ਪੰਜਾਬ ਵਿਚ ਕਿਉਂ ਫਿਰਿਆ ਝਾੜੂ
ਵਿਸ਼ੇਸ਼ ਮੁਦਾ
ਪੰਜਾਬ ਦੇ ਚੋਣ ਨਤੀਜਿਆਂ ਦੇ ਸੰਦਰਭ ਵਿਚ ਇਹ ਕਿਹਾ ਜਾ ਸਕਦਾ ਹੈ ਕਿ ਜਿਸ ਨੂੰ ਜਨਤਾ ਚਾਹੇ, ਉਸ ਨੂੰ ਕੌਣ ਰੋਕ ਸਕਦਾ ਹੈ। ਦਿੱਲੀ ਦੇ ਚੋਣ ਸਮੀਖਿਅਕ ਖੁੱਲ੍ਹੇ ਤੌਰ 'ਤੇ ਕਹਿ ਰਹੇ ਸਨ ਕਿ ਆਮ ਆਦਮੀ ਪਾਰਟੀ (ਆਪ) ਨੂੰ ਸੱਤਾ ਵਿਚ ਆਉਣ ਤੋਂ ਰੋਕਣ ਲਈ ਸਾਰੇ ਦਲ ਇਕ ਹੋ ਜਾਣਗੇ। ਵੋਟਾਂ ਤੋਂ ਠੀਕ ਪਹਿਲਾਂ ਜਿਸ ਤਰ੍ਹਾਂ ਇਕ ਭਾਜਪਾ ਨੇਤਾ ਨੇ ਆਪਣੇ ਵੋਟਰਾਂ ਨੂੰ 'ਆਪ' ਨੂੰ ਰੋਕਣ ਲਈ ਕਾਂਗਰਸ ਨੂੰ ਵੋਟ ਦੇਣ ਦੀ ਅਪੀਲ ਕੀਤੀ (ਬਾਅਦ ਵਿਚ ਇਹ ਬਿਆਨ ਵਾਪਸ ਲੈ ਲਿਆ ਗਿਆ), ਉਸ ਤੋਂ ਸਾਫ਼ ਹੋ ਗਿਆ ਸੀ ਕਿ 'ਆਪ' ਨੂੰ ਜੇਕਰ ਪੂਰਨ ਬਹੁਮਤ ਨਾ ਮਿਲਿਆ ਤਾਂ ਸਭ ਤੋਂ ਵੱਡੇ ਦਲ ਦੇ ਰੂਪ ਵਿਚ ਉਸ ਨੂੰ ਕੋਈ ਸਰਕਾਰ ਨਹੀਂ ਬਣਾਉਣ ਦੇਵੇਗਾ।
ਪੰਜਾਬ ਵਿਚ ਭਾਜਪਾ ਦੀ ਰਾਜਨੀਤਕ ਭੂਮਿਕਾ ਆਮ ਤੌਰ 'ਤੇ ਸੀਮਤ ਕਿਸਮ ਦੀ ਰਹਿੰਦੀ ਆਈ ਹੈ। ਉਹ ਸ਼ਹਿਰਾਂ ਦੇ ਹਿੰਦੂ ਵਪਾਰੀਆਂ ਦੀ ਪਾਰਟੀ ਹੈ। ਸਿੱਖਾਂ ਵਿਚ ਉਸ ਦਾ ਜ਼ੋਰ ਕਦੇ ਨਹੀਂ ਰਿਹਾ। ਰਾਸ਼ਟਰੀ ਸੋਇਮ ਸੇਵਕ ਸੰਘ ਨੇ ਸਿੱਖਾਂ ਨੂੰ ਹਿੰਦੂਤਵ ਦੀ ਤਰਜ਼ 'ਤੇ ਸੰਗਠਿਤ ਕਰਨ ਲਈ ਇਕ ਸੰਗਠਨ ਰਾਸ਼ਟਰੀ ਸਿੱਖ ਸੰਗਤ (ਇਸ ਨੂੰ ਵੀ ਆਰ.ਐਸ.