੇ ਆਗੂ ਅਤੇ ਪ੍ਰਧਾਨ ਮੰਤਰੀ ਅਹੁਦੇ ਦੇ ਦਾਅਵੇਦਾਰ ਪੀਅਰ ਪੋਲੀਵਰ ਨੂੰ ਬੀਤੇ ਸਮੇਂ ਦੌਰਾਨ ਪੰਜਾਬੀ ਪ੍ਰੈੱਸ ਕਲੱਬ ਬੀਸੀ ਵੱਲੋਂ ਕੀਤੀ ਪ੍ਰੈਸ ਕਾਨਫਰੰਸ ਵਿੱਚ ਸਵਾਲ ਪੁੱਛਿਆ ਗਿਆ ਕਿ ਜਿਵੇਂ ਕੈਨੇਡਾ ਦੀ ਪਾਰਲੀਮੈਂਟ ਵਿੱਚ ਚੀਨ ਅੰਦਰ ਮੁਸਲਿਮ ਘੱਟ ਗਿਣਤੀ ਦੀ ਨਸਲਕੁਸ਼ੀ ਬਾਰੇ ਮਤਾ ਪਾਸ ਕੀਤਾ ਜਾ ਚੁੱਕਾ ਹੈ ਅਤੇ ਅਜਿਹੀਆਂ ਕਈ ਹੋਰ ਨਸਲਕੁਸ਼ੀਆਂ ਦੀ ਗੱਲ ਚੱਲੀ ਹੈ ਕੀ ਤੁਸੀਂ ਭਾਰਤ ਵਿੱਚ ਹੋਈ ਸਿੱਖਾਂ ਦੀ ਨਸਲਕੁਸ਼ੀ ਬਾਰੇ ਕਦੇ ਮਤਾ ਲਿਆਉਗੇ?'' ਇਸ ਤੇ ਪੀਅਰ ਪੋਲੀਵਰ ਨੇ ਪੂਰੀ ਤਰ੍ਹਾਂ ਅਣਜਾਣਤਾ ਪ੍ਰਗਟਾਈ ਅਤੇ ਸਿੱਖ ਨਸਲਕੁਸ਼ੀ ਬਾਰੇ ਕੈਨੇਡਾ ਦੀ ਵਿਰੋਧੀ ਪਾਰਟੀ ਦੇ ਆਗੂ ਦੇ ਵਿਚਾਰ ਇਹ ਸਨ :'ਮੈਂ ਅਜਿਹਾ ਕੋਈ ਪਤਾ ਨਹੀਂ ਲਿਆਵਾਂਗਾ'' ''ਮੈਨੂੰ ਪਤਾ ਨਹੀਂ ਇਸ ਬਾਰੇ, ਜਾਣਕਾਰੀ ਲਵਾਂਗੇ'' ਜੇ ਪਾਰਟੀ ਲੀਡਰ ਨੂੰ ਸੱਚਮੁੱਚ ਸਿੱਖ ਨਸਲਕੁਸ਼ੀ ਬਾਰੇ ਗਿਆਨ ਨਹੀਂ, ਤਾਂ ਇਹ ਬੌਧਿਕ ਦੀਵਾਲੀਏਪਨ ਦੀ ਤਸਵੀਰ ਹੈ। ਪਰ ਜੇਕਰ ਉਹ ਇਸ ਬਾਰੇ ਕੁਝ ਕਹਿਣਾ ਨਹੀਂ ਚਾਹੁੰਦੇ, ਤਾਂ ਇਹ ਬੌਧਿਕ ਬੇਈਮਾਨੀ ਦਾ ਪ੍ਰਤੀਕ ਹੈ। ਪਾਰਟੀ ਲੀਡਰ ਹੋਣ ਦੇ ਨਾਤੇ ਪੀਅਰ ਪੋਲੀਵਰ ਨੂੰ ਇਹ ਜਾਣਕਾਰੀ ਉਸਦੇ ਪਾਰਟੀ ਦੇ ਸਿੱਖ ਐਮਪੀਜ਼ ਵੱਲੋਂ ਦਿੱਤੀ ਜਾਣੀ ਚਾਹੀਦੀ ਸੀ ਕਿ ਅਜਿਹਾ ਸਿੱਖ ਨਸਲਕੁਸ਼ੀ ਦਾ ਮਤਾ ਪਾਰਲੀਮੈਂਟ ਵਿੱਚ ਲਿਆਂਦਾ ਜਾ ਚੁੱਕਾ ਹੈ, ਪਰ ਉਸ ਨੂੰ ਪ੍ਰਵਾਨ ਨਹੀਂ ਸੀ ਕੀਤਾ ਗਿਆ। ਇਹ ਕਹਿਣਾ ਗਲਤ ਹੈ ਕਿ ਅਜਿਹਾ ਪਾਰਲੀਮੈਂਟ ਕਦੇ ਨਹੀਂ ਆਇਆ। ਇਥੋਂ ਤੱਕ ਕਿ ਕੈਨੇਡਾ ਦੀ ਕੰਜ਼ਰਵਟਿਵ ਪਾਰਟੀ ਨਾਲ ਡੂੰਘੇ ਸਬੰਧ ਰੱਖਣ ਵਾਲੀ ਭਾਰਤ ਦੀ ਬੀਜੇਪੀ ਸਰਕਾਰ ਦੇ ਗ੍ਰਹਿ ਮੰਤਰੀ, ਰਾਜਨਾਥ ਸਿੰਘ ਵੀ ਇਹ ਮੰਨ ਚੁੱਕੇ ਹਨ ਕਿ 1984 'ਚ ਵਾਪਰਿਆ ਦੁੱਖਾਂਤ ਸਿੱਖ ਨਸਲਕੁਸ਼ੀ ਸੀ।
ਕੌਮਾਂਤਰੀ ਭਾਈਚਾਰੇ ਦਾ ਫ਼ਰਜ਼ ਬਣਦਾ ਹੈ ਕਿ 1984 ਦੇ ਮਹਾਂ-ਦੁਖਾਂਤ ਨੂੰ 'ਸਿੱਖ ਨਸਲਕੁਸ਼ੀ' ਵਜੋਂ ਸਵੀਕਾਰ ਕਰੇ। ਇਸ ਨਸਲਕੁਸ਼ੀ ਖ਼ਿਲਾਫ਼ ਕੈਨੇਡਾ ਦੀ ਪਾਰਲੀਮੈਂਟ 'ਚ ਮਤਾ ਉਸੇ ਤਰਜ਼ ਤੇ ਪਾਸ ਕਰੇ, ਜਿਵੇਂ ਚੀਨ ਵਿਚ ਘੱਟ-ਗਿਣਤੀ ਉਈਗਰ ਮੁਸਲਿਮ ਭਾਈਚਾਰੇ ਦੀ ਨਸਲਕੁਸ਼ੀ ਸਬੰਧੀ ਮਤਾ ਪਾਸ ਕੀਤਾ ਗਿਆ ਅਤੇ ਚੀਨ ਵਿਚ 2022 ਦੀਆਂ ਸਰਦ ਰੁੱਤ ਓਲੰਪਿਕ ਖੇਡਾਂ ਦਾ ਵੀ ਕੈਨੇਡਾ ਵੱਲੋਂ ਕੂਟਨੀਤਕ ਰਾਜਸੀ ਬਾਈਕਾਟ ਕੀਤਾ ਗਿਆ ਹੈ। ਭਾਰਤ ਦੀ ਕਾਂਗਰਸ ਸਰਕਾਰ ਵੱਲੋਂ ਕੀਤੀ ਸਿੱਖ ਨਸਲਕੁਸ਼ੀ ਦੀ ਤਰਜ਼ ਉੱਤੇ ਹੀ, ਗੁਜਰਾਤ ਵਿੱਚ 2002 ਵਿੱਚ ਭਾਜਪਾ ਸਰਕਾਰ ਨੇ ਮੁਸਲਿਮ ਕਤਲੇਆਮ ਅਤੇ ਫਿਰ ਉੜੀਸਾ ਵਿੱਚ ਇਸਾਈਆਂ ਦੇ ਕਤਲ ਅਤੇ ਹੋਰ ਘੱਟ ਗਿਣਤੀਆਂ, ਮੂਲ-ਨਿਵਾਸੀਆਂ ਅਤੇ ਦਲਿਤਾਂ ਤੇ ਜਬਰ ਕੀਤੇ ਅਤੇ ਅੱਜ ਵੀ ਹੋ ਰਹੇ ਹਨ। ਕੌਮਾਂਤਰੀ ਪੱਧਰ ਤੇ ਇਸ ਮਹਾਂ ਦੁਖਾਂਤ ਨੂੰ ਸਿੱਖ ਨਸਲਕੁਸ਼ੀ ਵਜੋਂ ਮਾਨਤਾ ਜ਼ਰੂਰੀ ਹੈ। ਇਹ ਨਸਲ ਕੁਸ਼ੀ ਕਿਉਂ ਅਤੇ ਕਿਵੇਂ ਹੈ, ਇਸ ਬਾਰੇ ਕਾਵਿਕ ਸ਼ਬਦਾਂ ਨਾਲ ਵਿਸ਼ਾ ਸਮੇਟਦੇ ਹਾਂ;
"ਨਸਲਕੁਸ਼ੀ"
ਜਦ ਸੱਤਾ ਦੇ ਸਿੰਘਾਸਣ ਉੱਪਰ
ਆ ਬੈਠਣ ਆਦਮਖ਼ੋਰ
ਦਹਾੜਨ ਲਹੂ ਪਿਆਸੇ ਮੁਕੱਦਮ
ਆਦਮ-ਬੋ ਕਰ ਰਹੀ ਹੋਵੇ ਜਨੂੰਨੀ ਭੀੜ
ਸਭ ਸ਼ੈਤਾਨ ਟੁੱਟ ਪੈਣ ਬੇਗੁਨਾਹਾਂ 'ਤੇ
ਖੇਡਣ ਲਾਚਾਰ ਅਤੇ ਬੇਵੱਸਾਂ ਦੀ
ਖ਼ੂਨ ਦੀ ਹੋਲੀ
ਅਤੇ ਧਰਤ ਭਾਰਤ ਦੀ
ਥਾਂ-ਥਾਂ ਹੋ ਜਾਏ ਲਹੂ-ਲੁਹਾਣ....
ਹੋਰ ਕਿਸਨੂੰ ਆਖੋਗੇ ਨਸਲਕੁਸ਼ੀ?
ਜਦ ਰੱਖਿਅਕ ਹੀ ਬਣ ਜਾਣ ਭੱਖਿਅਕ
ਘੜਨ ਸਾਜਿਸ਼ ਖੁਰਾ-ਖੋਜ ਮਿਟਾਉਣ ਦੀ
ਕਰਨ ਜਨੂੰਨੀਆਂ ਦੀ ਪੁਸ਼ਤ-ਪਨਾਹੀ
ਦੇਣ ਖੁੱਲ੍ਹ ਮੌਤ ਦੇ ਤਾਂਡਵ ਦੀ
ਦਿਸੇ ਜਿਥੇ ਵੀ 'ਖਾਸ' ਨਸਲ ਦਾ ਸ਼ਖਸ
ਜਿਉਂਦੇ-ਜੀ ਸਾੜਨ ਸ਼ਰੇ-ਬਾਜ਼ਾਰ
ਨਾ ਬਖ਼ਸ਼ਣ ਉਸਦਾ ਘਰ ਪਰਿਵਾਰ...
ਹੋਰ ਕਿਸਨੂੰ ਆਖੋਗੇ ਨਸਲਕੁਸ਼ੀ?
