ਸੁਖਬੀਰ ਬਾਦਲ ਨੂੰ ਮਾਘੀ ਮੇਲੇ ਵਿਚ ਕਾਨਫਰੰਸ ਕਰ ਕੇ ਰੀਲਾਂਚ ਕਰੇਗਾ ਸ਼੍ਰੋਮਣੀ ਅਕਾਲੀ ਦਲ
*ਭਾਈ ਅੰਮ੍ਰਿਤ ਪਾਲ ਸਿੰਘ ਦੇ ਪਿਤਾ ਨਵਾਂ ਅਕਾਲੀ ਦਲ ਬਣਾਉਣਗੇ
*ਵਿਰੋਧੀ ਧਿਰ ਨਾਲ ਸੰਬੰਧਿਤ ਸ੍ਰੋਮਣੀ ਕਮੇਟੀ ਮੈਂਬਰਾਂ ਦੇ ਵਫ਼ਦ ਨੇ ਜਥੇਦਾਰ ਅਕਾਲ ਤਖਤ ਨਾਲ ਕੀਤੀ ਮੁਲਾਕਾਤ
*ਜਥੇਦਾਰ ਅਕਾਲੀ ਰਾਜਨੀਤੀ ਵਿਚ ਹੋਰ ਦਖਲਅੰਦਾਜ਼ੀ ਨਹੀਂ ਕਰਨਗੇ
ਅਕਾਲੀ ਦਲ ਬਾਦਲ ਦੀ ਵਰਕਿੰਗ ਕਮੇਟੀ ਵਲੋਂ ਆਪਣੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਅਸਤੀਫ਼ਾ ਮਾਘੀ ਦੀ ਕਾਨਫਰੰਸ ਬਾਅਦ ਪ੍ਰਵਾਨ ਕਰਨ ਦੀ ਸੰਭਾਵਨਾ ਹੈ। ਇਸ ਲਈ ਖ਼ੁਦ ਸੁਖਬੀਰ ਸਿੰਘ ਬਾਦਲ ਵੀ ਸਹਿਮਤ ਹਨ, ਪਰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਨਿਯੁਕਤ ਕੀਤੀ 7 ਮੈਂਬਰੀ ਕਮੇਟੀ ਨੂੰ ਕਮਾਨ ਸੌਂਪਣ ਤੋਂ ਬਾਦਲ ਅਕਾਲੀ ਦਲ ਇਨਕਾਰੀ ਹੈ। ਅਕਾਲੀ ਦਲ ਨੇ ਸੀਨੀਅਰ ਵਕੀਲ ਕਮਲ ਸਹਿਗਲ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਦਿੱਤੀਆਂ ਹਦਾਇਤਾਂ ਬਾਰੇ ਕਾਨੂੰਨੀ ਸਲਾਹ ਲਈ ਹੈ, ਜੋ ਉਨ੍ਹਾਂ ਨੇ ਕਰੀਬ 12 ਸਫਿਆਂ ਵਿਚ ਦਿੱਤੀ ਹੈ।ਬਾਦਲ ਅਕਾਲੀ ਦਲ ਦੇ ਨੇਤਾ ਕਹਿੰਦੇ ਹਨ ਕਿ ਜੇਕਰ ਇਸ ਤਰ੍ਹਾਂ ਅਕਾਲੀ ਦਲ ਦੀ ਵਾਗਡੋਰ ਧਾਰਮਿਕ ਹੁਕਮਾਂ ਅਧੀਨ ਬਣਾਈ ਕਮੇਟੀ ਨੂੰ ਸੌਂਪੀ ਗਈ ਤਾਂ ਅਕਾਲੀ ਦਲ ਕਾਨੂੰਨੀ ਤੌਰ 'ਤੇ ਆਪਣੀ ਮਾਨਤਾ ਗਵਾ ਲਵੇਗਾ। ਜਦਕਿ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਹਰਵਿੰਦਰ ਸਿੰਘ ਫੂਲਕਾ ਨੇ ਕਿਹਾ ਕਿ ਕੋਈ ਸੰਵਿਧਾਨ ਸਿਆਸੀ ਪਾਰਟੀ ਉਪਰ ਪਬੰਦੀ ਨਹੀਂ ਲਗਾਉਂਦਾ ਜਦ ਤਕ ਉਹ ਪੂਰਨ ਤੌਰ ਉਪਰ ਧਾਰਮਿਕ ਨਾ ਹੋਵੇ।ਅਕਾਲੀ ਦਲ ਦੀ ਵਰਕਿੰਗ ਕਮੇਟੀ ਅਕਾਲ ਤਖਤ ਸਾਹਿਬ ਦੀ ਭਰਤੀ ਕਮੇਟੀ ਨੂੰ ਪ੍ਰਵਾਨ ਕਰਕੇ ਇਹ ਫੈਸਲਾ ਲੈ ਸਕਦੀ ਸੀ।
