ਸੁਖਬੀਰ ਦਾ ਲਿਫਾਫਾ ਬੰਦ ਸਪਸ਼ਟੀਕਰਨ ਉਪਰ ਸੁਆਲ ਉਠੇ

ਸੁਖਬੀਰ ਦਾ ਲਿਫਾਫਾ ਬੰਦ ਸਪਸ਼ਟੀਕਰਨ ਉਪਰ ਸੁਆਲ ਉਠੇ

ਸੁਖਬੀਰ ਬਾਦਲ ਨੇ ਹਿਕ ਕੇ ਹੱਥ ਮਾਰ ਕੇ ਕਿਹਾ ਸੀ ਕਿ ਸਾਰੇ ਸਿਸਟਮ ਦਾ ਮੈਂ ਬਾਬਾ ਹਾਂ’! 

*ਸੁਖਬੀਰ ਨੇ ਖਿਮਾ ਯਾਚਨਾ ਸ਼ਬਦ ਮੁਆਫੀਨਾਮੇ ਵਿੱਚ ਪਾਇਆ

*ਔਖਾ ਹੋਏਗਾ ਜਥੇਦਾਰ ਲਈ ਫੈਸਲਾ ਕਰਨਾ ,ਸਿਖ ਪੰਥ ਕਿਸੇ ਵੀ ਅਕਾਲੀ ਧੜੇ ਨਾਲ ਸਹਿਮਤ ਨਹੀਂ

ਸ਼ੋ੍ਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਸ੍ਰੀ ਅਕਾਲ ਤਖਤ ਸਾਹਿਬ 'ਤੇ ਸੱਦੇ ਜਾਣ ਦੇ ਜਵਾਬ ਵਿਚ ਪੇਸ਼ ਹੋਣ ਤੋਂ ਬਾਅਦ ਸੋਸ਼ਲ ਮੀਡੀਆ ਅਤੇ ਵੱਖ ਵੱਖ ਵੈੱਬ ਚੈਨਲਾਂ ਅਤੇ ਸ਼ੋਸ਼ਲ ਮੀਡੀਆ 'ਤੇ 2 ਸਵਾਲਾਂ ਦੀ ਚਰਚਾ ਜ਼ਿਆਦਾ ਹੋ ਰਹੀ ਹੈ । ਪਹਿਲਾ ਸਵਾਲ ਕਿ ਜਦੋਂ ਸੁਖਬੀਰ ਨੇ ਆਪਣੀ ਚਿੱਠੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਦਿੱਤੀ ਪਰ ਖ਼ੁਦ ਪੱਤਰਕਾਰਾਂ ਦੇ ਕਿਸੇ ਸਵਾਲ ਦਾ ਜਵਾਬ ਨਹੀ ਦਿੱਤਾ ਅਤੇ ਦੂਜੇ ਪਾਸੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਵੀ ਇਹ ਕਹਿ ਦਿੱਤਾ ਕਿ ਇਹ ਚਿੱਠੀ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿਚ ਹੀ ਖੋਲ੍ਹੀ ਜਾਵੇਗੀ ਤਾਂ ਫਿਰ ਸੁਖਬੀਰ ਦੇ ਕਿਸੇ ਨਜ਼ਦੀਕੀ ਨੇ ਮੁਆਫ਼ੀ-ਨਾਮੇ ਵਾਲੀ ਚਿੱਠੀ ਚੈਨਲਾਂ ਨੂੰ ਲੀਕ ਕੀਤੀ ਅਤੇ ਇਹ ਵੀ ਦੱਸਿਆ ਕਿ ਇਸ ਦੇ ਨਾਲ ਹੀ ਸਵ. ਸ. ਪ੍ਰਕਾਸ਼ ਸਿੰਘ ਬਾਦਲ ਦੀ 17 ਅਕਤੂਬਰ 2015 ਨੂੰ ਸ੍ਰੀ ਅਕਾਲ ਤਖਤ ਸਾਹਿਬ ਨੂੰ ਲਿਖੀ ਪਛਤਾਵੇ ਦੀ ਚਿੱਠੀ ਵੀ ਸੁਖਬੀਰ ਦੇ ਜਵਾਬ ਨਾਲ ਨੱਥੀ ਹੈ? 

