ਸਿੱਖ  ਲੀਡਰਸ਼ਿਪ  ਤੇ ਖਾਲਸਾ ਪੰਥ ਦਾ ਸੰਕਟ,ਅਕਾਲ ਤਖਤ ਕੀ ਕਰੇ?

ਸਿੱਖ  ਲੀਡਰਸ਼ਿਪ  ਤੇ ਖਾਲਸਾ ਪੰਥ ਦਾ ਸੰਕਟ,ਅਕਾਲ ਤਖਤ ਕੀ ਕਰੇ?

ਇਸ ਵਿਚ ਕੋਈ ਸ਼ਕ ਨਹੀਂ ਕਿ ਸ਼੍ਰੋਮਣੀ ਅਕਾਲੀ ਦਲ 1947 ਦੀ ਵੰਡ ਤੋਂ ਲੈ ਕੇ 1960ਵਿਆਂ ਵਿੱਚ ਪੰਜਾਬ ਦੇ ਮੁੜ ਗਠਨ ਅਤੇ 1980ਵਿਆਂ ਦੀ ਖਾੜਕੂ ਖ਼ਾਲਿਸਤਾਨ ਲਹਿਰ ਤੱਕ,  ਬਹੁਤ ਸਾਰੇ ਸੰਕਟ ਵਿਚੋਂ ਗੁਜ਼ਰਿਆ ਸੀ  ਤੇ ਆਪਣਾ ਸਿਧਾਂਤਕ ਵਜੂਦ ਬਰਕਰਾਰ ਰੱਖਿਆ ਸੀ।

ਸਿੱਖ ਭਾਈਚਾਰੇ ਦੀ ਨੁਮਾਇੰਦਾ ਖੇਤਰੀ ਪਾਰਟੀ ਸ੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਕੌਮੀ ਪੱਧਰੀ ਸਰੋਕਾਰਾਂ ਖ਼ਾਸਕਰ ਫੈਡਰਲ ਸਿਆਸਤ ਨਾਲ ਜੁੜੇ ਸਰੋਕਾਰਾਂ ਨੂੰ ਜ਼ੁਬਾਨ ਦੇਣ ਵਿੱਚ ਪੰਜਾਬ ਤੇ ਪੰਥ ਲਈ ਮੋਹਰੀ ਰੋਲ ਨਿਭਾਉਂਦੀ ਰਹੀ ਹੈ।ਦੁਖਾਂਤ ਇਹ ਹੈ ਕਿ ਕਈ ਹੋਰ ਖੇਤਰੀ ਪਾਰਟੀਆਂ ਵਾਂਗ ਹੀ ਪਿਛਲੇ ਕੁਝ ਅਰਸੇ ਤੋਂ ਸ੍ਰੋਮਣੀ ਅਕਾਲੀ ਦਲ ਅੰਦਰ ਵੀ ਇਕ ਪਰਿਵਾਰ, ਭਾਵ, ਬਾਦਲਾਂ ਦਾ ਦਬਦਬਾ ਕਾਇਮ ਹੋ ਗਿਆ ਸੀ ਅਤੇ ਇਹ ਅੰਦਰੂਨੀ ਕਲੇਸ਼ਾਂ ਤੇ ਧੜੇਬੰਦੀਆਂ ਦਾ ਸ਼ਿਕਾਰ ਹੁੰਦੀ ,ਪੰਥਕ ਹਿਤਾਂ ਦੇ ਉਲਟ ਭੁਗਤਦੀ ਗੁਨਾਹਗਾਰ ਸਾਬਤ ਹੁੰਦੀ ਦਮ ਤੋੜ ਚੁਕੀ ਹੈ। 