ਜਦ ਸਰਕਾਰੀ ਅੱਤਵਾਦ ਦਾ ਹੋਵੇ ਨੰਗਾ-ਨਾਚ
ਆਕਾਸ਼ ਨੂੰ ਛੂਹ ਜਾਣ ਜਨੂੰਨੀ ਨਾਹਰਿਆਂ ਦੇ ਭਾਂਬੜ
'ਮਖੌਟਾਧਾਰੀ ਨਕਲਚੀ' ਪਾਵੇ ਬਲਦੀ 'ਤੇ ਤੇਲ
ਤੇ ਚੀਖ- ਚੀਖ ਆਖੇ 'ਖੂਨ ਦਾ ਬਦਲਾ ਖੂਨ'
ਇੱਕ- ਦੋ ਨਹੀਂ ਸੈਂਕੜੇ -ਹਜ਼ਾਰਾਂ ਦਾ ਖੂਨ
ਬੁੱਢੀ ਮਾਂ ਦਾ ਖੂਨ
ਬਿਰਧ ਬਾਪ ਦਾ ਖੂਨ
ਜਵਾਨ ਪੁੱਤ ਦਾ ਖੂਨ
ਮੁਟਿਆਰ ਧੀ ਦਾ ਖੂਨ
ਅਣਜੰਮੇ ਜੀਅ ਦਾ ਖੂਨ....
'ਇਕੋ ਸ਼ਕਲ' ਦਾ ਖੂਨ,
'ਇਕੋ ਨਸਲ' ਦਾ ਖੂਨ...
ਦੱਸੋ ਹੋਰ ਕਿਸਨੂੰ ਆਖੋਗੇ ਨਸਲਕੁਸ਼ੀ?
ਜਦ ਨਿਸ਼ਾਨਾ ਬਣੇ 'ਇੱਕ ਹੀ ਕੌਮ'
ਅਰਥਹੀਣ ਹੋ ਜਾਏ ਇਹ ਤਰਕ ਕਿ
ਕਿਹੜੀ ਹੈ ਉਸਦੀ ਸਿਆਸੀ ਜਮਾਤ?
ਕਿਹੜੀ ਹੈ ਉਸਦੀ ਵਿਚਾਰਧਾਰਾ?
ਕਿਹੜਾ ਹੈ ਉਸਦਾ ਵਪਾਰ-ਕਾਰੋਬਾਰ?
ਕੀ ਉਹ ਹੈ ਆਸਤਿਕ ਜਾਂ ਨਾਸਤਿਕ?
ਕੀ ਉਹ ਹੈ ਅਕਾਲੀ ਜਾਂ ਕਾਂਗਰਸੀ?
ਕੀ ਉਹ ਹੈ ਸੱਜੇਪੱਖੀ ਜਾਂ ਖੱਬੇਪੱਖੀ?
ਕੀ ਉਹ ਹੈ ਕਲੀਨਸ਼ੇਵ ਜਾਂ ਅੰਮ੍ਰਿਤਧਾਰੀ?
ਕੀ ਉਹ ਹੈ ਮਿਸ਼ਨਰੀ ਜਾਂ ਟਕਸਾਲੀ?
ਕੀ ਉਹ ਹੈ ਫੰਡਮੈਂਟਲਿਸਟ ਜਾਂ ਮਾਡਰੇਟ?
ਉਹ ਹੋਏ ਚਾਹੇ ਕਿਸੇ ਵੀ ਸ਼ਕਲ-ਸੂਰਤ 'ਚ
ਉਸ ਦੀ ਹੋਂਦ ਮਿਟਾਉਣ ਲਈ ਬੱਸ ਏਨਾ ਹੀ ਕਾਫੀ
ਕਿ ਉਹ ਹੈ ਸਰਬੱਤ ਦਾ ਭਲਾ ਮੰਗਣ ਵਾਲਾ 'ਸਿੱਖ'
ਉਸ ਦੀ ਅਲਖ ਮੁਕਾਉਣ ਲਈ ਬੱਸ ਏਨਾ ਹੀ ਬਹੁਤ ਕਿ
ਉਹ ਹੈ ਪੰਜਾਬ ਦਾ ਜਾਇਆ, ਗੁਰਮੁੱਖੀ ਦਾ ਪੁੱਤਰ
ਉਸ ਦੇ ਕਤਲ ਲਈ ਬੱਸ ਏਨੀ ਪਛਾਣ ਹੀ ਬਹੁਤ ਕਿ
ਉਸਨੇ ਹੱਥ 'ਚ ਪਹਿਨਿਆ ਹੈ 'ਕੜਾ'...
ਹੋਰ ਕਿਸਨੂੰ ਆਖੋਗੇ ਨਸਲਕੁਸ਼ੀ?
ਜਦ ਇੱਕ ਨਸਲ 'ਤੇ ਆ ਝਪਟਣ ਸਾਰੇ ਸ਼ੈਤਾਨ'
ਹੋਏ ਸਭ ਦਾ ਇਕ ਨਿਸ਼ਾਨਾ ਇਕ ਐਲਾਨ
ਹੈ ਮਿਟਾਉਣਾ ਸਿੱਖ ਕੌਮ ਦਾ ਨਾਮੋ-ਨਿਸ਼ਾਨ
ਇਕ ਕਹੇ 'ਜਦ ਡਿੱਗੇ ਵੱਡਾ ਰੁੱਖ,
ਤਾਂ ਕੰਬਦੀ ਹੈ ਧਰਤੀ'
ਦੂਜਾ ਕਹੇ 'ਪੀੜਤ ਖ਼ੁਦ ਹੀ ਹੈ ਦੋਸ਼ੀ
ਤੇ ਪੀੜਤ ਲਈ ਹੈ 'ਸਬਕ' ਵੱਡਾ ਰੁੱਖ ਡੇਗਣ ਦਾ
ਜਦ ਬਘਿਆੜਾਂ ਦੀ ਇੱਕ ਢਾਣੀ ਵਲੋਂ
ਲਹੂ ਪਿਆਸਾ ਭਿਅੰਕਰ ਰਾਜੀਵ
ਐਲਾਨ ਦਿੱਤਾ ਜਾਏ 'ਭਾਰਤ ਰਤਨ'
ਤੇ ਬਘਿਆੜਾਂ ਦੀ ਦੂਜੀ ਢਾਣੀ ਵਲੋਂ
ਕੱਟੜਪੰਥੀ ਨਾਨਾ ਦੇਸ਼ਮੁਖ
ਐਲਾਨ ਦਿੱਤਾ ਜਾਏ 'ਭਾਰਤ ਰਤਨ'
ਤੇ ਜਿਹੜੇ ਚੜ੍ਹ ਗਏ ਫਾਂਸੀਆਂ,
ਭੇਜੇ ਗਏ ਕਾਲੇਪਾਣੀਆਂ ਨੂੰ,
ਉਡਾਏ ਗਏ ਤੋਪਾਂ ਸਾਹਵੇਂ,
ਡੱਕੇ ਗਏ ਜੇਲ੍ਹਾਂ ਦੀਆਂ ਸਲਾਖਾਂ ਪਿਛੇ,
ਸ਼ਹੀਦ ਹੋਏ ਹੱਦਾ-ਸਰਹੱਦਾਂ ਦੀ ਰਾਖੀ ਕਰਦਿਆਂ,
ਉਨ੍ਹਾਂ ਨੂੰ ਮਿਲੇ ਇਹ 'ਇਨਾਮ'..
ਨਸਲਕੁਸ਼ੀ! ਨਸਲਕੁਸ਼ੀ!! ਨਸਲਕੁਸ਼ੀ!!!
ਡਾ. ਗੁਰਵਿੰਦਰ ਸਿੰਘ
ਕੋਆਰਡੀਨੇਟਰ, ਪੰਜਾਬੀ ਸਾਹਿਤ ਸਭਾ ਮੁੱਢਲੀ (ਰਜਿ.)
ਐਬਟਸਫੋਰਡ, ਕੈਨੇਡਾ।
Comments (0)