ਮੀਰ ਮੰਨੂੰ ਦੀ ਵਿਧਵਾ ਮੁਗਲਾਨੀ ਬੇਗ਼ਮ, ਜਿਸ ਨਾਲ ਸਿੰਘਾਂ ਦਾ ਟਕਰਾਅ ਹੋਇਆ
ਮੀਰ ਮੰਨੂੰ ਨੇ ਸਿੱਖਾਂ ਨੂੰ ਖ਼ਤਮ ਕਰਨ ਦੇ ਇਰਾਦੇ ਨਾਲ ਅਥਾਹ ਜ਼ੁਲਮ ਕੀਤੇ। ਜਦੋਂ ਮੀਰ ਮੰਨੂੰ ਸਿੱਖਾਂ ਦੇ ਸਿਰਾਂ ਦਾ ਸ਼ਿਕਾਰ ਕਰਨ ਲਈ ਇਕ ਥਾਂ ਕੈਂਪ ਲਾਈ ਬੈਠਾ ਸੀ ਤਾਂ ਪੰਡੋਰੀ ਪਿੰਡ ਦੇ ਦਾਦੂ ਰਾਮ ਦੇ ਪੋਤਰੇ ਨੂੰ ਫੜ ਲਿਆਂਦਾ ਗਿਆ ਤਾਂ ਉਸ ਨੂੰ ਕਿਹਾ ਗਿਆ ਕਿ ਤੇਰੇ ਘਰ ਸਿੱਖ ਲੁੱਕੇ ਹੋਏ ਹਨ, ਪਰ ਪ੍ਰਸਿੱਧ ਇਤਿਹਾਸਕਾਰ ਪ੍ਰਿੰਸੀਪਲ ਸਤਿਬੀਰ ਸਿੰਘ ਅਨੁਸਾਰ ਉਸ ਨੇ ਇਨਕਾਰ ਕਰ ਦਿੱਤਾ।
ਉਸ ਦੇ ਘਰ ਸਿੰਘਣੀਆਂ ਨੂੰ ਗੇਰੂਏ ਰੰਗ ਦੇ ਕੱਪੜੇ ਪਵਾ ਕੇ, ਜੋਗਨਾਂ ਬਣਾ ਕੇ ਲੁਕੋਇਆ ਹੋਇਆ ਸੀ ਤਾਂ ਫੜੇ ਜਾਣ 'ਤੇ ਹਾਥੀ ਮੰਗਵਾ ਕੇ ਬੱਚਿਆਂ ਨੂੰ ਅੱਗੇ ਸੁੱਟਿਆ ਗਿਆ, ਪਰ ਹਾਥੀ ਨੇ ਪੈਰ ਨਾ ਰੱਖਿਆ ਤਾਂ ਬੱਚੇ, ਬੁੱਢੇ, ਔਰਤਾਂ, ਜੁਆਨਾਂ ਸਭ ਨੂੰ ਘੇਰੇ ਵਿਚ ਲੈ ਕੇ, ਮੀਰ ਮੰਨੂੰ ਆਪਣੇ ਘੋੜੇ 'ਤੇ ਸਵਾਰ ਹੋ ਗਿਆ ਅਤੇ ਉਨ੍ਹਾਂ ਸਭਨਾਂ ਨੂੰ ਗੋਲੀ ਨਾਲ ਉਡਾਉਣ ਦਾ ਹੁਕਮ ਦੇਣ ਹੀ ਵਾਲਾ ਸੀ ਕਿ ਰੱਬ ਦਾ ਭਾਣਾ ਵਰਤਿਆ ਅਤੇ ਕੁਦਰਤ ਨੇ ਨਵੀਂ ਖੇਡ ਦਿਖਾਈ, ਐਨ ਉਸੇ ਸਮੇਂ ਇਕ ਇੱਲ ਘੋੜੇ ਨੂੰ ਛੂੰਹਦੀ ਹੋਈ ਲੰਘ ਗਈ, ਜਿਸ ਦਾ ਵੇਰਵਾ ਭਾਈ ਰਤਨ ਸਿੰਘ ਭੰਗੂ ਦੇ ਪ੍ਰਾਚੀਨ ਪੰਥ ਪ੍ਰਕਾਸ਼ ਵਿਚ ਮਿਲਦਾ ਹੈ। ਪ੍ਰਿੰਸੀਪਲ ਸਤਿਬੀਰ ਸਿੰਘ ਲਿਖਦੇ ਹਨ ਕਿ ਘੋੜਾ ਡਰ ਕੇ ਅੱਥਰਾ ਹੋ ਗਿਆ ਅਤੇ ਮੀਰ ਮੰਨੂੰ ਘੋੜੇ ਤੋਂ ਡਿੱਗ ਗਿਆ, ਪਰ ਉਸ ਦਾ ਪੈਰ ਰਕਾਬ 'ਚ ਅੜ ਗਿਆ। ਘੋੜਾ ਮੀਰ ਮੰਨੂੰ ਨੂੰ ਘਸੀਟੀ ਲਿਜਾ ਰਿਹਾ ਸੀ ਅਤੇ ਘਸੀਟਦੇ-ਘਸੀਟਦੇ ਮੀਰ ਮੰਨੂੰ ਦੀ ਦਰਦਨਾਕ ਮੌਤ ਹੋਈ। ਇਹ ਘਟਨਾ 4 ਨਵੰਬਰ 1753 ਈ: ਨੂੰ ਵਾਪਰੀ ਸੀ।
ਮੀਰ ਮੰਨੂੰ ਦੀ ਮੌਤ ਦੀ ਖ਼ਬਰ ਸੁਣਦੇ ਹੀ ਦਿੱਲੀ ਦੇ ਅਹਿਮਦਸ਼ਾਹ ਨੇ ਆਪਣੇ ਪੁੱਤਰ ਜੋ ਕੇਵਲ 3 ਸਾਲ ਦਾ ਬੱਚਾ ਸੀ, ਨੂੰ ਨਵਾਬ ਥਾਪ ਦਿੱਤਾ ਅਤੇ ਮੀਰ ਮੰਨੂੰ ਦੇ ਦੋ ਸਾਲਾ ਬੱਚੇ ਨੂੰ, ਜਿਸ ਦਾ ਨਾਂਅ ਅਮੀਨ ਖ਼ਾਨ ਸੀ, ਨੂੰ ਨਾਇਬ ਲਗਾ ਦਿੱਤਾ। ਪਰ ਥੋੜ੍ਹੀ ਦੇਰ ਬਾਅਦ ਹੀ ਮੀਰ ਮੰਨੂੰ ਦੇ ਭਰਾ ਪੀਰ ਨਿਜ਼ਾਮ ਉਦ-ਦੀਨ ਨੂੰ ਗਵਰਨਰ ਲਗਾ ਦਿੱਤਾ। ਉਸ ਸਮੇਂ ਨਿਜ਼ਾਮ-ਉਦ-ਦੀਨ ਲਾਹੌਰ ਨਾ ਹੋਣ ਕਰਕੇ ਸਾਰੀ ਤਾਕਤ ਮੀਰ ਮੋਮਨ ਖ਼ਾਨ ਕਸੂਰ ਦੇ ਹੱਥ ਚਲੀ ਗਈ ਅਤੇ ਭਿਖਾਰੀ ਖ਼ਾਨ ਵੀ ਉਸ ਨਾਲ ਮਿਲ ਕੇ ਸ਼ਾਸਨ ਚਲਾਉਣ ਲੱਗਾ। ਅਬਦਾਲੀ ਨੇ ਅਦੀਨਾ ਬੇਗ਼ ਨੂੰ ਜਲੰਧਰ ਦਾ ਫ਼ੌਜਦਾਰ ਬਣਾ ਦਿੱਤਾ ਅਤੇ ਆਪਣੀ ਤਰਫੋਂ ਅਮੀਨ ਖ਼ਾਨ ਨੂੰ ਗਵਰਨਰ ਮੰਨ ਲਿਆ, ਪਰ ਮਈ 1754 'ਚ ਅਮੀਨ ਖ਼ਾਨ ਮਰ ਗਿਆ ਅਤੇ ਸਾਰੀ ਰਾਜਸੀ ਤਾਕਤ ਮੀਰ ਮੰਨੂੰ ਦੀ ਵਿਧਵਾ 'ਮੁਰਾਦ ਬੇਗ਼ਮ' ਦੇ ਹੱਥ ਆ ਗਈ। ਉਸੇ ਨੂੰ ਹੀ ਇਤਿਹਾਸ ਵਿਚ 'ਮੁਗਲਾਨੀ ਬੇਗ਼ਮ' ਕਿਹਾ ਜਾਂਦਾ ਹੈ। ਭਾਵੇਂ ਉਹ ਬਹੁਤ ਚੁਸਤ ਚਲਾਕ ਔਰਤ ਸੀ ਪਰ ਬਹੁਤ ਹੀ ਵਧੀਆ ਨੀਤੀਵਾਨ ਸੀ। ਉਧਰ ਇਕ ਵੱਡੀ ਘਟਨਾ ਅਨੁਸਾਰ ਅਹਿਮਦਸ਼ਾਹ ਨੂੰ ਹਟਾ ਕੇ ਆਲਮਗੀਰ ਦੂਜੇ ਨੂੰ ਬਾਦਸ਼ਾਹ ਬਣਾਇਆ ਗਿਆ, ਜਿਸ ਦਾ ਪਹਿਲਾ ਨਾਂਅ ਅਜ਼ੀਜ਼-ਉਦ-ਦੀਨ ਸੀ। ਇਹ ਘਟਨਾ 2 ਜੂਨ 1754 ਈ: ਨੂੰ ਵਾਪਰੀ। ਫਿਰ ਮੁਹੰਮਦ ਸ਼ਾਹ ਰੰਗੀਲੇ ਦੇ ਬੇਟੇੇ ਮੀਰ ਮੋਮਨ ਖ਼ਾਨ ਨੂੰ ਲਾਹੌਰ ਦਾ ਗਵਰਨਰ ਲਗਾ ਦਿੱਤਾ। ਪਰ ਹੁਣ ਤੱਕ ਹਕੂਮਤ ਮੁਗਲਾਨੀ ਬੇਗ਼ਮ ਕੋਲ ਸੀ, ਜੋ ਉਸ ਨੇ ਮੋਮਨ ਖ਼ਾਨ ਨੂੰ ਨਹੀਂ ਦਿੱਤੀ। ਦੋ ਪਾਸੜ ਰਾਜ ਚਲਦਾ ਗਿਆ, ਪਰ ਮੁਗਲਾਨੀ ਬੇਗ਼ਮ ਦੇ ਵਤੀਰੇ ਕਾਰਨ ਉਸ ਵਿਰੁੱਧ ਕਈ ਤਰ੍ਹਾਂ ਦੀਆਂ ਗੱਲਾਂ ਅਤੇ ਬਗਾਵਤਾਂ ਹੋਣ ਲੱਗੀਆਂ। ਭਿਖਾਰੀ ਖ਼ਾਨ ਨੇ ਵੀ ਬਗਾਵਤ ਕਰ ਦਿੱਤੀ, ਪਰ ਉਹ ਅਸਫਲ ਰਿਹਾ ਅਤੇ ਮੁਗਲਾਨੀ ਬੇਗ਼ਮ ਨੇ ਉਸ ਨੂੰ ਬੰਦੀ ਬਣਾ ਕੇ ਮਰਵਾ ਦਿੱਤਾ। ਦਰਅਸਲ ਉਹ ਸਿੱਖਾਂ ਨਾਲ ਦੋਸਤੀ ਬਣਾਉਣ ਦੇ ਹੱਕ ਵਿਚ ਸੀ, ਉਹ ਮੁਗਲਾਨੀ ਬੇਗ਼ਮ ਦੇ ਵਿਰੁੱਧ ਸਿੱਖਾਂ ਨੂੰ ਹਥਿਆਰ ਵੀ ਦਿੰਦਾ ਸੀ ਅਤੇ ਸਿੱਖਾਂ ਦੀ ਮਦਦ ਨਾਲ ਮੁਗਲਾਨੀ ਬੇਗ਼ਮ ਅਤੇ ਦਿੱਲੀ ਨੂੰ ਵੀ ਸਬਕ ਸਿਖਾਉਣਾ ਚਾਹੁੰਦਾ ਸੀ, ਪਰ ਉਹ ਗ੍ਰਿਫ਼ਤਾਰ ਹੋ ਗਿਆ ਅਤੇ ਉਸ ਦਾ ਅੰਤ ਹੋ ਗਿਆ।
ਰਾਜ ਵਿਚ ਹਫੜਾ-ਦਫੜੀ ਮਚੀ ਹੋਈ ਸੀ ਅਤੇ ਐਮਨਾਬਾਦ ਦੇ ਮਿਰਜ਼ਾ ਖ਼ਾਨ ਨੇ ਲਾਹੌਰ ਉੱਤੇ ਕਬਜ਼ਾ ਕਰ ਲਿਆ ਅਤੇ ਮੁਗਲਾਨੀ ਬੇਗ਼ਮ ਨੂੰ ਬੰਦੀ ਬਣਾ ਲਿਆ ਤਾਂ ਬੇਗ਼ਮ ਨੇ ਆਪਣੇ ਮਾਮੇ ਖ਼ਵਾਜਾ ਉਬੈਦ-ਉਲ-ਖ਼ਾਨ ਨੂੰ ਮਦਦ ਲਈ ਅਬਦਾਲੀ ਕੋਲ ਭੇਜਿਆ। ਅਬਦਾਲੀ ਨੇ ਅਮਾਨ ਖ਼ਾਨ ਰਾਹੀਂ ਖ਼ਵਾਜਾ ਮਿਰਜ਼ਾ ਖ਼ਾਨ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਹਕੂਮਤ ਮੁਗਲਾਨੀ ਬੇਗ਼ਮ ਨੂੰ ਸੌਂਪ ਕੇ ਉਬੈਦ-ਉਲਾ-ਖ਼ਾਨ ਨੂੰ ਨਾਇਬ ਬਣਾ ਦਿੱਤਾ, ਪਰ ਜਲਦੀ ਹੀ ਉਬੈਦ-ਉਲਾ-ਖ਼ਾਨ ਨੇ ਮੁਗਲਾਨੀ ਬੇਗ਼ਮ ਨੂੰ ਨਜ਼ਰਬੰਦ ਕਰ ਲਿਆ। ਅਜਿਹੀ ਹਾਲਤ ਵਿਚ ਮੁਗਲਾਨੀ ਬੇਗ਼ਮ ਨੇ ਦਿੱਲੀ ਦੇ ਵਜ਼ੀਰ ਗਾਜ਼ੀ-ਉਦ-ਦੀਨ ਨੂੰ ਉਸ ਨੂੰ ਆਪਣੇ ਮਾਮੇ ਦੀ ਕੈਦ 'ਚੋਂ ਛੁਡਾਉਣ ਤੇ ਮਦਦ ਕਰਨ ਲਈ ਲਿਖਿਆ ਅਤੇ ਇਸ ਬਦਲੇ ਆਪਣੀ ਬੇਟੀ 'ਉਮਦਾ ਬੇਗ਼ਮ' ਦੇਣ ਦਾ ਵਾਅਦਾ ਕੀਤਾ। ਗਾਜ਼ੀ-ਉਦ-ਦੀਨ ਨੇ ਉਬੈਦ-ਉਲਾ-ਖ਼ਾਨ ਨੂੰ ਲਾਹੌਰ ਤੋਂ ਭਜਾ ਦਿੱਤਾ, ਪਰ ਉਸ ਨੂੰ ਪਤਾ ਲੱਗ ਗਿਆ ਸੀ ਕਿ ਮੁਗਲਾਨੀ ਬੇਗ਼ਮ ਹੀ ਸਭ ਲੜਾਈਆਂ ਦੀ ਜੜ੍ਹ ਏ ਤਾਂ ਉਸ ਨੇ ਮੁਗਲਾਨੀ ਬੇਗ਼ਮ ਨੂੰ ਗ੍ਰਿਫ਼ਤਾਰ ਕਰੀ ਰੱਖਿਆ।
ਹੁਣ ਮੁਗਲਾਨੀ ਬੇਗ਼ਮ ਨੇ ਅਬਦਾਲੀ ਨੂੰ ਪੰਜਾਬ ਆਉਣ ਦੀ ਬੇਨਤੀ ਕੀਤੀ। ਅਦਬਾਲੀ ਨੇ ਵੀ ਚੌਥਾ ਹਮਲਾ ਕਰਨ ਦਾ ਮਨ ਬਣਾ ਲਿਆ ਅਤੇ ਉਸ ਨੇ ਇਹ ਹਮਲਾ ਨਵੰਬਰ 1756ਈ: 'ਚ ਕੀਤਾ, ਲਾਹੌਰ ਪਹੁੰਚਣ 