ਮਾਘੀ ਨਹਾਵਣ ਮੈਂ ਚੱਲੀ ਜੋ ਤੀਰਥ ਕਰ ਸਮਿਆਨ
ਸਾਡੇ ਪੰਜਾਬੀਆਂ ਦੇ ਦਿਨ, ਮਹੀਨੇ, ਤਿੱਥ, ਤਿਉਹਾਰ, ਅਖਾਣ, ਕਹਾਵਤਾਂ, ਟੱਪੇ, ਬੋਲੀਆਂ ਤੇ ਲੋਕ ਗੀਤ ਸਭ ਆਪਸ 'ਚ ਜੁੜੇ ਹੋਏ ਨੇ ਸਾਡੇ ਕਈਂ ਸੂਫੀ-ਸੰਤ-ਫ਼ਕੀਰਾਂ ਨੇ ਤਿੱਥ ਅਤੇ ਤਿਉਹਾਰਾ ਤੋਂ ਇਲਾਵਾ ਸਾਲ 'ਚ ਆਉਂਦੇ ਦੇਸੀ ਮਹੀਨਿਆਂ ਤੇ ਵੀ ਬਹੁਤ ਕੁਝ ਫ਼ਰਮਾਇਆ ਹੈ।
ਉਨ੍ਹਾਂ ਦੀਆ ਲਿਖੀਆਂ ਤੇ ਕਹੀਆਂ ਗੱਲਾਂ 'ਚ ਇਕ ਅਲੱਗ ਹੀ ਕਿਸਮ ਦਾ ਨਿੱਘ ਅੱਜ ਵੀ ਮਿਲਦਾ ਹੈ, ਰੁੱਤਾਂ, ਬਹਾਰਾਂ, ਮੌਸਮ, ਤੇ ਤਿਉਹਾਰਾ ਦੇ ਆਪਸੀ ਸੰਬੰਧ ਉਨ੍ਹਾਂ ਬੜੀ ਸੁਝ-ਬੁਝ ਨਾਲ ਆਪਣੇ ਢੰਗ ਨਾਲ ਸਮਜਾਇਆ ਹੈ। ਜਿਵੇਂ ਚੱਲ ਰਹੇ ਮਾਘ ਦੇ ਮਹੀਨੇ 'ਚ ਪੈ ਰਹੇ ਪਾਲੇ ਦਾ ਜਿਕਰ ਕਰਦੇ ਹੋਏ ਸਾਡੇ ਬਜ਼ੁਰਗ ਬਹੁਤ ਵਧੀਆ ਅਖਾਣ ਰੂਪ 'ਚ ਜਿਕਰ ਕਰਦੇ ਹਨ ਕਿ :
ਪਾਲਾ ਪੋਹ ਦਾ ਨਾ ਮਾਘ ਦਾ, ਪਾਲਾ ਵਾਓ ਦਾ !
ਮਾਘ ਮਹੀਨੇ 'ਚ ਪਾਲਾ ਘਟਣ ਦੇ ਆਸਾਰ ਬਣਦੇ ਹਨ, ਕਿਉਂ ਕਿ ਮਾਘ ਮਹੀਨੇ ਸੂਰਜ ਦੀ ਹਾਜ਼ਰੀ ਥੋੜੀ ਵਧਣ ਕਾਰਣ ਕੋਸੀ-ਕੋਸੀ ਧੁੱਪ ਦਾ ਅਨੰਦ ਮਾਣਦਿਆਂ ਚੌਗਿਰਦਾ ਖਿਲ ਉੱਠਦਾ ਹੈ, ਪ੍ਰੰਤੂ ਜੇ ਕਿਤੇ ਮਾਘ ਮਹੀਨੇ ਮੀਂਹ 'ਪੈ ਜਾਵੇਂ ਤੇ ਨਾਲ ਹੀ ਹਵਾ ਚੱਲ ਪਵੇਂ ਤਾਂ ਇਹ ਮਾਘ ਮਹੀਨਾ ਵੀ ਭਰ ਸਿਆਲੂ ਦਾ ਮਹੀਨਾ 'ਹੋ ਨਿੱਬੜਦਾ ਹੈ । ਮਾਘ ਦੇ ਮਹੀਨੇ ਇਹ ਜਾਂਦੀ-ਜਾਂਦੀ ਸਿਆਲੂ ਰੁੱਤ ਮਨੁੱਖੀ ਮਨ 'ਚ ਮਿਲਾਪ ਦੀ ਤਾਂਘ ਪੈਦਾ ਕਰਦੀ ਜਾਪਦੀ ਹੈ, ਇਹ ਮਿਲਾਪ ਦੀ ਤਾਂਘ ਦੁਨੀਆਵੀ ਵੀ ਹੋ ਸਕਦੀ ਹੈ ਤੇ ਰੂਹਾਨੀ ਵੀ ਇਹ ਮਨੁੱਖੀ ਮਨ ਦੀ ਅਵਸਥਾ ਤੇ ਨਿਰਭਰ ਕਰਦਾ ਹੈ। ਬਾਰਾਂਮਾਹ 'ਚ ਹਿਦਾਇਤਉਲਾ ਜੀ ਫ਼ਰਮਾਉਂਦੇ ਹਨ ਕਿ:
ਮਾਘ ਮਹੀਨਾ ਮਾਹੀ ਬਾਝੋਂ ਜੋ ਕੁਛ ਮੈਂ ਸੰਗ ਬੀਤੀ ਜੇ ।
ਸ਼ਾਲਾ ਦੁਸ਼ਮਨ ਨਾਲ ਨ ਹੋਵੇ ਜੇਹੀ ਵਿਛੋੜੇ ਕੀਤੀ ਜੇ ।
ਕੋਹਲੂ ਵਾਂਗਰ ਜਾਨ ਤਤੀ ਦੀ ਪੀੜ ਇਸ਼ਕ ਨੇ ਲੀਤੀ ਜੇ ।
ਜਾਣੇ ਓਹ ਏਹ ਗੱਲ ਹਿਦਾਯਤ ਜ਼ਹਿਰ ਇਸ਼ਕ ਜਿਨਿ ਪੀਤੀ ਜੇ ॥੧੧॥
ਇਹ ਮਾਘ ਮਾਹ ਦੇਸੀ ਮਹੀਨੇ ਦਾ ਗਿਆਰਵਾਂ ਮਹੀਨਾ ਬਣਦਾ ਹੈ ਅਤੇ ਅੰਗਰੇਜ਼ੀ ਮਹੀਨੇ ਅਨੁਸਾਰ ਮਾਘ ਮਾਹ ਅੱਧ ਜਨਵਰੀ ਤੋਂ ਸ਼ੁਰੂ ਹੋ ਅੱਧ ਫਰਵਰੀ ਤੱਕ ਦਾ ਹੁੰਦਾ ਹੈ। ਮਾਘ ਮਾਹ ਤੋਂ ਪਹਿਲਾਂ ਆਏ ਪੋਹ ਮਾਹ ਦੀ ਆਖਰੀ ਰਾਤ ਨੂੰ ਬਣਾਈ ਖਿਚੜੀ ,ਖੀਰ ਆਦਿ ਮਾਘ ਮਾਹ ਚੜ੍ਹਦਿਆਂ ਲੋਕ ਸੁਭਾ ਸੁੱਚੇ ਮੂੰਹ ਖਾਂਦੇ ਤੇ ਇਸ ਨੂੰ ਇਓ ਬਿਆਨਦੇ: ਪੋਹ ਰਿੱਧੀ ਮਾਘ ਖਾਧੀ!