ਬਾਦਲ ਅਕਾਲੀ ਲੀਡਰਸ਼ਿਪ ਵਿਚ ਵਡਾ ਸਿਧਾਂਤਕ ਨੁਕਸ

ਬਾਦਲ ਅਕਾਲੀ ਲੀਡਰਸ਼ਿਪ ਵਿਚ ਵਡਾ ਨੁਕਸ ਇਹ ਸੀ ਕਿ ਇਸ ਨੇ ਅਕਾਲੀ ਦਲ ਦਾ ਪ੍ਰਧਾਨ, ਪੰਜਾਬ ਦੇ ਮੁਖ ਮੰਤਰੀ ਦਾ ਉਮੀਦਵਾਰ ਇਕ ਕਰ ਦਿਤਾ ਮਤਲਬ ਜੋ ਅਕਾਲੀ ਦਲ ਦਾ ਪ੍ਰਧਾਨ ਉਹੀ ਮੁੱਖ ਮੰਤਰੀ ਹੋਵੇਗਾ।ਸਿਆਸਤ ਤੋਂ ਧਮ ਦਾ ਕੁੰਡਾ ਚੁਕ ਦਿੱਤਾ। ਤੇ ਅਕਾਲੀ ਦਲ ਨੂੰ ਪੰਥ ਤੋਂ ਪੰਜਾਬੀ ਪਾਰਟੀ ਬਣਾ ਦਿਤਾ।ਹਾਲਾਂਕਿ ਖਾਲਸਾ ਪੰਥ ਦਾ ਘੇਰਾ ਪੰਜਾਬ ,ਪੰਜਾਬੀ  ਤੇ ਪੰਜਾਬੀਅਤ ਦੇ ਨੈਰੇਟਿਵ ਤੋਂ ਵਸੀਹ ਤੇ ਸਰਬਤ ਦੇ ਭਲੇ ਨਾਲ ਜੁੜਦਾ ਹੈ ਨਾ ਕਿ ਬਾਕੀ ਧਰਮਾਂ ਵਾਂਗ ਫਿਰਕੂਵਾਦ ਤੇ ਕਬੀਲਾਵਾਦ ਨਾਲ।ਪਰ ਬਾਦਲ ਅਕਾਲੀ ਦਲ ਦੇ ਲਿਬਲਰ ਤੇ ਖਬੇਪਖੀ ਵਿਦਵਾਨਾਂ ਨੇ ਬਾਦਲ ਲੀਡਰਸ਼ਿਪ ਨੂੰ ਗਲਤ ਸਲਾਹ ਦੇਕੇ ਸਿੱਖ ਪੰਥ ਨਾਲੋਂ ਤੋੜ ਵਿਛੋੜਾ ਕਰਾ ਦਿਤਾ।

ਹੁਣ ਬਾਦਲ ਅਕਾਲੀ ਲੀਡਰਸ਼ਿਪ ਦਾ ਅਗਾਂਹ ਕੋਈ ਭਵਿੱਖ ਨਹੀਂ। ਪਰ ਇਹ ਆਪਣੇ ਗੁਨਾਹਾਂ ਨੂੰ ਧਾਰਮਿਕ ਸਜ਼ਾ ਤਕ ਸੀਮਤ ਕਰਨ ਲਈ ਧਕੇ ਨਾਲ ਤੇ ਧਮਕਾਉਣ ਦੀ ਵਿਧੀ ਅਪਨਾਕੇ ਅਕਾਲ ਤਖਤ ਸਾਹਿਬ ਨਾਲ ਉਲਝ ਰਹੇ ਹਨ ਕਿ ਸਾਡੇ ਅਨੁਸਾਰੀ ਫੈਸਲਾ ਹੋਵੇ।ਸੁਖਬੀਰ ਸਿੰਘ ਬਾਦਲ ਨੂੰ ਸਿਰਫ ਧਾਰਮਿਕ ਸਜ਼ਾ ਹੋਵੇ।ਬਾਦਲ ਅਕਾਲੀ ਲੀਡਰਸ਼ਿਪ ਪਹਿਲਾਂ ਵਾਂਗ ਅਕਾਲ ਤਖਤ ਸਾਹਿਬ ਨੂੰ ਆਪਣੇ ਆਦੇਸ਼ਾਂ ਮੁਤਾਬਕ ਚਲਾਉਣਾ ਚਾਹੁੰਦੇ ਹਨ।ਸੁਆਲ ਇਥੇ ਖੜਾ ਹੈ ਕਿ ਅਕਾਲ ਤਖਤ ਸਾਹਿਬ ਬਾਦਲ ਪਰਿਵਾਰ ਨੂੰ ਜੁਆਬਦੇਹ ਹੈ ਜਾਂ ਸਿੱਖ ਪੰਥ ਨੂੰ।ਇਕ ਪਾਸੇ ਇਹ ਆਖਦੇ ਹਨ ਅਕਾਲ ਤਖਤ ਸੁਪਰੀਮ ਹੈ,ਅਸੀਂ ਹਰ ਹੁਕਮ ਮੰਨਾਂਗੇ।ਆਪਣੇ ਦੋਸ਼ਾਂ ਨੂੰ ਝੋਲੀ ਵਿਚ ਪੁਆਉਂਦੇ ਹਾਂ।ਦੂਜੇ ਪਾਸੇ ਅਕਾਲ ਤਖਤ ਸਾਹਿਬ ਵਿਰਧ ਬਾਦਲ ਅਕਾਲੀ ਲੀਡਰਸ਼ਿਪ ਨੇ ਜੰਗ ਛੇੜੀ ਹੈ ਕਿ ਸਾਡੇ ਮੁਤਾਬਿਕ ਫੈਸਲੇ ਕੀਤੇ ਜਾਣ।

