ਗੁਰਨਾਮ ਸਿੰਘ ਚੜੂਨੀ ਨੇ ਇੰਡੀਆ ਗੇਟ ਤਕ ਕੱਢੀ ਜਾਣ ਵਾਲੀ ਕਿਸਾਨ ਯਾਤਰਾ ਕੀਤੀ ਰੱਦ
*ਸੰਯੁਕਤ ਕਿਸਾਨ ਮੋਰਚਾ ਨਾਲ ਮਿਲਵਰਤਨ ਦੇ ਦਿੱਤੇ ਸੰਕੇਤ
ਅੰਮ੍ਰਿਤਸਰ ਟਾਈਮਜ਼
ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):- ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਸੰਯੁਕਤ ਕਿਸਾਨ ਮੋਰਚਾ ਨਾਲ ਮਿਲਵਰਤਨ ਦੇ ਸੰਕੇਤ ਦਿੱਤੇ ਹਨ। ਕਿਸਾਨ ਅੰਦੋਲਨ ਦੇ ਇੱਕ ਸਾਲ ਪੂਰੇ ਹੋਣ ’ਤੇ ਗੁਰਨਾਮ ਸਿੰਘ ਆਪਣੀ ਜਥੇਬੰਦੀ ਦਾ ਵੱਖਰਾ ਸਫ਼ਰ ਕੱਢਣਾ ਚਾਹੁੰਦੇ ਸੀ, ਉਨ੍ਹਾਂ ਵਲੋਂ ਦਿੱਲੀ ਕੂਚ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ ਹੈ।
ਗੁਰਨਾਮ ਸਿੰਘ ਨੇ ਇਕ ਵੀਡੀਓ ਜਾਰੀ ਕਰਕੇ ਇੰਡੀਆ ਗੇਟ ਤੱਕ ਯਾਤਰਾ ਰੱਦ ਕਰਨ ਦੀ ਜਾਣਕਾਰੀ ਦਿੱਤੀ ਹੈ । ਉਨ੍ਹਾਂ ਕਿਹਾ ਕਿ ਇਸ ਅੰਦੋਲਨ ਲਈ ਲੋਕਾਂ ਦਾ ਬਹੁਤ ਯੋਗਦਾਨ ਹੈ ਤੇ ਅਸੀਂ ਇਸ ਅੰਦੋਲਨ ਨੂੰ ਟੁੱਟਣ ਨਹੀਂ ਦੇਣਾ ਚਾਹੁੰਦੇ, ਲੋਕਾਂ ਦੀਆਂ ਭਾਵਨਾਵਾਂ ਸਾਡੇ ਨਾਲ ਜੁੜੀਆਂ ਹੋਈਆਂ ਹਨ। ਇਸ ਦੇ ਬਾਵਜੂਦ ਅਸੀਂ ਦਿੱਲੀ ਦੇ ਇੰਡੀਆ ਗੇਟ ਤੱਕ ਰੱਖੀ ਗਈ ਆਪਣੀ ਕਿਸਾਨ ਯਾਤਰਾ ਨੂੰ ਰੱਦ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਦੇਸ਼ ਭਰ ਤੋਂ ਕਿਸਾਨ ਯਾਤਰਾ ਕੱਢ ਰਹੇ ਹਨ। ਇਸ ਯਾਤਰਾ 'ਚ ਲੱਖਾਂ ਲੋਕ ਸ਼ਾਮਲ ਹੋਣਗੇ। ਇਹ ਇੱਕ ਵੱਡੀ ਲਹਿਰ ਹੋਵੇਗੀ ਕਿਉਂਕਿ ਇੰਡੀਆ ਗੇਟ ਵੱਲ ਲੱਖਾਂ ਲੋਕ ਜਾਣਗੇ। ਅਸੀਂ ਇਸ ਅੰਦੋਲਨ ਦੇ ਨਾਲ ਹਾਂ ਤੇ ਇਸ ਅੰਦੋਲਨ ਲਈ ਕੋਈ ਵੀ ਕੁਰਬਾਨੀ ਦੇਣ ਲਈ ਤਿਆਰ ਹਾਂ।
ਜਿਕਰਯੋਗ ਹੈ ਕਿ ਸੰਯੁਕਤ ਕਿਸਾਨ ਮੋਰਚਾ ਨੇ ਸੰਸਦ ਸੈਸ਼ਨ ਦੌਰਾਨ ਹਰ ਰੋਜ਼ 500 ਕਿਸਾਨਾਂ ਨੂੰ ਦਿੱਲੀ ਭੇਜਣ ਦਾ ਫੈਸਲਾ ਕੀਤਾ ਹੈ ਤੇ ਗੁਰਨਾਮ ਸਿੰਘ ਇਸ ਫੈਸਲੇ ਤੋਂ ਨਾਰਾਜ਼ ਦੱਸੇ ਜਾਂਦੇ ਹਨ, ਇਸ ਲਈ ਉਨ੍ਹਾਂ ਨੇ ਅੰਦੋਲਨ ਦੇ ਇੱਕ ਸਾਲ ਪੂਰਾ ਹੋਣ 'ਤੇ ਵੱਖਰੇ ਤੌਰ 'ਤੇ ਦਿੱਲੀ ਯਾਤਰਾ ਕਰਨ ਦਾ ਐਲਾਨ ਕੀਤਾ ਸੀ।
Comments (0)