ਗਊ ਮੂਤਰ ਦੀ ਖੋਜ ਵਿੱਚ ਲੱਗੇ ਆਈ ਟੀ ਸੰਸਥਾਨ

ਭਾਜਪਾ ਸਰਕਾਰ ਦੇ ਰਾਸ਼ਟਰੀ ਸਿਲੇਬਸ ਦਾ ਹਿੱਸਾ ਬਣਿਆ ਗਊ ਮੂਤਰ ਤੇ ਗੋਆ
ਭਾਰਤ ਵਿਚ ਅੱਜਕਲ ਗੋਬਰ ਅਤੇ ਗਊ ਮੂਤਰ ਦਾ ਇੰਨਾ ਜ਼ਿਆਦਾ ਗਾਇਨ ਹੋ ਰਿਹਾ ਹੈ ਕਿ ਮਹਾਨ ਲੋਕਾਂ ਨੇ ਇਸਨੂੰ ਆਪਣੇ ਜੀਵਨ ਦਾ ਮਿਸ਼ਨ ਬਣਾ ਲਿਆ ਹੈ। ਆਈਆਈਟੀ, ਮਦਰਾਸ, ਹੁਣ ਤੱਕ ਸ਼ਾਨਦਾਰ ਸਿੱਖਿਆ ਲਈ ਪ੍ਰਸਿੱਧ ਸੀ, ਹੁਣ ਇਸਦੇ ਡਾਇਰੈਕਟਰ ਸਿਰਫ ਗਊ ਮੂਤਰ ਦੇ ਫਾਇਦੇ ਦੱਸ ਰਹੇ ਹਨ। ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਹੈ ਕਿ ਉਨ੍ਹਾਂ ਨੂੰ ਖੁਦ ਗਊ ਮੂਤਰ ਦੇ ਸੇਵਨ ਤੋਂ ਲਾਭ ਹੋਇਆ ਹੈ।
ਮਹਾਰਾਸ਼ਟਰ ਸਰਕਾਰ ਨੇ 30 ਸਤੰਬਰ 2024 ਨੂੰ ਇੱਕ ਆਦੇਸ਼ ਜਾਰੀ ਕਰ ਕੇ ਗਾਂ ਅਤੇ 'ਰਾਜ ਮਾਤਾ' ਘੋਸ਼ਿਤ ਕੀਤਾ ਸੀ। ਅਧਿਕਾਰਤ ਹੁਕਮਾਂ ਵਿੱਚ, ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸਰਕਾਰ ਨੇ ਕਿਹਾ ਕਿ ਗਾਵਾਂ ਭਾਰਤੀ ਪਰੰਪਰਾ ਦਾ ਇੱਕ ਮਹੱਤਵਪੂਰਨ ਹਿੱਸਾ ਰਹੀਆਂ ਹਨ ਅਤੇ ਪ੍ਰਾਚੀਨ ਕਾਲ ਤੋਂ ਅਧਿਆਤਮਕ, ਵਿਗਿਆਨਕ ਅਤੇ ਫੌਜੀ ਮਹੱਤਵ ਰੱਖਦੀਆਂ ਹਨ।
