ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਚੋਣ 28 ਅਕਤੂਬਰ ਨੂੰ ਹੋਵੇਗੀ 

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਚੋਣ 28 ਅਕਤੂਬਰ ਨੂੰ ਹੋਵੇਗੀ 

* ਇਸ ਵਾਰ ਸੁਖਬੀਰ ਬਾਦਲ ਦੀਆਂ ਹਦਾਇਤਾਂ ਉਪਰ ਭੂੰਦੜ ਕਢਣਗੇ ਪ੍ਰਧਾਨ ਦੀ ਪਰਚੀ?

*ਬੀਬੀ ਜਗੀਰ ਕੌਰ ਵਲੋਂ ਬਾਦਲ ਦਲ ਖਿਲਾਫ ਪ੍ਰਧਾਨਗੀ ਦੀ ਚੋਣ ਲਈ ਸਰਗਰਮੀਆਂ ਤੇਜ 

*ਬੀਬੀ ਜਗੀਰ ਕੌਰ ਵਲੋਂ ਸੰਤ ਘੁੰਨਸ ਨਾਲ ਕੀਤੀ ਬੰਦ ਕਮਰਾ ਮੀਟਿੰਗ

 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟ ਦੇ ਪ੍ਰਧਾਨ ਦੀ ਚੋਣ ਤਰੀਕ ਦਾ ਐਲਾਨ ਹੋ ਗਿਆ ਹੈ । 28 ਅਕਤੂਬਰ ਨੂੰ ਦਿਵਾਲੀ ਤੋਂ ਪਹਿਲਾਂ ਜਨਰਲ ਹਾਊਸ ਸੱਦਿਆ ਗਿਆ ਜਿਸ ਵਿੱਚ ਨਵੇਂ ਪ੍ਰਧਾਨ ਅਤੇ ਅੰਤਰਿੰਗ ਕਮੇਟੀ ਦੀ ਚੋਣ ਹੋਵੇਗੀ ।

ਨਵਾਂ ਪ੍ਰਧਾਨ ਚੁਣਨ ਦੇ ਲਈ ਇਜਲਾਸ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਦੁਪਹਿਰ 12 ਵਜੇ ਸੱਦਿਆ ਗਿਆ ਹੈ । ਜਿਸ ਵਿੱਚ ਨਵੇਂ ਪ੍ਰਧਾਨ ਦੀ ਚੋਣ ਹੋਵੇਗੀ । ਇਸ ਮੌਕੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਸਾਹਿਬ ਵੀ ਮੌਜੂਦ ਹੋਣਗੇ । ਹਰਜਿੰਦਰ ਸਿੰਘ ਧਾਮੀ ਹੁਣ ਤੱਕ ਪ੍ਰਧਾਨਗੀ ਅਹੁਦੇ ਲਈ ਹੈਟ੍ਰਿਕ ਲੱਗਾ ਚੁੱਕੇ ਹਨ ਚੌਥੀ ਵਾਰ ਵੀ ਅਕਾਲੀ ਦਲ ਵਲੋਂ ਉਨ੍ਹਾਂ ਨੂੰ ਮੌਕਾ ਦੇਣ ਦੀ ਸੰਭਾਵਨਾ ਹੈ।ਅਕਾਲੀ ਸੂਤਰਾਂ ਤੋਂ ਪਤਾ ਲਗਾ ਹੈ ਕਿ ਸੁਖਬੀਰ ਬਾਦਲ ਨੇ ਅਕਾਲੀ ਦਲ ਦੇ ਨਵੇਂ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਰਾਹੀਂ ਹਰੀ ਝੰਡੀ ਦੇ ਦਿਤੀ ਹੈ ।ਇਹ ਐਲਾਨ ਹੁਣ ਸੁਖਬੀਰ ਬਾਦਲ ਦੇ ਤਨਖਾਹੀਆ ਹੋਣ ਕਾਰਣ ਬਲਵਿੰਦਰ ਸਿੰਘ ਭੂੰਦੜ ਹੀ ਕਰਨਗੇ। ਇਸ ਦਾ ਕਾਰਣ ਇਹ ਹੈ ਕਿ ਸੁਖਬੀਰ ਸਿੰਘ ਬਾਦਲ ‘ਤੇ ਜਥੇਦਾਰ ਅਕਾਲ ਤਖਤ ਸਾਹਿਬ ਨੇ ਹੁਣ ਤੱਕ ਕੋਈ ਫੈਸਲਾ ਨਹੀਂ ਕੀਤਾ ਹੈ ।