ਐਸ. ਕਿਹਾ ਜਾਂਦਾ ਹੈ) ਦਾ ਗਠਨ ਕਰ ਰੱਖਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ 'ਤੇ ਇਤਰਾਜ਼ ਰਿਹਾ ਹੈ। ਇਸ ਲਿਹਾਜ਼ ਨਾਲ ਵੀ ਸਿੱਖਾਂ ਦੇ ਇਸ ਸਭ ਤੋਂ ਵੱਡੇ ਸੰਗਠਨ ਦਾ ਹਿੰਦੂਤਵ ਦੇ ਵਿਚਾਰ ਦੇ ਨਾਲ ਛੱਤੀ ਦਾ ਅੰਕੜਾ ਬਣ ਜਾਂਦਾ ਹੈ। ਦੂਜੇ ਪਾਸੇ ਇਸ ਵਿਚਾਰਕ ਅੰਤਰ-ਵਿਰੋਧ ਦੇ ਬਾਵਜੂਦ ਚੋਣ ਨਜ਼ਰੀਏ ਨਾਲ ਖ਼ੁਦ ਨੂੰ ਪ੍ਰਸੰਗਿਕ ਬਣਾਈ ਰੱਖਣ ਲਈ ਭਾਜਪਾ ਨੇ ਅਕਾਲੀ ਦਲ ਦਾ 'ਜੂਨੀਅਰ ਪਾਰਟਨਰ' (ਛੋਟਾ ਭਾਈਵਾਲ) ਬਣਨਾ ਸਵੀਕਾਰ ਕੀਤਾ। ਨਤੀਜਾ ਇਹ ਨਿਕਲਿਆ ਕਿ ਅਕਾਲੀ ਦਲ ਰਾਸ਼ਟਰੀ ਜਨਤੰਤਰਿਕ ਗੱਠਜੋੜ (ਐਨ.ਡੀ.ਏ.) 'ਚ ਸ਼ਿਵ ਸੈਨਾ ਦੀ ਤਰ੍ਹਾਂ ਹੀ ਭਾਜਪਾ ਦਾ ਸਭ ਤੋਂ ਪੁਰਾਣਾ ਭਾਈਵਾਲ ਬਣਿਆ ਰਿਹਾ। ਸ਼ਿਵ ਸੈਨਾ ਹਿੰਦੂਤਵਵਾਦੀ ਹੈ, ਪਰ ਅਕਾਲੀ ਦਲ ਨੇ ਹਿੰਦੂਤਵਵਾਦੀ ਨਾ ਹੁੰਦੇ ਹੋਏ ਵੀ ਅਯੁੱਧਿਆ 'ਚ ਕਾਰ ਸੇਵਾ ਲਈ ਸਿੱਖ ਕਾਰ ਸੇਵਕਾਂ ਦਾ ਜਥਾ ਭੇਜਣ ਦਾ ਐਲਾਨ ਕੀਤਾ ਸੀ। ਪ੍ਰਕਾਸ਼ ਸਿੰਘ ਬਾਦਲ ਨੇ ਕਈ ਵਾਰ ਇਹ ਵੀ ਕਿਹਾ ਸੀ ਕਿ ਭਾਜਪਾ ਨਾਲ ਅਕਾਲੀ ਦਲ ਦਾ ਰਿਸ਼ਤਾ ਨਹੁੰ ਤੇ ਮਾਸ ਵਾਂਗ ਹੈ। ਬਦਲੇ 'ਚ ਕਈ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਚ 'ਤੇ ਜਨਤਕ ਤੌਰ 'ਤੇ ਬਾਦਲ ਦੇ ਪੈਰ ਛੂੰਹਦੇ ਵੀ ਨਜ਼ਰ ਆਏ।