ਬਾਬਾ ਰਾਮਦੇਵ ਵੀ ਆਪਣੀਆਂ ਦਵਾਈਆਂ ਵਿਚ ਗਊ ਮੂਤਰ ਦੀ ਵਰਤੋਂ ਵੱਡੇ ਪੱਧਰ ਤੇ ਕਰ ਰਿਹਾ ਹੈ। ਅੱਧਾ ਲਿਟਰ ਗਊ ਦਾ ਪਿਸ਼ਾਬ ਸੱਤਰ ਰੁਪਏ ਵਿਚ ਵੇਚਿਆ ਜਾ ਰਿਹਾ ਹੈ। ਹਜ਼ਾਰਾਂ ਵਪਾਰੀਆਂ ਨੇ ਗਊ ਮੂਤਰ ਦਾ ਵਿਉਪਾਰ ਕਰਨ ਲਈ ਹਜ਼ਾਰਾਂ ਹੀ ਦੁਕਾਨਾਂ ਖੋਲ ਲਈਆਂ ਹਨ।
ਯੋਗ ਗੁਰੂ ਬਾਬਾ ਰਾਮਦੇਵ ਨੇ ਬੀਤੇ ਦਿਨੀਂ ਦੇਸ਼ ਵਾਸੀਆਂ ਨੂੰ ਗਊ ਮੂਤਰ ਪੀਣ ਦੀ ਸਲਾਹ ਦਿੱਤੀ ਸੀ। ਬਾਬਾ ਨੇ ਕਿਹਾ ਹੈ ਕਿ ਪਤੰਜਲੀ ਵਿਚ ਗਊ ਮੂਤਰ ਚੰਗਾ ਤੇ ਸ਼ੁਧ ਮਿਲਦਾ ਹੈ। ਸਭ ਨੂੰ ਗਊ ਮੂਤਰ ਰੋਜ਼ ਸਵੇਰੇ ਪੀਣਾ ਚਾਹੀਦਾ ਹੈ ਤੋਂ ਸਿਹਤ ਚੰਗੀ ਰਹਿ ਸਕੇ।
ਆਈਆਈਟੀ, ਦਿੱਲੀ ਨੂੰ ਵੀ ਗਾਂ ਦੇ ਗੋਬਰ, ਮੂਤਰ, ਦੁੱਧ, ਦਹੀਂ, ਘਿਓ ਆਦਿ ਦੇ ਫਾਇਦਿਆਂ 'ਤੇ ਖੋਜ ਲਈ ਪੰਜਾਹ ਤੋਂ ਵੱਧ ਪ੍ਰਸਤਾਵ ਪ੍ਰਾਪਤ ਹੋਏ ਹਨ ਅਤੇ ਉਨ੍ਹਾਂ ਵਿੱਚੋਂ ਕੁਝ 'ਤੇ ਕੰਮ ਕੀਤਾ ਜਾ ਰਿਹਾ ਹੈ। ਪਰ ਕੋਈ ਵੀ ਅਜਿਹਾ ਵਿਸ਼ੇਸ਼ ਵਿਅਕਤੀ ਸਾਹਮਣੇ ਨਹੀਂ ਆਇਆ ਜੋ ਖੁੱਲ੍ਹੇਆਮ ਗਊ ਮੂਤਰ ਜਾਂ ਗੋਬਰ ਦਾ ਸੇਵਨ ਕਰਦਾ ਹੋਵੇ।
ਆਈਆਈਟੀ ਪਲੱਕੜ ਨੇ ਗਊ ਮੂਤਰ ਤੋਂ ਬਿਜਲੀ ਪੈਦਾ ਕਰਨ ਦਾ ਪ੍ਰਯੋਗ ਕੀਤਾ ਹੈ, ਹਾਲਾਂਕਿ, ਇਸਨੇ ਗਊ ਮੂਤਰ ਦੀ ਮਹੱਤਤਾ ਨੂੰ ਇਹ ਕਹਿ ਕੇ ਥੋੜ੍ਹਾ ਘਟਾ ਦਿੱਤਾ ਹੈ ਕਿ ਮਨੁੱਖੀ ਪਿਸ਼ਾਬ ਤੋਂ ਵੀ ਬਿਜਲੀ ਪੈਦਾ ਕੀਤੀ ਜਾ ਸਕਦੀ ਹੈ। ਹੋਰ ਸਾਰੇ ਆਈਆਈਟੀ ਵੀ ਗਊ ਮੂਤਰ ਖੋਜ ਵਿੱਚ ਲੱਗੇ ਹੋਣਗੇ, ਕਿਉਂਕਿ ਇਹ ਹੁਣ ਇਹ ਭਾਜਪਾ ਸਰਕਾਰ ਦੇ ਰਾਸ਼ਟਰੀ ਸਿਲੇਬਸ ਦਾ ਹਿੱਸਾ ਹੈ। ਇਸ ਬਾਰੇ ਖੋਜ ਕਰਨ ਲਈ, ਸਰਕਾਰ ਨੇ 19 ਮੈਂਬਰੀ ਕਮੇਟੀ ਬਣਾਈ ਸੀ, ਜਿਸ ਵਿੱਚ ਆਰਐਸਐਸ ਅਤੇ ਵੀਐਚਪੀ ਦੇ ਲੋਕ ਵੀ ਸ਼ਾਮਲ ਸਨ। ਇਸਦੀ ਰਿਪੋਰਟ ਹੁਣ ਤੱਕ ਆ ਜਾਣੀ ਚਾਹੀਦੀ ਸੀ। ਦਿੱਲੀ ਦੇ ਇੱਕ ਕਾਲਜ ਨੇ ਵੀ ਗਊ ਪਾਲਣ ਅਤੇ ਗਊ ਮੂਤਰ ਆਦਿ 'ਤੇ ਖੋਜ ਕਰਨ ਦੀ ਪਹਿਲ ਕੀਤੀ ਹੈ।
ਹੁਣੇ ਜਿਹੇ ਇੰਡੀਅਨ ਵੈਟਰਨਰੀ ਰਿਸਰਚ ਇੰਸਟੀਚਿਊਟ, ਬਰੇਲੀ ਦੇ ਖੋਜਕਰਤਾਵਾਂ ਨੇ ਇੱਕ ਵਿਵਾਦਪੂਰਨ ਆਵਾਜ਼ ਉਠਾਈ ਸੀ ਕਿ ਮੱਝ ਦਾ ਪਿਸ਼ਾਬ ਗਊ ਮੂਤਰ ਨਾਲੋਂ ਵਧੇਰੇ ਪ੍ਰਭਾਵਸ਼ਾਲੀ ਹੈ। ਉੱਤਰ ਪ੍ਰਦੇਸ਼ ਦੇ ਮਸ਼ਹੂਰ ਬਰੇਲੀ ਜ਼ਿਲ੍ਹੇ ਦੇ ਇਜ਼ਤਨਗਰ ਵਿੱਚ ਭਾਰਤੀ ਵੈਟਰਨਰੀ ਰਿਸਰਚ ਇੰਸਟੀਚਿਊਟ ਦੀ ਇੱਕ ਖੋਜ ਸਾਹਮਣੇ ਆਈ ਹੈ। ਭੋਜਰਾਜ ਸਿੰਘ ਆਪਣੇ ਤਿੰਨ ਪੀਐਚਡੀ ਵਿਦਵਾਨਾਂ ਅਤੇ ਤਿੰਨ ਵਿਦਿਆਰਥੀਆਂ ਨਾਲ ਖੋਜ ਦੀ ਅਗਵਾਈ ਕਰ ਰਹੇ ਸਨ। ਇਸ ਖੋਜ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਸਿਹਤਮੰਦ ਗਾਵਾਂ ਦੇ ਦੁੱਧ ਵਿੱਚ ਘੱਟੋ-ਘੱਟ 14 ਤਰ੍ਹਾਂ ਦੇ ਬੈਕਟੀਰੀਆ ਪਾਏ ਜਾਂਦੇ ਹਨ। ਇਸ ਕਾਰਨ ਪੇਟ ਤੇ ਗੁਰਦਿਆਂ ਵਿਚ ਇਨਫੈਕਸ਼ਨ ਹੋਣ ਦਾ ਖਤਰਾ ਰਹਿੰਦਾ ਹੈ। ਇਹ ਪੂਰੀ ਖੋਜ ਨੂੰ ਆਨਲਾਈਨ ਪੋਰਟਲ ਰਿਸਰਚ ਵੈੱਬਸਾਈਟ ਰਿਸਰਚਗੇਟ ਵਿੱਚ ਪਬਲਿਸ਼ ਕੀਤਾ ਗਿਆ ਹੈ। ਭੋਜਰਾਜ ਸਿੰਘ ਨੇ ' ਦੱਸਿਆ ਕਿ ਅਸੀਂ ਇਸ ਸਮੁੱਚੀ ਖੋਜ ਨੂੰ ਅੰਜਾਮ ਦੇਣ ਲਈ ਗਾਂ ਅਤੇ ਮੱਝਾਂ ਦੇ 73 ਪਿਸ਼ਾਬ ਦੇ ਨਮੂਨਿਆਂ ਨੂੰ ਇਕੱਠਿਆਂ ਕਰਕੇ ਅੰਕੜਿਆਂ ਖੋਜ ਕੀਤੀ ਹੈ। ਜਿਸ ਵਿੱਚ ਅਸੀਂ ਪਾਇਆ ਕਿ ਮੱਝ ਦਾ ਪਿਸ਼ਾਬ ਗਊ ਦੇ ਮੂਤਰ ਨਾਲੋਂ ਜ਼ਿਆਦਾ ਫਾਇਦੇਮੰਦ ਹੁੰਦਾ ਹੈ।
ਇਸ ਦੌਰਾਨ, ਜੂਨਾਗੜ੍ਹ ਦੀ ਖੇਤੀਬਾੜੀ ਯੂਨੀਵਰਸਿਟੀ ਗਊ ਮੂਤਰ ਤੋਂ ਸੋਨਾ ਕੱਢਣ ਵਿੱਚ ਲੱਗੀ ਹੋਈ ਹੈ। ਹਰਿਆਣਾ ਦੇ ਇੱਕ ਡਾਕਟਰ ਨੇ ਗਾਂ ਦਾ ਗੋਬਰ ਖਾਂਦੇ ਹੋਏ ਇੱਕ ਵੀਡੀਓ ਜਾਰੀ ਕੀਤਾ ਸੀ। ਉਹ ਨਾ ਸਿਰਫ਼ ਇਹ ਕਹਿੰਦੇ ਹਨ ਕਿ ਗਾਂ ਦਾ ਗੋਬਰ ਅਤੇ ਗਊ ਮੂਤਰ ਸਾਰੀਆਂ ਬਿਮਾਰੀਆਂ ਦਾ ਪੱਕਾ ਇਲਾਜ ਹੈ, ਸਗੋਂ ਇਹ ਵੀ ਕਹਿੰਦੇ ਹਨ ਕਿ ਹਰ ਰੋਜ਼ ਇੱਕ ਚੱਮਚ ਗਾਂ ਦਾ ਗੋਬਰ ਖਾਣ ਨਾਲ ਸਰੀਰ ਅਤੇ ਮਨ ਸ਼ੁੱਧ ਹੁੰਦਾ ਹੈ। ਜਦੋਂ ਸਰੀਰ ਅਤੇ ਮਨ ਪਵਿੱਤਰ ਹੋ ਜਾਣਗੇ, ਤਾਂ ਦੌਲਤ ਭਾਵੇਂ ਕੁਝ ਵੀ ਹੋਵੇ, ਉਹ ਵੀ ਪਵਿੱਤਰ ਹੋ ਜਾਵੇਗੀ!
