ਸਰਨਾ ਨੇ ਬਾਬਾ ਖੜਕ ਸਿੰਘ ਵਲੋਂ 102 ਸਾਲ ਪਹਿਲਾਂ ਲਗਾਇਆ ਗਿਆ ਚਾਬੀਆਂ ਦਾ ਮੋਰਚਾ ਲਾਉਣ ਲਈ ਭੇਟ ਕੀਤੀ ਸ਼ਰਧਾਂਜਲੀ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ, 19 ਜਨਵਰੀ (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਬਾਬਾ ਖੜਕ ਸਿੰਘ ਨੂੰ 102 ਸਾਲ ਪਹਿਲਾਂ ਸ਼ਾਨਦਾਰ ਢੰਗ ਨਾਲ ਚਾਬੀਆਂ ਦਾ ਮੋਰਚਾ ਲਾਉਣ ਲਈ ਸ਼ਰਧਾਂਜਲੀ ਭੇਟ ਕੀਤੀ।
ਉਨ੍ਹਾਂ ਦਸਿਆ ਕਿ 19 ਜਨਵਰੀ, 1922 ਨੂੰ, ਤਤਕਾਲੀ ਬਰਤਾਨਵੀ ਭਾਰਤ ਸਰਕਾਰ ਨੇ ਦਰਬਾਰ ਸਾਹਿਬ ਤੋਸ਼ਾਖਾਨੇ ਦੀਆਂ ਚਾਬੀਆਂ ਉਸ ਸਮੇਂ ਦੇ ਸ਼੍ਰੋਮਣੀ ਕਮੇਟੀ ਪ੍ਰਧਾਨ, ਬਾਬਾ ਖੜਕ ਸਿੰਘ ਨੂੰ ਦੋ ਮਹੀਨਿਆਂ ਦੇ ਚਾਬੀਆਂ ਦਾ ਮੋਰਚਾ ਮੁਹਿੰਮ ਤੋਂ ਬਾਅਦ ਸੌਂਪ ਦਿੱਤੀਆਂ ਸਨ।
ਇਸ ਮੌਕੇ ਸ. ਸਰਨਾ ਨੇ ਕਿਹਾ ਕਿ, “ ਪਿਛਲੀ ਸਦੀ ਦੇ ਸ਼ੁਰੂਆਤੀ ਸਾਲਾਂ ਵਿੱਚ ਸ਼੍ਰੋਮਣੀ ਕਮੇਟੀ ਦੇ ਹੋਂਦ ‘ਚ ਆਉਣ ਪਿੱਛੋਂ ਸਿੱਖਾਂ ਨੇ ਅੰਗਰੇਜ਼ੀ ਸਰਕਾਰ ਦਾ ਕਿਸੇ ਵੀ ਤਰ੍ਹਾਂ ਦਾ ਦਖਲ ਆਪਣੇ ਧਾਰਮਿਕ ਮਾਮਲਿਆਂ ਵਿੱਚ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ । ਇਸਦੀ ਉਘੜਵੀਂ ਮਿਸਾਲ 29 ਅਕਤੂਬਰ 1921 ਨੂੰ ਪਾਸ ਕੀਤਾ ਗਿਆ ਤੋਸ਼ੇਖਾਨੇ ਦੀਆਂ ਚਾਬੀਆਂ ਨੂੰ ਸੌਂਪਣ ਦਾ ਮਤਾ ਹੈ । ਜਿਸ ਮਤੇ ਤੋਂ ਬਾਅਦ ਲਾਲਾ ਅਮਰ ਨਾਥ ਈ.ਏ.ਸੀ ਨੂੰ ਪੁਲਿਸ ਟੋਲੀ ਨਾਲ ਲੈ ਕੇ ਚਾਬੀਆਂ ਦਾ ਗੁੱਛਾ ਲੈ ਕੇ ਰਸੀਦ ਦੇ ਗਏ । ਮੌਕੇ ਦੇ ਡੀ.ਸੀ ਵੱਲੋਂ ਇਹ ਕਹਿਣਾ ਕਿ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਪ੍ਰਤੀਨਿਧ ਨਹੀ ਹੈ ਅਤੇ ਚਾਬੀਆਂ ਇੰਝ ਲੈਣ ਨਾਲ ਅੰਗਰੇਜ਼ੀ ਸਰਕਾਰ ਵਿਰੁੱਧ ਬਗਾਵਤੀ ਸੁਰ ਗੂੰਜਣ ਲੱਗੀ । ਪੰਥ ਸੇਵਕ ਅਖਬਾਰ ਨੇ ਲਿਖਿਆ ਕਿ ਇੱਕ ਵਿਦੇਸ਼ੀ ਸਰਕਾਰ ਨੂੰ ਗੁਰੂ ਘਰਾਂ ਦੇ ਮਾਮਲਿਆਂ ਵਿੱਚ ਦਖਲ ਦੇਣ ਦਾ ਅਧਿਕਾਰ ਹੀ ਨਹੀਂ ਹੈ। 11 ਤੇ 12 ਨਵੰਬਰ 1921 ਨੂੰ ਅੰਮ੍ਰਿਤਸਰ ਤੇ ਲਾਹੌਰ ਵਿੱਚ ਹੋਏ ਜਲਸਿਆਂ ਤੇ ਤਕਰੀਰਾਂ ਨਾਲ ਸਿੱਖ ਸੈਨਿਕਾਂ ਵਿੱਚ ਰੋਹ ਫੈਲ ਗਿਆ ਤੇ ਉਹਨਾਂ ਸਰਕਾਰੀ ਨੌਕਰੀਆਂ ਛੱਡਣੀਆਂ ਸ਼ੁਰੂ ਕਰ ਦਿੱਤੀਆਂ । ਸਿੱਖਾਂ ਤੇ ਜਜਬਾਤਾਂ ਤੇ ਜੋਸ਼ਮਈ ਵੇਗ ਦੇ ਅੱਗੇ ਆਖ਼ਰ ਅੰਗਰੇਜ਼ੀ ਸਰਕਾਰ ਨੂੰ ਝੁਕਣਾ ਪਿਆ ।
ਸਰਨਾ ਨੇ ਟਿੱਪਣੀ ਕੀਤੀ, "ਦਿੱਲੀ ਦੇ ਸਿੱਖਾਂ ਨੂੰ ਬਾਬਾ ਖੜਕ ਸਿੰਘ ਦੇ ਨਕਸ਼ੇ ਕਦਮਾਂ 'ਤੇ ਚੱਲਣਾ ਚਾਹੀਦਾ ਹੈ ਅਤੇ ਦਿੱਲੀ ਕਮੇਟੀ 'ਤੇ ਕਾਬਜ਼ ਸਰਕਾਰੀ ਕਠਪੁਤਲੀਆਂ 'ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਤੋਸ਼ੇਖਾਨੇ ਦੀਆਂ ਚਾਬੀਆਂ ਗੁਰੂ ਪੰਥ ਨੂੰ ਵਾਪਸ ਕਰਨ ਲਈ ਦਬਾਅ ਪਾਉਣਾ ਚਾਹੀਦਾ ਹੈ।"
Comments (0)