ਇੱਕ ਦਰਵੇਸ਼ ਸਿੱਖ ਆਗੂ ਦੀ ਸ਼ਹਾਦਤ

ਇੱਕ ਦਰਵੇਸ਼ ਸਿੱਖ ਆਗੂ ਦੀ ਸ਼ਹਾਦਤ

ਪੰਜਾਬ ਦੀ ਧਰਤੀ ਉਪਰ ਵੱਸਦੇ ਸਿੱਖਾਂ ਨੂੰ ਸਦਾ ਹੀ ਹਕੂਮਤਾਂ ਦੇ ਜ਼ਬਰ ਦਾ ਸਾਹਮਣਾ ਕਰਨਾ ਪਿਆ ਹੈ। ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਸਾਹਿਬ ਜੀ ਤੋਂ ਲੈਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਹਿੰਦੁਸਤਾਨ ਦੀ ਧਰਤ ਉਪਰ ਲੋਧੀ ਵੰਸ਼ ਦੀ ਸਮਾਪਤੀ ਤੋਂ ਬਾਅਦ ਮੁਗ਼ਲ ਸਾਮਰਾਜ ਆਪਣੀ ਸਿਖਰ ਤੱਕ ਪਹੁੰਚਦਾ ਹੈ।

ਦੂਜੇ ਪਾਸੇ ਪਹਾੜੀ ਰਾਜਿਆਂ ਦਾ ਪਹਾੜੀ ਇਲਾਕਿਆਂ ਵਿੱਚ ਪ੍ਰਭਾਵ ਰਿਹਾ। ਇਨ੍ਹਾਂ ਹਕੂਮਤਾਂ ਦੀ ਗੁਰੂ ਸਾਹਿਬਾਨ ਅਤੇ ਸਿੱਖਾਂ ਦੇ ਨਾਲ ਤਕੜੀ ਟੱਕਰ ਰਹੀ। ਬਹੁਤ ਥੋੜ੍ਹਾ ਸਮਾਂ ਸਿੱਖ ਅਜ਼ਾਦੀ ਮਾਣ ਸਕੇ ਅਤੇ ਦੁਬਾਰਾ ਤੋਂ ਅੰਗਰੇਜ਼ਾਂ ਦੇ ਜ਼ੁਲਮਾਂ ਦਾ ਸ਼ਿਕਾਰ ਹੋਣ ਲੱਗੇ। ਇਨ੍ਹਾਂ ਹਕੂਮਤਾਂ ਦੌਰਾਨ ਸਿੱਖਾਂ ਦੀਆਂ ਸ਼ਹੀਦੀਆਂ ਨੂੰ ਬਹੁਤੀ ਲੋਕਾਈ ਕਿਸੇ ਮਾੜੇ ਸਮੇਂ ਦੇ ਬੀਤਣ ਵਾਂਗ ਯਾਦ ਕਰਦੀ ਹੈ, ਮੁਗਲ ਹਕੂਮਤ ਅਤੇ ਅੰਗਰੇਜੀ ਸਰਕਾਰ ਨੂੰ ਬੇਗਾਨੇ ਲੋਕਾਂ ਦੀ ਸਰਕਾਰ ਅਤੇ ਉਨ੍ਹਾਂ ਦੁਆਰਾ ਸਿੱਖਾਂ ਉਪਰ ਢਾਹੇ ਜੁਲਮਾਂ ਨੂੰ ਬੀਤੇ ਚੁੱਕੇ ਸਮੇਂ ਦੇ ਇਤਿਹਾਸ ਵਜੋਂ ਜਾਣਦੀ ਹੈ। 