ਸੂਤਰਾਂ ਤੋਂ ਪਤਾ ਲਗਾ ਹੈ ਕਿ ਬਾਦਲ ਅਕਾਲੀ ਦਲ ਆਪਣੀ ਭਰਤੀ ਕਮੇਟੀ ਬਣਾਏਗਾ।ਇਸ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਆਪ ਅਸਤੀਫਾ ਦੇ ਸਕਦੇ ਹਨ। ਯਾਦ ਰਹੇ ਕਿ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ 'ਤੇ ਲੱਗੇ ਦੋਸ਼ਾਂ ਦੀ ਜਾਂਚ ਲਈ ਬਣਾਈ ਕਮੇਟੀ ਦਾ ਕਾਰਜਕਾਲ ਵਧਾ ਦਿੱਤਾ ਸੀ, ਜਿਸ ਨਾਲ ਸਿੱਖ ਰਾਜਨੀਤੀ ਵਿਚ ਟਕਰਾਅ ਵਧ ਰਿਹਾ ਦਿਖਾਈ ਦਿੰੰਦਾ ਹੈ। ਜਾਣਕਾਰੀ ਅਨੁਸਾਰ ਹੁਣ ਅਕਾਲੀ ਦਲ ਬਾਦਲ ਨੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਦੀ ਅਗਵਾਈ ਵਿਚ ਅੱਗੇ ਵਧਣ ਦਾ ਫ਼ੈਸਲਾ ਕਰ ਲਿਆ ਹੈ। ਅਕਾਲੀ ਦਲ ਹੁਣ ਸਾਰਾ ਜ਼ੋਰ ਮਾਘੀ ਮੌਕੇ ਤਾਕਤ ਪ੍ਰਦਰਸ਼ਨ 'ਤੇ ਲਾਵੇਗਾ।
ਸੁਖਬੀਰ ਸਿੰਘ ਬਾਦਲ ਨੂੰ ਮੁੜ ਸ਼੍ਰੋਮਣੀ ਅਕਾਲੀ ਦਲ ਦੀ ਕਮਾਨ ਸੌਂਪਣ ਨੂੰ ਲੈ ਕੇ ਜੱਦੋਜ਼ਹਿਦ ਸ਼ੁਰੂ ਹੋ ਗਈ ਹੈ।
ਬਾਦਲ ਦਲ ਦੇ ਸੀਨੀਅਰ ਆਗੂ ਸੁਖਬੀਰ ਬਾਦਲ ਦੀ ਪ੍ਰਧਾਨ ਵਜੋਂ ਭਰਤੀ ਪੂਰੀ ਕਰਨ ਤੋਂ ਬਾਅਦ ਜਨਰਲ ਇਜਲਾਸ ਰਾਹੀਂ ਮੁੜ ਚੋਣ ਕਰ ਸਕਦੇ ਹਨ। ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਲੱਗੀ ਸੇਵਾ ਨੂੰ ਪੂਰਾ ਕਰਕੇ ਹੁਣ ਸੁਖਬੀਰ ਬਾਦਲ ਨੂੰ 14 ਜਨਵਰੀ ਨੂੰ ਮੁਕਤਸਰ ਦੇ ਮਾਘੀ ਮੇਲੇ ਵਿਚ ਰੀਲਾਂਚ ਕੀਤਾ ਜਾਵੇਗਾ। ਪਾਰਟੀ ਦੇ ਨੇਤਾ ਡਾ.ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਮਾਘੀ ’ਤੇ ਪਾਰਟੀ ਮੁਕਤਸਰ ਸਾਹਿਬ ਵਿਚ ਕਾਨਫਰੰਸ ਕਰੇਗੀ। ਇਸ ਵਿਚ ਸੀਨੀਅਰ ਨੇਤਾ ਸ਼ਾਮਲ ਹੋਣਗੇ। ਜਾਣਕਾਰੀ ਮੁਤਾਬਕ ਸੁਖਬੀਰ ਬਾਦਲ ਬੇਸ਼ੱਕ ਕਾਨਫਰੰਸ ਵਿਚ ਬਤੌਰ ਸੀਨੀਅਰ ਨੇਤਾ ਸ਼ਾਮਲ ਹੋਣਗੇ ਪਰ ਉਹ ਹੀ ਕਾਨਫਰੰਸ ਦੇ ਮੁੱਖ ਬੁਲਾਰੇ ਹੋਣਗੇ।
ਅਕਾਲ ਤਖ਼ਤ ਸਾਹਿਬ ਵੱਲੋਂ ਸੁਖਬੀਰ ਬਾਦਲ ਨੂੰ ਤਨਖਾਹੀਆ ਐਲਾਨ ਕੀਤੇ ਜਾਣ ਤੇ 2 ਦਸੰਬਰ ਨੂੰ ਸੇਵਾ ਲਗਾਏ ਜਾਣ ਤੋਂ ਬਾਅਦ ਹੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਦੇ ਰਾਜਨੀਤਕ ਕਰੀਅਰ ਨੂੰ ਲੈ ਕੇ ਸਵਾਲ ਖੜ੍ਹੇ ਹੋਣ ਲੱਗੇ ਸੀ। ਕਿਉਂਕਿ ਅਕਾਲ ਤਖ਼ਤ ਨੇ ਸ਼ਿਅਦ ਦੀ ਵਰਕਿੰਗ ਕਮੇਟੀ ਨੂੰ ਤਿੰਨ ਦਿਨ ਅੰਦਰ ਸੁਖਬੀਰ ਬਾਦਲ ਦਾ ਅਸਤੀਫਾ ਮਨਜੂਰ ਕਰਨ ਲਈ ਕਿਹਾ ਸੀ। ਹਾਲਾਂਕਿ ਪਾਰਟੀ ਨੇ ਬਾਅਦ ਵਿਚ ਅਕਾਲ ਤਖਤ ਤੋਂ ਸਮਾਂ ਲਿਆ ਸੀ, ਕਿਉਂਕਿ 14 ਦਸੰਬਰ ਨੂੰ ਸੁਖਬੀਰ ਬਾਦਲ ਦਾ ਕਾਰਜਕਾਲ ਪੂਰਾ ਹੋ ਰਿਹਾ ਸੀ। ਇਸ ਸਾਰੇ ਸਮੀਕਰਣ ਵਿਚਾਲੇ ਸੁਖਬੀਰ ਬਾਦਲ ਨੂੰ ਇਹ ਲਾਭ ਹੋਇਆ ਕਿ ਉਨ੍ਹਾਂ ਦਾ ਕਾਰਜਕਾਲ ਪੂਰਾ ਹੋ ਗਿਆ। ਸੁਖਬੀਰ ਨੂੰ ਰੀਲਾਂਚ ਕਰਨ ਤੋਂ ਪਹਿਲਾਂ ਸ਼ਿਅਦ ਕਿਸੇ ਵਿਵਾਦ ਵਿਚ ਨਹੀਂ ਫਸਣਾ ਚਾਹੁੰਦੀ। ਇਹੀ ਕਾਰਨ ਹੈ ਕਿ ਪੰਥਕ ਸੰਗਠਨਾਂ ਦੇ ਦਬਾਅ ਨੂੰ ਦੇਖਦਿਆਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੁਖਬੀਰ ਸਿੰਘ ਬਾਦਲ ’ਤੇ ਗੋਲੀ ਚਲਾਉਣ ਵਾਲੇ ਨਾਰਾਇਣ ਸਿੰਘ ਚੌੜਾ ਨੂੰ ਪੰਥ ਤੋਂ ਛੇਕਣ ਦੀ ਮੰਗ ਨੂੰ ਵਾਪਸ ਲੈ ਲਿਆ। ਉੱਥੇ ਹੀ ਮੰਨਿਆ ਜਾ ਰਿਹਾ ਹੈ ਕਿ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ’ਤੇ ਲੱਗੇ ਇਲਜ਼ਾਮਾਂ ਦੀ ਜਾਂਚ ਲਈ ਐੱਸਜੀਪੀਸੀ ਵੱਲੋਂ ਬਣਾਈ ਤਿੰਨ ਮੈਂਬਰੀ ਕਮੇਟੀ ਨੂੰ ਅੰਤ੍ਰਿਮ ਕਮੇਟੀ ਨੂੰ ਇਕ ਮਹੀਨੇ ਦਾ ਹੋਰ ਸਮਾਂ ਦੇਣਾ ਵੀ ਇਸੇ ਰਣਨੀਤੀ ਦਾ ਹਿੱਸਾ ਹੈ। ਕਿਉਂਕਿ ਐੱਸਜੀਸੀਪੀ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਦੇ ਖ਼ਿਲਾਫ਼ ਜਾਂਚ ਕਮੇਟੀ ਬਣਾਏ ਜਾਣ ’ਤੇ ਵੀ ਸਵਾਲ ਖੜ੍ਹੇ ਹੋ ਰਹੇ ਸੀ। ਅਜਿਹੇ ਵਿਚ ਪਾਰਟੀ ਦੇ ਸੀਨੀਅਰ ਨੇਤਾ ਸੁਖਬੀਰ ਨੂੰ ਰੀ-ਲਾਂਚ ਕਰਕੇ ਲੋਕਾਂ ਦੇ ਮਨ ਦੀਆਂ ਭਾਵਨਾਵਾਂ ਨੂੰ ਸਮਝੇ ਬਿਨਾਂ ਕੋਈ ਖਤਰਾ ਮੁੱਲ ਨਹੀਂ ਲੈਣਾ ਚਾਹੁੰਦੀ।
ਦੂਜੇ ਪਾਸੇ ਮੁਕਤਸਰ ਸਾਹਿਬ ਵਿਖੇ ਹੀ ਮਾਘੀ ਮੌਕੇ ਟੀਮ ਭਾਈ ਅੰਮ੍ਰਿਤਪਾਲ ਸਿੰਘ, ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ ਤੇ ਸੰਸਦ ਮੈਂਬਰ ਸਰਬਜੀਤ ਸਿੰਘ ਖ਼ਾਲਸਾ ਦੀ ਅਗਵਾਈ ਵਿਚ ਨਵਾਂ ਅਕਾਲੀ ਦਲ ਬਣਾਉਣ ਦਾ ਐਲਾਨ ਕਰਨ ਜਾ ਰਹੀ ਹੈ। ਸਾਡੀ ਜਾਣਕਾਰੀ ਅਨੁਸਾਰ ਇਸ ਨਵੇਂ ਅਕਾਲੀ ਦਲ ਦਾ ਪ੍ਰਧਾਨ ਜੇਲ੍ਹ ਵਿਚ ਬੰਦ ਭਾਈ ਅੰਮ੍ਰਿਤਪਾਲ ਸਿੰਘ ਨੂੰ ਤੇ ਕਾਰਜਕਾਰੀ ਪ੍ਰਧਾਨ ਉਨ੍ਹਾਂ ਦੇ ਪਿਤਾ ਬਾਪੂ ਤਰਸੇਮ ਸਿੰਘ ਨੂੰ ਬਣਾਇਆ ਜਾਵੇਗਾ। ਜਦੋਂ ਕਿ ਭਾਈ ਸਰਬਜੀਤ ਸਿੰਘ ਖ਼ਾਲਸਾ ਨੂੰ ਇਕੋ ਇਕ ਸੀਨੀਅਰ ਮੀਤ ਪ੍ਰਧਾਨ ਜਾਂ ਸਕੱਤਰ ਜਨਰਲ ਬਣਾਏ ਜਾਣ ਦੇ ਆਸਾਰ ਹਨ। ਹਾਲ ਦੀ ਘੜੀ ਇਸ ਨਵੇਂ ਅਕਾਲੀ ਦਲ ਲਈ ਸ਼੍ਰੋਮਣੀ ਅਕਾਲੀ ਦਲ 'ਵਾਰਸ', 'ਵਾਰਸ ਪੰਜਾਬ ਦੇ' ਅਤੇ 'ਵਾਰਸ ਪੰਜਾਬ ਦਾ' 3 ਨਾਂਅ ਸੋਚੇ ਗਏ ਦੱਸੇ ਜਾਂਦੇ ਹਨ। ਪਰ ਅਜੇ ਵੀ ਨਾਂਅ ਬਾਰੇ ਕੋਈ ਪੱਕਾ ਫ਼ੈਸਲਾ ਨਹੀਂ ਹੋਇਆ ਵਿਚਾਰ ਜਾਰੀ ਹੈ।
Comments (0)