ਜਥੇਦਾਰ ਅਕਾਲ ਤਖਤ ਸਾਹਿਬ ਅਕਾਲੀ ਰਾਜਨੀਤੀ ਵਿਚ ਦਖਲ ਅੰਦਾਜ਼ੀ ਦੇਣ ਤੋਂ ਇਨਕਾਰੀ!

ਜਥੇਦਾਰ ਅਕਾਲ ਤਖਤ ਸਾਹਿਬ ਅਕਾਲੀ ਰਾਜਨੀਤੀ ਵਿਚ ਦਖਲ ਅੰਦਾਜ਼ੀ ਦੇਣ ਤੋਂ ਇਨਕਾਰੀ!

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਏ ਆਦੇਸ਼ ਅਨੁਸਾਰ ...

ਪਿਛਲੇ ਦਿਨੀਂ ਭੰਗ ਹੋਈ ਅਕਾਲੀ ਦਲ ਸੁਧਾਰ ਲਹਿਰ ਨਾਲ ਸੰਬੰਧਿਤ ਤੇ ਵਿਰੋਧੀ ਧਿਰ ਨਾਲ ਸੰਬੰਧਿਤ ਦਰਜਨ ਦੇ ਕਰੀਬ ਸ਼ੋ੍ਮਣੀ ਕਮੇਟੀ ਮੈਂਬਰਾਂ ਵਲੋਂ ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਉਨ੍ਹਾਂ ਦੇ ਗ੍ਰਹਿ ਵਿਖੇ ਮੁਲਾਕਾਤ ਕੀਤੀ ਗਈ ਤੇ ਇਕ ਯਾਦ ਪੱਤਰ ਦੇ ਉਨ੍ਹਾਂ ਤੋਂ ਪੰਜ ਸਿੰਘ ਸਾਹਿਬਾਨ ਦੁਆਰਾ ਜਾਰੀ ਆਦੇਸ਼ਾਂ ਦਾ ਪੂਰੀ ਤਰ੍ਹਾਂ ਪਾਲਣ ਨਾ ਕਰਨ ਲਈ ਸੁਖਬੀਰ ਸਿੰਘ ਬਾਦਲ ਸਮੇਤ ਹੋਰਨਾਂ ਅਕਾਲੀ ਆਗੂਆਂ ਖ਼ਿਲਾਫ਼ ਪੰਥਕ ਮਰਯਾਦਾ ਅਨੁਸਾਰ ਕਾਰਵਾਈ ਕਰਨ ਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ ਵਿਚ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਸੱਦ ਕੇ ਸ਼ੋ੍ਮਣੀ ਕਮੇਟੀ ਵਲੋਂ ਗਠਿਤ ਕੀਤੀ ਜਾਂਚ ਕਮੇਟੀ ਨੂੰ ਰੱਦ ਕਰਨ ਦੀ ਅਪੀਲ ਕੀਤੀ ਗਈ। ਇਸ ਵਫਦ ਵਿਚ ਜਸਵੰਤ ਸਿੰਘ ਪੁੜੈਣ, ਜਥੇ: ਕਰਨੈਲ ਸਿੰਘ ਪੰਜੋਲੀ, ਭਾਈ ਮਨਜੀਤ ਸਿੰਘ ਭੂਰਾਕੋਹਨਾ, ਸਤਵਿੰਦਰ ਸਿੰਘ ਟੌਹੜਾ, ਪਰਮਜੀਤ ਸਿੰਘ ਰਾਏਪੁਰ, ਅਮਰੀਕ ਸਿੰਘ ਸ਼ਾਹਪੁਰ, ਰਾਮਪਾਲ ਸਿੰਘ ਬਹਿਣੀਵਾਲ, ਬੀਬੀ ਸ਼ਰਨਜੀਤ ਕੌਰ, ਬੀਬੀ ਕੁਲਦੀਪ ਕੌਰ ਟੌਹੜਾ ਤੇ ਨਿਰਮਲ ਸਿੰਘ ਜੌਲਾਂ ਤੋਂ ਇਲਾਵਾ ਸਾਬਕਾ ਮੈਂਬਰ ਹਰਬੰਸ ਸਿੰਘ ਮੰਝਪੁਰ ਆਦਿ ਸ਼ਾਮਿਲ ਸਨ । ਜਥੇਦਾਰ ਪੰਜੋਲੀ, ਸ: ਪੁੜੈਣ ਤੇ ਭਾਈ ਭੂਰਾਕੋਹਨਾ ਨੇ ਦੱਸਿਆ ਕਿ ਉਨ੍ਹਾਂ ਨੇ ਜਥੇਦਾਰ ਸਾਹਿਬ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਵਰਕਿੰਗ ਕਮੇਟੀ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਨੂੰ ਪੂਰਨ ਤੌਰ 'ਤੇ ਲਾਗੂ ਕਰਨ ਤੋਂ ਆਨਾਕਾਨੀ ਕਰ ਰਹੀ ਹੈ । ਪਤਾ ਲੱਗਾ ਹੈ ਕਿ ਸੁਖਬੀਰ ਸਿੰਘ ਬਾਦਲ ਅਤੇ ਇਸ ਦੇ ਨੇੜਲੇ ਸਾਥੀ ਆਪਣੇ ਦਬਾਅ ਪ੍ਰਭਾਵ ਸਦਕਾ ਹੁਕਮਨਾਮੇ ਨੂੰ ਸਾਹਸੱਤਹੀਣ ਕਰਨ ਲਈ ਪੂਰਾ ਤਾਣ ਲਾ ਰਹੇ ਹਨ | ਇਸ ਲਈ ਸੁਖਬੀਰ ਸਿੰਘ ਬਾਦਲ ਤੇ ਇਸ ਦੇ ਆਲੇ ਦੁਆਲੇ ਘੇਰਾ ਪਾ ਕੇ ਬੈਠੇ ਮਰਿਆਦਾ ਤੋਂ ਹੀਣੇ ਆਗੂਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ । ਇਹ ਕਮੇਟੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਧਿਕਾਰਾਂ ਨੂੰ ਚੁਣੌਤੀ ਅਤੇ ਜਥੇਦਾਰ ਦੀ ਪਦਵੀ ਦੀ ਮਾਣ-ਸਨਮਾਨ ਨੂੰ ਢਾਅ ਲਾਉਣ ਵਾਲੀ ਹੈ, ਇਸ ਲਈ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਬੁਲਾ ਕੇ ਆਪਣੇ ਤੌਰ 'ਤੇ ਪੱਤਰ ਜਾਰੀ ਕਰਕੇ ਇਸ ਕਮੇਟੀ ਨੂੰ ਭੰਗ ਕੀਤਾ ਜਾਵੇ ।ਸ਼ੋ੍ਮਣੀ ਕਮੇਟੀ ਮੈਂਬਰਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਜਥੇਦਾਰ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਅਕਾਲੀ ਦਲ ਸੁਧਾਰ ਲਹਿਰ ਨੇ ਤਾਂ ਸਿੰਘ ਸਾਹਿਬਾਨ ਦੇ ਆਦੇਸ਼ ਅਨੁਸਾਰ ਆਪਣੀ ਅਕਾਲੀ ਦਲ ਸੁਧਾਰ ਲਹਿਰ ਨੂੰ ਭੰਗ ਕਰ ਦਿੱਤਾ ਸੀ, ਪਰ ਜਾਰੀ ਹੁਕਮਨਾਮੇ ਅਨੁਸਾਰ ਅਜੇ ਤੱਕ ਵੀ ਬਾਦਲ ਦਲ ਵਲੋਂ ਸੁਖਬੀਰ ਦਾ ਅਸਤੀਫ਼ਾ ਪ੍ਰਵਾਨ ਨਹੀਂ ਕੀਤਾ ਗਿਆ।

