ਕੀ ਨਾਨਕਸ਼ਾਹੀ ਕੈਲੰਡਰ ਅਨੁਸਾਰ ਗੁਰਪੁਰਬ ਮਨਾਉਣ ਲਈ ਗਏ ਸਿਖ ਪਾਕਿਸਤਾਨ ਏਜੰਟ ਹਨ?

ਕੀ ਨਾਨਕਸ਼ਾਹੀ ਕੈਲੰਡਰ ਅਨੁਸਾਰ ਗੁਰਪੁਰਬ ਮਨਾਉਣ ਲਈ ਗਏ ਸਿਖ ਪਾਕਿਸਤਾਨ ਏਜੰਟ ਹਨ?

ਗੁਰਦੁਆਰਾ ਕਮੇਟੀ ਦੇ ਪ੍ਰਬੰਧਕ ਸਿਖਾਂ ਵਿਰੁਧ ਕਿਉਂ ਨਫਰਤ ਫੈਲਾ ਰਹੇ ਹਨ?

ਕਾਲਕਾ ਭਗਵਿਆਂ ਦੀ ਲਾਈਨ ਉਪਰ ਚਲੇ ਜੋ ਸਿਖਾਂ ਨੂੰ ਪਾਕਿਸਤਾਨ ਦੇ ਏਜੰਟ ਕਹਿਕੇ ਜ਼ਲੀਲ ਕਰਦੀ ਏ

ਬੀਤੇ ਦਿਨੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਅਪੀਲ ਕੀਤੀ ਸੀ ਕਿ ਅਕਾਲੀ ਦਲ ਦੇ ਆਗੂ ਪਰਮਜੀਤ ਸਿੰਘ ਸਰਨਾ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕਰਦਿਆਂ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ ਐਸ ਆਈ ਤੇ ਹੋਰ ਅਧਿਕਾਰੀਆਂ ਨਾਲ ਰਲ ਕੇ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਵੱਖਰੀ ਤਾਰੀਕ ਨੂੰ ਮਨਾਉਣ ਦੇ ਯਤਨ ਕਰ ਕੇ ਸੰਗਤਾਂ ਵਿਚ ਦੁਬਿਧਾ ਪੈਦਾ ਕਰਨ ਲਈ ਉਨ੍ਹਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ’ਤੇ ਤਲਬ ਕਰ ਕੇ ਸਜ਼ਾ ਲਗਾਈ ਜਾਵੇ।

 ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਕਿਹਾ ਸੀ ਕਿ ਸਾਲ 2002 ਤੋਂ 2012-13 ਤੱਕ ਜਦੋਂ ਤੱਕ ਸਰਨਾ ਦਿੱਲੀ ਕਮੇਟੀ ਦੇ ਪ੍ਰਧਾਨ ਰਹੇ, ਉਹ ਦਿੱਲੀ ਦੀ ਸੰਗਤ ਨੂੰ ਗੁੰਮਰਾਹ ਕਰਦੇ ਰਹੇ ਅਤੇ ਦੋ ਦੋ ਸੰਗਰਾਂਦਾ ਤੇ ਦੋ ਦੋ ਗੁਰਪੁਰਬ ਮਨਾਉਂਦੇ ਰਹੇ ਹਨ।ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਮੁਤਾਬਕ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਪ੍ਰਕਾਸ਼ ਪੁਰਬ 19 ਅਕਤੂਬਰ ਨੂੰ ਮਨਾਇਆ ਜਾਣਾ ਹੈ ਪਰ ਇਸਦੇ ਉਲਟ ਸਰਨਾ ਨੇ ਪਾਕਿਸਤਾਨ ਬੈਠੇ ਆਪਣੇ ਆਕਾਵਾਂ ਪਾਕਿਸਤਾਨ ਦੇ ਏਜੰਟ ਤੇ ਆਈ ਐਸ ਆਈ ਨੂੰ ਖੁਸ਼ ਕਰਨ ਵਾਸਤੇ 9 ਅਕਤੂਬਰ ਦਾ ਦਿਨ ਪਾਕਿਸਤਾਨ ਕਮੇਟੀ ਵੱਲੋਂ ਗੁਰਪੁਰਬ ਮਨਾਉਣ ਲਈ ਤੈਅ ਕਰਵਾ ਦਿੱਤਾ। ਉਨ੍ਹਾਂ ਕਿਹਾ ਕਿ ਅਸੀਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਚਿੱਠੀ ਵੀ ਲਿਖੀ ਹੈ ਤੇ ਬੇਨਤੀ ਕਰਦੇ ਹਾਂ ਕਿ ਅਜਿਹੇ ਬੰਦੇ ਜੋ ਸ੍ਰੀ ਅਕਾਲ ਤਖਤ ਸਾਹਿਬ ਦੇ ਉਲਟ ਚਲ ਰਹੇ ਹਨ, ਉਨ੍ਹਾਂ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ।

ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਤੋਂ ਸੁਆਲ ਪੁਛਣਾ ਇਹ ਬਣਦਾ ਹੈ ਕਿ ਨਾਨਕਸ਼ਾਹੀ ਕੈਲੰਡਰ ਮੁਤਾਬਕ ਗੁਰਪੁਰਬ ਮਨਾਉਣ ਵਾਲੇ ਸਿਖ ਕਿਵੇਂ ਪਾਕਿਸਤਾਨ ਦੇ ਏਜੰਟ ਹਨ ? ਕੀ ਜਦੋਂ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਸਮੇਂ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਮਾਨਤਾ ਦਿਤੀ ਗਈ ਸੀ ਕਿ ਉਹ ਪਾਕਿਸਤਾਨ ਦੀ ਪ੍ਰੇਰਣਾ ਸੀ? ਕੀ ਉਸ ਸਮੇਂ ਅਕਾਲ ਤਖਤ ਸਾਹਿਬ ਉਪਰ ਪਾਕਿਸਤਾਨ ਦਾ ਪ੍ਰਭਾਵ ਸੀ? ਕੀ ਉਸ ਸਮੇਂ ਸਾਰਾ ਸਿਖ ਪੰਥ ਪਾਕਿਸਤਾਨ ਦਾ ਏਜੰਟ ਸੀ? ਕੀ ਸਿਖਾਂ ਦਾ ਵੱਖਰਾ ਕੈਲੰਡਰ ਹੋਣਾ ਪਾਕਿਸਤਾਨ ਦਾ ਏਜੰਟ ਹੋਣਾ ਹੈ?

ਜਿਥੋਂ ਤਕ ਮੂਲ ਨਾਨਕਸ਼ਾਹੀ ਕੈਲੰਡਰ ਦਾ ਸੁਆਲ ਹੈ,ਉਹ ਪਾਲ ਸਿੰਘ ਪੁਰੇਵਾਲ ਵਲੋਂ ਤਿਆਰ ਕੀਤਾ ਗਿਆ ਸੀ।ਕਾਫੀ ਲੰਬੀ ਸੋਚ ਵੀਚਾਰ ਪਿੱਛੋਂ ਇਸ ਤਿਆਰ ਕੀਤੇ ਗਏ ਖਾਕੇ ਨੂੰ ਕੈਲੰਡਰ ਕਮੇਟੀ, ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਕਮੇਟੀ ਅਤੇ ਜਨਰਲ ਹਾਊਸ ਵੱਲੋਂ ਪ੍ਰਵਾਨ ਕੀਤੇ ਜਾਣ ਮਗਰੋਂ 2003 ਈਸਵੀ ਦੀ ਵੈਸਾਖੀ ਤੋਂ ਲਾਗੂ ਕਰਨ ਦਾ ਮਤਾ ਵੀ ਪਾਸ ਹੋਇਆ ਸੀ ਤੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿਖੇ ਵੈਸਾਖੀ ਮੌਕੇ ਸੰਗਤਾਂ ਨਾਲ ਭਰੇ ਪੰਡਾਲ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਮੁਕਾਮੀ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਕਮੇਟੀ ਦੇ ਮੁਕਾਮੀ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਅਤੇ ਅਕਾਲ ਤਖ਼ਤ ਸਾਹਿਬ ਦੇ ਮੁਕਾਮੀ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਤਖ਼ਤ ਦਮਦਮਾ ਸਾਹਿਬ ਦੇ ਮੁਕਾਮੀ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦੇ ਹੋਰਨਾਂ ਆਗੂਆਂ ਦੀ ਹਾਜ਼ਰੀ ਵਿੱਚ ਇਸ ਨੂੰ ਜਾਰੀ ਕੀਤਾ ਗਿਆ ਸੀ, ਜੋ ਸੰਨ 2010 ਤੱਕ ਨਿਰੰਤਰ 7 ਸਾਲ ਲਾਗੂ ਰਿਹਾ ਤੇ ਕੁਝ ਸੰਪ੍ਰਦਾਇ ਸੰਸਥਾਵਾਂ ਨੂੰ ਛੱਡ ਕੇ ਸਮੁੱਚੇ ਪੰਥ ਨੇ ਖੁਸ਼ੀ ਖੁਸ਼ੀ ਅਪਣਾ ਵੀ ਲਿਆ ਸੀ। 

