ਪੰਜਾਬੀ ਸਿਨੇਮਾ ਸੌ ਕੁ ਸਾਲ ਦੇ ਸਫ਼ਰ ਦੌਰਾਨ ਫ਼ਿਲਮਾਂ ਬਣਾਉਣ ਵਾਲੇ ਉਦਯੋਗ ਵਜੋਂ ਸਥਾਪਿਤ
ਪੰਜਾਬੀ ਸਿਨੇਮਾ ਦੇ ਇਸ ਸੌ ਕੁ ਸਾਲ ਦੇ ਸਫ਼ਰ ਨੇ ਅੱਜ ਪੰਜਾਬੀ ਸਿਨੇਮਾ ਨੂੰ ਵਿਸ਼ਵ ਪੱਧਰ 'ਤੇ ਪਸੰਦ ਕੀਤੀਆਂ ਜਾਂਦੀਆਂ ਫ਼ਿਲਮਾਂ ਬਣਾਉਣ ਵਾਲੇ ਉਦਯੋਗ ਵਜੋਂ ਸਥਾਪਿਤ ਕਰ ਦਿੱਤਾ ਹੈ ਤੇ ਇਸ ਮਾਣਮੱਤੀ ਪ੍ਰਾਪਤੀ ਲਈ ਪੰਜਾਬੀ ਸਿਨੇਮਾ ਨਾਲ ਜੁੜਿਆ ਹਰੇਕ ਫ਼ਿਲਮਕਾਰ, ਅਦਾਕਾਰ, ਗੀਤਕਾਰ, ਸੰਗੀਤਕਾਰ, ਕਹਾਣੀਕਾਰ ਅਤੇ ਤਕਨੀਸ਼ੀਅਨ ਵਧਾਈ ਦਾ ਪਾਤਰ ਹੈ।
ਅੱਜ ਪੰਜਾਬੀ ਫ਼ਿਲਮਾਂ ਸਿਨੇਮਾ ਘਰਾਂ ਦੇ ਨਾਲ-ਨਾਲ ਓ.ਟੀ.ਟੀ. ਪਲੇਟਫ਼ਾਰਮਾਂ ਜਿਵੇਂ ਨੈੱਟਫ਼ਲਿਕਸ, ਚੌਪਾਲ, ਐਮਾਜ਼ੋਨ ਪ੍ਰਾਈਮ ਵੀਡੀਓ ਅਤੇ ਹੋਰ ਮੀਡੀਆ ਪਲੇਟਫ਼ਾਰਮਾਂ ਰਾਹੀਂ ਦਰਸ਼ਕਾਂ ਤੱਕ ਪੁੱਜ ਰਹੀਆਂ ਹਨ। ਬੜੇ ਹੀ ਫ਼ਖ਼ਰ ਦੀ ਗੱਲ ਹੈ ਕਿ ਬੀਤੇ ਸਾਲ ਰਿਲੀਜ਼ ਹੋਈ ਅਦਾਕਾਰ ਗਿੱਪੀ ਗਰੇਵਾਲ, ਸੋਨਮ ਬਾਜਵਾ, ਗੁਰਪ੍ਰੀਤ ਘੁੱਗੀ ਅਤੇ ਹੋਰ ਕਲਾਕਾਰਾਂ ਦੀ ਜ਼ਬਰਦਸਤ ਅਦਾਕਾਰੀ ਨਾਲ ਸਜੀ ਅਤੇ ਪ੍ਰਸਿੱਧ ਨਿਰਦੇਸ਼ਕ-ਅਦਾਕਾਰ ਸਮੀਪ ਕੰਗ ਵਲੋਂ ਨਿਰਦੇਸ਼ਿਤ ਕੀਤੀ ਫ਼ਿਲਮ 'ਕੈਰੀ ਆਨ ਜੱਟਾ-3' ਸੌ ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰਕੇ ਪੰਜਾਬੀ ਸਿਨੇਮਾ ਦੀ ਹੁਣ ਤੱਕ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਪਹਿਲੀ ਪੰਜਾਬੀ ਫ਼ਿਲਮ ਬਣ ਚੁੱਕੀ ਹੈ।