ਉਧਰ ਵਿਰੋਧੀ ਧਿਰ ਅਕਾਲੀ ਸੁਧਾਰ ਲਹਿਰ ਇਸ ਵਾਰ ਬਾਦਲ ਦਲ ਨੂੰ ਕਰੜੀ ਚੁਣੌਤੀ ਦੇਵੇਗਾ। ਪ੍ਰਧਾਨਗੀ ਅਤੇ ਹੋਰ ਅਹੁਦਿਆਂ ਦੇ ਲਈ ਉਮੀਦਵਾਰ ਖੜੇ ਕਰੇਗਾ। ਬੀਬੀ ਜਾਗੀਰ ਕੌਰ ਬਾਦਲ ਵਿਰੋਧੀ ਧੜੇ ਵਲੋਂ ਪ੍ਰਧਾਨਗੀ ਦੀ ਉਮੀਦਵਾਰ ਸਮਝੀ ਜਾ ਰਹੀ ਹੈ। 2022 ਦੀਆਂ ਸ੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਬੀਬੀ ਜਗੀਰ ਕੌਰ ਨੇ ਪ੍ਰਧਾਨਗੀ ਅਹੁਦੇ ਲਈ ਹਰਜਿੰਦਰ ਸਿੰਘ ਧਾਮੀ ਨੂੰ ਚੁਣੌਤੀ ਦਿੱਤੀ ਸੀ ਪਰ ਉਹ 44 ਵੋਟਾਂ ਦਾ ਮੁਕਾਬਲੇ 103 ਵੋਟਾਂ ਨਾਲ ਹਾਰ ਗਏ ਸਨ ।

ਹੁਣੇ ਜਿਹੇ ਬੀਬੀ ਜਗੀਰ ਕੌਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਤੇ ਸਾਬਕਾ ਸੰਸਦੀ ਸਕੱਤਰ ਪੰਜਾਬ ਸਰਕਾਰ ਰਹੇ ਸੰਤ ਬਲਵੀਰ ਸਿੰਘ ਘੁੰਨਸ ਦੀ ਕੋਠੀ ਲੰਮਾ ਸਮਾਂ ਬੰਦ ਕਮਰਾ ਮੀਟਿੰਗ ਕਰ ਕੇ ਗਏ ਹਨ। ਇਸ ਗੁਪਤ ਬੈਠਕ ਨੂੰ ਭਾਵੇਂ ਸਭ ਤੋਂ ਗੁੱਝਾ ਰੱਖਿਆ ਗਿਆ ਸੀ, ਪਰ ਫ਼ਿਰ ਵੀ ਇਸ ਦੀ ਭਿਣਕ ਪੈਂਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਅਹੁਦੇਦਾਰਾਂ ਦੀ ਚੋਣ ਦੇ ਮੱਦੇਨਜ਼ਰ ਸਿੱਖ ਸੰਗਤਾਂ ਤੇ ਜ਼ਿਲ੍ਹੇ ਦੇ ਹੋਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੱਕ ਇਸ ਬੰਦ ਕਮਰਾ ਮੀਟਿੰਗ ਦੀ ਵੀ ਸੂਹ ਦਿੱਤੀ ਹੈ।

ਸ੍ਰੋਮਣੀ ਕਮੇਟੀ ਦੀਆਂ ਜਨਰਲ ਚੋਣਾਂ ਵਿੱਚ ਵੋਟਾਂ ਨੂੰ ਬਣਾਉਣ ਦਾ ਕੰਮ ਪਿਛਲੇ ਸਾਲ ਅਕਤੂਬਰ ਤੋਂ ਚੱਲ ਰਿਹਾ ਹੈ ਪਰ ਸਿੱਖ ਸੰਗਤਾਂ ਵਿੱਚ ਵੋਟਾਂ ਬਣਾਉਣ ਨੂੰ ਲੈਕੇ ਹੁਣ ਤੱਕ ਕੋਈ ਰੁਝਾਨ ਨਾ ਹੋਣ ਦੀ ਵਜ੍ਹਾ ਕਰਕੇ ਤਰੀਕਾਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ ।

ਬਾਦਲਕੇ ਸੁਖਬੀਰ ਬਾਦਲ ਦਾ ਫੈਸਲਾ ਅਕਾਲ ਤਖਤ ਉਪਰ ਜਲਦ ਕਰਵਾਉਣ ਦੇ ਹੱਕ ਵਿਚ

ਸ੍ਰੋਮਣੀ ਕਮੇਟੀ ਦੀਆਂ ਚੋਣਾਂ ਲਈ ਸੁਖਬੀਰ ਬਾਦਲ ਦੀਆਂ ਸਰਗਰਮੀਆਂ ਨਾ ਹੋਣ ਕਾਰਣ ਅਕਾਲੀ ਵਰਕਰਾਂ ਦੇ ਹੌਂਸਲੇ ਬੁਲੰਦ ਨਹੀਂ ਹਨ।ਇਸੇ ਕਰਕੇ ਬਾਦਲ ਦਲ ਦੇ ਸੀਨੀਅਰ ਨੇਤਾ ਚਾਹੁੰਦੇ ਹਨ ਕਿ ਸੁਖਬੀਰ ਬਾਦਲ ਦਾ ਜਲਦ ਫੈਸਲਾ ਹੋਵੇ ਤੇ ਉਹ ਸ੍ਰੋਮਣੀ ਅਕਾਲੀ ਦਲ ਦੀ ਅਗਵਾਈ ਕਰਨ। ਅਕਾਲੀ ਦਲ ਦੇ ਆਗੂ ਵਿਰਸਾ ਸਿੰਘ ਵਲਟੋਹਾ ਨੇ ਸੁਖਬੀਰ ਸਿੰਘ ਬਾਦਲ ‘ਤੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਵੱਲੋਂ ਫੈਸਲੇ ਨੂੰ ਲੈਕੇ ਹੋ ਰਹੀ ਦੇਰੀ ‘ਤੇ ਸਵਾਲ ਚੁੱਕੇ ਹਨ । ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਲਿਖਿਆ ਹੈ ‘ਜਥੇਦਾਰ ਸਾਹਿਬਾਨ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦਿੱਤੇ ਜਾਣ ਤੋਂ ਬਾਅਦ ਸਜ਼ਾ ਲਾਉਣ ਵਿੱਚ ਐਨੀਂ ਦੇਰੀ ਕਿਉਂ ਹੋ ਰਹੀ ਹੈ ? “ਇਹ ਜਥੇਦਾਰ ਸਾਹਿਬਾਨ ਦਾ ਅਧਿਕਾਰ ਖੇਤਰ ਹੈ ਤੇ ਇਸ ਸੰਬੰਧੀ ਫੈਸਲਾ ਜਥੇਦਾਰ ਸਾਹਿਬਾਨ ਨੇ ਹੀ ਲੈਣਾ ਹੈ।ਪਰ ਪਤਾ ਨਹੀਂ ਇਸ ਮਾਮਲੇ ਨੂੰ ਜਥੇਦਾਰ ਸਾਹਿਬਾਨ ਵੱਲੋਂ ਬਿਨਾਂ ਕਿਸੇ ਕਾਰਣ ਕਿਉਂ ਲਮਕਾਇਆ ਜਾ ਰਿਹਾ ਹੈ ?”ਮੈਂ ਅੱਗੋਂ ਸਾਰਿਆਂ ਨੂੰ ਏਹੀ ਜਵਾਬ ਦੇਂਦਾ ਹਾਂ। ਇਹ ਵੀ ਸੱਚ ਹੈ ਕਿ ਇਸ ਸਮੇਂ ਸਾਰੇ ਸਿੱਖ ਜਗਤ ਦੀ ਨਜ਼ਰ ਇਸ ਮਸਲੇ ਵੱਲ ਲੱਗੀ ਹੋਈ ਹੈ।