ਪਿਛਲੀ ਵਾਰ ਭਾਜਪਾ ਨੂੰ ਪਤਾ ਲੱਗ ਗਿਆ ਸੀ ਕਿ ਅਕਾਲੀ ਦਲ ਦੀ ਸਰਕਾਰ ਤੋਂ ਪੰਜਾਬ ਦੇ ਲੋਕ ਬਹੁਤ ਨਾਰਾਜ਼ ਹਨ, ਪਰ ਉਸ ਨੇ ਇਸ ਨਾਰਾਜ਼ਗੀ ਦਾ ਸਾਫ਼ ਤੌਰ 'ਤੇ ਲਾਭ ਚੁੱਕਣ ਦੀ ਤਿਆਰੀ ਕਰ ਰਹੀ ਆਮ ਆਦਮੀ ਪਾਰਟੀ ਨੂੰ ਰੋਕਣ ਲਈ ਸਥਾਨਕ ਪੱਧਰ 'ਤੇ ਕਾਂਗਰਸ ਦੇ ਨਾਲ ਇਕ ਖ਼ੁਫ਼ੀਆ ਸਮਝੌਤਾ ਕੀਤਾ। ਸ਼ਹਿਰੀ ਹਿੰਦੂਆਂ ਦੀਆਂ ਵੋਟਾਂ ਨੂੰ ਚਾਲਾਕੀ ਨਾਲ ਅਮਰਿੰਦਰ ਸਿੰਘ ਅਤੇ ਕਾਂਗਰਸ ਵੱਲ ਮੋੜਿਆ ਗਿਆ। ਜੋ ਵੋਟ 'ਆਪ' ਨੂੰ ਮਿਲਣ ਵਾਲੇ ਸਨ, ਉਹ ਕਾਂਗਰਸ ਦੇ ਖ਼ਾਤੇ ਵਿਚ ਚਲੇ ਗਏ। ਪੂਰੀ ਹਵਾ ਹੁੰਦੇ ਹੋਏ ਵੀ 'ਆਪ' ਦੇ ਵਿਰੋਧੀ ਧਿਰ ਬਣਨ ਤੱਕ ਸਿਮਟਣ ਦੇ ਪਿੱਛੇ ਕਈ ਕਾਰਨ ਸਨ। ਇਨ੍ਹਾਂ ਵਿਚੋਂ ਇਕ ਅਹਿਮ ਕਾਰਨ ਇਹ ਵੀ ਸੀ। ਇਸ ਵਾਰ ਵੀ ਭਾਜਪਾ ਨੇ ਕੋਸ਼ਿਸ਼ ਕੀਤੀ। ਉਹ ਸਾਫ਼ ਤੌਰ 'ਤੇ ਦੇਖ ਸਕਦੀ ਸੀ ਕਿ ਜਨਤਾ ਨਾ ਤਾਂ ਅਕਾਲੀਆਂ ਦੀ ਵਾਪਸੀ ਦੇ ਪੱਖ ਵਿਚ ਸੀ ਅਤੇ ਨਾ ਹੀ ਕਾਂਗਰਸ ਨੂੰ ਕੋਈ ਤਵੱਜੋ ਦੇਣਾ ਚਾਹੁੰਦੀ ਸੀ। ਕਾਂਗਰਸ ਵਿਚ ਬਹੁਤ ਕਲੇਸ਼ ਵੀ ਸੀ, ਜਿਸ ਦਾ ਅਹਿਸਾਸ ਵੋਟਰਾਂ ਨੂੰ ਵੀ ਸੀ। ਲੋਕ ਉਸ ਪਾਰਟੀ ਨੂੰ ਵੋਟ ਦੇਣ ਲਈ ਤਿਆਰ ਨਹੀਂ ਸਨ, ਜਿਸ ਦੇ ਨੇਤਾ ਆਪਸ ਵਿਚ ਝਗੜ ਰਹੇ ਸਨ। ਨਵੇਂ ਮੁੱਖ ਮੰਤਰੀ ਚੰਨੀ ਦਲਿਤ ਜ਼ਰੂਰ ਸਨ, ਪਰ ਦਲਿਤ ਵੋਟਰਾਂ 'ਚ ਵੀ ਉਨ੍ਹਾਂ ਨੂੰ ਲੈ ਕੇ ਕੋਈ ਖ਼ਾਸ ਉਤਸ਼ਾਹ ਨਹੀਂ ਸੀ। ਇਸ ਲਈ ਭਾਜਪਾ ਨੇ 'ਆਪ' ਨੂੰ ਰੋਕਣ ਲਈ ਇਕ ਨਹੀਂ ਸਗੋਂ ਕਈ ਦਾਅ ਚੱਲੇ। ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਨੂੰ ਵੋਟਾਂ ਤੋਂ ਠੀਕ ਪਹਿਲਾਂ ਹਰਿਆਣਾ ਦੀ ਭਾਜਪਾ ਸਰਕਾਰ ਵਲੋਂ ਫਰਲੋ 'ਤੇ ਰਿਹਾਅ ਕੀਤਾ ਗਿਆ। ਰਾਮ ਰਹੀਮ ਨੇ ਭਾਜਪਾ ਦੇ ਉਮੀਦਵਾਰਾਂ ਦੇ ਪੱਖ 'ਚ ਤਾਂ ਵੋਟਾਂ ਦੇਣ ਦਾ ਫ਼ਤਵਾ ਦਿੱਤਾ ਹੀ ਸੀ, ਉਸ ਨੇ ਕਈ ਸੀਟਾਂ 'ਤੇ ਅਕਾਲੀਆਂ ਦੇ ਪੱਖ 'ਵਿਚ ਵੀ ਫ਼ਤਵਾ ਦਿੱਤਾ। ਦੂਜਾ ਦਾਅ 'ਆਪ' ਦੇ ਸਾਬਕਾ ਨੇਤਾ ਅਤੇ ਕਵੀ ਕੁਮਾਰ ਵਿਸ਼ਵਾਸ ਕੋਲੋਂ ਅਰਵਿੰਦ ਕੇਜਰੀਵਾਲ ਵਿਰੋਧੀ ਬਿਆਨ ਦਿਵਾ ਕੇ ਚੱਲਿਆ ਗਿਆ। ਇਸ ਵਿਚ ਕਾਂਗਰਸ ਅਤੇ ਭਾਜਪਾ ਦੀ ਮਿਲੀਭੁਗਤ ਨੇ ਕੰਮ ਕੀਤਾ। ਇਸ ਤਹਿਤ ਦੋਸ਼ ਲਗਾਇਆ ਗਿਆ ਕਿ 'ਆਪ' ਦੇ ਖ਼ਾਲਿਸਤਾਨੀ ਤੱਤਾਂ ਨਾਲ ਸੰਬੰਧ ਪਿਛਲੀਆਂ ਚੋਣਾਂ ਤੋਂ ਹੀ ਚੱਲ ਰਹੇ ਹਨ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਇਸ ਰਾਜਨੀਤਕ ਦਾਅ-ਪੇਚ ਪ੍ਰਤੀ ਪੰਜਾਬ ਦੇ ਮੀਡੀਆ ਅਤੇ ਬੁੱਧੀਜੀਵੀਆਂ ਦੀ ਕੀ ਪ੍ਰਤੀਕਿਰਿਆ ਰਹੀ? ਦਿੱਲੀ ਦਾ ਮੀਡੀਆ ਤਾਂ ਕੁਮਾਰ ਵਿਸ਼ਵਾਸ ਦੇ ਬਿਆਨ 'ਤੇ 'ਆਪ' ਵਿਰੋਧੀ ਕਲਾਬਾਜ਼ੀਆਂ ਖਾਣ ਲਈ ਤਿਆਰ ਬੈਠਾ ਸੀ, ਪਰ ਪੰਜਾਬੀ ਮੀਡੀਆ ਨੇ ਇਸ ਬਿਆਨ ਨੂੰ ਪੂਰੀ ਤਰ੍ਹਾਂ ਨਾਲ ਨਜ਼ਰਅੰਦਾਜ਼ ਕਰ ਦਿੱਤਾ। ਨਤੀਜਾ ਇਹ ਨਿਕਲਿਆ ਕਿ ਪੰਜਾਬ ਦੇ ਵੋਟਰਾਂ 'ਤੇ ਇਸ ਦਾ ਕੋਈ ਅਸਰ ਨਹੀਂ ਪਿਆ। ਪਰ ਪੰਜਾਬ ਦੇ ਕਈ ਪੱਤਰਕਾਰ ਇਹ ਕਹਿੰਦੇ ਹੋਏ ਸੁਣੇ ਗਏ ਕਿ ਇਨ੍ਹਾਂ ਹੱਥਕੰਡਿਆਂ ਨਾਲ 'ਆਪ' ਨੂੰ ਬਹੁਮਤ ਮਿਲਣ ਦੀਆਂ ਸੰਭਾਵਨਾਵਾਂ ਮਿਟ ਗਈਆਂ ਹਨ। ਤਰਕ ਇਹ ਸੀ ਕਿ ਕੁਮਾਰ ਵਿਸ਼ਵਾਸ ਦੀਆਂ ਗੱਲਾਂ ਤੋਂ 'ਆਪ' ਦੇ ਪਾਸੇ ਝੁਕ ਰਿਹਾ ਸ਼ਹਿਰੀ ਹਿੰਦੂ ਭਾਜਪਾ ਵਿਚ ਵਾਪਸ ਚਲਾ ਜਾਵੇਗਾ ਅਤੇ ਇਕ ਵਾਰ ਫਿਰ 'ਆਪ' ਨੂੰ ਉਨ੍ਹਾਂ ਦੀਆਂ ਵੋਟਾਂ ਨਹੀਂ ਪੈਣਗੀਆਂ। ਇਨ੍ਹਾਂ ਬੁੱਧੀਜੀਵੀਆਂ ਅਤੇ ਪੱਤਰਕਾਰਾਂ ਨੂੰ ਇਹ ਮੰਨਣ ਵਿਚ ਇਤਰਾਜ਼ ਨਹੀਂ ਸੀ ਕਿ 'ਅੰਡਰਕਰੇਟ' ਤਬਦੀਲੀ ਭਾਵ 'ਆਪ' ਦੇ ਹੱਕ ਵਿਚ ਹੈ। ਪਰ ਉਹ ਲੋਕਾਂ ਦੀ ਮਾਨਸਿਕਤਾ ਨੂੰ ਦੇਖਦਿਆਂ ਹੋਇਆ 'ਆਪ' ਦੇ ਹੱਕ ਵਿਚ ਪੂਰੇ ਯਕੀਨ ਨਾਲ ਇਹ ਕਹਿਣ ਲਈ ਤਿਆਰ ਨਹੀਂ ਸਨ ਕਿ ਇਸ ਵਾਰ ਪੰਜਾਬ ਵਿਚ ਝਾੜੂ ਫਿਰਨ ਵਾਲਾ ਹੈ। ਕਹਿਣ ਦਾ ਭਾਵ ਇਹ ਹੈ ਕਿ ਇਸ ਵਰਗ ਦੇ ਲੋਕਾਂ ਨੂੰ ਚੋਣਾਂ ਜਿੱਤਣ ਦੀ 'ਆਪ' ਦੀ ਸਮਰੱਥਾ 'ਤੇ ਵਿਸ਼ਵਾਸ ਨਹੀਂ ਸੀ।
ਫਿਲਹਾਲ ਅਜੇ ਇਹ ਸਭ ਅਤੀਤ ਦੀਆਂ ਗੱਲਾਂ ਬਣ ਚੁੱਕੀਆਂ ਹਨ। ਪੰਜਾਬ 'ਵਿਚ ਇਤਿਹਾਸ ਬਣ ਚੁੱਕਾ ਹੈ। ਇਕ ਖੇਤਰੀ ਸਮਝੀ ਜਾਣ ਵਾਲੀ ਪਾਰਟੀ ਨੇ ਰਾਸ਼ਟਰੀ ਦਲ ਬਣਨ ਵੱਲ ਮਜ਼ਬੂਤ ਕਦਮ ਪੁੱਟ ਲਿਆ ਹੈ। ਇਸ ਪਾਰਟੀ ਦੇ ਕੋਲ ਪ੍ਰਸ਼ਾਸਨ ਚਲਾਉਣ ਦਾ ਇਕ ਜਾਚਿਆ-ਪਰਖਿਆ ਮਾਡਲ ਵੀ ਹੈ, ਜੋ ਜੇਕਰ ਪੰਜਾਬ 'ਵਿਚ ਵੀ ਸਫਲ ਹੋਇਆ ਤਾਂ ਮੋਦੀ ਦੇ ਪ੍ਰਸ਼ਾਸਨਿਕ ਮਾਡਲ ਦੇ ਨਾਲ ਕੌਮੀ ਮੰਚ 'ਤੇ ਇਹ ਮਾਡਲ ਮੁਕਾਬਲੇਬਾਜ਼ੀ ਕਰ ਸਕਦਾ ਹੈ।
ਅਭੈ ਦੂਬੇ
Comments (0)