ਸਿੱਖ ਪੰਥ ਦਾ ਵਡਾ ਸੰਕਟ ਤੇ ਅਕਾਲ ਤਖਤ ਸਾਹਿਬ ਤੋਂ ਆਸ

ਇਸ ਸਮੇਂ  ਸਿੱਖ ਭਾਰਤ ਅਤੇ ਕੈਨੇਡਾ ਦਰਮਿਆਨ ਕੂਟਨੀਤਕ ਸੰਕਟ ਦੇ ਵਿਚਕਾਰ ਫਸੇ ਹੋਏ ਹਨ।ਇਸ ਸੰਕਟ ਦੌਰਾਨ ਸਿੱਖ ਪੰਥ ਲੀਡਰਸ਼ਿਪ ਤੋਂ ਰਹਿਤ  ਹੈ ।ਮਜਬੂਤ ਸੰਗਠਨ ਦੀ ਘਾਟ ਦਾ  ਗੰਭੀਰ ਸੰਤਾਪ ਭੋਗ ਰਿਹਾ  ਹੈ। ਸਿੱਖ ਪੰਥ ਆਪਣੇ ਅੰਦਰੂਨੀ ਮੰਥਨ ਅਤੇ ਸਿਆਸੀ ਭਵਿਖ ਦੇ ਹਨੇਰਿਆਂ ਦੇ ਮਾਰਗ ਵਿੱਚੋਂ ਚਾਨਣ ਦੀ ਭਾਲ ਵਿਚੋਂ ਗੁਜ਼ਰ ਰਿਹਾ ਹੈ।ਹੈ ਕੋਈ  ਸਿੱਖ ਪੰਥ ਵਿਚ ਨਾਇਕ ਜੋ ਬਾਬਾ ਬੰਦਾ ਸਿੰਘ ਬਹਾਦਰ ,ਮਹਾਰਾਜਾ ਰਣਜੀਤ ਸਿੰਘ ਵਾਂਗ ਸਿੱਖ ਪੰਥ ਦੀ ਰਾਜਨੀਤਕ ਅਗਵਾਈ ਕਰ ਸਕੇ।

ਇਸ ਵਿਚ ਕੋਈ ਸ਼ੱਕ ਨਹੀਂ ਕਿ ਸਿੱਖ ਪੰਥ ਦੀਆਂ ਸੰਸਥਾਵਾਂ ਸ੍ਰੋਮਣੀ ਅਕਾਲੀ ਦਲ ,ਸ੍ਰੋਮਣੀ ਕਮੇਟੀ ਤੇ ਅਕਾਲ ਤਖਤ ਸਾਹਿਬ  ਭਰੋਸੇਯੋਗਤਾ ਦੇ ਸੰਕਟ ਨਾਲ ਜੂਝ ਰਹੀਆਂ ਹਨ।ਸਿੱਖ ਪੰਥ ਨੂੰ ਇਨ੍ਹਾਂ ਸੰਸਥਾਵਾਂ ਵਿਚੋਂ ਅਕਾਲ ਤਖਤ ਸਾਹਿਬ ਤੋਂ ਆਸ ਦਿਖਾਈ ਦਿੰਦੀ ਹੈ ਕਿ ਸ਼ਾਇਦ ਉਹ ਸਿੱਖ ਪੰਥ ਦੀ ਇਛਾ ਅਨੁਸਾਰ ਸ੍ਰੋਮਣੀ ਅਕਾਲੀ ਦਲ ਦਾ ਪੁਨਰ ਨਿਰਮਾਣ ਕਰ ਸਕਣ।ਉਹ ਅਕਾਲ ਤਖਤ ਸਾਹਿਬ ਤੋਂ ਆਪਣੇ ਇਤਿਹਾਸ ਸਿਰਜਣ ਵਾਲੇ ਸੰਤ ਸਿਪਾਹੀ ਯੋਧੇ ਜਥੇਦਾਰ ਦਰਬਾਰਾ ਸਿੰਘ, ਜਥੇਦਾਰ ਨਵਾਬ ਕਪੂਰ ਸਿੰਘ, ਜਥੇਦਾਰ ਬਾਬਾ ਜਸਾ ਸਿੰਘ ਆਹਲੂਵਾਲੀਆ ,ਜਥੇਦਾਰ ਬਾਬਾ ਸਾਹਿਬ ਸਿੰਘ ਬੇਦੀ ਭਾਲ ਰਹੀਆਂ ਹਨ ਜਿਹਨਾਂ ਅਠਾਰਵੀ ਸਦੀ ਦੌਰਾਨ ਪੰਥਕ ਜਥੇਬੰਦੀ ਸਿਰਜੀ ਤੇ ਸਿਖ ਪੰਥ ਨੂੰ ਇਕਮੁੱਠ ਕੀਤਾ।

ਕੀ ਚਾਹੁੰਦਾ ਹੈ ਖਾਲਸਾ ਪੰਥ ਅਕਾਲ ਤਖਤ ਸਾਹਿਬ ਤੋਂ

ਇਸ ਸਮੇਂ ਹਾਲਾਤ ਇਹ ਹਨ ਕਿ ਮੌਜੂਦਾ ਅਕਾਲੀ ਦਲ ਸਿੱਖ ਕੌਮ ਦੀ ਸਿਆਸੀ ਅਗਵਾਈ ਕਰਨ ਦੇ ਯੋਗ ਨਹੀਂ ਰਿਹਾ ਨਾ ਹੀ ਉਸਨੇ ਇਹੋ ਜਿਹਾ ਅਮਲ ਕਰ ਦਿਖਾਇਆ ਕਿ ਉਹ ਸਿੱਖ ਪੰਥ ਦਾ ਭਰੋਸਾ ਜਿਤ ਸਕੇ। ਉਸ ਦੇ ਕੋਲ ਕੋਈ ਵਿਜਨ ਨਹੀਂ ਕਿ ਇਤਿਹਾਸ ਸਿਰਜਣ ਵਿਚ ਕਰਾਮਾਤ ਦਿਖਾ ਸਕੇ।ਅਕਾਲੀ ਦਲ ਦੇ ਹਾਲਾਤ ਇਹ ਹਨ ਕਿ ਉਹ ਹੋਂਦ ਦੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਭਾਵੇਂ ਸਿਖ ਕੌਮ ਨੇ ਲੋਕ ਸਭਾ ਚੋਣਾਂ ਵਿੱਚ ਖਡੂਰ ਸਾਹਿਬ ਤੋਂ ਭਾਈ ਅੰਮ੍ਰਿਤਪਾਲ ਸਿੰਘ ਅਤੇ ਫਰੀਦਕੋਟ ਤੋਂ ਸਰਬਜੀਤ ਸਿੰਘ ਨੂੰ ਜਿੱਤਾ ਕੇ ਪੰਥਕ ਸਿਆਸਤ ਦੀ ਸੰਭਾਵੀ ਪੁਨਰ ਸੁਰਜੀਤੀ ਦੀ ਲਕੀਰ ਖਿਚ ਦਿਤੀ ਸੀ।ਪਰ ਹਾਲੇ ਤਕ ਗਲ ਅਗਾਂਹ ਨਹੀਂ ਤੁਰ ਸਕੀ।