ਮਥੁਰਾ ਦੇ ਫਰਾਹ ‘ਚ ਸਥਿਤ ਗਊ ਵਿਗਿਆਨ ਖੋਜ ਅਤੇ ਸਿਖਲਾਈ ਕੇਂਦਰ ਵਿਚ ਵੱਖ-ਵੱਖ ਪ੍ਰਜਾਤੀਆਂ ਦੀਆਂ ਗਾਵਾਂ ‘ਤੇ ਗਊ ਪਾਲਣ ਦਾ ਕੰਮ ਕੀਤਾ ਜਾ ਰਿਹਾ ਹੈ। ਨਵੇਂ ਸਾਲ ‘ਚ ਗਾਂ ਦੇ ਗੋਬਰ, ਦੁੱਧ, ਘਿਓ, ਮੂਤਰ ਅਤੇ ਛਿੱਲ ਤੋਂ ਗੰਭੀਰ ਬਿਮਾਰੀਆਂ ਦੇ ਇਲਾਜ ਦੀ ਦਵਾਈ ਤਿਆਰ ਕੀਤੀ ਜਾ ਰਹੀ ਹੈ। ਇਹ ਦਵਾਈ ਕੈਂਸਰ ਵਰਗੀਆਂ ਬਿਮਾਰੀਆਂ ਦੇ ਇਲਾਜ ਵਿਚ ਮਦਦ ਕਰੇਗੀ।
ਡਾ. ਅਰੁਣ ਮਿੱਤਰਾਸੀਨੀਅਰ ਮੀਤ ਪਰਧਾਨ, ਇੰਡੀਅਨ ਡਾਕਟਰਜ਼ ਫਾਰ ਪੀਸ ਐਂਡ ਡਿਵੈਲਪਮੈਂਟ ਅਨੁਸਾਰ ਵਿਗਿਆਨੀਆਂ ਨੇ ਬਾਬਾ ਰਾਮਦੇਵ ਦੇ ਇਸ ਦਾਅਵੇ ਕਿ ਗਊ ਮੂਤਰ ਨਾਲ ਕੀਟਾਣੂ-ਨਾਸ਼ਕ ਦਵਾਈ ਬੀਟਾਡੀਨ ਦਾ ਅਸਰ ਖਤਮ ਹੋ ਜਾਂਦਾ ਹੈ, ਨੂੰ ਗਲਤ ਦੱਸਿਆ ਹੈ। ਸਾਫ਼ ਪਾਣੀ ਵਿਚ ਬੀਟਾਡੀਨ ਪਾ ਕੇ ਉਸ ਦਾ ਰੰਗ ਬਦਲ ਜਾਂਦਾ ਹੈ ਤੇ ਮੂਤਰ ਨਾਲ ਉਹ ਫਿਰ ਸਾਫ਼ ਹੋ ਜਾਂਦਾ ਹੈ। ਇਹ ਰਸਾਇਣਕ ਕਿਰਿਆ ਹੈ ਜੋ ਮਨੁੱਖੀ ਮੂਤਰ ਨਾਲ ਵੀ ਉਸੇ ਢੰਗ ਨਾਲ ਹੁੰਦੀ ਹੈ। ਇਸ ਕਿਰਿਆ ਵਿਚ ਮੂਤਰ ਵਿਚ ਮੌਜੂਦ ਥਾਇਉਸਲਫ਼ੇਟ ਦੀ ਬੀਟਾਡੀਨ ਵਿਚ ਮੌਜੂਦ ਟ੍ਰਾਈ ਆਇਉਡੀਨ ਆਇਉਨ ਨਾਲ ਕਿਰਿਆ ਹੁੰਦੀ ਹੈ ਤੇ ਉਹ ਸੋਡੀਅਮ ਆਇਉਡਾਈਡ ਵਿਚ ਬਦਲ ਜਾਂਦਾ ਹੈ ਜੋ ਰੰਗ ਰਹਿਤ ਅਤੇ ਸਾਫ਼ ਹੁੰਦਾ ਹੈ। ਇਸ ਤਰ੍ਹਾਂ ਇਸ ਕਿਸਮ ਦੇ ਦਾਅਵੇ ਭਗਵੇਂਵਾਦੀਆਂ ਵਲੋਂ ਮਿੱਥਿਆ ਫੈਲਾਉਣ ਲਈ ਕੀਤੇ ਜਾ ਰਹੇ ਹਨ। ਹੁਣ ਸਮਾਂ ਹੈ ਕਿ ਫ਼ਾਰਮਾਸਿਊਟੀਕਲ ਤੇ ਸਿਹਤ ਮੰਤਰਾਲਿਆਂ ਵੱਲੋਂ ਇਸ ਕਿਸਮ ਦੇ ਪ੍ਰਾਪੇਗੰਡੇ ਨੂੰ ਰੋਕਿਆ ਜਾਵੇ।
ਅਸਲ ਗੱਲ ਇਹ ਹੈ ਕਿ ਭਾਰਤ ਵਿੱਚ ਭਗਵੇਂਵਾਦੀਆਂ ਵਲੋਂ ਗਊ ਮੂਤਰ ਅਤੇ ਗੋਬਰ ਦਾ ਯੁੱਗ ਸਥਾਪਤ ਕੀਤਾ ਜਾ ਰਿਹਾ ਹੈ। ਜੇਕਰ ਤੁਸੀਂ ਇੱਕ ਵਾਰ ਗੂਗਲ 'ਤੇ ਸਰਚ ਕਰੋਗੇ, ਤਾਂ ਤੁਹਾਨੂੰ ਪਤਾ ਲੱਗੇਗਾ ਕਿ ਸਾਰੀਆਂ ਮਨੁੱਖੀ ਬਿਮਾਰੀਆਂ ਗਊ ਮੂਤਰ ਅਤੇ ਗੋਬਰ ਨਾਲ ਠੀਕ ਹੋ ਸਕਦੀਆਂ ਹਨ। ਇਸ ਨਾਲ ਅੱਖਾਂ ਅਤੇ ਕੈਂਸਰ ਦਾ ਇਲਾਜ ਵੀ ਕੀਤਾ ਜਾ ਸਕਦਾ ਹੈ। ਇਹ ਪਾਚਨ ਸ਼ਕਤੀ ਵਧਾਉਣ ਵਾਲਾ, ਖੂਨ ਸ਼ੁੱਧ ਕਰਨ ਵਾਲਾ, ਰੋਗ ਰੋਧਕ, ਮੋਟਾਪਾ ਦੂਰ ਕਰਨ ਵਾਲਾ, ਪੀਲੀਆ ਰੋਕਣ ਵਾਲਾ, ਚਮੜੀ ਰੋਗਾਂ ਦਾ ਇਲਾਜ ਆਦਿ ਹੈ। ਤੁਸੀਂ ਕਿਸੇ ਵੀ ਬਿਮਾਰੀ ਦਾ ਨਾਮ ਲਓ, ਉਸ ਸਭ ਦੀ ਦਵਾਈ ਗਊ ਮੂਤਰ ਅਤੇ ਗੋਬਰ ਹੈ। ਅਸਲ ਵਿਚ ਦਿਮਾਗ ਨੂੰ ਗੋਬਰ ਨਾਲ ਭਰਨ ਦੀ ਤਕਨੀਕ ਕਾਫ਼ੀ ਪੁਰਾਣੀ ਹੈ, ਪਰ ਹਾਲ ਹੀ ਵਿੱਚ ਇਸਦੀ ਵਰਤੋਂ ਬਹੁਤ ਵੱਧ ਗਈ ਹੈ। ਕਿਸੇ ਦਿਨ ਭਗਵੇਂ ਸਿਆਸਤਦਾਨਾਂ ਵਲੋਂ ਐਲਾਨ ਹੋ ਸਕਦਾ ਹੈ ਕਿ ਏਮਜ਼ ਸਮੇਤ ਕਿਸੇ ਵੀ ਸਰਕਾਰੀ ਜਾਂ ਨਿੱਜੀ ਹਸਪਤਾਲ ਦੀ ਲੋੜ ਨਹੀਂ ਹੈ। ਲੋਕਾਂ ਨੂੰ ਗਾਂ ਦਾ ਗੋਬਰ ਖਾਣਾ ਚਾਹੀਦਾ ਹੈ, ਗਾਂ ਦਾ ਮੂਤਰ ਪੀਣਾ ਚਾਹੀਦਾ ਹੈ ਅਤੇ 2047 ਵਿੱਚ ਭਾਰਤ ਨੂੰ ਵਿਕਸਤ ਬਣਾਉਣਾ ਚਾਹੀਦਾ ਹੈ।
Comments (0)