‘ਖੇਤੀਬਾੜੀ ਅਤੇ ਵਾਤਾਵਰਨ ਜਾਗਰੂਕਤਾ ਕੇਂਦਰ’ ਵੱਲੋਂ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਵਿਖੇ ਵਿਚਾਰ ਗੋਸ਼ਟੀ
ਪੰਜਾਬ ਦੇ ਜਲ ਸੰਕਟ ‘ਤੇ ਗੰਭੀਰ ਚਰਚਾ
ਅੰਮ੍ਰਿਤਸਰ ਟਾਈਮਜ਼ ਬਿਊਰੋ
ਅੰਮ੍ਰਿਤਸਰ: ਪੰਜਾਬ ਦੇ ਪਾਣੀ ਦੇ ਅਜੋਕੇ ਹਲਾਤ, ਭਵਿੱਖ ਦੀਆਂ ਲੋੜਾਂ, ਸੰਬੰਧਿਤ ਚੁਣੌਤੀਆਂ ਅਤੇ ਹੱਲ ਜਿਹੇ ਮਹੱਤਵਪੂਰਨ ਵਿਸ਼ਿਆਂ ਨੂੰ ਵਿਚਾਰਨ ਲਈ ‘ਖੇਤੀਬਾੜੀ ਅਤੇ ਵਾਤਾਵਰਨ ਜਾਗਰੂਕਤਾ ਕੇਂਦਰ’ ਵੱਲੋਂ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਵਿਖੇ ਵਿਚਾਰ ਗੋਸ਼ਟੀ ਕਰਵਾਈ ਗਈ। ਵਿਚਾਰ ਗੋਸ਼ਟੀ ਦੌਰਾਨ ਜ਼ਮੀਨੀ ਪਾਣੀ ਦੇ ਪੱਧਰ ਦੀ ਮਜ਼ੂਦਾ ਸਥਿਤੀ, ਪਾਣੀ ਦਾ ਪੱਧਰ ਡਿੱਗਣ ਦੇ ਕਾਰਨ ਅਤੇ ਸੰਭਾਵੀ ਹੱਲਾਂ ਨੂੰ ਵਿਚਾਰਿਆ ਗਿਆ। ਗੱਲਬਾਤ ਕਰਦਿਆਂ ਸ. ਪਰਮਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਚ ਜ਼ਮੀਨਦੋਜ਼ ਪਾਣੀ ਤੇਜੀ ਨਾਲ ਖਤਮ ਹੋ ਰਿਹਾ ਹੈ। ਸੂਬੇ ਦੇ 80% ਬਲਾਕਾਂ ਵਿਚੋਂ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਬਹੁਤ ਤੇਜੀ ਨਾਲ ਹੇਠਾਂ ਡਿੱਗ ਰਿਹਾ ਹੈ । ਇਸੇ ਰਫਤਾਰ ਨਾਲ ਪੰਜਾਬ ਦਾ ਜ਼ਮੀਨ ਹੇਠਲਾ ਪਾਣੀ ਅਗਲੇ ਕਰੀਬ ਡੇਢ ਦਹਾਕੇ ਵਿਚ ਮੁੱਕ ਜਾਣ ਦਾ ਅਨੁਮਾਨ ਹੈ।
ਅਜੇਪਾਲ ਸਿੰਘ ਨੇ ਪੰਜਾਬ ਦੇ ਦਰਿਆਈ ਪਾਣੀ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਪੰਜਾਬ ਦੇ ਦਰਿਆਈ ਪਾਣੀ ਦਾ ਜਿਆਦਾ ਹਿੱਸਾ ਰਾਜਸਥਾਨ ਅਤੇ ਹਰਿਆਣੇ ਨੂੰ ਜਾ ਰਿਹਾ ਰਿਹਾ ਹੈ ਅਤੇ ਪੰਜਾਬ ਦੇ ਹਿੱਸੇ ਬਹੁਤ ਹੀ ਘੱਟ ਪਾਣੀ ਦਿੱਤਾ ਜਾਂਦਾ ਹੈ। ਓਹਨਾਂ ਤੱਥ ਅਤੇ ਦਲੀਲਾਂ ਸਮੇਤ ਦੱਸਿਆ ਕਿ ਕਿਵੇਂ ਗੈਰ ਰਾਇਪੇਰੀਅਨ ਸੂਬਿਆਂ ਨੂੰ ਜਾਂਦਾ ਪਾਣੀ ਗੈਰ ਵਾਜਿਬ ਹੈ । ਓਹਨਾਂ ਦੱਸਿਆ ਕਿ ਜਿੱਥੇ ਇਹ ਜ਼ਮੀਨੀ ਪਾਣੀ ਦੇ ਮਾਮਲੇ ਚ ਪੰਜਾਬ ਨੂੰ ਕੰਗਾਲੀ ਵੱਲ ਧੱਕ ਰਿਹਾ ਹੈ ਓਥੇ ਹੀ ਪੰਜਾਬ ਨੂੰ ਵੱਡੀ ਆਰਥਿਕ ਸੱਟ ਵੀ ਮਾਰ ਰਿਹਾ ਹੈ । ਨਰੋਆ ਪੰਜਾਬ ਮੰਚ ਅਤੇ ਪਬਲਿਕ ਐਕਸ਼ਨ ਕਮੇਟੀ ਵੱਲੋਂ ਆਏ ਬੁਲਾਰੇ ਜਸਕੀਰਤ ਸਿੰਘ ਨੇ ਗੱਲ ਸਾਂਝੀ ਕੀਤੀ ਕਿ ਪੰਜਾਬ ਦੇ ਡੈਮ ਦਾ ਅੰਕੜਾ ਆਮ ਲੋਕਾਂ ਨਾਲ ਸਾਂਝਾ ਨਹੀਂ ਕੀਤਾ ਜਾ ਰਿਹਾ ਜਿਸ ਨਾਲ ਆਉਂਦੇ ਸਮੇਂ ਵਿੱਚ ਕਿਸੇ ਬਿਪਤਾ ਨਾਲ ਨਜਿੱਠਣ ਦਾ ਮਸਲਾ ਖੜ ਸਕਦਾ ਹੈ।
ਇਸ ਤੋਂ ਇਲਾਵਾ ਉਨਾਂ ਨੇ ਬੁੱਢੇ ਦਰਿਆ ਦੇ ਪ੍ਰਦੂਸ਼ਣ ਦੇ ਮਸਲੇ ਬਾਰੇ ਵੀ ਗੱਲ ਕੀਤੀ ਅਤੇ ਕਿਹਾ ਕਿ ਆਉਂਦੇ ਸਮੇਂ ਵਿੱਚ ਕਾਲੇ ਪਾਣੀ ਦੇ ਮੋਰਚੇ ਦੇ ਨਾ ਥੱਲੇ ਬੁੱਢੇ ਦਰਿਆ ਵਿੱਚੋਂ ਪ੍ਰਦੂਸ਼ਣ ਹਟਾਉਣ ਦੀ ਮੁਹਿੰਮ ਸ਼ੁਰੂ ਹੋ ਰਹੀ ਹੈ। ਪ੍ਰੋ ਹਰਬੀਰ ਕੌਰ ਨੇ ਆਪਣੀ ਗੱਲਬਾਤ ਵਿੱਚ ਦਰਪੇਸ਼ ਸਮੱਸਿਆ ਦੇ ਫੌਰੀ, ਦੀਰਘਕਾਲੀ ਅਤੇ ਲੰਬੇ ਸਮੇਂ ਦੇ ਹੱਲ ਵੀ ਵਿਚਾਰੇ ਗਏ। ਇਹ ਵੀ ਜਿਕਰਯੋਗ ਹੈ ਕਿ ਕੇਂਦਰ ਦੇ ਝੋਨੇ ਹੇਠ ਰਕਬਾ ਘਟਾਉਣ, ਝਿੜੀਆਂ ਲਗਾਉਣ ਅਤੇ ਬਰਸਾਤੀ ਪਾਣੀ ਦੀ ਸਾਂਭ-ਸੰਭਾਲ ਵਰਗੇ ਉੱਦਮਾਂ ਨੂੰ ਪੰਜਾਬ ਵਾਸੀਆਂ ਵੱਲੋਂ ਚੰਗਾ ਹੁੰਗਾਰਾ ਮਿਲਿਆ ਹੈ। ਸਮਾਗਮ ਦੇ ਅਖੀਰ ਵਿੱਚ ਵਾਤਾਵਰਣ ਸਾਂਭ ਸੰਭਾਲ ਚ ਝਿੜੀਆਂ ਲਵਾ ਕੇ ਯੋਗਦਾਨ ਪਾਉਣ ਵਾਲੇ ਵੀਰਾਂ ਨੂੰ ਉਹਨਾਂ ਦੀ ਸੇਵਾ ਲਈ ਸਨਮਾਨਿਤ ਕੀਤਾ ਗਿਆ। ਜਾਗਰੂਕਤਾ ਕੇਂਦਰ ਵੱਲੋਂ ਇਸੇ ਲੜੀ ਤਹਿਤ ਆਉਣ ਵਾਲੇ ਦਿਨਾਂ ਵਿਚ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਅਜਿਹੀਆਂ ਵਿਚਾਰ ਗੋਸਟੀਆਂ ਕਰਵਾਈਆਂ ਜਾ ਰਹੀਆਂ ਹਨ।
Comments (0)