1947 ਪਿੱਛੋਂ ਹਿੰਦੁਸਤਾਨ ਅੰਦਰ ਨਵਾਂ ਹਕੂਮਤੀ ਪ੍ਰਬੰਧ ਹੋਂਦ ਵਿਚ ਆਉਂਦਾ ਹੈ, ਜਿਸਨੂੰ ਸਿੱਖ ਜਗਤ ਵਲੋਂ ਵੀ ਦੇਸੀ ਪ੍ਰਬੰਧ ਜਾਣਕੇ ਸਿੱਖਾਂ ਦਾ ਹਾਮੀ ਜਾਣਿਆ ਗਿਆ। ਭਾਵੇਂ ਕਿ ਸਿੱਖ ਜਗਤ ਦੀ ਕਈ ਨੁਕਤਿਆਂ ਉਪਰ ਦਿੱਲੀ ਹਕੂਮਤ ਨਾਲ ਨੋਕ ਝੋਕ ਚੱਲਦੀ ਰਹੀ। ਸੰਨ 1984 ਤੋਂ ਬਾਅਦ ਸਿੱਖਾਂ ਦੇ ਵੱਡੇ ਹਿੱਸੇ ਨੇ ਇਸ ਗੱਲ ਨੂੰ ਸਮਝ ਲਿਆ ਕਿ ਪਹਿਲਾਂ ਦੀਆਂ ਅਤੇ ਹੁਣ ਦੀਆਂ ਹਕੂਮਤਾਂ ਦੀ ਨੀਤੀ ਵਿਚ ਸਿੱਖਾਂ ਲਈ ਕੁਝ ਵੀ ਵੱਖਰਾਪਣ ਨਹੀਂ ਸੀ। 1984 ਤੋਂ ਬਾਅਦ ਸਿੱਖਾਂ ਨੇ ਪੁਰਾਣੇ ਸਮੇਂ ਦਾ ਇਤਿਹਾਸ ਫੇਰ ਤੋਂ ਜਿਉਂਦਾ ਕੀਤਾ। 

ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖਾਂ ਦੀ ਵੱਡੀ ਸੰਸਥਾ ਹੈ, ਇਥੋਂ ਦਾ ਰੁਤਬਾ ਹਿੰਦੁਸਤਾਨ ਹੀ ਨਹੀਂ, ਦੁਨੀਆਂ ਭਰ ਵਿੱਚ ਸਿੱਖ ਸ਼ਕਤੀ ਦੇ ਇੱਕ ਕੇਂਦਰ ਵਜੋਂ ਜਾਣਿਆ ਜਾਂਦਾ ਹੈ। ਇਥੋਂ ਦੇ ਜਥੇਦਾਰਾਂ ਨੂੰ ਪੂਰੀ ਦੁਨੀਆਂ ਵਿਚ ਵੱਸਦੇ ਸਿੱਖਾਂ ਦਾ ਨੁਮਾਇੰਦਾ ਮੰਨਿਆ ਜਾਂਦਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖਾਂ ਲਈ ਪ੍ਰਭੂਤਾ ਦੀ ਪ੍ਰਤੀਕ ਸੰਸਥਾ ਹੈ। ਹਕੂਮਤਾਂ ਨੇ ਸਦਾ ਹੀ ਇਸਨੂੰ ਆਪਣੀ ਹੋਂਦ ਲਈ ਖਤਰਾ ਮੰਨਿਆ ਹੈ। 