ਸਾਲ 2023 ਦੇ ਜਨਵਰੀ ਮਹੀਨੇ ਦੀ ਸ਼ੁਰੂਆਤ ਵਿਚ ਆਈ ਫ਼ਿਲਮ 'ਹਵੇਲੀ ਇਨ ਟ੍ਰਬਲ' ਇਕ ਡਰਾਉਣੀ ਤੇ ਰਹੱਸ ਭਰਪੂਰ ਫ਼ਿਲਮ ਸੀ ਜਿਸਦਾ ਨਿਰਦੇਸ਼ਨ ਦੇਵੀ ਸ਼ਰਮਾ ਨੇ ਕੀਤਾ ਸੀ ਤੇ ਇਹ ਫ਼ਿਲਮ 'ਚੌਪਾਲ' ਨਾਮਕ ਮੀਡੀਆ ਪਲੇਟਫ਼ਾਰਮ 'ਤੇ ਰਿਲੀਜ਼ ਹੋਈ ਸੀ। ਇਸੇ ਮਹੀਨੇ ਵਿਚ ਨਿਰਦੇਸ਼ਕ ਅਵਤਾਰ ਸਿੰਘ ਵਲੋਂ ਰਾਜੀਵ ਠਾਕੁਰ, ਸ਼ਹਿਨਾਜ਼ ਸਹਿਰ ਤੇ ਨਿਰਮਲ ਰਿਸ਼ੀ ਨੂੰ ਲੈ ਕੇ ਬਣਾਈ ਗਈ ਹਾਸਰਸ ਫ਼ਿਲਮ 'ਕੰਜੂਸ ਮਜਨੂੰ ਖ਼ਰਚੀਲੀ ਲੈਲਾ' ਅਤੇ ਹਰਸ਼ਰਨ ਸਿੰਘ ਤੇ ਅਮਨਿੰਦਰ ਢਿੱਲੋਂ ਨੂੰ ਲੈ ਕੇ ਨਿਰਦੇਸ਼ਕ ਸਤਿੰਦਰ ਪ੍ਰਸੋਨਾ ਵਲੋਂ ਨਿਰਦੇਸ਼ਿਤ ਕੀਤੀ ਕ੍ਰਾਈਮ ਸਟੋਰੀ ਫ਼ਿਲਮ 'ਰੇਂਜ ਰੋਡ 290' ਵੀ ਆਈਆਂ ਪਰ ਦਰਸ਼ਕਾਂ ਦੇ ਦਿਲ ਜਿੱਤਣ 'ਚ ਪੂਰੀ ਤਰ੍ਹਾਂ ਕਾਮਯਾਬ ਨਾ ਹੋ ਸਕੀਆਂ। ਇਸ ਤੋਂ ਬਾਅਦ 3 ਫ਼ਰਵਰੀ 2023 ਨੂੰ ਰਿਲੀਜ਼ ਹੋਈ ਸਤਿੰਦਰ ਸਰਤਾਜ, ਨੀਰੂ ਬਾਜਵਾ ਤੇ ਵਾਮਿਕਾ ਗੱਬੀ ਦੀਆਂ ਮੁੱਖ ਭੂਮਿਕਾਵਾਂ ਵਾਲੀ ਫ਼ਿਲਮ 'ਕਲੀ ਜੋਟਾ' ਦਰਸ਼ਕਾਂ ਦੀਆਂ ਉਮੀਦਾਂ 'ਤੇ ਖ਼ਰ੍ਹੀ ਉੱਤਰੀ ਤੇ ਇਸ ਫ਼ਿਲਮ ਵਿਚ ਨੀਰੂ ਬਾਜਵਾ ਦੀ ਭਾਵਪੂਰਤ ਅਦਾਕਾਰੀ ਅਤੇ ਸਤਿੰਦਰ ਸਰਤਾਜ ਦੇ ਗੀਤ 'ਰੁਤਬਾ' ਨੇ ਦਰਸ਼ਕਾਂ ਦੇ ਦਿਲ ਲੁੱਟ ਲੈਣ 'ਚ ਕੋਈ ਕਸਰ ਨਹੀਂ ਛੱਡੀ ਸੀ। ਤਕਰੀਬਨ 4.5 ਕਰੋੜ ਰੁਪਏ ਦੇ ਬਜਟ ਦੀ ਇਹ ਫ਼ਿਲਮ 42.53 ਕਰੋੜ ਰੁਪਏ ਕਮਾਉਣ ਵਿਚ ਸਫ਼ਲ ਰਹੀ ਸੀ। ਫ਼ਰਵਰੀ 'ਚ ਹੀ ਆਈ ਫ਼ਿਲਮ 'ਤੂੰ ਹੋਵੇਂ ਮੈਂ ਹੋਵਾਂ' ਵਿਚ ਜਿੰਮੀ ਸ਼ੇਰਗਿੱਲ ਅਤੇ ਕੁਲਰਾਜ ਰੰਧਾਵਾ ਦੀ ਜੋੜੀ ਸੀ ਤੇ ਇਹ ਫ਼ਿਲਮ ਔਸਤ ਸਫ਼ਲਤਾ ਹੀ ਹਾਸਿਲ ਕਰ ਸਕੀ ਸੀ। ਨਿਰਦੇਸ਼ਕ ਸਮੀਪ ਕੰਗ ਦੀ ਫ਼ਿਲਮ 'ਗੋਲ ਗੱਪੇ' ਆਈ ਤਾਂ ਦਰਸਕਾਂ ਨੂੰ ਹਸਾ-ਹਸਾ ਕੇ ਢਿੱਡੀਂ ਪੀੜਾਂ ਪਾਉਣ ਸੀ ਪਰ ਇਹ ਫ਼ਿਲਮ ਵੀ ਬਾਕਸ ਆਫ਼ਿਸ 'ਤੇ ਕੋਈ ਵੱਡਾ ਕਮਾਲ ਨਹੀਂ ਵਿਖਾ ਸਕੀ ਸੀ। ਮਾਰਚ ਮਹੀਨੇ ਵਿਚ ਆਈ ਗਿੱਪੀ ਗਰੇਵਾਲ ਅਤੇ ਤਾਨੀਆ ਗਿੱਲ ਦੀ ਜੋੜੀ ਵਾਲੀ ਫ਼ਿਲਮ 'ਮਿੱਤਰਾਂ ਦਾ ਨਾਂ ਚੱਲਦਾ', ਸਰਗੁਣ ਮਹਿਤਾ ਅਤੇ ਗੁਰਨਾਮ ਭੁੱਲਰ ਦੀ ਜੋੜੀ ਆਧਾਰਿਤ ਰੁਮਾਂਟਿਕ-ਕਾਮੇਡੀ ਫ਼ਿਲਮ 'ਨਿਗ੍ਹਾ ਮਾਰਦਾ ਆਈਂ ਵੇ', ਅਦਾਕਾਰ ਰੌਸ਼ਨ ਪ੍ਰਿੰਸ, ਦਿਲਜੋਤ ਅਤੇ ਗੁਰਪ੍ਰੀਤ ਘੁੱਗੀ ਜਿਹੇ ਸਿਤਾਰਿਆਂ ਨਾਲ ਸਜੀ ਫ਼ਿਲਮ 'ਰੰਗ ਰੱਤਾ' ਅਤੇ ਰੌਸ਼ਨ ਪ੍ਰਿੰਸ ਦੀ ਹੀ ਫ਼ਿਲਮ 'ਕੀ ਮੈਂ ਝੂਠ ਬੋਲਿਆ' ਵੀ ਸੁਪਰਹਿੱਟ ਹੋਣ ਤੋਂ ਖੁੰਝ ਗਈਆਂ ਸਨ। ਅਦਾਕਾਰਾ ਉਪਾਸਨਾ ਸਿੰਘ ਵਲੋਂ ਨਿਰਦੇਸ਼ਿਤ ਹਾਸਰਸ ਫ਼ਿਲਮ 'ਯਾਰਾਂ ਦੀਆਂ ਪੌਂ ਬਾਰਾਂ' ਦੇ ਮੁੱਖ ਸਿਤਾਰੇ 'ਮਿਸ ਯੂਨੀਵਰਸ' ਰਹੀ ਹਰਨਾਜ਼ ਸੰਧੂ, ਜਸਵਿੰਦਰ ਭੱਲਾ, ਸਵਾਤੀ ਸ਼ਰਮਾ ਤੇ ਉਪਾਸਨਾ ਸਿੰਘ ਸਨ, ਪਰ ਇਹ ਫ਼ਿਲਮ ਵੀ ਔਸਤ ਤੋਂ ਵੱਧ ਕਾਰੋਬਾਰ ਨਹੀਂ ਕਰ ਸਕੀ ਸੀ।
ਇਸ ਸਾਲ ਦੀ ਦੂਜੀ ਤਿਮਾਹੀ ਵਿਚ ਤਿੰਨ ਦਰਜਨ ਦੇ ਕਰੀਬ ਫ਼ਿਲਮਾਂ ਦਰਸ਼ਕਾਂ ਦੀ ਕਚਹਿਰੀ ਵਿਚ ਪੇਸ਼ ਹੋਈਆਂ ਜਿਨ੍ਹਾਂ ਵਿਚ ਅਮਰ ਨੂਰੀ, ਜਸਵਿੰਦਰ ਭੱਲਾ, ਪੁਖਰਾਜ ਭੱਲਾ, ਵਿੰਦੂ ਦਾਰਾ ਸਿੰਘ ਜਿਹੇ ਸਿਤਾਰਿਆਂ ਨਾਲ ਸਜੀ ਫ਼ਿਲਮ 'ਉਡੀਕਾਂ ਤੇਰੀਆਂ', ਅਦਾਕਾਰ ਦੇਵ ਖਰੌੜ, ਪ੍ਰਿੰਸ ਕੰਵਲਜੀਤ ਸਿੰਘ ਤੇ ਰਾਹੁਲ ਦੇਵ ਨੂੰ ਲੈ ਕੇ ਰਾਜ ਸਿਨਹਾ ਵਲੋਂ ਨਿਰਦੇਸ਼ਿਤ ਫ਼ਿਲਮ 'ਯਾਰਾਂ ਦਾ ਰੁਤਬਾ', ਰੇਤਾ 'ਤੇ ਕਬਜ਼ੇ ਨੂੰ ਲੈ ਕੇ ਸਿਮਰਜੀਤ ਸਿੰਘ ਹੁੰਦਲ ਵਲੋਂ ਬਣਾਈ ਫ਼ਿਲਮ 'ਮਾਈਨਿੰਗ', ਨਿਰਦੇਸ਼ਕ ਮਨਦੀਪ ਚਾਹਲ ਦੀ ਫ਼ਿਲਮ 'ਨਿਡਰ', ਮਹਿਰਾਜ ਸਿੰਘ ਤੇ ਆਕ੍ਰਿਤੀ ਸਹੋਤਾ ਦੀ ਜੋੜੀ ਨੂੰ ਲੈ ਕੇ ਨਿਰਦੇਸ਼ਕ ਤਾਜ ਵਲੋਂ ਨਿਰਦੇਸ਼ਿਤ 'ਪੇਂਟਰ', ਅਮਾਨਤਮੀਤ ਸਿੰਘ ਦੀ 'ਮੇਰਾ ਬਾਬਾ ਨਾਨਕ', ਆਸ਼ੀਸ਼ ਦੁੱਗਲ, ਸੁਰਮੀਤ ਬਸਰਾ ਤੇ ਮਹਾਂਬੀਰ ਭੁੱਲਰ ਦੀ ਫ਼ਿਲਮ 'ਯੂਥ ਫ਼ੈਸਟੀਵਲ', ਬਾਣੀ ਸੰਧੂ ਅਤੇ ਜੇ. ਰੰਧਾਵਾ ਜਿਹੇ ਕਲਾਕਾਰਾਂ ਨੂੰ ਲੈ ਕੇ ਮਨੀਸ਼ ਭੱਟ ਵਲੋਂ ਬਣਾਈ ਫ਼ਿਲਮ 'ਮੈਡਲ' ਅਤੇ ਨਿਰਦੇਸ਼ਕ ਕੇ.ਐਸ. ਘੁੰਮਣ ਦੀ ਫ਼ਿਲਮ 'ਸ਼ੌਕ ਸਰਦਾਰੀ ਦਾ' ਆਦਿ ਫ਼ਿਲਮਾਂ ਔਸਤ ਪੱਧਰ ਦੀ ਸਫ਼ਲਤਾ ਹਾਸਿਲ ਕਰ ਪਾਈਆਂ ਸਨ। ਇਸ ਤਿਮਾਹੀ ਦੀਆਂ ਸਿਰਕੱਢ ਫ਼ਿਲਮਾਂ ਵਿਚ ਨੀਰੂ ਬਾਜਵਾ ਐਂਟਰਟੇਨਮੈਂਟ ਵਲੋਂ ਨਿਰਮਿਤ ਤੇ ਨੀਰੂ ਬਾਜਵਾ, ਜਸ ਬਾਜਵਾ, ਆਦਿਤੀ ਸ਼ਰਮਾ ਤੇ ਗੁਰਪ੍ਰੀਤ ਘੁੱਗੀ ਜਿਹੇ ਕਲਾਕਾਰਾਂ ਦੀ ਫ਼ਿਲਮ 'ਚੱਲ ਜਿੰਦੀਏ', ਐਮੀ ਵਿਰਕ ਤੇ ਪਰੀ ਪੰਧੇਰ ਦੀ ਜੋੜੀ ਦੀ ਕਾਮੇਡੀ ਫ਼ਿਲਮ 'ਅੰਨ੍ਹੀ ਦਿਆ ਮਜ਼ਾਕ ਏ', ਨਿਰਦੇਸ਼ਕ ਅੰਬਰਦੀਪ ਵਲੋਂ ਦਿਲਜੀਤ ਦੁਸਾਂਝ ਅਤੇ ਨਿਮਰਤ ਖ਼ਹਿਰਾ ਨੂੰ ਕੇਂਦਰ 'ਚ ਰੱਖ ਕੇ ਬਣਾਈ ਗਈ ਫ਼ਿਲਮ 'ਜੋੜੀ', ਅਜੇ ਸਰਕਾਰੀਆ, ਸਰਗੁਣ ਮਹਿਤਾ, ਪ੍ਰਿੰਸ ਕੰਵਲਜੀਤ ਸਿੰਘ ਦੀ ਕਾਮੇਡੀ ਫ਼ਿਲਮ 'ਸਿੱਧੂਜ਼ ਆਫ਼ ਸਾਊਥਹਾਲ', ਗਾਇਕ-ਅਦਾਕਾਰ ਰਣਜੀਤ ਬਾਵਾ ਤੇ ਮਾਹਿਰਾ ਸ਼ਰਮਾ ਦੀ 'ਲੈਂਬਰਗਿੰਨੀ' ਅਤੇ ਅਦਾਕਾਰਾ ਸੋਨਮ ਬਾਜਵਾ ਦੀ ਮੁੱਖ ਭੂਮਿਕਾ ਵਾਲੀ ਫ਼ਿਲਮ 'ਗੋਡੇ ਗੋਡੇ ਚਾਅ ' ਆਦਿ ਸ਼ਾਮਿਲ ਸਨ। ਨਿਰਦੇਸ਼ਕ ਜਤਿੰਦਰ ਮੋਹਾਰੀ ਵਲੋਂ ਐਮੀ ਵਿਰਕ, ਦੇਵ ਖਰੌੜ ਤੇ ਹੋਰ ਕਲਾਕਾਰਾਂ ਨੂੰ ਲੈ ਕੇ ਬਣਾਈ ਗਈ ਤੇ ਬੇਹੱਦ ਪ੍ਰਚਾਰੀ ਗਈ ਫ਼ਿਲਮ 'ਮੌੜ' ਜਿੱਥੇ ਕੋਈ ਵੱਡਾ ਕ੍ਰਿਸ਼ਮਾ ਕਰਨ 'ਚ ਅਸਫ਼ਲ ਰਹੀ ਉੱਥੇ ਹੀ 29 ਜੂਨ ਨੂੰ ਰਿਲੀਜ਼ ਹੋਈ ਗਿੱਪੀ ਗਰੇਵਾਲ ਦੀ ਫ਼ਿਲਮ 'ਕੈਰੀ ਆਨ ਜੱਟਾ-3' ਬਲਾਕਬਸਟਰ ਹਿੱਟ ਰਹੀ ਸੀ।
2023 ਅਗਸਤ ਮਹੀਨੇ ਵਿਚ 'ਬੱਲੇ ਓ ਚਲਾਕ ਸੱਜਣਾ', 'ਮੁੰਡਾ ਸਾਊਥਹਾਲ ਦਾ', 'ਪੌਣੇ ਨੌਂ' ਅਤੇ 'ਜੂਨੀਅਰ' ਜਿਹੀਆਂ ਲੀਕ ਤੋਂ ਹਟਵੀਆਂ ਫ਼ਿਲਮਾਂ ਆਈਆਂ, ਪਰ ਅਗਸਚ ਮਹੀਨੇ ਵਿਚ ਰਿਲੀਜ਼ ਹੋਈ ਤਰਸੇਮ ਜੱਸੜ, ਸਿੰਮੀ ਚਾਹਲ ਅਤੇ ਗੁਰਪ੍ਰੀਤ ਘੁੱਗੀ ਸਮੇਤ ਹੋਰ ਕਾਲਾਕਾਰਾਂ ਨੂੰ ਲੈ ਕੇ ਬਣਾਈ ਗਈ ਸਿੱਖ ਯੋਧਿਆਂ ਦੀ ਗਾਥਾ ਬਿਆਨ ਕਰਦੀ ਫ਼ਿਲਮ 'ਮਸਤਾਨੇ' ਆਪਣੀ ਲਾਗਤ ਦੇ 14 ਕਰੋੜ ਰੁਪਿਆਂ ਦੇ ਬਦਲੇ 69 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰਕੇ ਸਫ਼ਲਤਾ ਹਾਸਿਲ ਕਰ ਗਈ ਸੀ। ਇਸ ਫ਼ਿਲਮ ਵਿਚ ਸਮੂਹ ਅਦਾਕਾਰਾਂ ਦੀ ਅਦਾਕਾਰੀ ਪ੍ਰਭਾਵਸ਼ਾਲੀ ਰਹੀ ਸੀ। ਇਸੇ ਤਰ੍ਹਾਂ ਸਤੰਬਰ ਮਹੀਨੇ 'ਚ ਰਿਲੀਜ਼ ਹੋਈਆਂ 'ਹਰਫ਼', 'ਚੇਤਾ ਸਿੰਘ' ਅਤੇ 'ਰੱਬ ਦੀ ਮਿਹਰ' ਆਦਿ ਫ਼ਿਲਮਾਂ ਦਰਸ਼ਕਾਂ ਦੇ ਦਿਲਾਂ ਨੂੰ ਗਹਿਰਾਈ ਤੱਕ ਛੂਹ ਨਾ ਸਕੀਆਂ ਪਰ 28 ਸਤੰਬਰ ਨੂੰ ਆਈ ਨੀਰੂ ਬਾਜਵਾ, ਰੂਬੀਨਾ ਬਾਜਵਾ, ਨਿਰਮਲ ਰਿਸ਼ੀ ਤੇ ਹੋਰ ਮਹਿਲਾ ਅਦਾਕਾਰਾਂ ਦੀ ਬਹੁਤਾਤ ਵਾਲੀ ਫ਼ਿਲਮ 'ਬੂਹੇ ਬਾਰੀਆਂ' ਅਤੇ ਨਿਰਦੇਸ਼ਕ ਸਮੀਪ ਕੰਗ ਦੀ ਫ਼ਿਲਮ 'ਗੱਡੀ ਜਾਂਦੀ ਏ ਛਲਾਂਗਾਂ ਮਾਰਦੀ' ਆਦਿ ਜਿਹੀਆਂ ਚਰਚਿਤ ਫ਼ਿਲਮਾਂ ਆਪਣੀ ਲਾਗਤ ਪੂਰੀ ਕਰਨ ਵਿਚ ਹੀ ਸਫ਼ਲ ਰਹੀਆਂ ਸਨ। ਅਕਤੂਬਰ ਮਹੀਨੇ ਦੀਆਂ ਪ੍ਰਮੁੱਖ ਫ਼ਿਲਮਾਂ ਵਿਚ 'ਐਨੀ ਹਾਓ ਮਿੱਟੀ ਪਾਓ, ਚਿੜੀਆਂ ਦਾ ਚੰਬਾ, ਵਾਈਟ ਪੰਜਾਬ, ਸਰਦਾਰਾ ਐਂਡ ਸੰਨਜ਼, ਜ਼ਿੰਦਗੀ ਜ਼ਿੰਦਾਬਾਦ, ਪਿੰਡ ਅਮਰੀਕਾ' ਨੂੰ ਰੱਖਿਆ ਜਾ ਸਕਦਾ ਹੈ ਪਰ ਆਸ ਤੋਂ ਰਤਾ ਘੱਟ ਸਫ਼ਲਤਾ ਹਾਸਿਲ ਕਰਨ ਵਾਲੀ ਫ਼ਿਲਮ 'ਮੌਜਾਂ ਹੀ ਮੌਜਾਂ' ਸੀ ਜਿਸ ਵਿਚ ਗਿੱਪੀ ਗਰੇਵਾਲ, ਬੀਨੂੰ ਢਿੱਲੋਂ ਤੇ ਕਰਮਜੀਤ ਅਨਮੋਲ ਜਿਹੇ ਕਲਾਕਾਰਾਂ ਨੂੰ ਨਾਮਵਰ ਨਿਰਦੇਸ਼ਕ ਸਮੀਪ ਕੰਗ ਨੇ ਨਿਰਦੇਸ਼ਿਤ ਕੀਤਾ ਸੀ। ਨਵੰਬਰ ਮਹੀਨੇ ਵਿਚ ਆਈਆਂ ਤਿੰਨ ਵੱਡੀਆਂ ਫ਼ਿਲਮਾਂ ਵਿਚ ਰੌਸ਼ਨ ਪ੍ਰਿੰਸ, ਗੁਰਪ੍ਰੀਤ ਘੁੱਗੀ, ਬੀ.ਐਨ. ਸ਼ਰਮਾ, ਹਰਬੀ ਸੰਘਾ ਜਿਹੇ ਅਦਾਕਾਰਾਂ ਨੂੰ ਲੈ ਕੇ ਨਿਰਦੇਸ਼ਕ ਸਤਿੰਦਰ ਸਿੰਘ ਦੇਵ ਦੀ ਫ਼ਿਲਮ 'ਬਿਨਾਂ ਬੈਂਡ ਚੱਲੇ ਇੰਗਲੈਂਡ' ਅਤੇ ਬਹੁਪੱਖੀ ਫ਼ਨਕਾਰ ਗੁਰਨਾਮ ਭੁੱਲਰ ਅਤੇ ਰੂਪੀ ਗਿੱਲ ਦੀ ਫ਼ਿਲਮ 'ਪਰਿੰਦਾ ਪਾਰ ਗਿਆ' ਬਾਕਸ ਆਫ਼ਿਸ 'ਤੇ ਇਹ ਸਤਰਾਂ ਲਿਖੇ ਜਾਣ ਤੱਕ ਆਪਣੀ ਹਾਜ਼ਰੀ ਵੀ ਦਰਜ ਕਰ ਰਹੀਆਂ ਸਨ ਜਦੋਂ ਕਿ ਨਿਰਦੇਸ਼ਕ ਕਵੀ ਰਾਜ ਵਲੋਂ ਆਜ਼ਾਦੀ ਦੇ ਪਰਵਾਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਜੀਵਨੀ 'ਤੇ ਬਣੀ ਫ਼ਿਲਮ 'ਸਰਾਭਾ' ਇਕ ਵਧੀਆ ਫ਼ਿਲਮ ਰਹੀ ਹੈ।
ਸਾਲ 2023 ਦੇ ਪਾਲੀਵੁੱਡ ਦਾ ਸਮੁੱਚਾ ਮੇਲਾ ਨਿਰਦੇਸ਼ਕ ਸਮੀਪ ਕੰਗ ਨੇ ਲੁੱਟ ਲਿਆ, ਕਿਉਂਕਿ ਇਸ ਸਾਲ ਉਸ ਦੀਆਂ ਚਾਰ ਫ਼ਿਲਮਾਂ 'ਕੈਰੀ ਆਨ ਜੱਟਾ-3', 'ਗੱਡੀ ਜਾਂਦੀ ਹੈ ਛਲਾਂਗਾਂ ਮਾਰਦੀ', 'ਮੌਜਾਂ ਹੀ ਮੌਜਾਂ' ਅਤੇ 'ਗੋਲ ਗੱਪੇ' ਰਿਲੀਜ਼ ਹੋਈਆਂ ਤੇ ਸਫ਼ਲ ਵੀ ਰਹੀਆਂ। ਫ਼ਿਲਮਕਾਰ ਵਿਜੇ ਕੁਮਾਰ ਅਰੋੜਾ ਦੀਆਂ ਦੋ ਫ਼ਿਲਮਾਂ 'ਕਲੀ ਜੋਟਾ' ਅਤੇ 'ਗੋਡੇ ਗੋਡੇ ਚਾਅ' ਵੀ ਬੇਹੱਦ ਕਾਮਯਾਬ ਰਹੀਆਂ।
ਪਰਮਜੀਤ ਸਿੰਘ
Comments (0)