ਅਕਾਲ ਤਖਤ ਸਾਹਿਬ ਵਲੋਂ ਵਰਤੇ ਗਏ ਗੁਨਾਹਗਾਰ ਵਰਗੇ ਘਾਤਕ ਸ਼ਬਦ ਸੁਖਬੀਰ ਲਈ ਮੁਸੀਬਤ ਪੈਦਾ ਕਰਨਗੇ
ਤਨਖਾਹੀਆ ਦੇਣ ਦੇ ਅਗਲੇ ਦਿਨ ਸੁਖਬੀਰ ਬਾਦਲ ,ਸਾਬਕਾ ਮੰਤਰੀਆਂ ਸਮੇਤ ਅਕਾਲ ਤਖਤ ਪਹੁੰਚੇ
* ਸੁਖਬੀਰ ਬਾਦਲ ਮਾਮਲਾ ਜਲਦ ਨਿਪਟਾਉਣ ਦੇ ਹੱਕ ਵਿਚ ਤਾਂ ਜੋ ਅਗਲੀ ਰਣਨੀਤੀ ਘੜੀ ਜਾ ਸਕੇ
ਅਕਾਲ ਤਖ਼ਤ ਵਿਖੇ ਪੰਜ ਸਿੰਘ ਸਾਹਿਬਾਨਾਂ ਵੱਲੋਂ ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ 2007 ਤੋਂ 2017 ਤੱਕ ਹੋਈਆਂ ਗ਼ਲਤੀਆਂ ਲਈ ‘ਤਨਖਾਹੀਆ’ ਕਰਾਰ ਦੇਣ ਕਾਰਣ ਸੁਖਬੀਰ ਸਿੰਘ ਬਾਦਲ ਦੇ ਦੋਸ਼ਾਂ ਦਾ ਪੱਧਰ ਅਕਾਲ ਤਖ਼ਤ ਸਾਹਿਬ ਦੇ ਫੈਸਲੇ ਕਾਰਣ ਕਿਤੇ ਵੱਧ ਗਿਆ ਹੈ।
ਯਾਦ ਰਹੇ ਕਿ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਬੋਲਦਿਆਂ ਕਿਹਾ ਸੀ ਕਿ ਪੰਜ ਸਿੰਘ ਸਾਹਿਬਾਨਾਂ ਦੀ ਸਰਬਸੰਮਤੀ ਨਾਲ ਫ਼ੈਸਲਾ ਹੋਇਆ ਸੀ ਕਿ ਸੁਖਬੀਰ ਬਾਦਲ ਨੇ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਹੁੰਦਿਆਂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੁੰਦਿਆ ਹੋਇਆਂ ਕੁਝ ਅਜਿਹੇ ਫ਼ੈਸਲੇ ਲਏ ਜਿਸ ਨਾਲ ਪੰਥਕ ਸਰੂਪ ਦੇ ਅਕਸ ਤੇ ਅਕਾਲੀ ਦਲ ਨੂੰ ਭਾਰੀ ਢਾਹ ਲੱਗੀ ਹੈ।ਇਸ ਨਾਲ ਸਿੱਖ ਹਿੱਤਾਂ ਦਾ ਭਾਰੀ ਨੁਕਸਾਨ ਹੋਇਆ ਇਸ ਲਈ 2007 ਤੋਂ 2017 ਤੱਕ ਸਰਕਾਰ ਵਿੱਚ ਮੌਜੂਦ ਰਹੇ ਸੁਖਬੀਰ ਸਿੰਘ ਬਾਦਲ ਦੇ ਭਾਈਵਾਲ ਸਿੱਖ ਕੈਬਨਿਟ ਮੰਤਰੀ ਇਸ ਸਬੰਧੀ ਆਪਣਾ ਸਪੱਸ਼ਟੀਕਰਨ 15 ਦਿਨਾਂ ਦੇ ਅੰਦਰ-ਅੰਦਰ ਨਿੱਜੀ ਰੂਪ ਵਿੱਚ ਪੇਸ਼ ਹੋ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਦੇਣ।"