ਜਦੋਂ ਕਿ ਬਾਗ਼ੀ ਅਕਾਲੀ ਧੜੇ ਦੇ ਨੇਤਾ ਜਥੇ. ਸੁੱਚਾ ਸਿੰਘ ਛੋਟੇਪੁਰ ,ਬੀਬੀ ਜਾਗੀਰ ਕੌਰ ਅਤੇ ਹੋਰ ਨੇਤਾ ਅਜੇ ਵੀ ਇਹ ਮੰਗ ਕਰ ਰਹੇ ਹਨ ਕਿ ਸੁਖਬੀਰ ਦੀ ਬੰਦ ਲਿਫ਼ਾਫ਼ੇ ਵਾਲੀ ਚਿੱਠੀ ਜਨਤਕ ਕੀਤੀ ਜਾਵੇ ।

 ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਡੇਰਾ ਸਿਰਸਾ ਵੱਲੋਂ ਜਿਹੜਾ ਮੁਆਫੀ ਨਾਮਾ ਆਇਆ ਸੀ ਜਾਂ ਖੁੱਦ ਲਿਖਿਆ ਸੀ ਜਾ ਉਹ ਬੰਦ ਜਾਂ ਖੁੱਲੇ ਲਿਫਾਫੇ ਵਿਚ ਆਇਆ ਸੀ। ਇਹ ਭੇਦ ਬਣਿਆ ਹੋਇਆ ਹੈ। ਸੋ ਇਸ ਲ਼ਿਫਾਫਾ ਕਲਚਰ ਤੇ ਬੰਦ ਕਮਰਾ ਮੀਟਿੰਗਾਂ ਨੂੰ ਪੂੱਰੀ ਤਰਾਂ ਠੱਲ ਪਾਈ ਜਾਵੇ। ਪੰਥਕ ਹਲਕੇ ਬੰਦ ਚਿਠੀ ਨੂੰ ਅਕਾਲ ਤਖਤ ਸਾਹਿਬ ਦੀ ਮਰਿਯਾਦਾ ਉਲਟ ਮੰਨ ਰਹੇ ਹਨ ਕਿ ਸਿਖ ਪੰਥ ਵਿਚ ਲਿਫਾਫਾ ਕਲਚਰ ਨਹੀਂ ਹੈ।ਗੁਰੂ ਪੰਥ ਸਾਹਮਣੇ ਭੁਲਾਂ ਬਖਸ਼ਾਉਣ ਦੀ ਮਰਿਯਾਦਾ ਹੈ।

ਸੁਚਾ ਸਿੰਘ ਛੋਟੇਪੁਰ ਅਤੇ ਭਾਈ ਮਨਜੀਤ ਸਿੰਘ ਨੇ ਕਿਹਾ ਕਿ ਡੇਰੇ ਦੀ ਮੁਆਫ਼ੀ ਵਿੱਚ ਸਭ ਤੋਂ ਵੱਡਾ ਹੱਥ ਸੁਖਬੀਰ ਸਿੰਘ ਬਾਦਲ ਦਾ ਹੀ ਹੈ ਤੇ ਉਹਨਾਂ ਵੱਲੋਂ ਜਿਹੜਾ ਕੱਲ ਸਪੱਸ਼ਟੀਕਰਨ ਦਿੱਤਾ ਗਿਆ ਉਹ ਲੁਕਾ ਕੇ ਨਹੀਂ ਰੱਖਿਆ ਜਾਣਾ ਚਾਹੀਦਾ ਅਤੇ ਉਸ ਨੂੰ ਤੁਰੰਤ ਜਨਤਕ ਕਰਨਾ ਚਾਹੀਦਾ ਹੈ ਤਾਂ ਜੋ ਸਿੱਖ ਪੰਥ ਵਿਚ ਉਸ ਦੀ ਚਰਚਾ ਹੋ ਸਕੇ ਅਤੇ ਜਿਹੜਾ ਵੀ ਫੈਸਲਾ ਹੋਵੇ ਉਹ ਸਿੱਖ ਪੰਥ ਦੇ ਆਸ਼ੇ ਮੁਤਾਬਕ ਹੋਵੇ ਅਤੇ ਨਾਂ ਕਿ ਡੇਰੇ ਸਿਰਸਾ ਮੁਆਫ਼ੀ ਦੇ ਫੈਸਲੇ ਵਾਂਗ ਲੁਕਾ ਕੇ ਹੋਵੇ। 

