ਭਗਵੇਂ ਫਿਰਕੂ ਗੁੰਡੇ ਮੁਸਲਮਾਨਾਂ ਵਾਲਾ ਨਾਮ ਰਖਕੇ ਦੇ ਰਹੇ ਨੇ ਹਿੰਦੂ ਭਾਈਚਾਰੇ ਨੂੰ ਧਮਕੀਆਂ

ਭਗਵੇਂ ਫਿਰਕੂ ਗੁੰਡੇ ਮੁਸਲਮਾਨਾਂ ਵਾਲਾ ਨਾਮ ਰਖਕੇ ਦੇ ਰਹੇ ਨੇ ਹਿੰਦੂ ਭਾਈਚਾਰੇ ਨੂੰ ਧਮਕੀਆਂ

*ਆਯੂਸ਼ ਜੈਸਵਾਲ ਨੇ ਆਨਲਾਈਨ ਧਮਕੀ ਦੇਣ ਲਈ ਨਾਸਿਰ ਪਠਾਣ ਨਾਂਅ ਵਰਤਿਆ

*ਅਨੇਕਾਂ ਵਾਪਰ ਰਹੀਆਂ ਨੇ ਨਫਰਤੀ ਫਿਰਕੂ ਘਟਨਾਵਾਂ

ਪ੍ਰਯਾਗਰਾਜ (ਅਲਾਹਾਬਾਦ) ਵਿੱਚ ਲੱਗਣ ਜਾ ਰਹੇ ਕੁੰਭ ਮੇਲੇ ’ਚ ਬੰਬ ਧਮਾਕੇ ਕਰਨ ਦੀ ਧਮਕੀ ਤੋਂ ਬਾਅਦ ਸਨਸਨੀ ਫੈਲ ਗਈ। ਧਮਕੀ ਦੇਣ ਵਾਲੇ ਨੇ ਆਪਣਾ ਨਾਂਅ ਨਾਸਿਰ ਪਠਾਣ ਦੱਸਿਆ ਸੀ ਤੇ ਪੁਲਸ ਨੇ ਜਾਂਚ ਕਰਕੇ ਉਸ ਨੂੰ ਬਿਹਾਰ ਦੇ ਭਵਾਨੀਪੁਰ ਤੋਂ ਫੜਿਆ ਤਾਂ ਉਸ ਨੇ ਆਪਣਾ ਅਸਲੀ ਨਾਂਅ ਆਯੂਸ਼ ਜੈਸਵਾਲ ਦੱਸਿਆ ਅਤੇ ਕਿਹਾ ਕਿ ਉਸ ਨੇ ਆਨਲਾਈਨ ਧਮਕੀ ਦੇਣ ਲਈ ਨਾਸਿਰ ਪਠਾਣ ਨਾਂਅ ਵਰਤਿਆ ਸੀ। ਅੰਗਰੇਜ਼ੀ ਅਖਬਾਰ ‘ਦੀ ਹਿੰਦੂ’ ਨੇ ਜੂਨ 2024 ਵਿੱਚ ਇਕ ਰਿਪੋਰਟ ਛਾਪੀ ਸੀ ਕਿ ਆਗਰਾ ਦੀ ਇੱਕ ਅਦਾਲਤ ਨੇ ਧੀਰੇਂਦਰ ਰਾਘਵ ਨੂੰ ਜੁਡੀਸ਼ੀਅਲ ਹਿਰਾਸਤ ’ਚ ਭੇਜ ਦਿੱਤਾ, ਜਿਸ ਨੇ ਮੁਸਲਮ ਪੁਸ਼ਾਕ ਪਾ ਕੇ ਖੁਦ ਨੂੰ ਅੱਤਵਾਦੀ ਦੱਸਦਿਆਂ ਹਿੰਦੂ ਭਾਈਚਾਰੇ ਨੂੰ ਗਾਲ਼ਾਂ ਕੱਢਣ ਵਾਲੀ ਵੀਡੀਓ ਬਣਾਈ ਸੀ। ਪੁਲਸ ਨੇ ਜਨਵਰੀ 2024 ਵਿੱਚ ਲਖਨਊ ਦੇ ਗੋਮਤੀ ਨਗਰ ਦੇ ਦੋ ਨੌਜਵਾਨਾਂ ਤਾਹਰ ਸਿੰਘ ਤੇ ਓਮ ਪ੍ਰਕਾਸ਼ ਮਿਸ਼ਰਾ ਨੂੰ ਗਿ੍ਫਤਾਰ ਕੀਤਾ ਸੀ, ਜਿਨ੍ਹਾਂ ਨਵੰਬਰ 2023 ਵਿੱਚ ਪਾਈ ਪੋਸਟ ’ਚ ਅਯੁੱਧਿਆ ’ਚ ਰਾਮ ਮੰਦਰ ਤੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਸੀ। ਉਨ੍ਹਾਂ ‘ਐੱਕਸ’ ਉੱਤੇ ਪੋਸਟ ਪਾਉਣ ਲਈ ਆਲਮ ਅਨਸਾਰੀ ਖਾਨ ਤੇ ਜ਼ੁਬੈਰ ਖਾਨ ਦੀ ਈਮੇਲ ਆਈ ਡੀ ਦੀ ਵਰਤੋਂ ਕੀਤੀ ਸੀ। ਨਵੰਬਰ 2024 ਵਿੱਚ ਭਗਵੇਂ ਕੱਪੜਿਆਂ ਵਿੱਚ ਤਿੰਨ ਲੋਕਾਂ ਨੂੰ ਦਿਖਾਉਦੀ ਵੀਡੀਓ ਵਾਇਰਲ ਹੋਈ, ਜਿਸ ਵਿੱਚ ਕੁਝ ਲੋਕ ਹਿੰਦੂ ਧਰਮ ਬਾਰੇ ਉਨ੍ਹਾਂ ਦੇ ਗਿਆਨ ਦੀ ਜਾਂਚ ਲਈ ਸਵਾਲ ਕਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੂੰ ਕਹਿ ਰਹੇ ਹਨ ਕਿ ਘੱਟੋ-ਘੱਟ ਸੰਸਕਿ੍ਤ ਵਿੱਚ ਇਕ ਸ਼ਲੋਕ ਦਾ ਪਾਠ ਕਰਕੇ ਦਿਖਾਓ, ਨਹੀਂ ਤਾਂ ਉਹ ਉਨ੍ਹਾਂ ਨੂੰ ਜਾਣ ਨਹੀਂ ਦੇਣਗੇ। ਇੱਕ ਨੇ ਕਿਹਾ ਕਿ ਉਹ ਭੋਲੇਨਾਥ ਦੀ ਪੂਜਾ ਕਰਦੇ ਹਨ। ਇਸ ਨੂੰ ਚੁਣੌਤੀ ਦਿੰਦਿਆਂ ਇੱਕ ਬੰਦੇ ਨੇ ਕਿਹਾ ਕਿ ਜੇ ਤੁਸੀਂ ਸਿਰਫ ਇੱਕ ਦੇਵਤਾ ਦਾ ਨਾਂਅ ਹੀ ਜਾਣਦੇ ਹੋ ਤਾਂ ਸੱਚੇ ਸਾਧੂ ਕਿਵੇਂ ਹੋ ਸਕਦੇ ਹੋ। ਉਨ੍ਹਾਂ ਦੁਆਲੇ ਖੜ੍ਹੀ ਭੀੜ ਨੂੰ ਉਨ੍ਹਾਂ ਨੂੰ ਬੰਗਲਾਦੇਸ਼ੀ ਤੇ ਰੋੋਹਿੰਗਿਆ ਕਹਿ ਕੇ ਕੁੱਟਣ ਦੀ ਗੱਲ ਕਹਿੰਦਿਆਂ ਸੁਣਿਆ ਜਾ ਸਕਦਾ ਹੈ। ਘੇਰੇ ਜਾਣ ਵਾਲਿਆਂ ਵਿੱਚੋਂ ਇੱਕ ਨੇ ਆਪਣਾ ਨਾਂਅ ਸਲਮਾਨ ਦੱਸਿਆ। ਇਸ ਤੋਂ ਬਾਅਦ ਔਪ ਇੰਡੀਆ ਤੇ ਜ਼ੀ 24 ਨੇ ਧੁਮਾ ਦਿੱਤਾ ਕਿ ਸਲਮਾਨ ਤੇ ਉਸ ਦੇ ਸਾਥੀ ਭਗਵੇਂ ਕੱਪੜੇ ਪਾ ਕੇ ਭੀਖ ਮੰਗ ਰਹੇ ਸਨ। ਨਾ ਉਹ ਕੋਈ ਸ਼ਲੋਕ ਪੜ੍ਹ ਸਕਦੇ ਸਨ ਤੇ ਨਾ ਹੀ ਹਿੰਦੂ ਦੇਵੀ-ਦੇਵਤਿਆਂ ਦਾ ਠੀਕ ਤਰ੍ਹਾਂ ਨਾਂਅ ਲੈ ਸਕਦੇ ਸਨ। ਸੁਦਰਸ਼ਨ ਨਿਊਜ਼ ਚੈਨਲ ਨੇ ਤਾਂ ਵੀਡੀਓ ਟਵੀਟ ਕਰਕੇ ਕਹਿ ਦਿੱਤਾ ਕਿ ਗੁਜਰਾਤ ਦੇ ਸੂਰਤ ’ਚ ਜਿਹਾਦੀ ਸਲਮਾਨ ਤੇ ਉਸ ਦਾ ਗਰੋਹ ਸਾਧੂ ਬਣ ਕੇ ਭੀਖ ਮੰਗ ਰਿਹਾ ਸੀ। ਤਿੰਨੇ ਗਿ੍ਰਫਤਾਰ ਕਰ ਲਏ ਗਏ ਹਨ। ਆਰ ਐੱਸ ਐੱਸ ਦੇ ਰਸਾਲੇ ‘ਪਾਂਚਜਨਯ’ ਨੇ ਵੀ ਟਵੀਟ ਕੀਤਾਸਾਧੂਆਂ ਦੇ ਭੇਸ ’ਚ ਫੜੇ ਗਏ ਮੁਸਲਮਾਨ! ਸਾਧੂ ਬਣਨਾ ਹੈ ਤਾਂ ਹਿੰਦੂ ਕਿਉ ਨਹੀਂ ਬਣ ਜਾਂਦੇ? 