 ਇਸ ਸਮੇਂ, ਪੰਜ ਸਿੰਘ ਸਾਹਿਬਾਨ ਅਕਾਲੀ ਦਲ ਦੇ ਸੰਕਟ ਨਾਲ ਨਜਿੱਠ ਰਹੇ ਹਨ, ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ 'ਤਨਖਾਹੀਆ'  ਕਰਾਰ ਦਿਤਾ ਜਾ ਚੁਕਾ ਹੈ। ਸਿੰਘ ਸਾਹਿਬਾਨ ਦਾ ਕਾਰਜ ਸੁਖਬੀਰ ਬਾਦਲ ਨੂੰ ਸਿਆਸੀ ਸਜ਼ਾ ਦੇਣ ਤਕ ਸੀਮਤ ਨਹੀਂ ਬਲਕਿ ਕੌਮ ਦੀ ਝੋਲੀ ਵਿਚ ਅਕਾਲੀ ਦਲ ਦੀ ਇਤਿਹਾਸਕ ਪੁਨਰ ਸੁਰਜੀਤੀ ਝੋਲੀ ਵਿਚ ਪਾਉਣੀ ਹੈ।ਇਹ ਅਕਾਲ ਤਖਤ ਸਾਹਿਬ ਅਗੇ ਵਡੀ ਚੁਣੌਤੀ ਹੈ।  

ਸਭ ਤੋਂ ਪਹਿਲਾਂ ਲੋੜ ਇਸ ਗਲ ਦੀ ਹੈ ਕਿ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਮੰਗਿਆ ਜਾਵੇ।ਬਾਕੀ ਅਕਾਲੀ ਦਲ ਦੇ ਲੀਡਰਾਂ ਨੂੰ ਅਸਤੀਫੇ ਦੇਣ ਲਈ ਕਿਹਾ ਜਾਵੇ।ਉਸ ਤੋਂ ਬਾਅਦ ਨੁਮਾਇੰਦਾ ਇਕਠ ਬੁਲਾਇਆ ਜਾਵੇ।ਉਸ ਵਿਚ ਸਭ ਦੀ  ਲਿਖਤੀ ਰਾਇ ਲਈ ਜਾਵੇ ਕਿ ਅਕਾਲੀ ਦਲ ਦੀ ਪੁਨਰ ਸਥਾਪਨਾ ਕਿਵੇਂ ਹੋਵੇ? ਉਨ੍ਹਾਂ ਵਿਚਾਰਾਂ ਨੂੰ ਘੋਖਕੇ ਨਤੀਜੇ ਉਪਰ ਪੁਜਿਆ ਜਾਵੇ।ਭਾਵੇਂ ਇਹ ਦੋ ਦਿਨ ਦਾ ਇਕੱਠ ਹੋਵੇ ਤਾਂ ਜੋ ਸਿਖ ਪੰਥ ਵਿਚ ਅਕਾਲ ਤਖਤ ਸਾਹਿਬ ਦਾ ਪ੍ਰਭਾਵ ਜਾ ਸਕੇ ਤੇ ਅਕਾਲੀ ਦਲ ਦੀ ਪੁਨਰ ਨਿਰਮਾਣ ਦੀ ਨਿਰਮਲ ਲਹਿਰ ਉਸਰ ਸਕੇ।ਵਿਸਾਖੀ ਉਪਰ ਅਕਾਲੀ ਦਲ ਦੇ ਪੁਨਰ ਨਿਰਮਾਣ ਦੀ ਇਤਿਹਾਸਕ ਸਿਰਜਣਾ ਸ਼ੁਰੂ ਕਰ ਦਿਤੀ ਜਾਵੇ।ਅਕਾਲ ਤਖਤ ਸਾਹਿਬ ਲਈ ਹੁਣ ਪੁਰਾਤਨ ਇਤਿਹਾਸ ਨਾਲ ਜੁੜਨ ਤੇ ਨਿਭਾਉਣ ਦਾ ਵੇਲਾ ਹੈ।

ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ,ਗਿਆਨੀ ਗੁਰਮੁਖ ਸਿੰਘ, ਇਕਬਾਲ ਸਿੰਘ ਨੂੰ ਕਟਹਿਰੇ ਵਿਚ ਖੜਾ ਕੀਤਾ ਜਾਵੇ ਜਿਹਨਾਂ ਨੇ ਅਕਾਲ ਤਖਤ ਸਾਹਿਬ ਦੀ ਇਤਿਹਾਸਕ ਪਰੰਪਰਾ ਨੂੰ ਠੇਸ ਪਹੁੰਚਾਈ ਤੇ ਬਾਦਲ ਪਰਿਵਾਰ ਅਗੇ ਚੰਡੀਗੜ੍ਹ ਵਿਖੇ ਤਲਬ ਹੋਏ ਤੇ ਸੌਦਾ ਸਾਧ ਨੂੰ ਬਾਦਲ ਪਰਿਵਾਰ ਦੇ ਇਸ਼ਾਰੇ ਉਪਰ ਮਾਫ ਕੀਤਾ।ਇਨ੍ਹਾਂ ਦੋਸ਼ਾਂ ਸਬੰਧੀ ਵਾਈਟ ਪੇਪਰ ਜਾਰੀ ਹੋਣਾ ਚਾਹੀਦਾ ।ਇਸ ਬਾਰੇ ਪੰਥਕ ਬੁਧੀਜੀਵੀਆਂ ਦੀਆਂ ਸੇਵਾਵਾਂ ਲੈਣੀਆਂ ਚਾਹੀਦੀਆਂ ਹਨ।