ਸੂਤਰਾਂ ਮੁਤਾਬਿਕ ਸੁਖਬੀਰ ਸਿੰਘ ਬਾਦਲ ਨੇ ਬੰਦ ਲਿਫਾਫੇ ਰਾਹੀਂ ਦੋ ਪੱਤਰ ਜਥੇਦਾਰ ਨੂੰ ਸੌਂਪੇ ਹਨ, ਜਿੰਨਾ ਵਿੱਚੋਂ ਇਕ ਪੱਤਰ ਸੁਖਬੀਰ ਸਿੰਘ ਬਾਦਲ ਦਾ ਸਪੱਸ਼ਟੀਕਰਨ, ਜਦਕਿ ਦੂਜਾ ਪੱਤਰ ਪ੍ਰਕਾਸ਼ ਸਿੰਘ ਬਾਦਲ ਵਲੋਂ 17 ਅਕਤੂਬਰ 2015 ਨੂੰ ਅਕਾਲ ਤਖ਼ਤ ਦੇ ਜਥੇਦਾਰ ਨੂੰ ਸੌਂਪੇ ਗਏ ਪੱਤਰ ਦੀ ਫ਼ੋਟੋ ਕਾਪੀ ਹੈ, ਜਿਸ ਵਿਚ ਸਵ: ਬਾਦਲ ਨੇ ਬੇਅਦਬੀ ਮਾਮਲਿਆਂ ਦੇ ਸਬੰਧ ਵਿਚ ਦੁੱਖ ਅਤੇ ਅਫ਼ਸੋਸ ਜਾਹਰ ਕਰਨ ਦੇ ਨਾਲ-ਨਾਲ ਪਸ਼ਚਾਤਾਪ ਵੀ ਕੀਤਾ ।ਮੀਡੀਆ ਮੰਚਾਂ 'ਤੇ ਇਹ ਪ੍ਰਭਾਵ ਬਣਾਉਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਕਿ ਜਿਵੇਂ ਪ੍ਰਕਾਸ਼ ਸਿੰਘ ਬਾਦਲ ਦੀ 2015 ਵਾਲੀ ਪਛਤਾਵੇ ਵਾਲੀ ਚਿੱਠੀ ਬਾਰੇ ਜਿਵੇਂ ਕਿਸੇ ਨੂੰ ਪਹਿਲਾਂ ਪਤਾ ਹੀ ਨਹੀਂ ਸੀ ।ਸੋਸ਼ਲ ਮੀਡੀਆ ਉਪਰ ਕਾਫੀ ਸਿਖਾਂ ਨੇ ਪ੍ਰਕਾਸ਼ ਸਿੰਘ ਬਾਦਲ ਦੀ ਚਿੱਠੀ ਨੂੰ ਨਕਲੀ ਤੇ ਡਰਾਮਾ ਕਰਾਰ ਦਿਤਾ ਹੈ। 