1984 ਵਿਚ ਦਿੱਲੀ ਦਰਬਾਰ ਸ੍ਰੀ ਅਕਾਲ ਤਖ਼ਤ ਸਾਹਿਬ ਉਪਰ ਸਿੱਧੇ ਰੂਪ ਵਿੱਚ ਹਮਲਾਵਰ ਹੁੰਦਾ ਹੈ, 1984 ਤੋਂ ਬਾਅਦ ਦਿੱਲੀ ਵਲੋਂ ਆਪਣੀ ਪਸੰਦ ਦੇ ਜਥੇਦਾਰ ਲਗਾ ਕੇ ਸਿੱਖਾਂ ਦੇ ਫੈਸਲੇ ਬਦਲਣ ਦੀ ਕੋਸ਼ਿਸ ਕੀਤੀ ਜਾਂਦੀ ਰਹੀ। ਜਦੋਂ ਕਦੇ ਦਿੱਲੀ ਦਾ ਜ਼ੋਰ ਨਾ ਚੱਲ ਸਕਿਆ ਅਤੇ ਸਿੱਖ ਜਗਤ ਨੂੰ ਖਾਲਸਾਈ ਰਵਾਇਤਾਂ ਵਾਲਾ ਜਥੇਦਾਰ ਚੁਨਣ ਦਾ ਮੌਕਾ ਮਿਲਿਆ ਤਾਂ ਦਿੱਲੀ ਨੇ ਉਸ ਜਥੇਦਾਰ ਨੂੰ ਵੀ ਹਜ਼ਾਰਾਂ ਹੋਰ ਸਿੱਖ ਨੌਜਵਾਨਾਂ ਦੀ ਤਰ੍ਹਾਂ ਸ਼ਹੀਦ ਕਰ ਦਿੱਤਾ। ਲੁਧਿਆਣਾ ਨੇੜਲੇ ਪਿੰਡ ਕਾਉਂਕੇ ਦੇ ਜਥੇਦਾਰ ਭਾਈ ਗੁਰਦੇਵ ਸਿੰਘ ਉਨ੍ਹਾਂ ਵਿੱਚ ਇੱਕ ਸਨ, ਜਿਹੜੇ ਸਿੱਖ ਰਹੁ ਰੀਤਾਂ ਦੀ ਪੂਰੀ ਤਰ੍ਹਾਂ ਤਰਜ਼ਮਾਨੀ ਕਰਦੇ ਸਨ। ਉਨ੍ਹਾਂ ਨੂੰ ਸੰਨ 1986 ਵਿੱਚ ਹੋਏ ਸਰਬੱਤ ਖਾਲਸਾ ਸਮਾਗਮ ਵਿੱਚ ਜਸਬੀਰ ਸਿੰਘ ਰੋਡੇ ਵਲੋਂ ਆਪਣੀ ਥਾਂ ਤੇ ਕਾਰਜਕਾਰੀ ਜਥੇਦਾਰ ਲਗਾਇਆ ਗਿਆ ਸੀ। ਭਾਈ ਗੁਰਦੇਵ ਸਿੰਘ ਕਾਉਂਕੇ ਜੀ ਨੇ ਜਥੇਦਾਰੀ ਦੀ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਬਾਹਿਆ। ਸਿੱਖ ਜਗਤ ਲਈ ਇਮਾਨਦਾਰੀ ਨਾਲ ਜਿੰਮੇਵਾਰੀ ਨਿਭਾਉਂਦਿਆਂ ਉਨ੍ਹਾਂ ਨੂੰ ਦਿੱਲੀ ਹਕੂਮਤ ਕਦੋਂ ਜਰ ਸਕਦੀ ਸੀ, ਜਦੋਂ ਕਿ ਉਸਨੇ ਤਾਂ ਸਿੱਖਾਂ ਦੇ ਅਜਿਹੇ ਆਗੂਆਂ ਨੂੰ ਮਾਨਤਾ ਦਿੱਤੀ ਹੋਈ ਸੀ, ਜਿਹੜੇ ਦਿੱਲੀ ਨਾਲ ਪੂਰੀ ਇਮਾਨਦਾਰੀ ਰੱਖਦੇ ਸਨ ਅਤੇ ਸਿੱਖ ਜਗਤ ਦੇ ਭਲੇ ਲਈ ਦਿੱਲੀ ਦਰਬਾਰ ਦੀ ਸਹਿਮਤੀ ਨਾਲ ਹੀ ਕੋਈ ਕਦਮ ਤੁਰਦੇ ਸਨ। ਇਸ ਵੰਗਾਰ ਨੂੰ ਖਤਮ ਕਰਨ ਲਈ ਦਿੱਲੀ ਦਰਬਾਰ ਨੇ ਪੰਜਾਬ ਵਿਚਲੇ ਜਾਲਮ ਅਫਸਰਾਂ ਨੂੰ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਅਤੇ ਫੇਰ ਸ਼ਹੀਦ ਕਰਨ ਦੇ ਅਣਲਿਖਤੀ ਫੁਰਮਾਨ ਜਾਰੀ ਕਰ ਦਿੱਤੇ। 25 ਦਸੰਬਰ 1992 ਨੂੰ ਭਾਈ ਗੁਰਦੇਵ ਸਿੰਘ ਨੂੰ ਪਿੰਡ ਦੇ ਸਾਹਮਣੇ ਗ੍ਰਿਫਤਾਰ ਕਰਨ ਤੋਂ ਬਾਅਦ ਉਨ੍ਹਾਂ ਨੂੰ ਤਸੀਹਾ ਕੇਂਦਰ ਵਿੱਚ ਲਿਜਾਇਆ ਜਾਂਦਾ ਹੈ। ਇੱਕ ਪਾਸੇ ਸਾਹਿਬਜ਼ਾਦਿਆਂ ਅਤੇ ਅਨੇਕ ਸਿੰਘਾਂ ਸਿੰਘਣੀਆਂ ਦੇ ਸ਼ਹੀਦੀ ਦਿਨ ਚੱਲ ਰਹੇ ਸਨ, ਦੂਜੇ ਪਾਸੇ ਭਾਈ ਗੁਰਦੇਵ ਸਿੰਘ 20ਵੀਂ ਸਦੀ ਵਿੱਚ ਜ਼ੁਲਮਾਂ ਨੂੰ ਸਿਦਕ ਨਾਲ ਸਹਿੰਦੇ ਹੋਏ ਲੋਕਾਈ ਨੂੰ ਦੱਸ ਰਹੇ ਸਨ ਕਿ ਉਹ ਅਤੇ ਉਨ੍ਹਾਂ ਦੇ ਸਾਥੀ 18ਵੀਂ ਸਦੀ ਦੇ ਮਹਾਨ ਸਿੱਖ ਸੰਘਰਸ਼ ਦੇ ਵਾਰਿਸ ਹਨ, ਨਾਲ ਹੀ ਜ਼ਾਲਮਾਂ ਨੂੰ ਵੀ ਸਾਬਤ ਕਰ ਰਹੇ ਸਨ ਕਿ ਮੁਗਲਾਂ ਦੇ ਵਾਰਿਸ ਅੱਜ ਨਹੀਂ ਤਾਂ ਕੱਲ ਮਹਾਨ ਸੱਚ ਦੇ ਸਾਹਮਣੇ ਹਾਰ ਜਾਣਗੇ। ਸਮਾਂ ਬਦਲਣ ਨਾਲ ਜ਼ਾਲਮਾਂ ਨੇ ਜ਼ੁਲਮ ਕਰਨ ਦੇ ਤਰੀਕੇ ਭਾਵੇਂ ਬਦਲ ਲਏ ਸਨ, ਚਰਖੜੀਆਂ, ਰੰਬੀਆਂ ਅਤੇ ਆਰਿਆਂ ਦੀ ਥਾਂ ਭਾਈ ਗੁਰਦੇਵ ਸਿੰਘ ਨੂੰ ਅੱਤ ਦੀ ਠੰਡ ਵਿੱਚ ਬਿਨਾਂ ਕੱਪੜਿਆਂ ਦੇ ਪੁੱਠਾ ਲਮਕਾ ਕੇ ਸੋਟੀਆਂ ਨਾਲ ਹੱਡ ਹੱਡ ਤੋੜ ਦਿੱਤਾ ਗਿਆ, ਬਿਜਲੀ ਦੇ ਝਟਕੇ, ਅੱਖਾਂ ਕੱਢ ਦੇਣ ਤੋਂ ਬਾਅਦ, ਸ਼ਹੀਦ ਦਾ ਬੇਜਾਨ ਪਿਆ ਪਵਿੱਤਰ ਸਰੀਰ ਵੀ ਜ਼ਾਲਮਾਂ ਨੇ ਦਾਹ ਦੇ ਨਾਲ ਛੋਟੇ ਛੋਟੇ ਟੁਕੜਿਆਂ ਵਿੱਚ ਵੱਢ ਦਿੱਤਾ। ਭਾਈ ਸਾਹਿਬ ਸੁਰਤ ਵਿੱਚ ਬਾਣੀ ਪੜ੍ਹਦਿਆਂ ਭਾਣਾ ਮੰਨਦੇ ਰਹੇ, ਜਦਕਿ ਜ਼ਾਲਮਾਂ ਦੀ ਜੀਭ ਉਪਰ ਮਾੜੇ ਕੁਬੋਲ ਅਤੇ ਗਾਲਾਂ ਸਨ। ਸਤਿਗੁਰਾਂ ਦੀ ਬਾਣੀ ਪੜ੍ਹਦਿਆਂ ਭਾਈ ਸਾਹਿਬ ਜੀ ਸਤਿਗੁਰਾਂ ਦੇ ਚਰਨਾਂ ਵਿਚ ਜਾ ਬਿਰਾਜੇ, ਦੂਸਰੇ ਪਾਸੇ ਜ਼ਾਲਮ ਨਰਕ ਭੋਗਣ ਦੇ ਅਧਿਕਾਰੀ ਬਣ ਗਏ। ਭਾਈ ਗੁਰਦੇਵ ਸਿੰਘ ਗੁਰਸਿੱਖੀ ਜੀਵਨ ਜਿਉਣ ਵਾਲੇ, ਨਾਲ ਹੀ ਸੁਭਾਅ ਦੇ ਬਹੁਤ ਨਿਮਰ, ਆਏ ਗਏ ਦੀ ਸੇਵਾ ਕਰਨ ਵਾਲੇ ਸਿਮਰਨ ਵਿੱਚ ਰਹਿਣ ਵਾਲੇ ਭਜਨੀਕ ਪੁਰਖ ਸਨ। ਹੁਣ ਵੇਲਾ ਹੈ, ਸਿੱਖਾਂ ਨੂੰ ਆਪਣੇ ਸ਼ਹੀਦਾਂ ਨੂੰ ਪੂਰੀ ਸਿੱਦਤ ਨਾਲ ਯਾਦ ਕਰਨ ਦਾ, ਉਨ੍ਹਾਂ ਦੇ ਜੀਵਨ ਤੋਂ ਪ੍ਰੇਰਣਾ ਲੈਣ ਦਾ, 18ਵੀਂ ਸਦੀ ਅਤੇ ਹੁਣ ਦੇ ਇਤਿਹਾਸ ਨੂੰ ਮਿਲਾ ਕੇ ਵੇਖਣ ਦਾ, ਤਾਹੀਂ ਹੀ ਅਗਲੀਆਂ ਪੀੜ੍ਹੀਆਂ ਭਾਈ ਗੁਰਦੇਵ ਸਿੰਘ ਵਰਗੇ ਗੁਰਸਿੱਖਾਂ ਦੇ ਜੀਵਨ ਅਤੇ ਉਨ੍ਹਾਂ ਦੀਆਂ ਸ਼ਹੀਦੀਆਂ ਤੋਂ ਪ੍ਰੇਰਣਾ ਲੈ ਸਕਣਗੀਆਂ। ਤੱਤ। 

ਖਾਲਸਾ ਰਾਜ ਦੀ ਚੌਂਕੀ ਸੰਭਾਲਣ ਦਾ ਜਿੰਮਾ ਕਿਸਦਾ?