ਉਨ੍ਹਾਂ ਨੇ ਕਿਹਾ ਸੀ ਕਿ ਸੁਖਬੀਰ ਸਿੰਘ ਬਾਦਲ ਜਿੰਨਾ ਚਿਰ ਇੱਕ ਨਿਮਾਣੇ ਸਿੱਖ ਦੀ ਤਰ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸਿੱਖ ਸੰਗਤ ਅਤੇ ਪੰਜ ਸਿੰਘ ਸਾਹਿਬਾਨਾਂ ਦੀ ਹਾਜ਼ਰੀ ਵਿੱਚ ਆਪਣੇ ਕੀਤੇ ਹੋਏ ਗੁਨਾਹਾਂ ਦੀ ਮੁਆਫ਼ੀ ਨਹੀਂ ਮੰਗਦਾ, ਓਨਾ ਚਿਰ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਤਨਖਾਹੀਆ ਘੋਸ਼ਿਤ ਕੀਤਾ ਜਾਂਦਾ ਹੈ।"
ਸੋ ਪੰਜ ਸਿੰਘ ਸਾਹਿਬਾਨਾਂ ਵਲੋਂ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸੂਬਾਈ ਕੈਬਨਿਟ 'ਤੇ ਸਮੂਹਿਕ ਜ਼ਿੰਮੇਵਾਰੀ ਪਾਉਣ ਦਾ ਐਲਾਨ ਨਾ ਸਿਰਫ਼ ਸਿੰਘ ਸਾਹਿਬਾਨਾਂ ਲਈ ਸਗੋਂ ਸਮੁੱਚੀ ਅਕਾਲੀ ਦਲ ਲੀਡਰਸ਼ਿਪ ਲਈ ਵੀ ਸਥਿਤੀ ਨੂੰ ਤਣਾਅਪੂਰਨ ਬਣਾ ਸਕਦਾ ਹੈ, ਜਦੋਂ ਕਿ ਪਹਿਲਾਂ ਹੀ ਗੁਰਤੇਜ ਸਿੰਘ ਆਈਏਐਸ ਦੀ ਅਗਵਾਈ ਵਿਚ ਕੁਝ ਸਿੱਖ ਜਥੇਬੰਦੀਆਂ ਤੇ ਬੁਧੀਜੀਵੀਆਂ ਵਲੋਂ ਅਕਾਲ ਤਖਤ ਸਾਹਿਬ ਨੂੰ ਇਸ ਬਾਰੇ ਬੇਨਤੀ ਪੱਤਰ ਦਿੱਤਾ ਜਾ ਚੁੱਕਾ ਹੈ ਕਿ ਦਸੰਬਰ 2011 ਵਿੱਚ ਅਕਾਲ ਤਖਤ ਸਾਹਿਬ ਤੋਂ ਗਿਆਨੀ ਗੁਰਬਚਨ ਸਿੰਘ ਤੇ ਹੋਰਨਾਂ ਵਲੋਂ ਪ੍ਰਕਾਸ਼ ਸਿੰਘ ਬਾਦਲ ਨੂੰ ਦਿਤੇ ਪੰਥ ਰਤਨ ਫ਼ਖ਼ਰ-ਏ-ਕੌਮ” ਦਾ ਸਨਮਾਨ ਵਾਪਸ ਲਿਆ ਜਾਵੇ।
ਇਸ ਤੋਂ ਪਹਿਲਾਂ ਅਕਾਲ ਤਖ਼ਤ ਸਾਹਿਬ ਨੂੰ ਸੌਂਪੇ ਆਪਣੇ ਦੋਸ਼ਾਂ ਦੇ ਜਵਾਬ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਦੋਸ਼ਾਂ ਦਾ ਵੇਰਵਾ ਨਾ ਦੇਕੇ ਧਾਰਮਿਕ ਸਜ਼ਾ ਲਗਾਉਣ ਦੀ ਬੇਨਤੀ ਕੀਤੀ ਸੀ ਤਾਂ ਜੋ ਮਸਲਾ ਲਟਕੇ ਨਾ। ਇਹ ਗਲਤੀਆਂ ਲੁਕਾਈਆਂ ਗਈਆਂ ਸਨ,ਜਿਹਨਾਂ ਨੂੰ ਹੁਣ ਸਿੰਘ ਸਾਹਿਬਾਨ ਨੇ ਸਿਖ ਪੰਥ ਵਿਰੋਧੀ ਗੰਭੀਰ ਅਪਰਾਧ ਦਸਿਆ ਹੈ।
ਅਕਾਲ ਤਖਤ ਸਾਹਿਬ ਵਲੋਂ ਬਿਆਨ ਵਿੱਚ ਵਰਤੇ ਗਏ ਸ਼ਬਦ ਸੁਖਬੀਰ ਲਈ ਹੋਰ ਸਿਆਸੀ ਮੁਸੀਬਤ ਪੈਦਾ ਕਰ ਸਕਦੇ ਹਨ ਅਤੇ ਇਸ ਕਾਰਣ ਸੰਗਤਾਂ ਦਾ ਸਿੰਘ ਸਾਹਿਬਾਨਾਂ 'ਤੇ ਹੋਰ ਦਬਾਅ ਵਧ ਸਕਦਾ ਹੈ, ਜਿਸ ਦੀ ਮੰਗ ਕਈ ਸਿੱਖ ਜਥੇਬੰਦੀਆਂ, ਕਾਰਕੁਨਾਂ ਅਤੇ ਸੁਖਬੀਰ ਬਾਦਲ ਵਿਰੋਧੀ ਬੁਧੀਜੀਵੀ ਆਲੋਚਕਾਂ ਵੱਲੋਂ ਪਹਿਲਾਂ ਹੀ ਕੀਤੀ ਜਾ ਰਹੀ ਹੈ। ਪੰਜਾਂ ਸਿੰਘ ਸਾਹਿਬਾਨਾਂ ਨੇ ਆਪਣੇ ਫੈਸਲਿਆਂ' ਵਿਚ ਸੁਖਬੀਰ ਨੂੰ 'ਗੁਨਾਹਗਾਰ' ਕਿਹਾ ਹੈ ਅਤੇ ਅਕਾਲੀ ਦਲ ਨੂੰ ਕਮਜ਼ੋਰ ਕਰਨ ਦਾ ਦੋਸ਼ ਸੁਖਬੀਰ ਸਿੰਘ ਬਾਦਲ 'ਤੇ ਮੜ੍ਹਿਆ ਹੈ।ਅਕਾਲ ਤਖਤ ਸਾਹਿਬ ਤੋਂ ਇਹ ਐਲਾਨ ਸੁਖਬੀਰ ਸਿੰਘ ਬਾਦਲ ਦੇ ਆਲੋਚਕਾਂ ਨੂੰ ਵਡਾ ਮੌਕਾ ਦੇਵੇਗਾ ਅਤੇ ਪੰਥਕ ਰਾਜਨੀਤੀ ਵਿਚ ਵਡੀ ਉਥਲ ਪੁਥਲ ਪੈਦਾ ਕਰੇਗਾ।
ਦਰਅਸਲ 1 ਜੁਲਾਈ ਨੂੰ ਬਾਗ਼ੀ ਧੜੇ ਵਿੱਚ ਸ਼ਾਮਲ ਸੀਨੀਅਰ ਆਗੂ ਬੀਬੀ ਜਗੀਰ ਕੌਰ, ਪਰਮਿੰਦਰ ਸਿੰਘ ਢੀਂਡਸਾ, ਸੁਰਜੀਤ ਸਿੰਘ ਰੱਖੜਾ, ਪ੍ਰੇਮ ਸਿੰਘ ਚੰਦੂਮਾਜਰਾ, ਸਰਵਣ ਸਿੰਘ ਫਿਲੌਰ, ਸੁੱਚਾ ਸਿੰਘ ਛੋਟੇਪੁਰ, ਭਾਈ ਮਨਜੀਤ ਸਿੰਘ ਤੇ ਹੋਰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਏ ਸਨ।ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਮਿਲ ਕੇ ਲਿਖਤੀ ਤੌਰ ’ਤੇ ਮੰਨਿਆ ਸੀ ਕਿ ਉਹ 2007 ਤੋਂ 2017 ਤੱਕ ਪੰਜਾਬ 'ਤੇ ਰਾਜ ਕਰਨ ਵੇਲੇ ਅਕਾਲੀ ਦਲ ਦੇ ਧਾਰਮਿਕ ਅਪਰਾਧਾਂ ਵਿੱਚ ਸ਼ਾਮਲ ਸਨ। ਉਨ੍ਹਾਂ ਨੇ ਆਪਣੇ ਕੰਮਾਂ ਲਈ ਪਛਤਾਵਾ ਪ੍ਰਗਟ ਕੀਤਾ ਅਤੇ ਧਾਰਮਿਕ ਮਾਫੀ ਦੀ ਮੰਗ ਕੀਤੀ।ੳੇੁਨ੍ਹਾਂ ਨੇ ਇਹ ਵੀ ਇਲਜ਼ਾਮ ਲਗਾਏ ਸਨ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਥਕ ਭਾਵਨਾਵਾਂ ਦੀ ਤਰਜਮਾਨੀ ਨਹੀਂ ਕੀਤੀ।
ਅਕਾਲ ਤਖ਼ਤ ਦੇ ਫੈਸਲੇ ਵਿੱਚ ਬਾਦਲ ਸੀਨੀਅਰ ਵੀ ਸ਼ਾਮਲ
,ਅਕਾਲ ਤਖ਼ਤ ਵਿਖੇ ਪੰਜ ਸਿੱਖ ਸਾਹਿਬਾਨਾਂ ਨੇ ਬੀਤੇ ਸ਼ੁੱਕਰਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਉਪ ਮੁੱਖ ਮੰਤਰੀ ਅਤੇ ਪਾਰਟੀ ਪ੍ਰਧਾਨ ਮਰਹੂਮ ਪ੍ਰਕਾਸ਼ ਸਿੰਘ ਦੇ ਹੁੰਦਿਆਂ 2007 ਤੋਂ 2017 ਤੱਕ 'ਕੁਝ ਫ਼ੈਸਲਿਆਂ' ਅਤੇ 'ਗੁਨਾਹਾਂ' ਲਈ 'ਤਨਖਾਹੀਆ' ਕਰਾਰ ਦਿੱਤਾ ਹੈ । ਅਕਾਲ ਤਖਤ ਸਾਹਿਬ ਦੇ ਫੈਸਲੇ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ 'ਤੇ ਇਲਜ਼ਾਮ ਲਗਾਉਂਦੇ ਹਨ, ਕਿਉਂਕਿ ਸਿੰਘ ਸਾਹਿਬਾਨ ਨੇ 2007 ਤੋਂ 2017 ਤੱਕ ਦੇ ਸਿੱਖ ਕੈਬਨਿਟ ਮੰਤਰੀਆਂ ਨੂੰ ਨਿੱਜੀ ਤੌਰ 'ਤੇ ਪੇਸ਼ ਹੋ ਕੇ ਸਪੱਸ਼ਟੀਕਰਨ ਦੇਣ ਲਈ ਕਿਹਾ ਸੀ।ਜਿਸ ਸਮੇਂ ਦੌਰਾਨ ਵੱਡੀਆਂ ਗਲਤੀਆਂ ਲਈ ਸੁਖਬੀਰ ਨੂੰ ਜਿੰਮੇਵਾਰ ਠਹਿਰਾਇਆ ਜਾ ਰਿਹਾ ਹੈ, ਉਸ ਸਮੇਂ ਦੌਰਾਨ ਪ੍ਰਕਾਸ਼ ਸਿੰਘ ਬਾਦਲ ਹੀ ਸਨ ਅਤੇ ਇੱਥੋਂ ਤੱਕ ਕਿ ਮੰਤਰੀ ਮੰਡਲ ਨੂੰ ਵੀ ਕਟਹਿਰੇ ਵਿੱਚ ਖੜ੍ਹਾ ਕਰ ਦਿੱਤਾ ਗਿਆ ਹੈ।
Comments (0)