ਸੁਖਬੀਰ ਸਿੰਘ ਬਾਦਲ ਦੇ ਨੇੜਲੇ ਸੂਤਰਾਂ ਅਨੁਸਾਰ ਸਤੰਬਰ 2015 ਵਿੱਚ ਬੇਅਦਬੀ ਦੀਆਂ ਵੱਡੀਆਂ ਘਟਨਾਵਾਂ ਵਾਪਰੀਆਂ ਸਨ ਅਤੇ ਉਸ ਵੇਲੇ ਦੀ ਅਕਾਲੀ ਸਰਕਾਰ ਵੱਲੋਂ ਦੋਸ਼ੀਆਂ ਨੂੰ ਕਾਬੂ ਨਾ ਕਰਨ ਸਬੰਧੀ ਉਨ੍ਹਾਂ ਦੀ ਕਾਰਗੁਜ਼ਾਰੀ ’ਤੇ ਉਂਗਲ ਉੱਠੀ ਸੀ। ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ 17 ਅਕਤੂਬਰ 2015 ਨੂੰ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋ ਕੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਇਹ ਪੱਤਰ ਸੌਂਪਿਆ ਸੀ। ਉਨ੍ਹਾਂ ਲਿਖਿਆ, ‘‘ਪੰਜਾਬ ਦਾ ਪ੍ਰਸ਼ਾਸਨਿਕ ਮੁਖੀ ਹੋਣ ਕਾਰਨ ਵਾਪਰ ਰਹੇ ਅਜਿਹੇ ਅਣਕਿਆਸੇ ਘਟਨਾਕ੍ਰਮ ਦਾ ਪੂਰਾ ਅਹਿਸਾਸ ਹੈ। ਮੈਂ ਸੌਂਪੇ ਫਰਜ਼ਾਂ ਦੀ ਪਾਲਣਾ ਪੂਰੀ ਤਨਦੇਹੀ ਅਤੇ ਸ਼ਿੱਦਤ ਨਾਲ ਕਰਨ ਦਾ ਯਤਨ ਕੀਤਾ ਹੈ ਪਰ ਸਿਦਕਦਿਲੀ ਨਾਲ ਆਪਣੇ ਫਰਜ਼ਾਂ ਦੀ ਪਾਲਣਾ ਕਰਦਿਆਂ ਕਈ ਵਾਰ ਅਜਿਹਾ ਕੁਝ ਵਾਪਰ ਜਾਂਦਾ ਹੈ, ਜੋ ਕਿਆਸ ਤੋਂ ਬਾਹਰ ਹੁੰਦਾ ਹੈ, ਜਿਸ ਨਾਲ ਤੁਹਾਡੇ ਮਨ ਨੂੰ ਗਹਿਰੀ ਪੀੜਾ ’ਚੋਂ ਲੰਘਣਾ ਪੈਂਦਾ ਹੈ ਅਤੇ ਤੁਸੀਂ ਆਤਮਿਕ ਤੌਰ ’ਤੇ ਝੰਜੋੜੇ ਜਾਂਦੇ ਹੋ। ਤੁਹਾਡੇ ਅੰਦਰ ਪਸ਼ਚਾਤਾਪ ਦੀ ਭਾਵਨਾ ਪ੍ਰਬਲ ਹੋ ਜਾਂਦੀ ਹੈ।’’ ਮਰਹੂਮ ਮੁੱਖ ਮੰਤਰੀ ਨੇ ਪੱਤਰ ’ਚ ਅੱਗੇ ਲਿਖਿਆ, ‘‘ਅਜਿਹੇ ਸਮੇਂ ਉਹ ਵੀ ਅੰਤਰਮਨ ਦੀ ਪੀੜਾ ’ਚੋਂ ਲੰਘ ਰਹੇ ਹਨ। ਅਜਿਹੀ ਭਾਵਨਾ ਨੂੰ ਲੈ ਕੇ ਉਹ ਗੁਰੂ ਦਰ ’ਤੇ ਨਤਮਸਤਕ ਹੋ ਰਹੇ ਹਨ ਅਤੇ ਅਰਦਾਸ ਕਰਦੇ ਹਨ ਕਿ ਗੁਰੂ ਸਾਹਿਬ ਬਲ ਬਖਸ਼ਣ ਅਤੇ ਮਿਹਰ ਕਰਨ।’’

ਸੁਆਲ ਇਹ ਹੈ ਕਿ ਮੀਡੀਆ ਤੇ ਸਿਖ ਪੰਥ ਵਿਚ ਇਸ ਚਿਠੀ ਦਾ ਜ਼ਿਕਰ ਕਿਉਂ ਨਹੀਂ ਹੋਇਆ।ਅਕਾਲ ਤਖਤ ਦਾ ਉਸ ਸਮੇਂ ਦਾ ਜਥੇਦਾਰ ਇਸ ਚਿਠੀ ਨੂੰ ਸਿਖ ਪੰਥ ਸਾਹਮਣੇ ਜਨਤਕ ਕਿਉਂ ਨਹੀਂ ਕੀਤਾ।

​​​​​​