ਸੂਤਰਾਂ ਤੋਂ ਪਤਾ ਲਗਾ ਹੈ ਕਿ ਜਥੇਦਾਰ ਅਕਾਲ ਤਖਤ ਸਾਹਿਬ ਨੇ ਅਕਾਲੀ ਰਾਜਨੀਤੀ ਵਿਚ ਦਖਲ ਅੰਦਾਜ਼ੀ ਦੇਣ ਤੋਂ ਇਨਕਾਰ ਕਰ ਦਿਤਾ ਹੈ ਤੇ ਹਦਾਇਤ ਦਿੱਤੀ ਹੈ ਕਿ ਪੰਥ ਦੀ ਕਚਹਿਰੀ ਵਿਚ ਜਾਵੋ।ਮਤਲਬ ਜਥੇਦਾਰ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜਾਰੀ ਗੁਰਮਤੇ ਲਾਗੂ ਕਰਾਉਣ ਲਈ ਵਚਨਬੱਧ ਨਹੀਂ ਹਨ।

ਅਕਾਲੀ ਦਲ ਅੰਮ੍ਰਿਤਸਰ ਗੁਰਮਤੇ ਲਾਗੂ ਕਰਾਉਣ ਦੇ ਹੱਕ ਵਿਚ

ਅਕਾਲੀ ਦਲ ਅੰਮ੍ਰਿਤਸਰ ਦੇ ਮੁੱਖ ਬੁਲਾਰੇ, ਸਿਆਸੀ ਅਤੇ ਮੀਡੀਆ ਸਲਾਹਕਾਰ ਇਕਬਾਲ ਸਿੰਘ ਟਿਵਾਣਾ ਨੇ ਕਿਹਾ ਕਿ 2 ਦਸੰਬਰ ਨੂੰ ਅਕਾਲ ਤਖ਼ਤ ਦੀ ਫਸੀਲ ਤੋਂ ਹੋਏ ਫੈਸਲਿਆਂ ਨੂੰ ਜਨਤਕ ਤੌਰ ’ਤੇ ਪ੍ਰਵਾਨ ਕਰਕੇ, ਤਨਖਾਹਾਂ ਲਗਾ ਕੇ ਪੂਰਨ ਕਰਨ ਵਾਲੇ ਬਾਦਲ ਦਲ ਨੇ ਬੇਸ਼ਕ ਆਪਣੀਆਂ ਲੱਗੀਆਂ ਤਨਖਾਹਾਂ ਪੂਰੀਆਂ ਕਰ ਲਈਆਂ ਹਨ ਪਰ ਅਕਾਲ ਤਖ਼ਤ ਤੋਂ ਮਿਲੇ ਹੁਕਮਾਂ ਅਨੁਸਾਰ ਆਪਣੇ ਸਿਆਸੀ ਅਹੁਦਿਆਂ ਤੋਂ ਅਸਤੀਫ਼ੇ ਨਾ ਦੇ ਕੇ ਉਨ੍ਹਾਂ ਅਸਲੀਅਤ ਵਿੱਚ ਆਪਣੀ ਸਿਆਸੀ ਹੋਂਦ ਨੂੰ ਬਚਾਉਣ ਦੀਆਂ ਸਾਜ਼ਿਸ਼ਾਂ ਕੀਤੀਆਂ ਹਨ। ਇਹ ਅਕਾਲ ਤਖ਼ਤ ਦੇ ਹੁਕਮਾਂ ਦੀ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਬਾਦਲ ਦਲ ਦੀ ਲੀਡਰਸ਼ਿਪ, ਜਿਨ੍ਹਾਂ ਨੂੰ ਸਿੱਖ ਕੌਮ ਨੇ ਉਨ੍ਹਾਂ ਦੀਆਂ ਗਲਤੀਆਂ ਕਾਰਨ ਸਿਆਸੀ ਤੇ ਧਾਰਮਿਕ ਤੌਰ ’ਤੇ ਰੱਦ ਕਰ ਦਿੱਤਾ ਹੈ, ਨੂੰ ਸਿਆਸੀ ਚਾਲਾਂ ਖੇਡਣੀਆਂ ਬੰਦ ਕਰਕੇ ਅਕਾਲ ਤਖ਼ਤ ਦੇ ਹੁਕਮਾਂ ਨੂੰ ਪ੍ਰਵਾਨ ਕਰਨਾ ਚਾਹੀਦਾ ਹੈ। ਜਥੇਦਾਰ ਅਕਾਲ ਤਖਤ ਸਾਹਿਬ ਨੂੰ ਗੁਰਮਤਾ ਲਾਗੂ ਕਰਾਉਣਾ ਚਾਹੀਦਾ ਹੈ।