ਦੁੱਖ ਇਸ ਗੱਲ ਦਾ ਹੈ ਕਿ ਸ਼੍ਰੋਮਣੀ ਕਮੇਟੀ ’ਤੇ ਕਾਬਜ਼ ਬਾਦਲ ਦਲ ਦੇ ਆਗੂਆਂ, ਜਿਨ੍ਹਾਂ ਨੇ ਖ਼ੁਦ ਨਾਨਕਸ਼ਾਹੀ ਕੈਲੰਡਰ ਤਿਆਰ ਕਰਨ, ਲਾਗੂ ਕਰਨ ਅਤੇ ਪ੍ਰਚਾਰਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ, ਕੁਝ ਵੋਟਾਂ ਦੀ ਲਾਲਸਾ ਤੇ ਸੰਘ ਪਰਿਵਾਰ ਅਧੀਨ ਸੰਤ ਸਮਾਜ ਨਾਲ ਗਠਜੋੜ ਦੀ ਸ਼ਰਤ ਅਧੀਨ ਖੁਦ ਹੀ 2010 ਵਿੱਚ ਉਸ ਦਾ ਹੁਲੀਆ ਵਿਗਾੜਨਾ ਸ਼ੁਰੂ ਕਰ ਦਿੱਤਾ ਤੇ ਅਖੀਰ 2014 ਵਿੱਚ ਪੂਰੀ ਤਰ੍ਹਾਂ ਇਸ ਦਾ ਕਤਲ ਕਰਕੇ ਮੁੜ ਬਿਕ੍ਰਮੀ ਕੈਲੰਡਰ ਦੀਆਂ ਭੁੱਲ ਭੁਲਈਆਂ ਵਿੱਚ ਕੌਮ ਨੂੰ ਫਸਾ ਦਿੱਤਾ। 

ਸਿੱਖ ਚਿੰਤਕ ਸਰਦਾਰ ਗੁਰਤੇਜ ਸਿੰਘ ਆਈਏਐਸ ਦਾ ਕਹਿਣਾ ਹੈ ਕਿ ਸਭ ਬਾਦਲ ਪਰਿਵਾਰ ਦੇ ਦਬਾਅ ਅਧੀਨ ਹੋਇਆ ਸੀ ,ਜਿਸ ਦਾ ਗਠਜੋੜ ਭਾਜਪਾ ਨਾਲ ਸੀ ਜੋ ਸਿਖ ਪੰਥ ਦੀ ਵਖਰੀ ਹੋਂਦ ਦੇ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਨੂੰ ਬਰਦਾਸ਼ਤ ਨਹੀਂ ਕਰਦੀ ਸੀ।

ਅੱਜ ਵੀ ਬਹੁਗਿਣਤੀ ਸਿਖ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਗੁਰਪੁਰਬ ਮਨਾਉਂਦੇ ਹਨ।ਕੀ ਉਹ ਦਿਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੁਤਾਬਕ ਸਭ ਪਾਕਿਸਤਾਨ ਦੇ ਏਜੰਟ ਹਨ?

ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੂੰ ਆਈ ਐਸ ਆਈ ਦਾ ਏਜੰਟ ਗਰਦਾਨ ਕੇ, ਆਪਣੀ ਫ਼ਿਰਕੂ ਤੇ ਸੌੜੀ ਸੋਚ ਦਾ ਪ੍ਰਗਟਾਵਾ ਕੀਤਾ ਹੈ ,ਕਿਉਂਕਿ ਇਸ ਤਰ੍ਹਾਂ ਨਾਲ ਤਾਂ ਕਾਲਕਾ ਨੇ ਸਰਨਾ ਨੂੂੰ ਨਹੀਂ, ਸਗੋਂ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਗਏ ਸਿੱਖਾਂ ਨੂੰ ਵੀ ਆਈ ਐਸ ਆਈ ਦਾ ਏਜੰਟ ਬਣਾ ਦਿਤਾ ਹੈ।

ਕਾਲਕਾ ਨੇ ਭਗਵੇਂਵਾਦੀ ਫਿਰਕੂ ਹਿੰਦੂਤਵੀਆਂ ਨੂੰ ਸਿਖਾਂ ਉਪਰ ਟਰੋਲ ਕਰਨ ਲਈ ਉਕਸਾਇਆ ਹੈ ਕਿ ਪਾਕਿਸਤਾਨ ਗੁਰਦੁਆਰਿਆਂ ਦੀ ਯਾਤਰਾ ਕਰਨ ਵਾਲੇ ਤੇ ਵੱਖਰੀ ਹੋਂਦ ਦਾ ਦਾਅਵਾ ਕਰਨ ਵਾਲੇ ਸਿਖਾਂ ਟਰੋਲ ਕਰਨ ਤੇ ਜਲੀਲ ਕਰਨ। ਕਾਲਕਾ ਹਿੰਦੂ ਰਾਸ਼ਟਰਵਾਦੀਆਂ ਦੀ ਲਾਈਨ ਉਪਰ ਚਲ ਰਹੇ ਹਨ ਜੋ ਸਿਖਾਂ ਨੂੰ ਪਾਕਿਸਤਾਨ ਦੇ ਏਜੰਟ ਕਹਿਕੇ ਜ਼ਲੀਲ ਕਰਦੀ ਹੈ।