ਅਕਾਲ ਤਖਤ ਸਾਹਿਬ ਪੰਜ ਮੈਂਬਰੀ ਤਾਲਮੇਲ ਕਮੇਟੀ ਐਲਾਨੇ

ਅਕਾਲ ਤਖਤ ਸਾਹਿਬ ਤੋਂ ਪੁਨਰ ਉਸਾਰੀ ਲਈ ਪੰਜ ਮੈੱਬਰੀ ਤਾਲਮੇਲ ਕਮੇਟੀ ਦਾ ਐਲਾਨ ਹੋਵੇ।ਉਹੀ ਅਕਾਲੀ ਦਲ ਦੀ ਨਵੀਂ ਭਰਤੀ ਦਾ ਐਲਾਨ ਕਰੇ।ਇਸ ਵਿਚ ਸਮੁਚੀਆਂ ਪੰਥਕ ਧਿਰਾਂ ਨੂੰ ਸ਼ਾਮਲ ਕੀਤਾ ਜਾਵੇ ਕਿ ਉਹ ਰਲਕੇ ਅਕਾਲੀ ਦਲ ਤੇ ਉਸਦਾ ਏਜੰਡਾ ਉਸਾਰਨ।ਇਸ ਦਾ ਪ੍ਰਭਾਵ ਸਿੱਖ ਰਾਜਨੀਤੀ ਉਪਰ ਉਸਾਰੂ ਪਵੇਗਾ।ਵਿਰੋਧ ਕਰਨ ਵਾਲੀ ਨਵ ਮਸੰਦ,ਡੋਗਰੇ ਬਿਰਤੀ ਦੀ ਲੀਡਰਸ਼ਿਪ ਨਕਾਰੀ ਜਾਵੇਗੀ।ਸਿਖ ਪੰਥ ਜੋਤਿ ਬਣਕੇ ਅਕਾਲ ਤਖਤ ਸਾਹਿਬ ਦੇ ਇਤਿਹਾਸਕ ਸੰਦੇਸ਼ ਨੂੰ ਰੋਸ਼ਨ ਕਰੇਗਾ।

ਅਕਾਲ ਤਖਤ ਸਾਹਿਬ ਵਲੋਂ ਯਕੀਨੀ ਬਣਾਇਆ ਜਾਵੇ ਕਿ ਅਕਾਲੀ ਦਲ ਦਾ ਪ੍ਰਧਾਨ ਤੇ ਉਸਦੀ ਕਮੇਟੀ ਰਾਜਨੀਤਕ ਚੋਣਾਂ ਵਿਚ ਹਿਸਾ ਨਾ ਲਵੇ ,ਉਹ ਯੋਗ ਵਿਅਕਤੀਆਂ ਦੀ ਚੋਣ ਕਰੇ ਤਾਂ ਜੋ ਅਕਾਲੀ ਦਲ ਦੀਆਂ ਸਿਧਾਂਤਕ ਤੇ ਇਤਿਹਾਸਕ ਪਰੰਪਰਾਵਾਂ ਕਾਇਮ ਰਹਿ ਸਕਣ।ਅਕਾਲੀ ਸੰਕਟ ਦਾ ਕਾਰਣ ਹੀ ਇਹੀ ਹੈ ਕਿ ਉਸਦਾ ਪ੍ਰਧਾਨ ਸਤਾ ਲਾਲਸਾ ਦੇ ਅਧੀਨ ਹੋ ਗਿਆ।ਮਾਇਆ ਨਾਗਨੀ ਨੇ ਅਕਾਲੀ ਦਲ ਡਸ ਲਿਆ।

 

 

ਪ੍ਰੋਫੈਸਰ ਬਲਵਿੰਦਰ ਪਾਲ ਸਿੰਘ

9815700916