ਦੈਨਿਕ ਭਾਸਕਰ ਸਮੂਹ ਦੇ ਗੁਜਰਾਤੀ ਅਖਬਾਰ ‘ਦਿਵਯ ਭਾਸਕਰ’ ਨੇ ਅਸਲੀਅਤ ਸਾਹਮਣੇ ਲਿਆਂਦੀ ਕਿ ਤਿੰਨੋਂ ਹਿੰਦੂ ਸਨ ਤੇ ਜੂਨਾਗੜ੍ਹ ਦੇ ਰਹਿਣ ਵਾਲੇ ਸਨ। ਉਸ ਨੇ ਸੂਰਤ ਦੇ ਅਡਾਜਣ ਥਾਣੇ ਦੇ ਇੰਸਪੈਕਟਰ ਆਰ ਬੀ ਗੋਜੀਆ ਦੇ ਹਵਾਲੇ ਨਾਲ ਦੱਸਿਆ ਕਿ ਤਿੰਨਾਂ ਨੇ ਸਹੀ ਨਾਂਅ ਦੱਸੇ ਸਨ। ਇਕ ਦਾ ਨਾਂਅ ਸਲਮਾਨ ਨਾਥ ਹੈ। ਫਰਜ਼ੀ ਖਬਰਾਂ ਦੀ ਤਸਦੀਕ ਕਰਨ ਵਾਲੀ ਆਲਟ ਨਿਊਜ਼ ਨੇ ਦੱਸਿਆ ਕਿ ਉਸ ਦਾ ਪੂਰਾ ਨਾਂਅ ਸਲਮਾਨ ਨਾਥ ਪਰਮਾਰ ਹੈ ਤੇ ਪਿਤਾ ਦਾ ਨਾਂਅ ਸੁਰਮ ਨਾਥ ਪਰਮਾਰ ਹੈ। ਪਰਮਾਰ ਉਪਨਾਮ ਰਾਜਪੂਤ ਵੰਸ਼ ਨਾਲ ਜੁੜਿਆ ਹੈ, ਜਿਹੜੇ ਜ਼ਿਆਦਾਤਰ ਰਾਜਸਥਾਨ, ਗੁਜਰਾਤ, ਪੰਜਾਬ, ਹਰਿਆਣਾ, ਉੱਤਰਾਖੰਡ, ਯੂ ਪੀ, ਬਿਹਾਰ, ਝਾਰਖੰਡ, ਮੱਧ ਪ੍ਰਦੇਸ਼ ਤੇ ਉੱਤਰੀ ਮਹਾਰਾਸ਼ਟਰ ’ਚ ਮਿਲਦੇ ਹਨ। 

ਸੱਚਾਈ ਸਾਹਮਣੇ ਆਉਣ ਤੋਂ ਬਾਅਦ ਜਿਨ੍ਹਾਂ ਦੱਖਣਪੰਥੀ ਚੈਨਲਾਂ, ਅਖਬਾਰਾਂ ਤੇ ਵੈੱਬਸਾਈਟਾਂ ਨੇ ਇਸ ਘਟਨਾ ਨੂੰ ਲੈ ਕੇ ਜ਼ਹਿਰ ਉਗਲਿਆ ਸੀ, ਉਨ੍ਹਾਂ ਦੀ ਸੱਚ ਪ੍ਰਕਾਸ਼ਤ/ ਪ੍ਰਸਾਰਤ ਕਰਨ ਦੀ ਹਿੰਮਤ ਨਹੀਂ ਪਈ। ਇਸੇ ਤਰ੍ਹਾਂ 2019-20 ਵਿੱਚ ਨਾਗਰਿਕਤਾ ਸੋਧ ਕਾਨੂੰਨ ਖਿਲਾਫ ਅੰਦੋਲਨ ਦੌਰਾਨ ਅਜਿਹੀ ਹੀ ਇੱਕ ਖਬਰ ਆਈ ਸੀ, ਜਿਹੜੀ ਵੱਡੇ ਪੈਮਾਨੇ ’ਤੇ ਬਦਅਮਨੀ ਫੈਲਾ ਸਕਦੀ ਸੀ। ਇਹ ਖਬਰ ਪੱਛਮੀ ਬੰਗਾਲ ’ਚ ਟੋਪੀ ਤੇ ਲੂੰਗੀ ਪਹਿਨੇ ਛੇ ਲੋਕਾਂ ਵੱਲੋਂ ਟਰੇਨ ’ਤੇ ਪਥਰਾਅ ਬਾਰੇ ਸੀ। ਮੁਰਸ਼ਿਦਾਬਾਦ ਪੁਲਸ ਨੇ ਜਾਂਚ ’ਚ ਪਤਾ ਲਾਇਆ ਕਿ ਇਹ ਭਾਜਪਾ ਦੇ ਕਾਰਕੁਨ ਸਨ। ਮੁਰਸ਼ਿਦਾਬਾਦ ਵਿੱਚ ਮੁਸਲਮਾਨ ਕਾਫੀ ਰਹਿੰਦੇ ਹਨ ਤੇ ਉਨ੍ਹਾਂ ਨੂੰ ਬਦਨਾਮ ਕਰਨ ਲਈ ਭਾਜਪਾ ਦੇ ਬੰਦਿਆਂ ਨੇ ਲੂੰਗੀ ਤੇ ਟੋਪੀ ਪਾ ਕੇ ਵਾਰਦਾਤ ਕੀਤੀ। ਅਕਤੂਬਰ 2023 ਵਿੱਚ ਇੱਕ ਅਜਿਹੇ ਵਿਅਕਤੀ ਦੀ ਵੀਡੀਓ ਵਾਇਰਲ ਹੋਈ, ਜਿਹੜਾ ਖੁਦ ਨੂੰ ਜਾਵੇਦ ਹੁਸੈਨ ਦੱਸਦਿਆਂ ਕਹਿ ਰਿਹਾ ਸੀ ਕਿ ਹਰਿਦੁਆਰ ਵਿੱਚ ਮੁਸਲਮਾਨਾਂ ਦਾ ਮੁਕਾਬਲਾ ਕਰਨ ਦਾ ਕਿਸੇ ਹਿੰਦੂ ’ਚ ਦਮ ਨਹੀਂ। ਸੁਦਰਸ਼ਨ ਨਿਊਜ਼ ਦੇ ਪੱਤਰਕਾਰ ਸਾਗਰ ਕੁਮਾਰ ਨੇ ਵੀਡੀਓ ਸਾਂਝੀ ਕੀਤੀ, ਜਿਸ ਨੂੰ 89 ਹਜ਼ਾਰ ਤੋਂ ਵੱਧ ਵਾਰ ਦੇਖਿਆ ਗਿਆ। ਪੁਲਸ ਜਾਂਚ ਵਿੱਚ ਪਤਾ ਲੱਗਾ ਕਿ ਸ਼ਖਸ ਦਲੀਪ ਭਘੇਲ ਨਾਂਅ ਦਾ ਮੰਗਤਾ ਸੀ, ਜਿਸ ਨੂੰ ਨਸ਼ਾ ਕਰਾ ਕੇ ਭੜਕਾਊ ਬਿਆਨ ਦਿਵਾਇਆ ਗਿਆ। ਇਸ ਦੀ ਪੁਸ਼ਟੀ ਬਘੇਲ ਨੇ ਵੀ ਕੀਤੀ।

ਆਏ ਦਿਨ ਅਜਿਹੀਆਂ ਭੜਕਾਊ ਵੀਡੀਓਜ਼ ਸਾਹਮਣੇ ਆ ਰਹੀਆਂ ਹਨ। ਅਜਿਹਾ ਨਹੀਂ ਹੈ ਕਿ ਸਿਰਫ ਹਿੰਦੂ ਹੀ ਮੁਸਲਮਾਨਾਂ ਦੇ ਭੇਸ ਵਿੱਚ ਇਨ੍ਹਾਂ ਨੂੰ ਬਣਾ ਰਹੇ ਹਨ, ਕਈ ਮੁਸਲਮ ਵੀ ਅਜਿਹੀਆਂ ਹਰਕਤਾਂ ਕਰਦੇ ਪਾਏ ਗਏ ਹਨ, ਪਰ ਇਹ ਸਮਾਜ ਨੂੰ ਵੰਡਣ ਦੇ ਖਤਰਨਾਕ ਇਰਾਦਿਆਂ ਨੂੰ ਦਰਸਾਉਦੀਆਂ ਹਨ। ਇਨ੍ਹਾਂ ਦਾ ਮਕਸਦ ਕੀ ਹੈ? ਇਸ ਨੂੰ ਸਮਝਣ ਲਈ ਬਹੁਤੇ ਗਿਆਨ ਦੀ ਲੋੜ ਨਹੀਂ।