ਰੋਪੜ ਨੇੜਲੇ ਪਿੰਡ ਆਸਰੋਂ ਵਿੱਚ ਸਤਲੁਜ ਦਰਿਆ ਦੇ ਕਿਨਾਰੇ ਖਾਲਸਾ ਰਾਜ ਦੀ ਚੌਂਕੀ ਦਾ ਲਾਂਘਾਂ ਇੱਕ ਸਵਰਾਜ ਨਾਮ ਦੇ ਕਾਰਖਾਨੇ ਵਲੋਂ ਬੀਤੇ ਸਮਿਆਂ ਤੋਂ ਰੋਕਿਆ ਹੋਇਆ ਸੀ। ਸਤਲੁਜ ਦਰਿਆ ਨੇੜਲੀ ਇੱਕ ਪਹਾੜੀ ਉਪਰ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ ਨੁਮਾਇਦਿਆਂ ਵਿਚਕਾਰ ਇੱਕ ਮਹੱਤਵਪੂਰਨ ਸੰਧੀ ਖਾਲਸਾ ਅਤੇ ਅੰਗਰੇਜ਼ੀ ਰਾਜ ਦੀਆਂ ਹੱਦਾਂ ਨੂੰ ਲੈਕੇ ਹੋਈ ਸੀ। ਇਸਦੀ ਯਾਦ ਦੁਆਉਂਦਾ ਇੱਕ ਅਸਟ ਧਾਤੂ ਦਾ ਨਿਸ਼ਾਨ ਸਾਹਿਬ ਲੱਗਿਆ ਹੋਇਆ ਸੀ। ਬੀਤੇ ਸਮੇਂ ਵਿਚ ਸਰਕਾਰੀ ਤੌਰ ਉਪਰ ਅਣਗਹਿਲੀ ਦਿਖਾਉਂਦਿਆ ਇਸ ਅਸਥਾਨ ਨੂੰ ਜਾਂਦਾ ਰਸਤਾ ਸਵਰਾਜ ਨਾਮ ਦੇ ਕਾਰਖਾਨੇ ਦੁਆਰਾ ਰੋਕ ਦਿੱਤਾ ਗਿਆ ਸੀ। ਇਸਤੋਂ ਇਲਾਵਾ ਜਿੱਥੇ ਨਿਸ਼ਾਨ ਸਾਹਿਬ ਲੱਗਿਆ ਹੋਇਆ ਸੀ, ਉਸ ਪਹਾੜੀ ਨੂੰ ਢਾਹੁਣ ਦੇ ਯਤਨ ਹੋਏ ਵੀ ਵਿਖਾਈ ਦਿੰਦੇ ਹਨ। ਖਾਲਸਾ ਰਾਜ ਨਾਲ ਸਬੰਧਿਤ ਚੌਂਕੀ ਇਤਿਹਾਸਿਕ ਨਿਸ਼ਾਨੀ ਹੈ, ਇਸਨੂੰ ਬਚਾਉਣਾ ਸਿਰਫ ਸਿੱਖ ਹੀ ਨਹੀਂ, ਸਾਰੇ ਹੀ ਲੋਕਾਂ ਦਾ ਫਰਜ਼ ਬਣਦਾ ਹੈ। ਭਾਵੇਂ ਕਿ ਸਰਕਾਰ ਨੇ ਹੁਣ ਲੋਕਾਂ ਦੇ ਸੰਘਰਸ਼ ਤੋਂ ਬਾਅਦ ਅਸਥਾਨ ਨੂੰ ਜਾਂਦਾ ਲਾਂਘਾਂ ਅਤੇ ਅੱਠ ਏਕੜ ਜ਼ਮੀਨ ਦੀ ਨਿਸ਼ਾਨਦੇਹੀ ਕਰਵਾਉਣ ਦੀ ਹਾਮੀ ਭਰੀ ਹੈ, ਪਰ ਤਾਂਵੀ ਇਸਨੂੰ ਸੰਭਾਲਣ ਅਤੇ ਇਸਦੀ ਕੁਦਰਤੀ ਦਿੱਖ ਨੂੰ ਬਰਕਰਾਰ ਰੱਖਣ ਦੀ ਜਿੰਮੇਵਾਰੀ ਲੋਕਾਂ ਦੀ ਹੀ ਬਣਦੀ ਹੈ।    

ਭਾਈ ਮਲਕੀਤ ਸਿੰਘ

ਸੰਪਾਦਕ