ਮਾਘ ਮਾਹ ਦੀ ਪਹਿਲੀ ਤਾਰੀਖ ਮਾਘ ਦੀ ਸੰਗਰਾਂਦ ਅਖਵਾਉਂਦੀ ਹੈ ਤੇ ਇਸੇ ਦਿਨ ਸਿੱਖਾਂ ਦਾ ਤਿਉਹਾਰ ਮਾਘੀ ਹੁੰਦਾ ਹੈ ਜੋ ਕਿ ਪੰਜਾਬ ਦੀ ਧਰਤੀ ਮੁਕਤਸਰ ਸਾਹਿਬ ਵਿਖੇ ਮਨਾਇਆ ਜਾਂਦਾ ਹੈ। ਇਤਿਹਾਸਕ ਪੱਖ ਤੋਂ ਇੱਥੇ ਮਾਘ ਦੇ ਪਹਿਲੇ ਦਿਨ 40 ਮੁਕਤਿਆਂ ਦੀ ਯਾਦ ਨੂੰ ਸਮਰਪਿਤ ਵਿਸ਼ਾਲ ਸ਼ਹੀਦੀ ਜੋੜ ਮੇਲ ਲੱਗਦਾ ਹੈ ਜਿੱਥੇ ਲੱਖਾਂ ਸ਼ਰਧਾਲੂ ਮਹਾਨ ਸ਼ਹੀਦਾਂ ਨੂੰ ਨਤਮਸਤਕ ਹੁੰਦੇ ਹਨ। ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ਤੇ ਸ਼ਹੀਦੀ ਜਾਮ ਪੀਣ ਵਾਲੇ ਇਹ ਸ਼ਹੀਦ (ਮੁਕਤੇ) ਉਹੀ ਸਿੰਘ ਸਨ ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਮੁਗਲਾਂ ਅਤੇ ਪਹਾੜੀ ਰਾਜਿਆਂ ਦੀਆਂ ਫ਼ੌਜਾਂ ਨਾਲ ਮੁਕਾਬਲਾ ਕਰ ਰਹੇ ਹੁੰਦੇ ਹਨ ਤਾਂ ਮੁਗਲਾਂ ਅਤੇ ਪਹਾੜੀ ਰਾਜਿਆਂ ਦੀਆਂ ਫ਼ੌਜਾਂ ਕਿਲ੍ਹੇ ਦੀ ਘੇਰਾਬੰਦੀ ਕਰ ਲੈਂਦੀਆਂ ਹਨ। ਮੁਗਲਾਂ ਅਤੇ ਪਹਾੜੀ ਰਾਜਿਆਂ ਦੀਆਂ ਫ਼ੌਜਾਂ ਵਲੋਂ ਕੀਤੀ ਕਿਲ੍ਹੇ ਦੀ ਇਹ ਘੇਰਾਬੰਦੀ ਕਈ ਮਹੀਨੇ ਜਾਰੀ ਰਹਿੰਦੀ ਹੈ ਤਾਂ ਉਸ ਸਮੇਂ ਮਾਝੇ ਦੇ ਸਿੰਘਾਂ ਨੇ ਗੁਰੂ ਜੀ ਨੂੰ ਛੱਡ ਘਰ ਵਾਪਸੀ ਦਾ ਮਨ ਬਣਾ, ਗੁਰੂ ਸਾਹਿਬ ਨੂੰ ਬੇਦਾਵਾ ਲਿਖਕੇ ਘਰਾਂ ਨੂੰ ਵਾਪਸ ਚਲੇ ਜਾਂਦੇ ਹਨ ਪ੍ਰੰਤੂ ਘਰ ਗਿਆਂ ਨੂੰ ਜਦੋਂ ਮਾਈ ਭਾਗੋ ਅਤੇ ਹੋਰਨਾਂ ਨੇ ਲਾਹਨਤਾਂ ਪਾਉਂਦੇ ਹੋਏ ਚੂੜੀਆਂ ਪਾ ਲੈਣ ਦਾ ਮਿਹਣਾ ਦਿੱਤਾ ਤਾਂ ਇਹ ਸਿੰਘ ਗੁਰੂ ਸਾਹਿਬ ਤੋਂ ਮੁਆਫ਼ੀ ਮੰਗ ਕੇ ਭੁੱਲ ਬਖਸ਼ਾਉਣ ਲਈ ਤਿਆਰ ਹੋ ਗਏ। ਦੂਜੇਪਾਸੇ ਗੁਰੂ ਜੀ ਚਮਕੌਰ ਸਾਹਿਬ, ਮਾਛੀਵਾੜਾ ਸਾਹਿਬ, ਆਲਮਗੀਰ, ਰਾਏਕੋਟ, ਦੀਨਾ ਹੁੰਦੇ ਹੋਏ ਜਦੋਂ ਕੋਟਕਪੂਰੇ ਪੁੱਜੇ ਇੱਥੇ ਵੀ ਮੁਗਲ ਫੌਜ ਗੁਰੂ ਜੀ ਦਾ ਪਿੱਛਾ ਕਰ ਪਹੁੰਚ ਗਈ । ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਖਿਦਰਾਨੇ ਦੀ ਢਾਬ ਤੋਂ ਥੋੜ੍ਹਾ ਜਿਹਾ ਅੱਗੇ 'ਜਾ ਬੈਠੇ ਤਾਂ ਜੋ ਉੱਚੀ ਟੀਸੀ ਤੇ ਬੈਠ ਕੇ ਯੋਜਨਾਬੱਧ ਢੰਗ ਨਾਲ ਮੁਗਲ ਫ਼ੌਜਾਂ ਦਾ ਮੁਕਾਬਲਾ ਕੀਤਾ ਜਾ ਸਕੇ। ਮੁਕਤਸਰ ਦਾ ਪੁਰਾਣਾ ਨਾਮ ਖਿਦਰਾਣਾ ਹੁੰਦਾ ਸੀ। ਇੱਥੇ ਹੀ ਜਿਨ੍ਹਾਂ ਸਿੰਘਾ ਨੇ ਗੁਰੂ ਜੀ ਨੂੰ ਅਨੰਦਪੁਰ ਸਾਹਿਬ ਦੀ ਧਰਤੀ ਤੇ ਬੇਦਾਵਾ ਲਿਖਕੇ ਘਰਾਂ ਨੂੰ ਵਾਪਿਸ ਗਏ ਸਨ ਮਾਝੇ ਦੇ ਉਹ ਚਾਲੀ ਸਿੰਘਾਂ ਦਾ ਜੱਥਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਭਾਲ ਕਰਦਾ ਹੋਇਆ ਖਿਦਰਾਣੇ ਦੀ ਢਾਬ ਤੇ 'ਆ ਪਹੁੰਚਿਆ ਤੇ ਮੁਗਲ ਫੌਜਾਂ ਵਿਰੁੱਧ ਮੋਰਚਾ ਸੰਭਾਲ ਲਿਆ। ਮਾਈ ਭਾਗੋ ਅਤੇ ਭਾਈ ਮਹਾਂ ਸਿੰਘ ਦੀ ਅਗਵਾਈ ਹੇਠ ਸਿੰਘਾਂ ਨੇ ਦੁਸ਼ਮਣ ਫੌਜ ਤੇ ਹੱਲਾ ਬੋਲ ਦਿੱਤਾ। ਖਿਦਰਾਣੇ ਦੀ ਢਾਬ ਤੋਂ ਗੁਰੂ ਸਾਹਿਬ ਨੇ ਇਹਨਾਂ ਸਿੰਘਾਂ ਨੂੰ ਵੀਰਤਾ ਨਾਲ ਲੜਦਿਆ ਵੇਖਿਆ ਤੇ ਮੁਗਲ ਸੈਨਿਕ ਇਨ੍ਹਾਂ ਸਿੰਘਾ ਅੱਗੇ ਟਿਕ 'ਨਾ ਸਕੇ ਤੇ ਮੁਗਲ ਸੈਨਿਕ ਮੈਦਾਨ ਛੱਡ ਕੇ ਭੱਜ ਗਏ। ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਿੰਘਾਂ ਨੂੰ ਮਿਲੇ ਤਾਂ ਭਾਈ ਮਹਾਂ ਸਿੰਘ ਨੇ ਅਨੰਦਪੁਰ ਦੀ ਧਰਤੀ ਤੇ ਲਿਖਕੇ ਦਿੱਤਾ ਬੇਦਾਵਾ ਪਾੜ ਦੇਣ ਦੀ ਬੇਨਤੀ ਗੁਰੂ ਸਾਹਿਬ ਨੂੰ ਕੀਤੀ ਤਾਂ ਗੁਰੂ ਸਾਹਿਬ ਨੇ ਭਾਈ ਮਹਾਂ ਸਿੰਘ ਦਾ ਸਿਰ ਆਪਣੀ ਗੋਦ ਵਿੱਚ ਰੱਖ ਬੇਦਾਵਾ ਪਾੜ ਦਿੱਤਾ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਹਨਾਂ ਚਾਲੀ ਸਿੰਘਾਂ ਨੂੰ ਬੇਦਾਵੇ ਤੋਂ ਮੁਕਤ ਕਰਕੇ ਟੁੱਟੀ ਸਿੱਖੀ ਨੂੰ ਮੁੜ ਗੰਢਣ ਦਾ ਵਚਨ ਦਿੱਤਾ। ਗੁਰੂ ਸਾਹਿਬ ਨੇ ਆਪਣੇ ਹੱਥੀਂ ਇਹਨਾਂ ਸਿੰਘਾਂ ਦਾ ਦਾਹ-ਸੰਸਕਾਰ ਕੀਤਾ ਅਤੇ ਇਸ ਥਾਂ ਦਾ ਨਾਮ ਮੁਕਤਸਰ ਰੱਖਿਆ। ਹੁਣ ਇਸ ਅਸਥਾਨ ਤੇ ਸਰੋਵਰ ਅਤੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਸਥਿਤ ਹੈ। ਬੇਦਾਵੀਏ ਸਿੰਘਾਂ ਦੀ ਗੁਰੂ ਸਾਹਿਬ ਹੱਥੋਂ ਮੁਕਤੀ ਹੋਣ ਦੀ ਗੱਲ ਇਤਿਹਾਸ ਦੇ ਪੰਨਿਆਂ ਤੇ ਇਉਂ ਦਰਜ ਹੈ:
ਖਿਦਰਾਣਾ ਕਰ ਮੁਕਤਸਰ, ਮੁਕਤ ਮੁਕਤ ਸਭ ਕੀਨ।
ਹੋਇ ਸਾਬਤ ਜੂਝੈ ਜਬੈ, ਬਡੋ ਮਰਤਬੋ ਲੀਨ।
ਜਿੱਥੇ ਪੋਹ ਮਾਹ ਦੇ ਆਖਰੀ ਦਿਨ ਲੋਹੜੀ ਹੁੰਦੀ ਹੈ, ਉੱਥੇ ਮਾਘ ਮਾਹ ਦੇ ਪਹਿਲੇ ਦਿਨ ਮਾਘੀ ਮਨਾਈ ਜਾਂਦੀ ਹੈ। ਮਾਘ ਮਾਹ ਦੇ ਇਸ ਪਹਿਲੇ ਦਿਨ ਨੂੰ ਪੰਜਾਬ ਦੇ ਨਾਲ -ਨਾਲ ਭਾਰਤ ਦੇਸ਼ ਦੇ ਕਈ ਸੂਬਿਆਂ 'ਚ ਵੀ ਮਨਾਇਆ ਜਾਦਾਂ ਹੈ ਜਿਵੇਂ : ਤਾਮਿਲਨਾਡੂ 'ਚ ਇਸਨੂੰ ਪੋਂਗਲ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਇਸੇ ਤਰਾਂ ਕਰਨਾਟਕ, ਕੇਰਲ ਤੇ ਆਂਧਰਾ ਪ੍ਰਦੇਸ਼ 'ਚ ਇਸ ਨੂੰ ਸੰਕਰਾਂਤੀ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ਅਤੇ ਗੋਆ, ਓਡੀਸ਼ਾ, ਹਰਿਆਣਾ, ਬਿਹਾਰ, ਝਾਰਖੰਡ, ਆਂਧਰਾ ਪ੍ਰਦੇਸ਼, ਤੇਲੰਗਾਨਾ, ਕਰਨਾਟਕ, ਕੇਰਲਾ, ਮੱਧ ਪ੍ਰਦੇਸ਼, ਮਹਾਰਾਸ਼ਟਰ, ਰਾਜਸਥਾਨ, ਉੱਤਰ ਪ੍ਰਦੇਸ਼, ਬਿਹਾਰ, ਪੱਛਮੀ ਬੰਗਾਲ ਅਤੇ ਜੰਮੂ ਆਦਿ ਰਾਜਾਂ ਵਿੱਚ ਇਸ ਨੂੰ ਮਕਰ ਸੰਕਰਾਂਤੀ ਕਿਹਾ ਜਾਂਦਾ ਹੈ। ਇਲਾਹਾਬਾਦ ਵਿੱਚ ਗੰਗਾ, ਯਮੁਨਾ ਤੇ ਸਰਸਵਤੀ ਦੇ ਸੰਗਮ ‘ਤੇ ਹਰੇਕ ਸਾਲ ਇੱਕ ਮਹੀਨੇ ਤੱਕ ਮਾਘ ਮੇਲਾ ਲੱਗਦਾ ਹੈ, ਜਿਸ ਨੂੰ ਮਾਘ ਮੇਲੇ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ | ਸਮੁੱਚੇ ਉੱਤਰ ਪ੍ਰਦੇਸ਼ ਵਿੱਚ ਇਸ ਤਿਉਹਾਰ ਨੂੰ ਖਿਚੜੀ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ ਅਤੇ ਇਸ ਦਿਨ ਖਿਚੜੀ ਖਾਣ ਅਤੇ ਖਿਚੜੀ ਦਾਨ ਕਰਨ ਦਾ ਵਧੇਰੇ ਮਹੱਤਵ ਹੁੰਦਾ ਹੈ | ਇਸ ਦਿਨ ਉੜਦ, ਚੌਲ, ਤਿਲ, ਚਿਵੜੇ, ਸਵਰਨ, ਊਨੀ ਵਸਤਾਂ, ਕੰਬਲ ਆਦਿ ਦਾਨ ਕਰਨ ਦੀ ਪਰੰਪਰਾ ਹੈ | ਮਹਾਰਾਸ਼ਟਰ ਵਿੱਚ ਇਸ ਦਿਨ ਸਾਰੀਆਂ ਨਵੀਆਂ ਵਿਆਹੀਆਂ ਔਰਤਾਂ ਆਪਣੀ ਪਹਿਲੀ ਸੰਕ੍ਰਾਂਤੀ ‘ਤੇ ਕਪਾਹ, ਤੇਲ ਤੇ ਨਮਕ ਆਦਿ ਚੀਜ਼ਾਂ ਦੂਜੀਆਂ ਸੁਹਾਗਣ ਔਰਤਾਂ ਨੂੰ ਦਾਨ ਕਰਦੀਆਂ ਹਨ | ਮਾਘੀ ਵਾਲੇ ਦਿਨ ਸਿਰਫ ਪੰਜਾਬ ਹੀ ਨਹੀਂ ਸਗੋਂ ਪੂਰੇ ਭਾਰਤ 'ਚ ਹੀ ਲੋਕ ਪਵਿੱਤਰ ਸਰੋਵਰਾਂ, ਝਰਨਿਆਂ, ਨਦੀਆਂ, ਨਹਿਰਾਂ, ਦਰਿਆਵਾਂ, ਝੀਲਾਂ ਵਿਚ ਇਸ਼ਨਾਨ ਕਰ ਕੇ ਮਾਘੀ ਮਨਾਉਂਦੇ ਹਨ ਤੇ ਬਾਰਾਂਮਾਹ 'ਚ ਬਾਬਾ ਬੁੱਲ੍ਹੇ ਸ਼ਾਹ ਜੀ ਦੋਹਰਾ ਲਿਖਦੇ ਹਨ:
ਮਾਘੀ ਨਹਾਵਣ ਮੈਂ ਚੱਲੀ ਜੋ ਤੀਰਥ ਕਰ ਸਮਿਆਨ ।
ਗੱਜ ਗੱਜ ਬਰਸੇ ਮੇਘਲਾ ਮੈਂ ਰੋ ਰੋ ਕਰਾਂ ਇਸ਼ਨਾਨ ।
ਮਾਘ ਮਹੀਨੇ ਗਏ ਉਲਾਂਘ, ਨਵੀਂ ਮੁਹਬਤ ਬਹੁਤੀ ਤਾਂਘ,
ਇਸ਼ਕ ਮੁਅੱਜ਼ਨ ਦਿੱਤੀ ਬਾਂਗ, ਪੜ੍ਹਾਂ ਨਮਾਜ਼ ਪੀਆ ਦੀ ਤਾਂਘ,
ਦੁਆਈਂ ਕੀ ਕਰਾਂ ।
ਆਖਾਂ ਪਿਆਰੇ ਮੈਂ ਵੱਲ ਆ, ਤੇਰੇ ਮੁੱਖ ਵੇਖਣ ਦਾ ਚਾਅ,
ਭਾਵੇਂ ਹੋਰ ਤੱਤੀ ਨੂੰ ਤਾਅ, ਬੁੱਲ੍ਹਾ ਸ਼ੌਹ ਨੂੰ ਆਣ ਮਿਲਾ,
ਤੇਰੀ ਹੋ ਰਹਾਂ ।੫।
ਹਰਮਨਪ੍ਰੀਤ ਸਿੰਘ,
ਸਰਹਿੰਦ, ਜ਼ਿਲ੍ਹਾ: ਫ਼ਤਹਿਗੜ੍ਹ ਸਾਹਿਬ,
ਸੰਪਰਕ: 98550 10005
Comments (0)