ਵਿਰਸਾ ਸਿੰਘ ਵਰਟੋਹਾ ਨੇ ਕਿਹਾ ਪੰਜ ਸਿੰਘ ਸਾਹਿਬਾਨਾਂ ਨੇ ਜਦੋਂ ਸੁਖਬੀਰ ਸਿੰਘ ਬਾਦ ਨੂੰ ਤਨਖ਼ਾਹੀਆਂ ਕਰਾਰ ਦਿੱਤਾ ਸੀ ਤਾਂ ਉਹ 15 ਘੰਟੇ ਦੇ ਅੰਦਰ ਆਪਣਾ ਗੁਨਾਹ ਕਬੂਲ ਦੇ ਹੋਏ ਸ੍ਰੀ ਅਕਾਲ ਤਖਤ ਸਾਹਿਬ ਪਹੁੰਚ ਗਏ ਪਰ ਡੇਢ ਮਹੀਨਾ ਬੀਤ ਜਾਣ ਦੇ ਬਾਵਜੂਦ ਸਜ਼ਾ ਦਾ ਐਲਾਨ ਨਾ ਹੋਣਾ ਕਿਧਰੇ ਨਾ ਕਿਧਰੇ ਪਰਿਵਾਰ ਲਈ ਮੁਸ਼ਕਿਲ ਦੀ ਗੱਲ ਹੈ । ਸਿਰਫ਼ ਇੰਨਾਂ ਹੀ ਨਹੀਂ ਇੱਕ ਟੀਵੀ ਚੈੱਨਲ ਨਾਲ ਗੱਲ ਕਰਦੇ ਹੋਏ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਸੁਖਬੀਰ ਸਿੰਘ ਬਾਦਲ ਦੀ ਧੀ ਦਾ ਵਿਆਹ ਹੈ ਅਜਿਹੇ ਵਿੱਚ ਫੈਸਲਾ ਜਲਦ ਨਾ ਹੋਣ ‘ਤੇ ਸਮਾਜਿਕ ਕੰਮਾਂ ਵਿੱਚ ਵੀ ਦੇਰੀ ਹੋ ਰਹੀ ਹੈ ।

ਉਨਾਂ ਕਿਹਾ ਸੁਖਬੀਰ ਸਿੰਘ ਬਾਦਲ ਦੀ ਸਜ਼ਾ ਵਿੱਚ ਹੋ ਰਹੀ ਦੇਰੀ ਦੀ ਚਰਚਾ ਹੁਣ ਮੀਡੀਆ ਵਿੱਚ ਵੀ ਇਸ ਦੇਰੀ ਨੂੰ ਲੈਕੇ ਰਿਪੋਰਟਿੰਗ ਸ਼ੁਰੂ ਹੋ ਗਈ ਹੈ। ਸਿੰਘ ਸਾਹਿਬਾਨ ਦਾ ਇਹ ਪੂਰਨ ਅਧਿਕਾਰ ਹੈ ਕਿ ਉਨਾਂ ਨੇ ਮਰਯਾਦਾ ਅਨੁਸਾਰ ਕਦੋਂ ਤੇ ਕੀ ਫੈਸਲਾ ਲੈਣਾ ਹੈ।ਸਿੰਘ ਸਾਹਿਬਾਨ ਨੂੰ ਬੇਨਤੀ ਹੈ ਕਿ ਸੁਖਬੀਰ ਸਿੰਘ ਬਾਦਲ ਦੇ ਮਸਲੇ ਸੰਬੰਧੀ ਕਿਰਪਾ ਕਰਕੇ ਹੁਣ ਹੋਰ ਦੇਰੀ ਨਹੀਂ ਕਰਣੀ ਚਾਹੀਦੀ ਸਗੋਂ ਪੰਥਕ ਮਰਯਾਦਾ ਤੇ ਪਰੰਪਰਾਵਾਂ ਮੁਤਾਬਕ ਅੰਤਿਮ ਫੈਸਲੇ ਦੀ ਸੁਣਵਾਈ ਜਲਦੀ ਹੋ ਜਾਣੀ ਚਾਹੀਦੀ ਹੈ ਕਿਉਂਕਿ ਦੇਰੀ ਹੋਣ ਕਾਰਣ ਪਹਿਲਾਂ ਹੀ ਕਈ ਤਰ੍ਹਾਂ ਦੀਆਂ ਚਰਚਾਵਾਂ ਨੂੰ ਬਲ ਮਿਲ ਰਿਹਾ ਹੈ।