'ਤੇ ਅਬਦਾਲੀ ਦਾ ਸਵਾਗਤ ਹੋਇਆ ਅਤੇ ਫਿਰ ਮਾਰੋ-ਮਾਰ ਕਰਦਾ ਹੋਇਆ ਅਬਦਾਲੀ ਜਨਵਰੀ 28, 1747 ਨੂੰ ਲਾਲ ਕਿਲ੍ਹੇ ਵਿਚ ਦਾਖ਼ਲ ਹੋਇਆ, ਪਰ ਇਸ ਵਾਰੀ ਉਸ ਨੇ ਲੁੱਟ-ਖੋਹ 'ਤੇ ਪਾਬੰਦੀ ਲਗਾ ਦਿੱਤੀ ਅਤੇ ਕੇਵਲ ਅਮੀਰ ਘਰਾਣਿਆਂ ਨੂੰ ਹੀ ਲੁੱਟ ਦਾ ਨਿਸ਼ਾਨਾ ਬਣਾਇਆ। ਉਧਰ ਮੁਗਲਾਨੀ ਬੇਗ਼ਮ ਨੇ ਅਬਦਾਲੀ ਨੂੰ ਉਹ ਸਾਰੀ ਜਾਣਕਾਰੀ ਦਿੱਤੀ ਕਿ ਕਿਸ ਅਮੀਰ ਵਿਅਕਤੀ ਕੋਲ ਕਿੰਨੀ ਪੂੰਜੀ ਅਤੇ ਜਾਇਦਾਦ ਹੈ ਅਤੇ ਨਾਲ ਹੀ ਆਪਣੇ ਭਰਾ ਅਮੀਰ ਨਿਜ਼ਾਮ-ਉਦੀਨ ਨੂੰ ਲੁੱਟਣ ਲਈ ਵੀ ਕਿਹਾ। ਪ੍ਰਿੰਸੀਪਲ ਸਤਿਬੀਰ ਸਿੰਘ ਅਨੁਸਾਰ ਸਿਰਫ ਅਮੀਰ ਨਿਜ਼ਾਮ-ਉਦੀਨ ਦੇ ਘਰੋਂ ਡੇਢ ਕਰੋੜ ਦੀ ਰਕਮ ਨਿਕਲੀ ਅਤੇ ਅਬਦਾਲੀ ਦੇ ਮੂੰਹੋਂ ਆਪ ਹੀ ਨਿਕਲ ਗਿਆ, 'ਸੁਭਾਨ ਅਲੱਾਹ!' ਇਸੇ ਲੁੱਟ ਦੌਰਾਨ, ਰਾਜਾ ਨਾਗਰ ਮੱਲ, ਹੀਰਾ ਨੰਦ ਜੌਹਰੀ ਦੀਆਂ ਹਵੇਲੀਆਂ ਲੁੱਟਣ 'ਤੇ ਅਬਦਾਲੀ ਦੇ ਹੱਥ ਵੱਡੀ ਰਕਮ ਆਈ, ਜਿਸ ਨੂੰ ਦੇਖ ਉਹ ਆਪ ਵੀ ਹੈਰਾਨ ਸੀ। ਇਸੇ ਕੰਮ ਵਿਚ ਅਬਦਾਲੀ ਦੀ ਮਦਦ ਕਰਨ ਲਈ ਅਬਦਾਲੀ ਨੇ ਮੁਗਲਾਨੀ ਬੇਗ਼ਮ ਨੂੰ 'ਸੁਲਤਾਨ ਮਿਰਜ਼ਾ' ਦਾ ਖ਼ਿਤਾਬ ਦਿੱਤਾ, ਪਰ ਉਹ ਲਾਹੌਰ ਦੀ ਨਵਾਬੀ ਚਾਹੁੰਦੀ ਸੀ। ਅਬਦਾਲੀ ਦੇ ਜ਼ੋਰ ਦੇਣ ਉੱਤੇ ਆਲਮਗੀਰ ਨੇ ਆਪਣੀ ਬੇਟੀ ਦਾ ਰਿਸ਼ਤਾ ਵੀ ਸ਼ਹਿਜ਼ਾਦਾ ਤੈਮੂਰ ਨਾਲ ਕਰ ਦਿੱਤਾ। ਇੱਥੇ ਵਿਲੱਖਣ ਘਟਨਾ ਇਹ ਵਾਪਰੀ ਕਿ ਅਬਦਾਲੀ ਨੇ ਆਪ ਮੁਹੰਮਦ ਸ਼ਾਹ ਰੰਗੀਲੇ ਦੀ 16 ਸਾਲ ਦੀ ਲੜਕੀ ਹਜ਼ਰਤ ਬੇਗ਼ਮ ਨਾਲ ਸ਼ਾਦੀ ਕਰ ਲਈ, ਪਰ ਦਿੱਲੀ 'ਚ ਬਿਮਾਰੀ ਫੈਲਣ ਕਾਰਨ ਉਸ ਦੇ ਸੈਨਿਕ ਮਰਨ ਲੱਗੇ ਅਤੇ ਅਬਦਾਲੀ ਨੂੰ ਵਾਪਸ ਮੁੜਨਾ ਪਿਆ।
ਪਰ ਅਹਿਮਦਸ਼ਾਹ ਅਬਦਾਲੀ ਨੇ ਜੋ ਉਸ ਸਮੇਂ ਧਨ-ਦੌਲਤ ਲੁੱਟੀ ਸੀ, ਉਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਸ ਲੁੱਟੇ ਹੋਏ ਮਾਲ ਨੂੰ ਕਾਬੁਲ ਲੈ ਜਾਣ ਦੀ ਲਈ 28,000 ਲੱਦੂ ਪਸ਼ੂ ਅਤੇ 80,000 ਘੋੜਿਆਂ ਦੀ ਵਰਤੋਂ ਕੀਤੀ ਗਈ ਸੀ। ਇਸ ਦੇ ਨਾਲ ਹੀ ਉਸ ਨੇ ਕਸ਼ਮੀਰ, ਸਿੰਧ, ਪੰਜਾਬ ਅਤੇ ਸਰਹਿੰਦ ਦੇ ਸੂਬੇ ਆਲਮਗੀਰ ਕੋਲੋਂ ਆਪਣੇ ਲਈ ਲਿਖਵਾ ਲਏ ਸਨ। ਇਨ੍ਹਾਂ ਇਲਾਕਿਆਂ ਦਾ ਨਵਾਬ ਆਪਣੇ ਪੁੱਤਰ ਤੈਮੂਰ ਨੂੰ ਅਤੇ ਨਾਇਬ ਜਹਾਨ ਖ਼ਾਨ ਨੂੰ ਬਣਾਇਆ। ਮੁਗਲਾਨੀ ਬੇਗ਼ਮ ਦੀ ਨਿਰਾਸ਼ਤਾ ਵਧਦੀ ਗਈ, ਉਸ ਦੇ ਮਨਸੂਬਿਆਂ 'ਤੇ ਪਾਣੀ ਫਿਰ ਗਿਆ, ਪਰ ਉਹ ਬਹੁਤ ਢੀਠ ਔਰਤ ਸੀ ਅਤੇ ਨਵੇਂ ਸ਼ਿਕਾਰ ਦੀ ਭਾਲ ਵਿਚ ਲੱਗ ਗਈ।
ਇਸੇ ਹਫੜਾ-ਦਫੜੀ ਦੇ ਦੌਰ ਵਿਚ ਸਿੰਘਾਂ ਨੂੰ ਆਪਣੀ ਸ਼ਕਤੀ ਵਧਾਉਣ ਦਾ ਮੌਕਾ ਮਿਲ ਗਿਆ। ਇਸ ਸੰਬੰਧ 'ਚ ਮੈਲਕਮ ਲਿਖਦਾ ਹੈ, 'ਸਿੱਖਾਂ ਨੇ ਉਸ ਢਹਿੰਦੇ ਸਾਮਰਾਜ ਤੋਂ ਹਰ ਉਹ ਫਾਇਦਾ ਉਠਾਇਆ, ਜੋ ਉਨ੍ਹਾਂ ਨੂੰ ਮਿਲ ਸਕਦਾ ਸੀ।' ਉਨ੍ਹਾਂ ਨੇ ਆਪਣੀ ਤਾਕਤ ਖ਼ੂਬ ਵਧਾਈ ਅਤੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਜਲੰਧਰ ਵਿਚ ਆਪਣਾ ਰਾਜ ਸਥਾਪਿਤ ਕਰ ਲਿਆ। ਸਰਦਾਰ ਜੈ ਸਿੰਘ ਕਨ੍ਹਈਆ ਤੋਂ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਨੇ ਬਟਾਲਾ ਦੇ ਨਜ਼ਦੀਕ ਵਾਲੇ ਇਲਾਕਿਆਂ 'ਤੇ ਆਪਣਾ ਅਸਰ ਰਸੂਖ਼ ਵਧਾ ਲਿਆ। ਸਰਦਾਰ ਚੜ੍ਹਤ ਸਿੰਘ ਸ਼ੁੱਕਰਚਕੀਆ ਨੇ ਜਿਹਲਮ ਤੱਕ ਮੱਲਾਂ ਮਾਰ ਲਈਆਂ। ਬਾਰੀ ਅਤੇ ਦੁਆਬ ਦੇ ਖੇਤਰ 'ਤੇ ਭੰਗੀ ਜਥੇ ਦੇ ਜਥੇਦਾਰਾਂ ਸਰਦਾਰ ਹਰੀ ਸਿੰਘ, ਸਰਦਾਰ ਝੰਡਾ ਸਿੰਘ, ਸਰਦਾਰ ਲਹਿਣਾ ਸਿੰਘ ਅਤੇ ਗੁੱਜਰ ਸਿੰਘ ਨੇ ਆਪਣਾ ਕਬਜ਼ਾ ਕਰ ਲਿਆ। ਫਿਰ ਸਿੱਖਾਂ ਨੇ ਮਾਰਚ 1757 ਈ: ਵਿਚ ਜਹਾਨ ਖ਼ਾਨ ਤੇ ਤੈਮੂਰ ਦੇ ਸੈਨਿਕ ਦਸਤਿਆਂ ਨੂੰ ਸਰਹਿੰਦ ਲਾਗੇ ਘੇਰ ਕੇ ਆਪਣੀ ਸ਼ਕਤੀ ਦਿਖਾਈ। ਜਦੋਂ ਸਿੰਘਾਂ ਨੂੰ 28,000 ਲੱਦੂ ਪਸ਼ੂਆਂ ਅਤੇ 80,000 ਘੋੜਿਆਂ ਉੱਤੇ ਲੁੱਟੇ ਮਾਲ ਦਾ ਪਤਾ ਲੱਗਿਆ ਤਾਂ ਉਨ੍ਹਾਂ ਨੇ ਅਬਦਾਲੀ ਦੇ ਲੁੱਟ ਦੇ ਮਾਲ ਨੂੰ ਲੈਣ ਲਈ ਕਈ ਹਮਲੇ ਕੀਤੇ ਅਤੇ ਅਬਦਾਲੀ ਦੇ ਨੱਕ ਵਿਚ ਦਮ ਕਰ ਦਿੱਤਾ। ਉਹ ਦਿੱਲੀ ਤੋਂ ਚਨਾਬ ਤੱਕ ਅਬਦਾਲੀ ਦਾ ਪਿੱਛਾ ਕਰਦੇ ਰਹੇ, ਦੁਖੀ ਹੋ ਕੇ ਅਬਦਾਲੀ ਨੇ ਕਿਹਾ ਸੀ, 'ਸਿੱਖਾਂ ਨੂੰ ਉਨ੍ਹਾਂ ਦੀ ਜ਼ਿਆਦਤੀ ਦਾ ਸਵਾਦ ਚਖਾਵਾਂਗਾ।'
ਬਹਾਦਰ ਸਿੰਘ ਗੋਸਲ
Comments (0)